ਜਦੋਂ ਹਿੰਦੂਆਂ-ਮੁਸਲਮਾਨਾਂ ਨੇ ਦੰਗਾ ਕਰਨ ਲਈ ਹੱਥ ਮਿਲਾਇਆ ਸੀ; ਇਹ ਦੰਗੇ ਕੀ ਸਿਖਾਉਂਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਦਿਨਯਾਰ ਪਟੇਲ
- ਰੋਲ, ਇਤਿਹਾਸਕਾਰ
ਅੱਜ ਤੋਂ ਠੀਕ 100 ਸਾਲ ਪਹਿਲਾਂ ਗ਼ੁਲਾਮ ਭਾਰਤ ਦੇ ਬੌਂਬੇ (ਹੁਣ ਮੁੰਬਈ) ਵਿੱਚ ਇੱਕ ਅਜਿਹਾ ਦੰਗਾ ਹੋਇਆ, ਜਿਸ ਨੂੰ ਭਾਰਤੀ ਇਤਿਹਾਸ ਦੇ ਸਭ ਤੋਂ ਵੱਖਰੇ ਤਰ੍ਹਾਂ ਦੇ ਦੰਗਿਆਂ ਵਿੱਚੋਂ ਇੱਕ ਮੰਨਿਆ ਗਿਆ।
ਇਸ ਦੰਗੇ ਵਿੱਚ ਹਿੰਦੂ ਤੇ ਮੁਸਲਮਾਨ ਇੱਕ-ਦੂਜੇ ਦੇ ਖ਼ਿਲਾਫ਼ ਲੜਨ ਦੀ ਥਾਂ ਇਕੱਠੇ ਮਿਲ ਕੇ ਲੜੇ ਸਨ। ਹਿੰਦੂ-ਮੁਸਲਮਾਨਾਂ ਦੇ ਵਿਰੋਧ ਵਿੱਚ ਦੂਜੇ ਗਰੁੱਪ ਖੜ੍ਹੇ ਸਨ। ਇਤਿਹਾਸਕਾਰ ਦਿਨਯਾਰ ਪਟੇਲ ਅੱਜ ਦੇ ਭਾਰਤ ਨੂੰ ਉਸ ਘਟਨਾ ਤੋਂ ਮਿਲੇ ਸਬਕ ਬਾਰੇ ਦੱਸਦੇ ਹਨ।
ਬੌਂਬੇ ਦਾ ਇਹ ਦੰਗਾ ਨਵੰਬਰ 1921 ਵਿੱਚ ਹੋਇਆ।
ਪ੍ਰਿੰਸ ਆਫ਼ ਵੇਲਜ਼ ਦੰਗੇ ਦੇ ਨਾਮ ਨਾਲ ਵੀ ਜਾਣੇ ਜਾਂਦੇ ਇਸ ਦੰਗੇ ਨੂੰ ਉਂਝ ਹੁਣ ਭੁਲਾ ਦਿੱਤਾ ਗਿਆ ਹੈ। ਪਰ ਅੱਜ ਦੇ ਵੰਢੇ ਹੋਏ ਵਕਤ ਵਿੱਚ ਧਾਰਮਿਕ ਅਸਹਿਨਸ਼ੀਲਤਾ ਅਤੇ ਬਹੁਗਿਣਤੀਵਾਦ ਨੂੰ ਲੈ ਕੇ ਇਹ ਦੰਗਾ ਦੇਸ਼ ਨੂੰ ਕਈ ਅਹਿਮ ਸਬਕ ਦਿੰਦਾ ਹੈ।
ਇਹ ਵੀ ਪੜ੍ਹੋ

ਅਸਹਿਯੋਗ ਅੰਦੋਲਨ ਸਮੇਂ ਹੋਇਆ ਇਹ ਦੰਗਾ
ਹਿੰਸਾ ਦੀਆਂ ਉਨ੍ਹਾਂ ਘਟਨਾਵਾਂ ਵਿੱਚ ਆਜ਼ਾਦੀ ਦੀ ਲੜਾਈ ਦੇ ਇੱਕ ਹੀਰੋ, ਬ੍ਰਿਟਿਸ਼ ਸਮਰਾਟ ਅਤੇ ਪਤਨਸ਼ੀਲ ਤੁਰਕ ਸੁਲਤਾਨ ਕਿਤੇ ਨਾ ਕਿਤੇ ਸ਼ਾਮਲ ਸਨ।
