ਮਲਖਾਨ ਸਿੰਘ: 'ਡਾਕੂਆਂ ਦੇ ਸਰਦਾਰ ਨੇ ਇੰਝ ਆਤਮ ਸਮਰਪਣ ਕੀਤਾ ਜਿਵੇਂ ਕੋਈ ਰੋਮਨ ਜੇਤੂ ਹੋ ਕੇ ਆਇਆ ਹੋਵੇ'

1980 ਦੇ ਦਹਾਕੇ ਵਿੱਚ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਚੰਬਲ ਘਾਟੀ ਵਿੱਚ ਡਾਕੂ ਮਲਖਾਨ ਸਿੰਘ ਇੱਕ ਜ਼ਾਲਮ ਨਾਮ ਸੀ।

ਫੋਟੋਗ੍ਰਾਫਰ ਪ੍ਰਸ਼ਾਂਤ ਪੰਜਿਆਰ ਨੇ ਮੱਧ ਭਾਰਤ ਦੇ ਇਸ ਸੁੱਕੇ-ਪਥਰੀਲੇ ਇਲਾਕੇ ਵਿੱਚ ਲੰਮੀ ਯਾਤਰਾ ਕੀਤੀ ਅਤੇ ਦੇਸ਼ ਦੇ ਕੁਝ ਮਸ਼ਹੂਰ ਡਾਕੂਆਂ ਦੇ ਜੀਵਨ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ।

ਜ਼ਿਆਦਾਤਰ ਡਾਕੂ ਚੰਬਲ ਖੇਤਰ ਵਿੱਚ ਰਹਿੰਦੇ ਸਨ, ਇੱਕ ਅਜਿਹਾ ਇਲਾਕਾ ਜੋ ਕਿ ਪੁਲਿਤਜ਼ਰ ਪੁਰਸਕਾਰ ਜੇਤੂ ਲੇਖਕ ਪੌਲ ਸਲੋਪੇਕ ਦੇ ਅਨੁਸਾਰ "ਬੇਤਰਤੀਬੇ ਪਹਾੜਾਂ ਅਤੇ ਮਿੱਟੀ-ਰੇਤੇ ਨਾਲ ਭਰੀਆਂ ਨਦੀਆਂ ਵਾਲਾ ਇਲਾਕਾ ਸੀ।"

"ਜਿਥੇ ਠੱਗ, ਲੁਟੇਰੇ, ਹੱਤਿਆਰੇ ਤੇ ਗੁੰਡੇ ਭਰੇ ਹੋਏ ਸਨ ਅਤੇ ਜਿੱਥੇ ਹਾਈਵੇਅ (ਰਾਜਮਾਰਗ) 'ਤੇ ਬਦਨਾਮ ਲੁਟੇਰੇ ਹੁੰਦੇ ਸਨ, ਜਿਨ੍ਹਾਂ ਨੂੰ ਡਾਕੂ ਕਿਹਾ ਜਾਂਦਾ ਸੀ।"

ਕਈ ਮਹੀਨਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ, ਮਈ 1982 ਵਿੱਚ ਪੰਜਿਆਰ ਅਤੇ ਉਨ੍ਹਾਂ ਦੇ ਦੋ ਸਾਥੀ ਪੱਤਰਕਾਰਾਂ ਦੀ ਮੁਲਾਕਾਤ ਡਾਕੂਆਂ ਦੇ ਸਰਦਾਰ ਮਲਖਾਨ ਸਿੰਘ ਨਾਲ ਹੋਈ।

ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਵਿੱਚ ਵੀ ਡਾਕੂ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਰਹੇ ਸਨ

ਇੱਕ ਸਾਲ ਪਹਿਲਾਂ ਹੀ ਮਹਿਲਾ ਡਾਕੂ ਫੂਲਨ ਦੇਵੀ ਵੀ ਉਸ ਵੇਲੇ ਚਰਚਾ ਵੀ ਆ ਗਈ ਸੀ, ਜਦੋਂ ਉਸ ਨੇ ਆਪਣੇ ਨਾਲ ਹੋਏ ਸਮੂਹਿਕ ਬਲਾਤਕਾਰ ਦਾ ਬਦਲਾ ਲੈਣ ਲਈ ਉੱਚ-ਜਾਤੀ ਦੇ 22 ਹਿੰਦੂਆਂ ਨੂੰ ਮਾਰ ਦਿੱਤਾ ਸੀ।

