ਅਦਾਲਤ ਨੇ ਕਿਹਾ ਸਿਰਫ਼ ਵੱਟਸਐਪ ਚੈਟ ਨਸ਼ਿਆ ਦੀ ਸਪਲਾਈ ਦਾ ਸਬੂਤ ਨਹੀਂ ਹੈ - ਪ੍ਰੈੱਸ ਰਿਵਿਊ

ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ, ਅਚਿਤ ਕੁਮਾਰ ਅਤੇ ਅਰਬਾਜ਼ ਮਰਚੈਂਟ ਨੂੰ ਡਰਗੱਜ਼ ਮਾਮਲੇ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਐੱਨਡੀਪੀਐੱਸ ਦੀ ਵਿਸ਼ੇਸ਼ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਆਖਿਆ ਹੈ ਕਿ ਸਿਰਫ਼ ਵੱਟਸਐਪ 'ਤੇ ਕੀਤੀ ਗੱਲਬਾਤ ਨੂੰ ਨਸ਼ਿਆਂ ਦੀ ਸਪਲਾਈ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ ਆਰਿਅਨ ਖ਼ਾਨ ਤੋਂ ਵੱਟਸਐਪ ਚੈਟ ਤੋਂ ਇਲਾਵਾ ਹੋਰ ਕੋਈ ਸਬੂਤ ਨਹੀਂ ਮਿਲਿਆ ਹੈ ਜਦਕਿ ਅਚਿਤ ਕੁਮਾਰ ਵੱਲੋਂ ਖ਼ਾਨ ਅਤੇ ਮਰਚੈਂਟ ਨੂੰ ਨਸ਼ੇ ਸਪਲਾਈ ਕੀਤੇ ਗਏ ਹਨ।

ਅਚਿਤ ਦੇ ਵਕੀਲ ਵੱਲੋਂ ਆਖਿਆ ਗਿਆ ਕਿ ਉਹ ਲੰਡਨ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਡਰੱਗ ਪੈਡਲਰ ਕਹਿਣਾ ਠੀਕ ਨਹੀਂ ਹੈ।

ਤਿੰਨ ਅਕਤੂਬਰ ਨੂੰ ਇੱਕ ਕਰੂਜ਼ ਪਾਰਟੀ ਤੋਂ ਬਾਅਦ ਹਰ ਇਨਸਾਨ ਸਮੇਤ ਕਈਆਂ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਰੱਖਣ ਅਤੇ ਸੇਵਨ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਗੁਲਾਬੀ ਸੁੰਡੀ ਵੱਲੋਂ ਨੁਕਸਾਨ ਦੇ ਮਾਹਿਰਾਂ ਨੇ ਇਹ ਦੱਸੇ ਕਾਰਨ

ਗੁਲਾਬੀ ਸੁੰਡੀ ਬਾਰੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਮਾਹਿਰਾਂ ਦੀ ਇੱਕ ਟੀਮ ਨੇ ਢੁਕਵੇਂ ਮੌਸਮ ਅਤੇ ਸੁੰਡੀ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਕਮੀ ਨੂੰ ਨੁਕਸਾਨ ਦਾ ਕਾਰਨ ਦੱਸਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਗੁਲਾਬੀ ਸੁੰਡੀ ਦੇ ਨਵੇ ਸਟ੍ਰੇਨ ਭਾਰਤ ਦੇ ਦੱਖਣੀ ਅਤੇ ਮੱਧ ਸੂਬਿਆਂ ਵਿੱਚ 2016-2017 ਦੌਰਾਨ ਪਾਏ ਗਏ ਸਨ। ਮਾਹਰਾਂ ਦੀ ਰਿਪੋਰਟ ਮੁਤਾਬਕ ਇਹ ਸੁੰਡੀਆਂ ਹੁਣ ਹੋ ਸਕਦਾ ਹੈ ਕਿ ਭਾਰਤ ਦੇ ਉੱਤਰੀ ਭਾਗਾਂ ਤੱਕ ਵੀ ਪਹੁੰਚ ਗਈਆਂ ਹਨ।

ਇਸ ਕਮੇਟੀ ਵਿੱਚ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਨਵਤੇਜ ਬੈਂਸ, ਡਾ ਬਲਦੇਵ ਸਿੰਘ ਜਾਇੰਟ ਡਾਇਰੈਕਟਰ ਸਮੇਤ ਕਈ ਮਾਹਰ ਮੌਜੂਦ ਸਨ।

ਖ਼ਬਰ ਮੁਤਾਬਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਗਸਤ ਵਿੱਚ ਨਰਮੇ ਦੀ ਫ਼ਸਲ ਨੂੰ ਫੁੱਲਾਂ ਕਾਰਨ ਸੁੰਡੀ ਦਾ ਹਮਲਾ ਹੋਰ ਘਾਤਕ ਹੋ ਗਿਆ।

ਸਤੰਬਰ ਵਿੱਚ ਹੋਈਆਂ ਬਰਸਾਤਾਂ ਕਾਰਨ ਵੀ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਨੁਕਸਾਨ ਵਧਿਆ ਹੈ ਅਤੇ ਅਗਸਤ ਤੱਕ ਇਸ ਦਾ ਨੁਕਸਾਨ ਘੱਟ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਮੁਤਾਬਕ ਗੁਲਾਬੀ ਸੁੰਡੀ ਨਾਲ ਸੂਬੇ ਵਿੱਚ 34 ਫੀਸਦ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਵੱਲੋਂ 60 ਫੀਸਦ ਨਰਮਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਉੱਧਰ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗਏ ਮੁਆਵਜ਼ੇ ਨੂੰ ਕਿਸਾਨਾਂ ਨੇ ਰੱਦ ਕੀਤਾ ਹੈ ਤੇ ਵਿਰੋਧ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਲਈ ਸੱਠ ਹਜ਼ਾਰ ਰੁਪਏ ਅਤੇ ਮਜ਼ਦੂਰਾਂ ਲਈ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।

ਧੱਕੇ ਨਾਲ ਮੋਰਚੇ ਚੁੱਕੇ ਤਾਂ ਮੋਦੀ ਦੇ ਘਰ ਅੱਗੇ ਹੋਵੇਗੀ ਦੀਵਾਲੀ: ਚਢੂਨੀ

ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਗੁਰਨਾਮ ਸਿੰਘ ਚਢੂਨੀ ਨੇ ਆਖਿਆ ਹੈ ਕਿ ਜੇਕਰ ਧੱਕੇ ਨਾਲ ਕਿਸਾਨਾਂ ਨੂੰ ਦਿੱਲੀ ਮੋਰਚੇ ਤੋਂ ਹਟਾਇਆ ਗਿਆ ਤਾਂ ਉਹ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਦੀਵਾਲੀ ਮਨਾਉਣਗੇ।

'ਪੰਜਾਬੀ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਚਢੂਨੀ ਨੇ ਆਖਿਆ ਕਿ ਸਰਕਾਰ ਬਾਰਡਰਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਦਿੱਲੀ ਦੀਆਂ ਸਰਹੱਦਾਂ ਨੂੰ ਖਾਲੀ ਕਰਵਾ ਲਿਆ ਜਾਵੇਗਾ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਗਿਆਰਾਂ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਇਕੱਠੇ ਹੋ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਚਢੂਨੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰਨਗੀਆਂ। ਇੱਕ ਵੀਡੀਓ ਸੁਨੇਹੇ ਰਾਹੀਂ ਚਢੂਨੀ ਨੇ ਕਿਸਾਨਾਂ ਨੂੰ ਚੌਕਸ ਰਹਿਣ ਲਈ ਆਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਹਨ ਪਰ ਜੇਕਰ ਧੱਕੇ ਨਾਲ ਹਟਾਇਆ ਗਿਆ ਤਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)