ਕੈਪਟਨ ਦਾ ਕਾਂਗਰਸ ਤੋਂ ਅਸਤੀਫ਼ਾ; ‘ਤੁਸੀਂ ਮੇਰੇ ਨਾਲ 1975 ਦੀ ਐਮਰਜੈਂਸੀ ਵਰਗੀ ਸਰਕਸ ਕੀਤੀ’

ਤਸਵੀਰ ਸਰੋਤ, Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦਾ ਨਾਮ 'ਪੰਜਾਬ ਲੋਕ ਕਾਂਗਰਸ' ਦੱਸਿਆ ਹੈ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਰਸਮੀਂ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ।
ਕੈਪਟਨ ਨੇ ਆਪਣੇ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਕਿਹਾ, "ਮੈਂ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ ਜਿਸ ਵਿੱਚ ਮੈਂ ਆਪਣੇ ਅਸਤੀਫ਼ੇ ਦੇ ਕਾਰਨਾਂ ਬਾਰੇ ਦੱਸਿਆ ਹੈ।"
ਇਹ ਵੀ ਪੜ੍ਹੋ:
- ਕੈਪਟਨ ਅਮਰਿੰਦਰ ਨੇ ਕਿਹਾ ਨਵੀਂ ਪਾਰਟੀ 'ਚ ਕਈ ਕਾਂਗਰਸੀ ਆਗੂ ਵੀ ਹੋਣਗੇ, ਨਵਜੋਤ ਸਿੱਧੂ ਨੇ ਦੱਸਿਆ ਪੰਜਾਬ ਦਾ 'ਜੈ ਚੰਦ'
- ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ, ਇੰਝ ਦਿੱਤੇ ਭਾਜਪਾ ਨਾਲ ਜਾਣ ਦੇ ਸੰਕੇਤ
- ਸਿੱਧੂ ਨੇ ਕੈਪਟਨ ਨੂੰ ਕਿਹਾ, ‘ਖੇਤੀ ਕਾਨੂੰਨਾਂ ਦਾ ਨਿਰਮਾਤਾ’, ਕੈਪਟਨ ਨੇ ਕਿਹਾ, ‘ਸਿੱਧੂ ਨੂੰ ਪੰਜਾਬ ਤੇ ਖੇਤੀ ਮੁੱਦਿਆਂ ਬਾਰੇ ਨਹੀਂ ਪਤਾ’
"ਮੇਰੀ ਨਵੀਂ ਪਾਰਟੀ ਦਾ ਨਾਮ ਪੰਜਾਬ ਲੋਕ ਕਾਂਗਰਸ ਹੈ ਜਿਸ ਦਾ ਰਜਿਸਟ੍ਰੇਸ਼ਨ ਚੋਣ ਕਮਿਸ਼ਨ ਕੋਲ ਪੈਂਡਿੰਗ ਹੈ। ਪਾਰਟੀ ਦਾ ਚੋਣ ਨਿਸ਼ਾਨ ਵੀ ਅਜੇ ਮਨਜ਼ੂਰ ਹੋਣਾ ਹੈ।"
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਇੱਕ ਲੰਬੇ ਦੌਰ ਦੀ ਤਲਖ਼ੀ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਵਿੱਚ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦੇਣ ਦੇ ਬਾਵਜੂਦ ਉਨ੍ਹਾਂ ਦਾ ਅਪਮਾਨ ਹੋਇਆ ਹੈ।
ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ 7 ਪੇਜਾਂ ਦੇ ਅਸਤੀਫ਼ੇ ਵਿੱਚ ਲੋਕ ਸੇਵਾ ਲਈ ਆਪਣੇ ਅਤੇ ਆਪਣੇ ਪਰਿਵਾਰ ਦੇ ਯੋਗਦਾਨ ਬਾਰੇ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਇਸ ਵਿੱਚ ਸਿਆਸਤ ਵਿੱਚ ਆਉਣ ਦੇ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਆਪਣੇ ਕੰਮ ਵੀ ਗਿਣਵਾਏ।
ਇਸ ਤੋਂ ਬਾਅਦ ਉਨ੍ਹਾਂ ਅਸਤੀਫ਼ੇ ਦੇ ਮੁੱਖ ਬਿੰਦੂਆਂ ਨੂੰ ਚਿੱਠੀ ਵਿੱਚ ਇਸ ਤਰ੍ਹਾਂ ਪੇਸ਼ ਕੀਤੇ।
'ਮਾੜੀ ਨੀਯਤ ਦੀ ਬਦਬੂ ਆ ਰਹੀ ਸੀ'
ਸਭ ਤੋਂ ਮਾੜਾ ਕਾਰਾ ਉਹ ਸੀ ਜਦੋਂ ਅੱਧੀ ਰਾਤ ਨੂੰ ਸੀਐੱਲਪੀ ਦੀ ਬੈਠਕ ਬੁਲਾ ਕੇ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਇਸ਼ਾਰਿਆਂ 'ਤੇ ਮੇਰੇ ਖ਼ਿਲਾਫ਼ ਸਾਜਿਸ਼ ਰਚੀ ਗਈ, ਉਹ ਵੀ ਰਾਹੀਂ ਟਵਿੱਟਰ।
ਸੀਐੱਲਪੀ ਲੀਡਰ ਹੋਣ ਦੇ ਨਾਤੇ ਮੀਟਿੰਗ ਸੱਦਣਾ ਮੇਰਾ ਕੰਮ ਸੀ। ਅਗਲੀ ਸਵੇਰ ਹੀ ਮੈਨੂੰ ਮੇਰੇ ਸਹਿਕਰਮੀ ਨੇ ਦੱਸਿਆ ਕਿ ਅਜਿਹਾ ਅਪਮਾਨਜਨਕ ਕਾਰਾ ਕੀਤਾ ਗਿਆ ਹੈ।
ਮੈਨੂੰ ਲੱਗਾ ਕਿ ਇਰਾਦਾ ਸਵੈ-ਮਾਣ ਵਾਲੇ ਬਜ਼ੁਰਗ ਸੈਨਿਕ ਨੂੰ ਨੀਚਾ ਦਿਖਾਉਣਾ ਅਤੇ ਅਪਮਾਨਿਤ ਕਰਨ ਵਾਲਾ ਸੀ।

ਤਸਵੀਰ ਸਰੋਤ, Captain Amrinder Singh/fb
ਅਗਲੀ ਸਵੇਰ ਮੈਨੂੰ 10˸15 ਵਜੇ ਫੋਨ ਆਇਆ ਅਤੇ ਮੈਨੂੰ ਅਸਤੀਫ਼ਾ ਦੇਣ ਲਈ ਕਿਹਾ ਅਤੇ ਬਿਨਾਂ ਪਲਕ ਝਪਕੇ ਅਜਿਹਾ ਹੀ ਕੀਤਾ।
ਹਾਲਾਂਕਿ, ਏਆਈਸੀਸੀ ਦੇ ਵਰਕਰਾਂ ਵੱਲੋਂ ਜਿਸ ਤਰੀਕੇ ਨਾਲ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਤੋਂ ਉਨ੍ਹਾਂ ਦੀ ਮਾੜੀ ਨੀਤ ਦੀ ਬਦਬੂ ਆ ਰਹੀ ਸੀ।
ਤੁਸੀਂ ਸੋਚਿਆ ਹੋਣਾ ਕਿ ਜੇ ਤੁਸੀਂ ਜੂਨ 1975 ਵਰਗੀ ਐਮਰਜੈਂਸੀ ਵਰਗਾ ਇਹ ਸਰਕਸ ਨਾ ਕਰਦੇ ਤਾਂ ਮੈਂ ਵਿਧਾਇਕਾਂ ਨੂੰ ਕਿਸੇ ਰਿਜ਼ੋਰਟ ਵਿੱਚ ਲੁਕਾ ਲੈਂਦਾ।
ਬੀਤੇ 52 ਸਾਲਾਂ ਤੋਂ ਮੈਨੂੰ ਨਿੱਜੀ ਤੌਰ 'ਤੇ ਜਾਣਦਿਆਂ ਹੋਇਆਂ ਵੀ ਤੁਸੀਂ ਮੈਨੂੰ ਤੇ ਮੇਰੇ ਕਿਰਦਾਰ ਨੂੰ ਨਹੀਂ ਸਮਝ ਸਕੇ।
'ਇਤਰਾਜ਼ ਦੇ ਬਾਵਜੂਦ ਸਿੱਧੂ ਨੂੰ ਸੂਬਾ ਪ੍ਰਧਾਨ ਪ੍ਰਧਾਨ ਬਣਾਇਆ'
ਮੇਰੇ ਜ਼ਬਰਦਸਤ ਇਤਰਾਜ਼ ਅਤੇ ਕਾਂਗਰਸ ਦੇ ਕਰੀਬ ਸਾਰੇ ਸੰਸਦ ਮੈਂਬਰਾਂ ਦੀ ਸਲਾਹ ਦੇ ਬਾਵਜੂਦ ਤੁਸੀਂ ਪਾਕਿਸਤਾਨ ਦੇ ਹਮਾਇਤੀ ਨਵਜੋਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ।
ਉਹ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜਨਤਕ ਤੌਰ 'ਤੇ ਗਲੇ ਲਗਾਇਆ ਸੀ।
ਖ਼ਾਨ ਅਤੇ ਬਾਜਵਾ ਦੋਵੇਂ ਹੀ ਸਰਹੱਦ ਪਾਰੋਂ ਭਾਰਤ ਵਿੱਚ ਅੱਤਵਾਦੀ ਭੇਜਣ ਲਈ ਜ਼ਿੰਮੇਵਾਰ ਹਨ।

ਤਸਵੀਰ ਸਰੋਤ, Getty Images
'ਸਿੱਧੂ ਨੂੰ ਰਾਹੁਲ ਅਤੇ ਪ੍ਰਿਅੰਕਾ ਦਾ ਸਾਥ'
ਸਿੱਧੂ ਦੀ ਪ੍ਰਸਿੱਧੀ ਦਾ ਇੱਕੋ-ਇੱਕ ਕਾਰਨ ਇਹ ਸੀ ਕਿ ਉਹ ਲਗਾਤਾਰ ਮੈਨੂੰ ਅਤੇ ਮੇਰੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਸੀ।
ਮੈਂ ਉਨ੍ਹਾਂ ਦੀ ਪਿਤਾ ਦੀ ਉਮਰ ਦਾ ਹਾਂ ਪਰ ਫਿਰ ਵੀ ਉਨ੍ਹਾਂ ਨੇ ਨਿੱਜੀ ਅਤੇ ਜਨਤਕ ਤੌਰ 'ਤੇ ਮੇਰੇ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨੀ ਨਹੀਂ ਛੱਡੀ।
ਬਦਕਿਸਮਤੀ ਨਾਲ ਉਨ੍ਹਾਂ 'ਤੇ ਲਗਾਮ ਲਗਾਉਣ ਦੀ ਬਜਾਇ ਉਨ੍ਹਾਂ ਨੂੰ ਰਾਹੁਲ ਅਤੇ ਪ੍ਰਿਅੰਕਾ ਦਾ ਸਮਰਥਨ ਮਿਲਿਆ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