ਪਰ ਚੰਬਲ ਵਿੱਚ ਸਭ ਤੋਂ ਵੱਧ ਖ਼ੌਫ ਡਾਕੂ ਮਲਖਾਨ ਸਿੰਘ ਅਤੇ ਉਨ੍ਹਾਂ ਦੇ ਗਿਰੋਹ ਦਾ ਸੀ।

ਉਹ ਪੈਦਲ ਹੀ ਤੁਰਦੇ ਸਨ ਅਤੇ ਉੱਚੀਆਂ ਪਹਾੜੀ ਚੋਟੀਆਂ ਵਾਲੀਆਂ ਵਾਲੀਆਂ ਡੂੰਘੀਆਂ ਤੰਗ ਘਾਟੀਆਂ ਵਿੱਚ ਅਸਥਾਈ ਕੈਂਪ ਲਾ ਕੇ ਰਹਿੰਦੇ ਸਨ।

ਕਿਹਾ ਜਾਂਦਾ ਹੈ ਕਿ 13 ਸਾਲਾਂ ਦੇ ਲੰਬੇ ਰਾਜ ਦੌਰਾਨ, ਮਲਖਾਨ ਸਿੰਘ ਦੇ ਗਰੋਹ ਵਿੱਚ ਲਗਭਗ 100 ਲੋਕਾਂ ਨੇ ਕੰਮ ਕੀਤਾ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਨ ਵਾਲੇ ਡਾਕੂ ਨੇ ਹੀ ਉਨ੍ਹਾਂ ਨੂੰ "ਦਸਯੂ ਰਾਜਾ" ਦਾ ਨਾਮ ਦਿੱਤਾ।

1982 ਤੱਕ ਪੁਲਿਸ ਨੇ ਉਨ੍ਹਾਂ ਦੇ ਗਿਰੋਹ ਖਿਲਾਫ 94 ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਵਿੱਚ ਲੁੱਟ, ਅਗਵਾ ਕਰਨ ਅਤੇ ਕਤਲ ਕਰਨ ਵਰਗੇ ਗੰਭੀਰ ਮਾਮਲੇ ਸ਼ਾਮਲ ਸਨ।

ਰਿਪੋਰਟਾਂ ਅਨੁਸਾਰ ਮਲਖਾਨ ਸਿੰਘ ਦੇ ਸਿਰ 'ਤੇ 70 ਹਜ਼ਾਰ ਰੁਪਏ ਦਾ ਇਨਾਮ ਸੀ। ਅੱਜ ਦੇ ਹਿਸਾਬ ਨਾਲ ਇਹ ਰਕਮ ਲਗਭਗ 6 ਲੱਖ ਰੁਪਏ ਹੋਵੇਗੀ।

ਸਰਕਾਰ ਨੇ ਵੀ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਸਨ।

ਇਹ ਵੀ ਪੜ੍ਹੋ-

ਮਲਖਾਨ ਸਿੰਘ ਬਾਰੇ ਕੀ ਲਿਖਦੇ ਹਨ ਪੰਜਿਆਰ?