ਨਾਲ ਹੀ ਕਈ ਵਿਚਾਰਧਾਰਾਵਾਂ ਅਤੇ ਟੀਚਿਆਂ, ਜਿਵੇਂ - ਸਵਰਾਜ, ਸਵਦੇਸ਼ੀ (ਆਰਥਿਕ ਆਤਮ ਨਿਰਭਰਤਾ), ਬਾਇਕਾਟ ਅਤੇ ਪੈਨ-ਇਸਲਾਮਿਜ਼ਮ ਨੂੰ ਵੀ ਇਸ ਦੀ ਵਜ੍ਹਾ ਦੱਸਿਆ ਗਿਆ।
ਬ੍ਰਿਟੇਨ ਦੇ ਪ੍ਰਿੰਸ ਆਫ਼ ਵੇਲਜ਼ (ਐਡਰਵਡ 8ਵੇਂ) ਨਵੰਬਰ 1921 ਵਿੱਚ ਬਹੁਤ ਖ਼ਰਾਬ ਸਮੇਂ ਵਿੱਚ ਭਾਰਤ ਦੇ ਆਪਣੇ ਸਾਮਰਾਜ ਦੇ ਸ਼ਾਹੀ ਦੌਰ ਉੱਤੇ ਆਏ ਸਨ। ਦੇਸ਼ ਵਿੱਚ ਉਸ ਵੇਲੇ ਮਹਾਤਮਾ ਗਾਂਧੀ ਦਾ ਅਸਹਿਯੋਗ ਅੰਦੋਲਨ ਸਿਖਰਾਂ ਉੱਤੇ ਸੀ।
ਬ੍ਰਿਟੇਨ ਦੇ ਓਪਨਿਵੇਸ਼ਕ ਸ਼ਾਸਨ ਲਈ ਉਹ ਅੰਦੋਲਨ 1857 ਦੇ ਵਿਦਰੋਹ ਤੋਂ ਬਾਅਦ ਸਭ ਤੋਂ ਵੱਡਾ ਖ਼ਤਰਾ ਸੀ।
''ਹਿੰਦੂ-ਮੁਸਲਿਮ ਏਕਤਾ'' ਦੀ ਵਕਾਲਤ ਕਰਦੇ ਹੋਏ ਗਾਂਧੀ ਭਾਰਤ ਦੇ ਮੁਸਲਮਾਨਾਂ ਦੀ ਅਗਵਾਈ ਵਿੱਚ ਲੜੇ ਜਾ ਰਹੇ ਖ਼ਿਲਾਫ਼ਤ ਅੰਦੋਲਨ 'ਚ ਸ਼ਾਮਲ ਹੋ ਗਏ ਸਨ।
ਇਸ ਅੰਦੋਲਨ ਦੇ ਸਮਰਥਕਾਂ ਨੂੰ ਚਿੰਤਾ ਸੀ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਆਟੋਮਨ ਸਾਮਰਾਜ ਦੀ ਹਾਰ ਤੋਂ ਬਾਅਦ ਬ੍ਰਿਟੇਨ ਉੱਥੋਂ ਦੇ ਸੁਲਤਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦੇਵੇਗਾ। ਅਸਲ ਵਿੱਚ ਇਹ ਲੋਕ ਸੁਲਤਾਨ ਨੂੰ ਇਸਲਾਮ ਦਾ ਜਾਇਜ਼ ਖਲੀਫ਼ਾ ਮੰਨਦੇ ਸੀ।
ਭਾਈਚਾਰਕ ਏਕਤਾ ਦੇ ਇਸ ਵਿਲੱਖਣ ਦੌਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦਾ ਏਕਾ ਹੋ ਗਿਆ ਸੀ ਅਤੇ ਉਸ ਏਕਤਾ ਨੇ ਬਾਕੀ ਘੱਟ ਗਿਣਤੀ ਭਾਈਚਾਰਿਆਂ ਜਿਵੇਂ - ਇਸਾਈ, ਸਿੱਖ, ਪਾਰਸੀ ਅਤੇ ਯਹੂਦੀਆਂ ਦੇ ਮਨਾਂ ਵਿੱਚ ਬਹੁਗਿਣਤੀ ਭਾਈਚਾਰੇ ਦੇ ਬਲਬੂਤੇ ਨੂੰ ਲੈ ਕੇ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਸੀ।
