ਆਰਿਅਨ ਖ਼ਾਨ: ਸ਼ਾਹਰੁਖ਼ ਦੇ ਮੁੰਡੇ ਨੂੰ ਗਿਣੀ ਮਿਥੀ ਸਾਜ਼ਿਸ਼ ਨਾਲ ਕਰੂਜ਼ ਡਰੱਗਜ਼ ਕੇਸ ਵਿਚ ਫਸਾਇਆ ਗਿਆ, ਗਵਾਹ ਦਾ NCB ਅੱਗੇ ਦਾਅਵਾ - ਪ੍ਰੈੱਸ ਰਿਵੀਊ

ਮੁੰਬਈ ਕਰੂਜ਼ ਡਰੱਗ ਮਾਮਲੇ ਵਿੱਚ ਇੱਕ ਵਿਅਕਤੀ ਵੱਲੋਂ ਛਾਪੇ ਤੋਂ ਪਹਿਲਾਂ ਦੀ ਵਿਚਾਰ-ਚਰਚਾ ਦਾ ਜਾਣਕਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਵਿਜੇ ਪਾਗਰੇ ਨਾਮ ਦੇ ਵਿਅਕਤੀ ਨੇ ਮੁੰਬਈ ਪੁਲਿਸ ਕੋਲ ਦਾਅਵਾ ਕੀਤਾ ਹੈ ਕਿ ਆਰਿਅਨ ਖ਼ਾਨ ਨੂੰ ਕੁਝ ਕੁਝ ਲੋਕਾਂ ਵੱਲੋਂ ਪੈਸੇ ਕਮਾਉਣ ਲਈ ਫ਼ਸਾਇਆ ਗਿਆ।

ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਮੁੰਬਈ ਵਿੱਚ ਇੱਕ ਕਰੂਜ਼ਸ਼ਿੱਪ ਉੱਪਰ ਚੱਲ ਰਹੀ ਪਾਰਟੀ ਵਿੱਚੋਂ ਕੁਝ ਹੋਰ ਜਣਿਆਂ ਸਮੇਤ ਨਸ਼ੇ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਗਵਾਹ ਨੇ ਅਖ਼ਬਾਰ ਨੂੰ ਦੱਸਿਆ,''ਮੇਰੇ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਛਾਪਾ ਗਿਣਿਆ-ਮਿਥਿਆ ਸੀ ਅਤੇ ਆਰਿਅਨ ਖ਼ਾਨ ਨੂੰ ਨਸ਼ੇ ਦੇ ਕੇਸ ਵਿੱਚ ਫ਼ਸਾਇਆ ਗਿਆ। ਸਾਰਾ ਪੈਂਤੜੇ ਨੂੰ 27 ਸਤੰਬਰ ਨੂੰ ਅੰਤਿਮ ਰੂਪ ਦਿੱਤਾ ਗਿਆ, ਜਦ ਕਿ ਕਰੂਜ਼ ਜਹਾਜ਼ ਉੱਪਰ ਛਾਪਾ 2 ਅਕਤੂਬਰ ਨੂੰ ਮਾਰਿਆ ਗਿਆ।''

ਪਾਗਰੇ ਨੇ ਕਿਹਾ ਕਿ ਨਾਰੋਕਟਿਕ ਕੰਟਰੋਲ ਬਿਊਰੋ ਦੀ ਐਸਆਈਟੀ ਨੂੰ ਉਨ੍ਹਾਂ ਨੇ ਆਪਣਾ ਬਿਆਨ 3 ਅਤੇ 4 ਨਵੰਬਰ ਨੂੰ ਦਿੱਤਾ, ''ਬਿਆਨ ਮੈਨੂੰ ਪੜ੍ਹ ਕੇ ਸੁਣਾਇਆ ਗਿਆ ਅਤੇ ਮੈਂ ਉਸ ਉੱਪਰ ਦਸਤਖ਼ਤ ਕੀਤੇ''।