1982 ਦੀਆਂ ਭਖ਼ਦੀਆਂ ਗਰਮੀਆਂ ਵਿੱਚ, ਪੰਜਿਆਰ ਅਤੇ ਉਨ੍ਹਾਂ ਦੇ ਦੋਸਤ ਕਲਿਆਣ ਮੁਖਰਜੀ ਅਤੇ ਬ੍ਰਿਜਲਾਲ ਸਿੰਘ ਮੱਧ ਪ੍ਰਦੇਸ਼ ਦੀ ਤਤਕਾਲੀ ਕਾਂਗਰਸ ਸਰਕਾਰ ਅਤੇ ਡਾਕੂ ਮਲਖਾਨ ਸਿੰਘ ਦੇ ਵਿਚੋਲੇ ਬਣੇ ਤਾਂ ਜੋ ਉਹ (ਮਲਖਾਨ ਸਿੰਘ) ਸਮਰਪਣ ਕਰ ਦੇਣ।

ਉਨ੍ਹਾਂ ਨੇ ਮਲਖਾਨ ਨਾਲ ਸੰਪਰਕ ਕੀਤਾ।

ਪੰਜਿਆਰ ਕਹਿੰਦੇ ਹਨ, "ਮੈਂ ਉਨ੍ਹਾਂ ਦੇ ਗਿਰੋਹ ਨਾਲ ਕੁਝ ਦਿਨ ਬਿਤਾਏ। ਜਦੋਂ ਤੱਕ ਉਨ੍ਹਾਂ ਦੀਆਂ ਤਸਵੀਰਾਂ ਲੈ ਰਿਹਾ ਸੀ, ਮੈਂ ਉਨ੍ਹਾਂ ਦਾ ਬੰਧਕ ਬਣ ਕੇ ਖੁਸ਼ ਸੀ। ਧੋਖਾ ਨਾ ਹੋਵੇ, ਇਸ ਲਈ ਮੈਨੂੰ ਗਾਰੰਟੀ ਵਜੋਂ ਉੱਥੇ ਰੱਖਿਆ ਗਿਆ ਸੀ।"

ਗਿਰੋਹ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਚੰਬਲ ਵਿੱਚ ਮੱਸਿਆ ਦੀ ਰਾਤ ਨੂੰ ਹੋਈ ਸੀ।

ਪੰਜਿਆਰ, ਮਲਖਾਨ ਸਿੰਘ ਨੂੰ ਇੱਕ ਲੰਮੇ, ਮਜ਼ਬੂਤ, ਹੈਂਡਲਬਾਰ ਮੁੱਛਾਂ ਵਾਲੇ ਸੰਕੋਚੀ ਵਿਅਕਤੀ ਵਜੋਂ ਯਾਦ ਕਰਦੇ ਹਨ ਜੋ ਕਿ ਅਮਰੀਕਾ ਵਿੱਚ ਬਣੀ ਸੈਲਫ-ਲੋਡਿੰਗ ਰਾਈਫਲ ਆਪਣੇ ਨਾਲ ਰੱਖਦੇ ਸਨ।

"ਉਹ ਬਹੁਤ ਘੱਟ ਬੋਲਦੇ ਸਨ ਪਰ ਸਵੈਮਾਣ ਵਾਲੇ ਵਿਅਕਤੀ ਸਨ, ਜਿਨ੍ਹਾਂ ਦਾ ਉਨ੍ਹਾਂ ਦੇ ਲੋਕਾਂ ਵਿੱਚ ਸਨਮਾਨ ਸੀ।"

"ਉਨ੍ਹਾਂ ਦੇ ਗਿਰੋਹ ਵਿੱਚ ਉਸ ਵੇਲੇ ਤਕਰੀਬਨ ਦੋ ਦਰਜਨ ਆਦਮੀ ਸਨ ਜੋ ਹਰ ਰਾਤ ਆਪਣੇ ਬਹੁਤ ਘੱਟ ਸਮਾਨ, ਬਿਸਤਰੇ, ਹਥਿਆਰਾਂ, ਤਰਪਾਲਾਂ ਅਤੇ ਰਾਸ਼ਨ ਨਾਲ ਥਾਂ ਬਦਲ ਲੈਂਦੇ ਸਨ।"

"ਉਹ ਖੁੱਲ੍ਹੇ ਵਿੱਚ ਸੌਂਦੇ ਸਨ, ਇੱਕ ਕੋਲ ਏਕੇ-47, ਦੂਜਿਆਂ ਕੋਲ ਕਾਰਬਾਈਨ ਅਤੇ ਰਾਈਫਲਾਂ ਸਨ।"