ਹਾਲਾਂਕਿ ਗਾਂਧੀ ਨੇ ਕਿਹਾ ਕਿ ਬਾਕੀ ਘੱਟ ਗਿਣਤੀ ਭਾਈਚਾਰਿਆਂ ਨੂੰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਨੇ ਐਲਾਨ ਕੀਤਾ, ''ਹਿੰਦੂ-ਮੁਸਲਿਮ ਸਮਝੌਤੇ ਦਾ ਮਤਲਬ ਇਹ ਨਹੀਂ ਹੈ ਕਿ ਵੱਡੇ ਭਾਈਚਾਰੇ ਛੋਟੇ ਭਾਈਚਾਰਿਆਂ ਉੱਤੇ ਹਾਵੀ ਹੋ ਜਾਣਗੇ।''

ਤਸਵੀਰ ਸਰੋਤ, ULLSTEIN BILD DTL.
ਪ੍ਰਿੰਸ ਆਫ਼ ਵੇਲਜ਼ ਨੂੰ ਕੀ ਉਮੀਦਾਂ ਸਨ?
ਉਧਰ ਪ੍ਰਿੰਸ ਆਫ਼ ਵੇਲਜ਼ ਨੇ ਬਿਨਾਂ ਜ਼ਿਆਦਾ ਸੋਚੇ ਉਮੀਦ ਜਤਾਈ ਸੀ ਕਿ ਉਨ੍ਹਾਂ ਦੀ ਉਸ ਯਾਤਰਾ ਨਾਲ ਲੋਕਾਂ ਵਿੱਚ ਵਫ਼ਾਦਾਰੀ ਦੀ ਭਾਵਨਾ ਵਧੇਗੀ ਅਤੇ ਗਾਂਧੀ ਦਾ ਅੰਦੋਲਨ ਅਸਰਹੀਨ ਹੋ ਜਾਵੇਗਾ।
ਇਸ ਦੇ ਜਵਾਬ ਵਿੱਚ ਕਾਂਗਰਸ ਨੇ ਬ੍ਰਿਟੇਨ ਦੇ ਆਰਥਿਕ ਸਾਮਰਾਜਵਾਦ ਦੇ ਪ੍ਰਤੀਕ ਬਣ ਚੁੱਕੇ ਵਿਦੇਸ਼ੀ ਕੱਪੜਿਆਂ ਦੀ ਹੋਲੀ ਜਲਾ ਕੇ ਅਤੇ ਹੜਤਾਲ ਕਰਕੇ ਬੌਂਬੇ ਵਿੱਚ ਪ੍ਰਿੰਸ ਦਾ ਸਵਾਗਤ ਕਰਨ ਦਾ ਫ਼ੈਸਲਾ ਕੀਤਾ।
ਪਰ 17 ਨਵੰਬਰ, 1921 ਦੀ ਸਵੇਰ ਬੌਂਬੇ ਵਾਸੀਆਂ ਦੀ ਇੱਕ ਵੱਡੀ ਤਾਦਾਦ ਨੇ ਇਸ ਹੜਤਾਲ ਦਾ ਵਿਰੋਧ ਕਰਦਿਆਂ ਜਹਾਜ਼ ਤੋਂ ਉੱਤਰ ਰਹੇ ਪ੍ਰਿੰਸ ਦੇ ਸਵਾਗਤੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਨ੍ਹਾਂ ਸ਼ੁਭਚਿੰਤਕਾਂ ਵਿੱਚ ਖਈ ਪਾਰਸੀ, ਯਹੂਦੀ ਅਤੇ ਐਂਗਲੋ-ਇੰਡੀਅਨ ਸਨ।
ਇਹ ਵੀ ਪੜ੍ਹੋ
