ਭਾਰਤ- ਚੀਨ ਤਣਾਅ: ਸਰਹੱਦ ਉੱਤੇ ਚੀਨ ਦਾ ਇਹ ਨਵਾਂ ਕਾਰਨਾਮਾ ਕੀ ਭਾਰਤ ਲਈ ਚਿੰਤਾ ਦਾ ਸਬੱਬ ਬਣੇਗਾ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਲਾਇਨ ਆਫ਼ ਐਕਚੂਅਲ ਕੰਟਰੋਲ (LAC) 'ਤੇ ਭਾਰਤ ਤੇ ਚੀਨ ਵਿਚਾਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਸਰਹੱਦੀ ਤਣਾਅ ਦੇ ਦੌਰਾਨ ਤਾਜ਼ਾ ਰਿਪੋਰਟਾਂ ਮੁਤਾਬਕ ਚੀਨ LAC ਦੇ ਕੁਝ ਨੇੜਲੇ ਖੇਤਰਾਂ ਵਿੱਚ ਸੈਂਕੜੇ ਮਿਜ਼ਾਈਲ ਸਾਈਲੋ ਬਣਾ ਸਕਦਾ ਹੈ।

ਇਹ ਸਾਈਲੋ ਭੂਮੀਗਤ ਮਿਜ਼ਾਈਲਾਂ ਲਾਂਚ ਕਰਨ ਦੀ ਸਹੂਲਤ ਨਾਲ ਲੈੱਸ ਹਨ ਅਤੇ ਭਾਰਤੀ ਸੁਰੱਖਿਆ ਦਸਤਿਆਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ।

ਇਸ ਸ਼ੱਕ ਦਾ ਆਧਾਰ ਉਹ ਤਾਜ਼ਾ ਸੈਟੇਲਾਈਟ ਤਸਵੀਰਾਂ ਹਨ, ਜਿਨ੍ਹਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਚੀਨ ਪੂਰਬੀ ਸ਼ਿਨਜਿਯਾਂਗ ਦੇ ਇੱਕ ਵੱਡੇ ਇਲਾਕੇ ਵਿੱਚ ਜ਼ਮੀਨਦੋਜ਼ ਸਾਈਲੋ (ਸਟੋਰੇਜ) ਬਣਾਉਣ ਲਈ ਸੈਂਕੜੇ ਟੋਏ ਪੁੱਟ ਰਿਹਾ ਹੈ।

ਦਿੱਲੀ ਤੋਂ ਉੱਤਰ-ਪੂਰਬ ਵੱਲ ਕੋਈ 2000 ਕਿੱਲੋਮੀਟਰ ਦੂਰ ਦੀਆਂ ਇਹ ਤਸਵੀਰਾਂ ਫ਼ੈਡਰੇਸ਼ਨ ਆਫ਼ ਅਮੈਰਿਕਨ ਸਾਇੰਟਿਸਟ (FAS) ਨਾਮ ਦੇ ਸੰਗਠਨ ਨੇ ਲਈਆਂ ਹਨ।

ਜੁਲਾਈ ਦੀ ਸ਼ੁਰੂਆਤ ਵਿੱਚ ਰਿਪੋਰਟਾਂ ਆਈਆਂ ਸਨ ਕਿ ਚੀਨ ਗਾਂਸੂ ਸੂਬੇ 'ਚ ਯੁਮੇਨ ਦੇ ਕੋਲ 120 ਮਿਜ਼ਾਈਲ ਸਾਈਲੋ ਬਣਾ ਰਿਹਾ ਹੈ, ਇਹ ਇਲਾਕਾ ਸ਼ਿਨਜਿਯਾਂਗ ਤੋਂ ਕੋਈ 380 ਕਿਲੋਮੀਟਰ ਦੂਰ ਹੈ।

FAS ਨੇ ਇਨ੍ਹਾਂ ਤਸਵੀਰਾਂ ਦੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਚੀਨ ਸ਼ਿਨਜਿਯਾਂਗ ਵਿੱਚ ਇੱਕ ਨਵੀਂ ਪਰਮਾਣੂ ਮਿਜ਼ਾਈਲ ਜ਼ਮੀਨ ਤਿਆਰ ਕਰ ਰਿਹਾ ਹੈ।