ਪੰਜਿਆਰ ਕਹਿੰਦੇ ਹਨ, "ਮਲਖਾਨ ਸਿੰਘ ਦੀ ਕਹਾਣੀ ਇੱਕ 'ਕਲਾਸਿਕ' ਸੀ।

ਨੀਵੀਂ ਜਾਤ ਦਾ ਇੱਕ ਨੌਜਵਾਨ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਸਵੈ-ਮਾਣ ਅਤੇ ਸਵੈ-ਰੱਖਿਆ ਲਈ ਬੰਦੂਕ ਚੁੱਕੀ ਅਤੇ ਜੋ ਉਸ 'ਤੇ ਜ਼ੁਲਮ ਕਰਨ ਵਾਲੇ ਉੱਚੀ ਜਾਤ ਦੇ ਵਿਅਕਤੀ ਤੋਂ ਬਦਲਾ ਲੈਣਾ ਚਾਹੁੰਦਾ ਸੀ।"

ਲਗਭਗ ਇੱਕ ਹਫ਼ਤੇ ਵਿੱਚ ਪੰਜਿਆਰ ਨੇ ਆਪਣੇ ਪੇਂਟੈਕਸ ਅਤੇ ਉਧਾਰ ਲਏ ਹੋਏ ਨਿਕੋਨ ਦੇ ਕੈਮਰੇ ਨਾਲ ਗਰੋਹ ਦੀਆਂ ਕਈ ਤਸਵੀਰਾਂ ਲਈਆਂ।

ਉਨ੍ਹਾਂ ਵਿੱਚੋਂ ਕਈ ਦੁਰਲੱਭ ਤਸਵੀਰਾਂ ਉਨ੍ਹਾਂ ਦੀ ਨਵੀਂ ਕਿਤਾਬ 'ਦੈਟ ਵਿਚ ਇਜ਼ ਅਨਸੀਨ' ਵਿੱਚ ਦੇਖੀਆਂ ਜਾ ਸਕਦੀਆਂ ਹਨ।

ਜਦੋਂ ਮਲਖਾਨ ਸਿੰਘ ਨੇ ਕੀਤਾ ਆਤਮ-ਸਮਰਪਣ

ਆਖਿਰਕਾਰ, ਜੂਨ ਮਹੀਨੇ ਵਿੱਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਆਤਮ ਸਮਰਪਣ ਹੋਇਆ।

ਮਲਖਾਨ ਸਿੰਘ ਨੇ ਹੋਰ ਸ਼ਰਤਾਂ ਦੇ ਨਾਲ-ਨਾਲ ਸਰਕਾਰ ਨੂੰ ਆਪਣੀ ਇਸ ਸ਼ਰਤ ਲਈ ਵੀ ਰਾਜ਼ੀ ਕਰ ਲਿਆ ਕਿ ਉਨ੍ਹਾਂ ਦੇ ਕਿਸੇ ਵੀ ਸਾਥੀ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ।

ਇੰਡੀਆ ਟੂਡੇ ਪਤ੍ਰਿਕਾ ਨੇ ਉਨ੍ਹਾਂ ਦੇ ਆਤਮ ਸਮਰਪਣ ਬਾਰੇ ਲਿਖਿਆ, "ਉਹ ਜਿੱਤ ਦੇ ਨਾਇਕ ਵਾਂਗ ਆਏ। ਲੰਮੇ, ਦੁਬਲੇ-ਪਤਲੇ, ਪੁਲਿਸ ਦੀ ਉਸ ਵਰਦੀ ਵਿੱਚ ਜਿਸ ਦੇ ਖਿਲਾਫ ਸਾਲਾਂ ਤੱਕ ਲੜੇ।"