ਅਹਿੰਸਕ ਬਣੇ ਰਹਿਣ ਦੇ ਗਾਂਧੀ ਦੇ ਨਿਰਦੇਸ਼ ਦੇ ਬਾਵਜੂਦ, ਕਾਂਗਰਸ ਪਾਰਟੀ ਅਤੇ ਖ਼ਿਲਾਫ਼ਤ ਅੰਦਲੋਨ ਦੇ ਵਰਕਰਾਂ ਨੇ ਗੁੱਸੇ ਭਰੀ ਪ੍ਰਤੀਕਿਰਿਆ ਦਿੱਤੀ। ਬਾਅਦ ਦੇ ਦਿਨਾਂ ਵਿੱਚ ਭਾਰਤ ਦੀ ਪਹਿਲੀ ਮਹਿਲਾ ਫੋਟੋ ਜਰਨਲਿਸਟ ਬਣੀ ਹੋਮਾਈ ਵਿਆਰਾਵਾਲਾ ਉਦੋਂ 8 ਸਾਲ ਦੀ ਉਮਰ ਵਿੱਚ ਉਨ੍ਹਾਂ ਘਟਨਾਵਾਂ ਦੀ ਇੱਕ ਗਵਾਹ ਬਣੇ ਸੀ।
ਜਦੋਂ 2008 ਵਿੱਚ ਮੈਂ ਉਨ੍ਹਾਂ ਦੀ ਇੰਟਰਵੀਊ ਕੀਤੀ ਤਾਂ ਉਨ੍ਹਾਂ ਨੇ ਯਾਦ ਕੀਤਾ ਕਿ ਪਾਰਸੀ ਸਕੂਲ ਦੇ ਵਿਦਿਆਰਥੀਆਂ ਨੇ ਕਿਵੇਂ ਪ੍ਰਿੰਸ ਆਫ਼ ਵੇਲਜ਼ ਦੇ ਸਵਾਗਤ ਵਿੱਚ ਗਰਬਾ ਨਾਚ ਕੀਤਾ ਸੀ। ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਬੌਂਬੇ ਦੀਆਂ ਸੜਕਾਂ ਉੱਤੇ ਜ਼ਬਰਦਸਤ ਹਿੰਸਕ ਸੰਘਰਸ਼ ਦੇਖਣ ਨੂੰ ਮਿਲਿਆ।
ਦੰਗਾ ਕਰਨ ਵਾਲਿਆਂ ਨੇ ਸੋਡੇ ਦੀਆਂ ਬੋਤਲਾਂ ਦੀਆਂ ਗੋਲੀਆਂ ਦਾ ਘਾਤਕ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਸੀ। ਉਨ੍ਹਾਂ ਨੇ ਪਾਰਸੀਆਂ ਦੀ ਸ਼ਰਾਬ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਉੱਤੇ ਪੱਥਰਬਾਜ਼ੀ ਕੀਤੀ ਅਤੇ ਦੁਕਾਨਾਂ ਸਾੜਣ ਦੀ ਧਮਕੀ ਦਿੱਤੀ।

ਪਾਰਸੀ ਅਤੇ ਇਸਾਈ ਬਣੇ ਨਿਸ਼ਾਨਾ
ਉਸ ਤੋਂ ਪਹਿਲਾਂ ਗਾਂਧੀ ਨੇ ਅਸਹਿਯੋਗ ਅੰਦੋਲਨ ਵਿੱਚ ਸ਼ਰਾਬਬੰਦੀ ਨੂੰ ਵੀ ਸ਼ਾਮਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਸ਼ਰਾਬ ਦੇ ਵਪਾਰ ਉੱਤੇ ਅਸਰ ਰੱਖਣ ਵਾਲੇ ਪਾਰਸੀ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਆਪਣੀ ਮਰਜ਼ੀ ਨਾਲ ਉਹ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦੇਣ।