ਪਾਗਰੇ ਨੇ ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਸੁਨੀਲ ਪਾਟਿਲ ਨਾਮ ਦੇ ਬੰਦੇ ਨਾਲ ਵਾਸ਼ੀ ਦੇ ਇੱਕ ਹੋਟਲ ਵਿੱਚ ਰਹਿ ਰਹੇ ਸਨ, ਜਿਸ ਤੋਂ ਉਨ੍ਹਾਂ ਨੇ ਕੁਝ ਪੈਸੇ ਲੈਣੇ ਸਨ।

ਪਾਟਿਲ ਉਹੀ ਵਿਅਕਤੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਐਨਸੀਬੀ ਨੂੰ ਪਾਰਟੀ ਬਾਰੇ ਇਤਲਾਹ ਦਿੱਤੀ।

ਪਾਗਰੇ ਮੁਤਾਬਕ ਉਸ ਹੋਟਲ ਵਿੱਚ ਛਾਪੇ ਤੋਂ ਕੁਝ ਦਿਨ ਪਹਿਲਾਂ 27 ਸਤੰਬਰ ਨੂੰ ਭਾਜਪਾ ਆਗੂ ਭਾਨੂਸ਼ਾਲੀ ਦੀ ਮੁਲਾਕਾਤ ਪਾਟਿਲ ਅਤੇ ਗੋਸਾਵੀ ਨਾਲ ਹੋਈ। ਇਸ ਦੌਰਾਨ ''ਭਾਨੂਸ਼ਾਲੀ ਨੇ ਪਾਟਿਲ ਨੂੰ ਕਿਹਾ ਕਿ ਵੱਡਾ ਕੰਮ ਹੋ ਗਿਆ ਹੈ''।

ਇਹ ਵੀ ਪੜ੍ਹੋ:

ਇਸ ਦੌਰਾਨ ਪਾਟਿਲ ਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ।

ਤਿੰਨ ਅਕਤੂਬਰ ਨੂੰ ਭਾਨੂਸ਼ਾਲੀ ਵਾਪਸ ਹੋਟਲ ਵਿੱਚ ਆਇਆ ਅਤੇ ਪਾਗਰੇ ਨੂੰ ਕਹਿਣ ਲੱਗਿਆ ਕਿ ਉਹ ਉਸ ਦੇ ਨਾਲ ਚੱਲੇ ਅਤੇ ਪੈਸੇ ਲੈ ਲਵੇ। ਉਹ ਐਨਸੀਬੀ ਦੇ ਦਫ਼ਤਰ ਗਏ ਅਤੇ ਰਸਤੇ ਵਿੱਚ ਭਾਨੂਸ਼ਾਲੀ ਨੇ ਫ਼ੋਨ ਉੱਪਰ ਗੱਲਬਾਤ ਕੀਤੀ ਅਤੇ ਕੁਝ ਨਾਮ ਲਏ।

ਪਾਟਿਲ ਬਾਰੇ ਭਾਨੂਸ਼ਾਲੀ ਨੇ ਦੱਸਿਆ ਕਿ ਉਸ ਦਾ ਫ਼ੋਨ ਬੰਦ ਜਾ ਰਿਹਾ ਹੈ। ਪਾਗਰੇ ਦਾ ਮੰਨਣਾ ਹੈ ਕਿ ਸ਼ਾਇਦ ਉਹ ਆਪਣੇ ਪੈਸੇ ਲੈ ਕੇ ਫਰਾਰ ਹੋ ਗਿਆ ਸੀ।