ਇਸ ਤੋਂ ਬਾਅਦ ਹੀ ਅਮਰੀਕਾ ਦੇ ਸੁਰੱਖਿਆ ਹਲਕਿਆਂ ਵਿੱਚ ਇਸ ਗੱਲ ਨੂੰ ਚਰਚਾ ਹੈ ਕਿ ਕਿਤੇ ਚੀਨ ਪਰਮਾਣੂ ਮਿਜ਼ਾਈਲਾਂ ਨੂੰ ਲਾਂਚ ਅਤੇ ਭੰਡਾਰਨ ਦੀ ਆਪਣੀ ਸਮਰੱਥਾ ਤਾਂ ਨਹੀਂ ਵਧਾ ਰਿਹਾ।

ਇਹ ਵੀ ਪੜ੍ਹੋ:

ਭਾਰਤ ਲਈ ਕਿੰਨਾ ਚਿੰਤਾਜਨਕ

ਸੁਯਸ਼ ਦੇਸਾਈ ਤਕਸ਼ਿਲਾ ਇੰਸਟੀਚਿਊਟ ਵਿੱਚ ਚਾਇਨਾ ਸਟੱਡੀਜ਼ ਪ੍ਰੋਗਰਾਮ ਨਾਲ ਜੁੜੇ ਹੋਏ ਰਿਸਰਚ ਐਸੋਸੀਏਟ ਹਨ।

ਸੁਯਸ਼ ਦੇਸਾਈ ਦੀ ਇਸ ਮਸਲੇ ਉੱਤੇ ਦਲੀਲ ਹੈ,"ਭਾਰਤ ਨੂੰ ਇਸ ਬਾਰੇ ਜ਼ਿਆਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸਾਈਲੋ ਅਮਰੀਕਾ ਨਾਲ ਕੇਂਦਰਿਤ ਗੱਲ ਹੈ ਪਰ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਕਰਕੇ ਭਾਰਤ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।"

ਡਾ ਫ਼ੈਜ਼ਲ ਅਹਿਮਦ ਦਿੱਲੀ ਦੇ ਫੋਰ ਸਕੂਲ ਆਫ਼ ਮੈਨੇਜਮੈਂਟ ਵਿੱਚ ਚੀਨ ਮਾਮਲਿਆਂ ਦੇ ਮਾਹਿਰ ਹਨ।

ਉਨ੍ਹਾਂ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਵਿੱਚ ਤਣਾਅ ਵਧਿਆ ਹੈ।

ਇਸ ਕਰਕੇ ਯੁਮੈਨ ਅਤੇ ਪੂਰਬੀ ਸ਼ਿਨਜਿਆਂਗ ਖੇਤਰ ਵਿੱਚ ਮਿਜ਼ਾਈਲ ਸਾਈਲੋ ਦੀ ਖੁਦਾਈ ਸੰਭਾਵਿਤ ਰੂਪ ਵਿੱਚ ਚੀਨੀ ਰਣਨੀਤੀ ਹੋ ਸਕਦੀ ਹੈ।

ਉਹ ਆਖਦੇ ਹਨ," ਪ੍ਰਮਾਣੂ ਸ਼ਕਤੀ ਨੂੰ ਵਿਕਸਿਤ ਕਰਕੇ ਚੀਨ ਦਾ ਟੀਚਾ ਹਿੰਦ ਪ੍ਰਸ਼ਾਂਤ ਖੇਤਰ ਖਾਸ ਕਰਕੇ ਦੱਖਣੀ ਚੀਨ ਸਾਗਰ, ਹਿੰਦ-ਮਹਾਂ ਸਾਗਰ ਅਤੇ ਤਾਇਵਾਨ ਦੇ ਇਲਾਕੇ ਵਿੱਚ ਅਮਰੀਕਾ ਦੇ ਭੂ-ਸਿਆਸੀ ਦਬਦਬੇ ਦਾ ਮੁਕਾਬਲਾ ਕਰਨਾ ਹੈ"