ਹਿੰਸਾ ਨੇ ਬੌਂਬੇ ਨੂੰ ਹਿਲਾ ਕੇ ਰੱਖ ਦਿੱਤਾ। ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਦੰਗਾਈਆਂ ਨੇ ਪਾਰਸੀਆਂ ਦੇ ਆਰਥਿਕ ਪ੍ਰਭਾਵ ਅਤੇ ਰਾਸ਼ਟਰਵਾਦੀ ਰਾਜਨੀਤੀ ਦੇ ਉਨ੍ਹਾਂ ਦੇ ਪ੍ਰਤਿਰੋਧ ਦੇ ਪ੍ਰਤੀਕ ਸ਼ਰਾਬ ਦੀਆਂ ਦੁਕਾਨਾਂ ਨੂੰ ਜੰਮ ਕੇ ਨਿਸ਼ਾਨਾ ਬਣਾਇਆ।
ਉਨ੍ਹਾਂ ਨੇ ਸ਼ਰਾਬ ਦੀ ਦੁਕਾਨ ਵਾਲੇ ਪਾਰਸੀਆਂ ਦੇ ਇੱਕ ਰਿਹਾਇਸ਼ੀ ਭਵਨ ਨੂੰ ਅੱਗ ਦੇ ਹਵਾਲੇ ਕਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਨੂੰ ਉਦੋਂ ਬਖ਼ਸ਼ਿਆ ਜਦੋਂ ਦੁਕਾਨਦਾਰ ਨੇ ਸ਼ਰਾਬ ਦੇ ਸਟੌਕ ਨੂੰ ਨੇੜੇ ਲਗਦੇ ਇੱਕ ਨਾਲੇ ਵਿੱਚ ਵਹਾ ਦਿੱਤਾ।
ਹਾਲਾਂਕਿ ਪਾਰਸੀ ਅਤੇ ਐਂਗਲੋ-ਇੰਡੀਅਨ ਲੋਕ ਵੀ ਸਿਰਫ਼ ਨਿਰਦੋਸ਼ ਅਤੇ ਪੀੜਤ ਸਨ। ਉਨ੍ਹਾਂ ਵਿੱਚੋਂ ਕਈ ਡਾਂਗਾਂ ਅਤੇ ਬੰਦੂਕ ਲੈ ਕੇ ਹਿੰਸਾ ਵਿੱਚ ਸ਼ਾਮਲ ਹੋ ਗਏ।
ਉਨ੍ਹਾਂ ਨੇ ਖ਼ਾਦੀ ਦੇ ਕੱਪੜੇ ਪਹਿਨੇ ਹੋਏ ਲੋਕਾਂ ਉੱਤੇ ਹਮਲੇ ਕੀਤੇ ਅਤੇ ''ਗਾਂਧੀ ਟੋਪੀ ਮੁਰਦਾਬਾਦ'' ਦੇ ਨਾਅਰੇ ਲਗਾਏ। ਕਾਂਗਰਸ ਨਾਲ ਜੁੜੇ ਪਾਰਸੀ ਜਾਂ ਇਸਾਈ ਲੋਕ ਦੋਵਾਂ ਧਿਰਾਂ ਦੇ ਨਿਸ਼ਾਨੇ ਉੱਤੇ ਆ ਸਕਦੇ ਸਨ।
ਇਨ੍ਹਾਂ ਹਿੰਸਕ ਵਾਰਦਾਤਾਂ ਉੱਤੇ ਗਾਂਧੀ ਨੇ ਤੇਜ਼ੀ ਨਾਲ ਪ੍ਰਤਿਕਿਰਿਆ ਜ਼ਾਹਿਰ ਕੀਤੀ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੇਤਾਵਾਂ ਨੂੰ ਸ਼ਾਂਤੀ ਕਾਇਮ ਕਰਨ ਲਈ ਨਾਲ ਲੈ ਕੇ ਆਏ।