ਦਿੱਲੀ: ਇੱਕ ਬਰਿਆਨੀ ਦੀ ਦੁਕਾਨ ਬੰਦ ਕਰਵਉਣ 'ਤੇ ਪੁਲਿਸ ਵੱਲੋਂ ਪਰਚਾ ਦਰਜ

ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਆਲਮ ਮੁਰਾਦਾਬਾਦੀ ਬਿਰਿਆਨੀ ਦੀ ਦੁਕਾਨ ਉੱਪਰ ਸ਼ਨਿੱਚਰਵਾਰ ਸ਼ਾਮ ਨੂੰ ਆਮ ਵਰਗਾ ਮਾਹੌਲ ਸੀ।

ਉਸ ਤੋਂ ਦੋ ਦਿਨ ਪਹਿਲਾਂ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਸਟਾਫ਼ ਨੂੰ ਇੱਕ ਵਿਅਕਤੀ ਵੱਲੋਂ ਧਾਰਮਿਕ ਅਪਸ਼ਬਦਾਂ ਦੀ ਵਰਤੋਂ ਕਰਦਿਆਂ ਦੀਵਾਲੀ ਵਾਲੇ ਦਿਨ ਆਪਣੀ ਦੁਕਾਨ ਖੋਲ੍ਹਣ ਲਈ ਧਮਕਾਇਆ ਗਿਆ ਸੀ।

ਧਮਕਾਉਣ ਵਾਲਾ ਆਪਣੇ ਆਪ ਨੂੰ ਰਾਸ਼ਟਰੀ ਬਜਰੰਗ ਦਲ ਦਾ ਮੈਂਬਰ ਦੱਸ ਰਿਹਾ ਸੀ। ਵਿਅਕਤੀ ਕਹਿ ਰਿਹਾ ਸੀ ਕਿ ਉਹ ਇੱਕ ਹਿੰਦੂ ਬਹੁਗਿਣਤੀ ਇਲਾਕੇ ਵਿੱਚ ਆਪਣੀ ਦੁਕਾਨ ਚਲਾ ਰਹੇ ਹਨ।

ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਖ਼ਰਕਾਰ ਦੁਕਾਨ ਦਾ ਸਟਾਫ਼ ਦੁਕਾਨ ਸਮੇਟਣ ਲਗਦਾ ਹੈ।

ਡੀਸੀਪੀ ਨਾਰਥ ਸਾਗਰ ਕਲਸੀ ਨੇ ਕਿਹਾ,''ਅਸੀਂ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ'', ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਮਗਰੂਬ (27) ਜਿਨ੍ਹਾਂ ਨੂੰ ਆਲਮ ਵਜੋਂ ਜਾਣਿਆ ਜਾਂਦਾ ਹੈ। ਉਹੀ ਦੁਕਾਨ ਚਲਾਉਂਦੇ ਹਨ ਅਤੇ ਨਜ਼ਦੀਕ ਹੀ ਇੱਕ ਰਸੋਈ ਵਿੱਚ ਬਿਰਿਆਨੀ ਬਣਾਉਂਦੇ ਹਨ।

ਉਨ੍ਹਾਂ ਨੇ ਦੱਸਿਆ,''ਘਟਨਾ ਤੋਂ ਬਾਅਦ ਅਸੀਂ ਦੁਕਾਨ ਬੰਦ ਕਰ ਦਿੱਤੀ ਹਾਲਾਂਕਿ ਬਜ਼ਾਰ ਦੇ ਬਾਕੀ ਲੋਕ ਸਾਡੇ ਨਾਲ ਸਨ। ਸਾਨੂੰ ਨਹੀਂ ਪਤਾ ਉਸ ਨੇ ਸਾਨੂੰ ਨਿਸ਼ਾਨਾ ਕਿਉਂ ਬਣਾਇਆ ਪਰ ਸਾਨੂੰ ਲਗਦਾ ਹੈ ਉਹ ਬਸ ਲੋਕਾਂ ਨੂੰ ਭੜਕਾਅ ਕੇ ਡਰ ਪੈਦਾ ਕਰਨਾ ਚਾਹੁੰਦਾ ਸੀ।''