ਡਾ ਅਹਿਮਦ ਆਖਦੇ ਹਨ ਭਾਰਤ ਨੂੰ ਦੋਹਰੇ ਫੋਕਸ ਦੀ ਜ਼ਰੂਰਤ ਹੈ। ਭਾਰਤ ਨੂੰ ਆਪਣੀ ਨੇਵੀ ਦੇ ਆਧੁਨਿਕੀਕਰਨ ਉੱਪਰ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਡਾ ਅਹਿਮਦ ਅਨੁਸਾਰ ਭਾਰਤ ਨੂੰ ਹਿੰਦ ਮਹਾਂ ਸਾਗਰ ਖੇਤਰ ਵਿੱਚ ਅਮਰੀਕਾ ਨਾਲ ਆਪਣੀ ਰਣਨੀਤਕ ਨਿਰਭਰਤਾ ਬਾਰੇ ਵੀ ਚੌਕਸੀ ਵਰਤਣ ਦੀ ਲੋੜ ਹੈ।

ਸਾਈਲੋਜ਼ ਦਾ ਨਿਰਮਾਣ ਨਵਾਂ ਨਹੀਂ

ਉਹ ਆਖਦੇ ਹਨ,"ਚੀਨ ਦੇ ਵਧ ਰਹੇ ਪਸਾਰ ਨੂੰ ਰੋਕਣ ਲਈ ਅਮਰੀਕਾ ਦਾ ਆਪਣਾ ਰਣਨੀਤਕ ਹਿੱਤ ਹੈ ਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਇੱਕ ਸ਼ਕਤੀ ਦੇ ਰੂਪ ਵਿਚ ਅਮਰੀਕਾ ਨੂੰ ਰੋਕਣ ਲਈ ਚੀਨ ਦੀਆਂ ਆਪਣੀਆਂ ਰਣਨੀਤੀਆਂ ਹਨ। ਭਾਰਤ ਨੂੰ ਬਿਨਾਂ ਕਿਸੇ ਦਾ ਪੱਖ ਲਏ ਆਪਣੇ ਹਿੱਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।"

ਐਫ਼ਏਐਸ ਨੇ ਆਖਿਆ ਹੈ ਕਿ ਪੂਰਵੀ ਸ਼ਿਨਜਿਯਾਂਗ ਦਾ ਸਾਈਲੋ ਫੀਲਡ ਯੁਮੈਨ ਦੀ ਤੁਲਨਾ ਵਿੱਚ ਵਿਕਾਸ ਦੇ ਪਹਿਲੇ ਪੜਾਅ ਵਿੱਚ ਹੈ ਅਤੇ ਇਸ ਦਾ ਨਿਰਮਾਣ ਮਾਰਚ 2021 ਦੀ ਸ਼ੁਰੂਆਤ ਵਿੱਚ ਦੱਖਣ ਪੂਰਬੀ ਕੋਨੇ ਤੋਂ ਸ਼ੁਰੂ ਹੋਇਆ ਅਤੇ ਹੁਣ ਤੇਜ਼ੀ ਨਾਲ ਜਾਰੀ ਹੈ।

ਐਫ਼ਏਐਸ ਨੇ ਇਹ ਵੀ ਆਖਿਆ ਕਿ ਹੁਣ ਤੱਕ ਘੱਟੋ -ਘੱਟ 14 ਸਾਈਲੋਜ਼ ਉੱਪਰ ਗੁੰਬਦ ਬਣਾਏ ਗਏ ਹਨ ਅਤੇ ਹੋਰ 19 ਸਾਇਲੋਜ਼ ਲਈ ਮਿੱਟੀ ਨੂੰ ਸਾਫ ਕੀਤਾ ਗਿਆ ਹੈ। ਐਫ਼ਏਐਸ ਅਨੁਸਾਰ ਪੂਰੇ ਇਲਾਕੇ ਦੀ ਗਰਿੱਡ ਵਰਗੀ ਰੂਪਰੇਖਾ ਦੱਸਦੀ ਹੈ ਕਿ ਇਸ ਵਿੱਚ ਲਗਪਗ 110 ਸਾਇਲੋ ਬਣ ਕੇ ਤਿਆਰ ਹੋਣਗੇ।

ਕੀ ਸਾਈਲੋ ਵਾਸਤੇ ਟੋਏ ਪੁੱਟਣ ਦਾ ਮਤਲਬ ਇਹ ਹੈ ਕਿ ਉਸ ਵਿਚ ਮਿਜ਼ਾਈਲ ਹੀ ਰੱਖੇ ਜਾਣਗੇ?