ਤਸਵੀਰ ਸਰੋਤ, Getty Images
ਗਾਂਧੀ ਦੀ ਪਹਿਲੀ ਭੁੱਖ ਹੜਤਾਲ
19 ਨਵੰਬਰ ਨੂੰ ਇਹਨਾਂ ਫਿਰਕੂ ਦੰਗਿਆਂ ਖਿਲਾਫ਼ ਉਨ੍ਹਾਂ ਨੇ ਆਪਣੀ ਪਹਿਲੀ ਭੁੱਖ ਹੜਤਾਲ ਸ਼ੁਰੂ ਕੀਤੀ। ਉਨ੍ਹਾਂ ਨੇ ਦ੍ਰਿੜ ਇਰਾਦਾ ਜ਼ਾਹਿਰ ਕੀਤਾ ਕਿ ਜਦੋਂ ਤੱਕ ਇਹ ਹਿੰਸਾ ਬੰਦ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਕੁਝ ਨਹੀਂ ਖਾਣਗੇ ਅਤੇ ਨਾ ਹੀ ਪੀਣਗੇ।
ਉਨ੍ਹਾਂ ਦੀ ਇਸ ਰਣਨੀਤੀ ਨੇ ਆਪਣਾ ਪ੍ਰਭਾਵ ਵੀ ਦਿਖਾਇਆ। 22 ਨਵੰਬਰ ਤੱਕ ਉਨ੍ਹਾਂ ਦੇ ਆਲੇ-ਦੁਆਲੇ ਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਉਸ ਨੂੰ ਭੁੱਖ ਹੜਤਾਲ ਤੋੜਨ ਦੀ ਬੇਨਤੀ ਕਰ ਰਹੇ ਸਨ।
ਪਰ ਪ੍ਰਿੰਸ ਆਫ਼ ਵੇਲਜ਼ ਦੇ ਦੰਗਿਆਂ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ।
ਉਨ੍ਹਾਂ ਨੇ ਐਲਾਨ ਕੀਤਾ, "ਅਸੀਂ ਸਵਰਾਜ ਚੱਖਿਆ ਹੈ।"
ਉਨ੍ਹਾਂ ਨੇ ਕਾਂਗਰਸ ਅਤੇ ਖ਼ਿਲਾਫਤ ਅੰਦੋਲਨ ਦੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਘੱਟ ਗਿਣਤੀਆਂ ਦੇ ਅਧਿਕਾਰਾਂ 'ਤੇ ਜ਼ੋਰ ਦੇਣ ਅਤੇ ਨੁਕਸਾਨ ਦੀ ਭਰਪਾਈ ਲਈ ਕੰਮ ਕਰਨ ਲੱਗੇ।
ਗਾਂਧੀ ਨੇ ਘੋਸ਼ਣਾ ਕੀਤੀ ਕਿ ਬਹੁਗਿਣਤੀ ਭਾਈਚਾਰੇ ਦੀ ਘੱਟ-ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਕਰਨਾ ਲਾਜ਼ਮੀ ਜ਼ਿੰਮੇਵਾਰੀ ਹੈ।
ਉਨ੍ਹਾਂ ਨੇ ਘੱਟ-ਗਿਣਤੀ ਦੇ ਨੁਮਾਇੰਦਿਆਂ ਨੂੰ ਮੀਟਿੰਗਾਂ ਅਤੇ ਕਾਂਗਰਸ ਪ੍ਰਕਾਸ਼ਨਾਂ ਵਿੱਚ ਮਹੱਤਵਪੂਰਨ ਸਿਆਸੀ ਮੌਕੇ ਦਿੱਤੇ।

ਬਾਅਦ ਵਿੱਚ ਸਾਰੇ ਧਰਮਾਂ ਦੀ ਏਕਤਾ ਉੱਤੇ ਜ਼ੋਰ ਦਿੱਤਾ
ਸਭ ਤੋਂ ਖਾਸ ਗੱਲ ਇਹ ਹੋਈ ਕਿ ਗਾਂਧੀ ਨੇ "ਹਿੰਦੂ-ਮੁਸਲਿਮ ਏਕਤਾ" ਦੇ ਨਾਅਰੇ ਨੂੰ "ਹਿੰਦੂ-ਮੁਸਲਿਮ-ਸਿੱਖ-ਪਾਰਸੀ-ਈਸਾਈ-ਯਹੂਦੀ ਏਕਤਾ" ਨਾਲ ਬਦਲ ਦਿੱਤਾ।
ਭਾਵੇਂ ਇਹ ਇੱਕ ਬੋਝਲ ਨਾਅਰਾ ਸੀ ਪਰ ਇਸ ਨੇ ਕੰਮ ਕੀਤਾ।
ਇਸ ਨੇ ਛੋਟੇ ਘੱਟ ਗਿਣਤੀ ਵਰਗਾਂ ਨੂੰ ਇਹ ਯਕੀਨ ਦਿਵਾਉਣ ਵਿਚ ਮਦਦ ਕੀਤੀ ਕਿ ਉਨ੍ਹਾਂ ਨੂੰ ਆਜ਼ਾਦ ਭਾਰਤ ਵਿਚ ਸਥਾਨ ਮਿਲੇਗਾ।
ਇਸ ਦੰਗੇ ਵਿਚ ਘੱਟੋ-ਘੱਟ 58 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਬੰਬਈ ਦੀਆਂ ਛੇ ਸ਼ਰਾਬ ਦੀਆਂ ਦੁਕਾਨਾਂ 'ਚੋਂ ਇੱਕ 'ਤੇ ਹਮਲਾ ਹੋਇਆ।
ਪ੍ਰਿੰਸ ਆਫ਼ ਵੇਲਜ਼ ਲਈ, ਇਹ ਦੰਗੇ ਉਨ੍ਹਾਂ ਦੇ ਦੌਰੇ ਦੀ ਇੱਕ ਅਸ਼ੁਭ ਸ਼ੁਰੂਆਤ ਸਨ।
ਭਾਰਤ ਵਿਚ ਕਈ ਥਾਵਾਂ 'ਤੇ, ਉਸ ਦਾ ਸਵਾਗਤ ਹਮਲੇ ਜਾਂ ਕਤਲ ਦੀਆਂ ਧਮਕੀਆਂ ਨਾਲ ਕੀਤਾ ਗਿਆ ਸੀ।
ਪਰ ਗਾਂਧੀ ਦੀ ਅੜੀਅਲ ਕੂਟਨੀਤੀ ਕਾਰਨ ਇਹ ਦੰਗੇ ਹੁਣ ਭੁੱਲ ਗਏ ਸਨ।
ਉਨ੍ਹਾਂ ਨੇ ਫੈਸਲਾ ਕੀਤਾ ਕਿ ਬੰਬਈ ਨੂੰ ਇਹਨਾਂ ਦੰਗਿਆਂ ਨਾਲ ਸਦਾ ਲਈ ਜ਼ਖਮੀ ਨਹੀਂ ਕਰਨਾ ਚਾਹੀਦਾ। ਅਤੇ ਅਜਿਹਾ ਕਰਕੇ ਉਹ ਬਹੁਗਿਣਤੀਵਾਦ ਦੇ ਡਰ ਨੂੰ ਦੂਰ ਕਰਨ ਵਿੱਚ ਸਫਲ ਰਹੇ।

ਅੱਜ ਦੇ ਇਸ ਦੰਗੇ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ?
ਇਹ ਗੱਲ ਅੱਜ ਦੇ ਭਾਰਤ ਲਈ ਸਬਕ ਹੈ। ਪ੍ਰਿੰਸ ਆਫ ਵੇਲਜ਼ ਦੰਗਿਆਂ ਨੇ ਦਿਖਾਇਆ ਕਿ ਸੰਪਰਦਾਇਕ ਹਿੰਸਾ ਜ਼ਿਆਦਾਤਰ ਰਾਜਨੀਤੀ ਦੀ ਉਪਜ ਸੀ। ਇਹ ਪੁਰਾਣੇ ਅਤੇ ਅਟੁੱਟ ਧਾਰਮਿਕ ਮਤਭੇਦਾਂ ਦਾ ਨਤੀਜਾ ਨਹੀਂ ਹਨ।
1921 ਦੀ ਰਾਜਨੀਤਿਕ ਸਥਿਤੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੂਜੇ ਭਾਈਚਾਰਿਆਂ ਵਿਰੁੱਧ ਇਕੱਠੇ ਲੜਨ ਲਈ ਪ੍ਰੇਰਿਤ ਕੀਤਾ।
ਪਰ ਕਾਂਗਰਸ-ਖਿਲਾਫ਼ਤ ਗਠਜੋੜ ਦੇ ਟੁੱਟਣ ਤੋਂ ਕੁਝ ਸਾਲਾਂ ਬਾਅਦ, ਹਿੰਦੂਆਂ ਅਤੇ ਮੁਸਲਮਾਨਾਂ ਨੇ ਇੱਕ ਦੂਜੇ ਦੇ ਵਿਰੁੱਧ ਬਹੁਤ ਜ਼ਿਆਦਾ ਹਿੰਸਕ ਝੜਪਾਂ ਸ਼ੁਰੂ ਕਰ ਦਿੱਤੀਆਂ।
ਇਸ ਘਟਨਾ ਤੋਂ ਇਕ ਹੋਰ ਸਬਕ ਸਿੱਖਣ ਵਾਲਾ ਹੈ। ਉਹ ਇਹ ਹੈ ਕਿ ਬਹੁਗਿਣਤੀਵਾਦ ਇੱਕ ਬਹੁਤ ਹੀ ਚੰਚਲ ਅਤੇ ਬੋਝਲ ਚੀਜ਼ ਹੈ। ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਕਿਵੇਂ ਬਦਲੇਗਾ।
ਸ਼ਾਇਦ ਇਸੇ ਲਈ ਗਾਂਧੀ ਨੇ ਘੱਟ ਗਿਣਤੀਆਂ ਦੇ ਬਹੁਤ ਛੋਟੇ ਵਰਗ ਨੂੰ ਵੀ ਬਰਦਾਸ਼ਤ ਕਰਨ 'ਤੇ ਜ਼ੋਰ ਦੇਣ ਦੀ ਬਜਾਏ ਬਹੁਗਿਣਤੀਵਾਦ ਨੂੰ ਹਟਾਉਣ ਲਈ ਲੰਬੀ ਲੜਾਈ ਲੜੀ।
ਗਾਂਧੀ ਨੇ 100 ਸਾਲ ਪਹਿਲਾਂ ਚੇਤਾਵਨੀ ਦਿੱਤੀ ਸੀ: ਜੇ ਬਹੁਗਿਣਤੀ ਅੱਜ ਦੂਜਿਆਂ 'ਤੇ ਜ਼ੁਲਮ ਕਰਨ ਲਈ ਇਕਜੁੱਟ ਹੋ ਗਈ, "ਉਹ ਏਕਤਾ ਇਕ ਦਿਨ ਪਾਖੰਡ ਜਾਂ ਝੂਠੀ ਧਾਰਮਿਕਤਾ ਦੇ ਦਬਾਅ ਹੇਠ ਟੁੱਟ ਜਾਵੇਗੀ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