ਦਿੱਲੀ ਵਿੱਚ ਹਵਾ ਪੰਜ ਸਾਲਾਂ ਵਿੱਚ ਸਭ ਤੋਂ ਮਾੜੀ

ਸਾਲ 2017 ਤੋਂ ਬਾਅਦ ਦੇ ਅੰਕੜੇ ਦਰਸਾਉਂਦੇ ਹਨ ਕਿ ਦਿੱਲੀ ਦੀ ਹਵਾ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹੀ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ, ਜੋ ਨਵੰਬਰ ਦੇ ਪਹਿਲੇ ਹਫ਼ਤੇ ਤੱਕ 'ਬਹੁਤ ਖ਼ਰਾਬ' ਹੋ ਗਈ।

ਖ਼ਬਰ ਵੈਬਸਾਈਟ ਦਿ ਪ੍ਰਿੰਟ ਦੀ ਖ਼ਬਰ ਮੁਤਾਬਕ ਮਾਹਰਾਂ ਦਾ ਮੰਨਣਾ ਹੈ ਕਿ ਦਿੱਲੀ ਨੂੰ ਆਪਣੀ ਹਵਾ ਸਾਫ਼ ਰੱਖਣ ਲਈ ਸਾਰਾ ਸਾਲ ਹੀ ਯਤਨ ਕਰਨੇ ਪੈਣਗੇ ਨਾਕਿ ਹਰ ਸਾਲ ਪਟਾਕਿਆਂ ਅਤੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਸਿਰ ਦੋਸ਼ ਮੜ੍ਹਨ ਨਾਲ ਕੁਝ ਹੋਵੇਗਾ।

ਸਗੋਂ ਪਾਵਰ ਪਲਾਂਟਾਂ ਅਤੇ ਵਾਹਨਾਂ ਦੇ ਧੂੰਏ ਨਾਲ ਵੀ ਨਜਿੱਠਿਆ ਜਾਣਾ ਚਾਹੀਦਾ ਹੈ। ਇਸ ਲਈ ਸਾਫ਼ ਊਰਜਾ ਅਤੇ ਬਿਜਲੀ ਵਾਲੇ ਵਾਹਨ ਸ਼ਹਿਰ ਵਿੱਚ ਲਿਆਉਣੇ ਪੈਣਗੇ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬਿਊਰੋ ਮੁਤਾਬਕ ਦਿੱਲੀ ਦੀ ਹਵਾ ਦੀ ਗੁਣਵੱਤਾ ਦੀਵਾਲੀ ਤੋਂ ਅਗਲੇ ਦਿਨ ਤਿੰਨ ਵਜੇ ਤੱਕ 462 ਸੀ ਜੋ ਕਿ ਸੀ ਜੋ ਕਿ ਦਿੱਲੀ ਦੀ ਪਿਛਲੇ ਪੰਜ ਸਾਲਾਂ ਦੌਰਾਨ ਹਵਾ ਦੇ ਪੱਖ ਤੋਂ ''ਸਭ ਤੋਂ ਜ਼ਹਿਰੀਲੀ'' ਦੀਵਾਲੀ ਸੀ।

ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਹਵਾਈ ਦੀ ਗੁਣਵੱਤਾ ਦਾ ਇੰਡੈਕਸ (ਏਕਿਊਆਈ) 400 ਤੋਂ ਉੱਪਰ ਹੋਣਾ ਬਹੁਤ ਖ਼ਰਾਬ ਹੁੰਦਾ ਹੈ ਜੋ ਕਿ ਨਾ ਸਿਰਫ਼ ਮਰੀਜ਼ਾਂ ਲਈ ਖ਼ਤਰਨਾਕ ਹੈ ਸਗੋਂ ਸਿਹਤਮੰਦ ਲੋਕਾਂ ਉੱਪਰ ਵੀ ਬੁਰਾ ਅਸਰ ਪਾਉਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)