ਕੀ ਚੀਨ ਸਾਈਲੋਜ਼ ਵਿੱਚ ਮਿਜ਼ਾਈਲਾਂ ਹੀ ਰੱਖੇਗਾ

ਰੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਇਤਿਹਾਸਕ ਰੂਪ ਵਿੱਚ ਸਾਈਲੋ ਦੀ ਵਰਤੋਂ ਮਿਜ਼ਾਈਲਾਂ ਨੂੰ ਰੱਖਣ ਲਈ ਹੀ ਕੀਤੀ ਜਾਂਦੀ ਰਹੀ ਹੈ।

ਬੀਬੀਸੀ ਚਾਈਨੀਜ਼ ਸੇਵਾ ਦੇ ਸੰਪਾਦਕ ਹਾਵਰਡ ਜ਼ੈਂਗ ਆਖਦੇ ਹਨ ਕਿ ਚੀਨੀ ਮੀਡੀਆ ਅਮਰੀਕੀ ਸਿੱਟਿਆਂ ਨੂੰ ਝੂਠੀਆਂ ਖਬਰਾਂ ਅਤੇ ਅਫਵਾਹਾਂ ਦੱਸ ਰਿਹਾ ਹੈ।

ਉਨ੍ਹਾਂ ਅਨੁਸਾਰ ਚੀਨ ਦੇ ਗਲੋਬਲ ਟਾਈਮਜ਼ ਵਰਗੇ ਅਧਿਕਾਰਿਕ ਮੀਡੀਆ ਨੇ ਅਮਰੀਕੀ ਦਾਅਵਿਆਂ ਨੂੰ ਬਕਵਾਸ ਕਹਿ ਕੇ ਖਾਰਜ ਕਰ ਦਿੱਤਾ ਹੈ।

ਅਖਬਾਰ ਨੇ ਆਪਣੀ ਰਿਪੋਰਟ ਵਿਚ ਆਖਿਆ ਹੈ ਕਿ ਜਿੰਨ੍ਹਾਂ ਉਪਗ੍ਰਹਿ ਚਿੱਤਰਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਪੌਣ-ਊਰਜਾ ਫਾਰਮਾਂ ਦੇ ਹਨ।

ਚੀਨ ਦੀ ਸਰਕਾਰ ਨੇ ਅਧਿਕਾਰਿਤ ਤੌਰ ’ਤੇ ਅਮਰੀਕੀ ਦਾਅਵਿਆਂ ਜਾਂ ਚੀਨੀ ਮੀਡੀਆ ਦੇ ਪੌਣ ਊਰਜਾ ਫਰਮ ਦੀ ਥਿਊਰੀ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਚੀਨ ਦੁਆਰਾ ਜ਼ੋਰ ਦੇ ਕੇ ਇਹ ਜ਼ਰੂਰ ਆਖਿਆ ਗਿਆ ਹੈ ਕਿ ਉਹ ਹਮੇਸ਼ਾ 'ਪਹਿਲਾਂ ਵਰਤੋਂ ਨਹੀਂ' ਨੀਤੀ ਨੂੰ ਲੈ ਕੇ ਵਚਨਬੱਧ ਹੈ।

ਜਿਸਦਾ ਮਤਲਬ ਹੈ ਕਿ ਪਰਮਾਣੂ ਹਮਲਾ ਹੋਣ ਦੀ ਸਥਿਤੀ ਵਿੱਚ ਹੀ ਚੀਨ ਜਵਾਬੀ ਹਮਲਾ ਕਰੇਗਾ ਅਤੇ ਪਹਿਲ ਹਮਲਾ ਚੀਨ ਵੱਲੋਂ ਨਹੀਂ ਹੋਵੇਗੀ।

ਹਾਵਰਡ ਜ਼ੈਂਗ ਆਖਦੇ ਹਨ," ਹਾਲਾਂਕਿ ਚੀਨ ਨੇ ਹਮੇਸ਼ਾ ਆਪਣੀ ਅਸਲੀ ਪਰਮਾਣੂ ਸ਼ਕਤੀ ਬਾਰੇ ਇਜ਼ਹਾਰ ਕਰਨ ਤੋਂ ਪਰਹੇਜ਼ ਕੀਤਾ ਹੈ ਪਰ ਬੀਜਿੰਗ ਨੇ ਹਮੇਸ਼ਾ ਆਖਿਆ ਹੈ ਕਿ ਉਨ੍ਹਾਂ ਕੋਲ ਸੰਭਾਵਿਤ ਹਮਲਾਵਰਾਂ ਨੂੰ ਡਰਾਉਣ ਲਈ ਪਰਮਾਣੂ ਹਥਿਆਰ ਰੱਖੇ ਹੋਏ ਹਨ।"

ਅਮਰੀਕਾ, ਚੀਨ ਨੂੰ ਪ੍ਰਮਾਣੂ ਹਥਿਆਰ ਕੰਟਰੋਲ ਵਾਰਤਾਲਾਪ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਫਿਲਹਾਲ ਕੇਵਲ ਅਮਰੀਕਾ ਤੇ ਰੂਸ ਦਰਮਿਆਨ ਹੋਈ ਹੈ।

ਚੀਨ ਨੇ ਹੁਣ ਤੱਕ ਇਸ ਬਾਰੇ ਗੱਲ ਕਰਨ ਤੋਂ ਗੁਰੇਜ਼ ਕੀਤਾ ਹੈ ਕਿ ਉਸ ਦੀ ਪ੍ਰਮਾਣੂ ਸ਼ਕਤੀ ਅਮਰੀਕਾ ਅਤੇ ਰੂਸ ਦੀ ਤੁਲਨਾ ਵਿੱਚ "ਬਹੁਤ ਛੋਟੀ" ਹੈ ਅਤੇ ਉਸਦੀ ਪਰਮਾਣੂ ਸ਼ਕਤੀ ਕੇਵਲ "ਮਿਨੀਮਮ ਡੈਟ੍ਰਾਇਟ" ਹੈ।

ਜ਼ੈਂਗ ਆਖਦੇ ਹਨ ਕਿ ਐਫਏਐਸ ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਈ ਦਹਾਕਿਆਂ ਤੋਂ ਚੀਨ ਦੀ ਪ੍ਰਮਾਣੂ ਸ਼ਕਤੀ ਵਿੱਚ ਸਭ ਤੋਂ ਵੱਡਾ ਵਾਧਾ ਹੋ ਸਕਦਾ ਹੈ।

ਉਹ ਆਖਦੇ ਹਨ ਜੇਕਰ ਸਾਈਲੋ ਦੇ ਇਹ ਦ੍ਰਿਸ਼ ਅਸਲੀ ਹਨ ਅਤੇ ਉਹੋ ਜਿਹੇ ਹੀ ਹਨ ਜਿਵੇਂ ਰਿਪੋਰਟ ਵਿੱਚ ਕਿਹਾ ਗਿਆ ਹੈ ਤਾਂ ਚੀਨੀ ਮਿਜ਼ਾਈਲ ਸਾਈਲੋ ਦੀ ਗਿਣਤੀ ਰੂਸ ਦੇ ਬਰਾਬਰ ਜਾਂ ਉਸ ਤੋਂ ਵੱਧ ਹੋ ਜਾਵੇਗੀ ਅਤੇ ਅਮਰੀਕਾ ਤੋਂ ਅੱਧੀ ਹੋਵੇਗੀ।"

ਜ਼ੈਂਗ ਆਖਦੇ ਹਨ ਕਿ ਕਿਉਂਕਿ ਚੀਨ ਨਾ ਇਕਰਾਰ ਕਰਦਾ ਹੈ ਤੇ ਨਾ ਇਨਕਾਰ ਇਸ ਲਈ ਦੂਸਰੇ ਦੇਸ਼ਾਂ ਦੇ ਪੱਤਰਕਾਰਾਂ ਵਾਸਤੇ ਇਸ ਦਾ ਜਵਾਬ ਖੋਜਣਾ ਔਖਾ ਹੈ।

ਉਨ੍ਹਾਂ ਅਨੁਸਾਰ ਕਈ ਕੌਮਾਂਤਰੀ ਮਾਹਰ ਇਹ ਵੀ ਆਖਦੇ ਹਨ ਕਿ ਇਸ ਸਮੇਂ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਦੇ ਹਾਲਾਤਾਂ ