ਵਿਰਾਟ ਕੋਹਲੀ ਦਾ ਮੁਹੰਮਦ ਸ਼ਮੀ ਨੂੰ ਟਰੋਲ ਕਰਨ ’ਤੇ ਜਵਾਬ, ‘ਕਿਸੇ ’ਤੇ ਧਰਮ ਨੂੰ ਲੈ ਕੇ ਹਮਲਾ ਕਰਨਾ ਸਭ ਤੋਂ ਘਟੀਆ ਕੰਮ ਹੈ’

“ਮੇਰੇ ਮੁਤਾਬਕ ਕਿਸੇ ਉੱਪਰ ਧਰਮ ਨੂੰ ਲੈ ਕੇ ਹਮਲਾ ਕਰਨਾ ਸਭ ਤੋਂ ਘਟੀਆ ਕੰਮ ਹੈ, ਜੋ ਕਿਸੇ ਵਿਅਕਤੀ ਵੱਲੋਂ ਕੀਤਾ ਜਾ ਸਕਦਾ ਹੈ। ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਅਜ਼ਾਦੀ ਹੈ ਪਰ ਮੈਂ ਜ਼ਾਤੀ ਤੌਰ 'ਤੇ ਕਦੇ ਕਿਸੇ ਨਾਲ ਉਨ੍ਹਾਂ ਦੇ ਧਰਮ ਦੇ ਅਧਾਰ 'ਤੇ ਵਿਤਕਰਾ ਕਰਨ ਬਾਰੇ ਸੋਚਿਆ ਤੱਕ ਵੀ ਨਹੀਂ।''

ਇਹ ਸ਼ਬਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪੱਖ ਵਿੱਚ ਹਨ ਜੋ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਹੇ।

ਪਿਛਲੇ ਐਤਵਾਰ ਨੂੰ ਟੀ-20 ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਵਿੱਚ ਭਾਰਤ ਦੀ ਪਾਕਿਸਤਾਨ ਹੱਥੋਂ ਹੋਈ ਬਹੁਤ ਬੁਰੀ ਹਾਰ ਤੋਂ ਬਾਅਦ ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ ਉੱਪਰ ਟਰੋਲ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਸ਼ਮੀ ਉਸ ਮੈਚ ਦੌਰਾਨ ਭਾਰਤ ਦੇ ਸਭ ਤੋਂ ਮਹਿੰਗੇ ਗੇਂਦਬਾਜ਼ (3.5-0-43-0) ਸਾਬਤ ਹੋਏ ਸਨ। ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਸਨ।

ਸ਼ਮੀ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਇਕੱਲੌਤੇ ਮੁਸਲਮਾਨ ਖਿਡਾਰੀ ਹਨ।

ਇਹ ਵੀ ਪੜ੍ਹੋ

‘ਸਾਡਾ ਭਾਈਚਾਰਾ ਨਹੀਂ ਤੋੜਿਆ ਜਾ ਸਕਦਾ ਹੈ’

ਕਪਤਾਨ ਵਿਰਾਟ ਕੋਹਲੀ ਨੂੰ ਭਾਰਤ-ਨਿਊਜ਼ੀਲੈਂਡ ਦੇ ਮੈਚ ਤੋਂ ਪਹਿਲਾਂ ਹੋ ਰਹੀ ਪ੍ਰੈੱਸ ਕਾਨਫਰੰਸ ਵਿੱਚ ਮੁਹੰਮਦ ਸ਼ਮੀ ਬਾਰੇ ਸਵਾਲ ਪੁੱਛੇ ਗਏ ਸਨ।

ਉਸ ਵੇਲੇ ਵਿਰਾਟ ਕੋਹਲੀ ਨੇ ਕਿਹਾ, ''ਲੋਕ ਆਪਣੀ ਭੜਾਸ ਕੱਢਦੇ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਸਮਝ ਨਹੀਂ ਹੈ ਕਿ ਮੁਹੰਮਦ ਸ਼ਮੀ ਨੇ ਭਾਰਤ ਲਈ ਕਈ ਮੈਚ ਜਿੱਤੇ ਹਨ। ਜੇ ਲੋਕ ਉਸ ਨੂੰ ਅਤੇ ਦੇਸ਼ ਲਈ ਉਸ ਦੇ ਜਨੂੰਨ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਨ ਤਾਂ ਮੈਂ ਅਜਿਹੇ ਲੋਕਾਂ ਉੱਪਰ ਆਪਣੀ ਜ਼ਿੰਦਗੀ ਦਾ ਇੱਕ ਮਿੰਟ ਵੀ ਬਰਬਾਦ ਨਹੀਂ ਕਰਨਾ ਚਾਹੁੰਦਾ ਹਾਂ।''

''ਅਸੀਂ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜ੍ਹੇ ਹਾਂ। ਅਸੀਂ 200 ਫ਼ੀਸਦੀ ਉਸ ਦੀ ਪਿੱਠ ’ਤੇ ਹਾਂ। ਸਾਡਾ ਭਾਈਚਾਰਾ ਤੋੜਿਆ ਨਹੀਂ ਜਾ ਸਕਦਾ।''

ਕੋਹਲੀ ਇੱਥੇ ਹੀ ਬਸ ਨਹੀਂ ਹੋਏ, ਉਨ੍ਹਾਂ ਨੇ ਕਿਹਾ,'' ਇਸ ਦੀ ਇੱਕ ਚੰਗੀ ਵਜ੍ਹਾ ਹੈ ਕਿ ਅਸੀਂ ਮੈਦਾਨ ਵਿੱਚ ਖੇਡ ਰਹੇ ਹਾਂ ਅਤੇ ਉਨ੍ਹਾਂ ਬਿਨਾਂ ਰੀੜ੍ਹ ਦੇ ਲੋਕਾਂ ਵਾਂਗ ਨਹੀਂ ਹਾਂ ਜਿਨ੍ਹਾਂ ਵਿੱਚ ਕਿਸੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਹੈ।”

''ਉਹ ਪਛਾਣ ਦੇ ਪਿੱਛੇ ਲੁਕ ਜਾਂਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਮਗਰ ਪੈਂਦੇ ਹਨ ਅਤੇ ਮਜ਼ਾਕ ਉਡਾਉਂਦੇ ਹਨ। ਇਹ ਅੱਜ ਦੀ ਦੁਨੀਆਂ ਵਿੱਚ ਇਹ ਮਨੋਰੰਜਨ ਦਾ ਇੱਕ ਸਾਧਨ ਬਣ ਚੁੱਕਿਆ ਹੈ।”

''ਇਹ ਬਹੁਤ ਬਦਨਸੀਬੀ ਵਾਲਾ ਅਤੇ ਦੇਖਣ ਵਿੱਚ ਦੁਖਦਾਈ ਹੈ ਕਿਉਂਕਿ ਵਾਕਈ ਇਹ ਮਨੁੱਖੀ ਸੰਭਾਵਨਾ ਦਾ ਸਭ ਤੋਂ ਨੀਵਾਂ ਪੱਧਰ ਹੈ। ਮੈਂ ਇਨ੍ਹਾਂ ਲੋਕਾਂ ਨੂੰ ਇਸੇ ਤਰ੍ਹਾਂ ਦੇਖਦਾ ਹਾਂ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)