"ਉੱਤਰੀ ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਵਿੱਚ 30 ਹਜ਼ਾਰ ਦੀ ਭੀੜ ਦੇ ਸਾਹਮਣੇ ਡਾਕੂਆਂ ਦੇ ਰਾਜਾ ਮਲਖਾਨ ਸਿੰਘ ਨੂੰ ਹਥਿਆਰ ਸੁੱਟਦਿਆਂ ਵੇਖ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਰੋਮਨ ਜੇਤੂ ਆਇਆ ਹੋਵੇ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਲਖਾਨ ਸਿੰਘ ਵਿੱਚ ਸੇਂਸ ਆਫ ਹਿਊਮਰ ਨਾ ਦੇ ਬਰਾਬਰ ਸੀ। ਜਦੋਂ ਉਨ੍ਹਾਂ ਦੇ ਗਿਰੋਹ ਨੇ ਆਤਮ ਸਮਰਪਣ ਕਰ ਦਿੱਤਾ ਤਾਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਹਿੰਦੀ ਵਿੱਚ ਕਈ ਸਵਾਲ ਪੁੱਛੇ।

ਅਜਿਹਾ ਹੀ ਇੱਕ ਸਵਾਲ ਸੀ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਜਦੋਂ ਮਲਖਾਨ ਸਿੰਘ ਪੰਜਿਆਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਿਲੇ ਤਾਂ ਉਹ ਉਹੀ ਸਤਰਾਂ ਦੁਹਰਾ ਰਹੇ ਸਨ।

ਆਖਿਰਕਾਰ, ਮਲਖਾਨ ਸਿੰਘ ਅਤੇ ਉਨ੍ਹਾਂ ਦੇ ਗਿਰੋਹ ਦੇ ਮੈਂਬਰਾਂ ਨੂੰ ਉਨ੍ਹਾਂ ਅਪਰਾਧਾਂ ਲਈ ਸਜ਼ਾ ਸੁਣਾਈ ਗਈ ਜੋ ਉਨ੍ਹਾਂ 'ਤੇ ਲਗਾਏ ਗਏ ਸਨ।

ਉਨ੍ਹਾਂ ਨੂੰ ਖੁੱਲ੍ਹੀ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੇ ਉਨ੍ਹਾਂ ਸਾਰਿਆਂ ਨੇ ਕੁਝ ਸਮਾਂ ਇਕੱਠੇ ਬਿਤਾਇਆ।

ਹੁਣ 78 ਸਾਲਾਂ ਦੇ ਹੋ ਚੁੱਕੇ ਮਲਖਾਨ ਸਿੰਘ ਸਿਆਸਤ ਵਿੱਚ ਪੈਰ ਧਰ ਚੁੱਕੇ ਹਨ। ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਭਾਜਪਾ ਲਈ ਪ੍ਰਚਾਰ ਵੀ ਕੀਤਾ ਹੈ।

ਸਾਲ 2019 ਵਿੱਚ ਮਲਖਾਨ ਸਿੰਘ ਨੇ ਕਿਹਾ ਸੀ, "ਮੈਂ ਡਕੈਤ ਨਹੀਂ ਸੀ, ਮੈਂ ਬਾਗੀ ਸੀ। ਜਿਸ ਨੇ ਬੰਦੂਕ ਆਪਣੇ ਸਵੈ-ਮਾਣ ਅਤੇ ਸਵੈ-ਰੱਖਿਆ ਲਈ ਚੁੱਕੀ ਸੀ।"

"ਮੈਨੂੰ ਪਤਾ ਹੈ ਕਿ ਅਸਲ ਡਕੈਤ ਕੌਣ ਹਨ ਅਤੇ ਇਹ ਵੀ ਜਾਣਦਾ ਹਾਂ ਕਿ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।"

ਮਸ਼ਹੂਰ ਫੋਟੋਗ੍ਰਾਫਰ ਅਤੇ ਲੇਖਕ ਪ੍ਰਸ਼ਾਂਤ ਪੰਜਿਆਰ ਨੇ ਹਾਲ ਹੀ ਵਿੱਚ ਇੱਕ ਕਿਤਾਬ 'ਦੈਟ ਵਿਚ ਇਜ਼ ਅਨਸੀਨ' (ਨਵਜੀਵਨ ਟਰੱਸਟ) ਲਿਖੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)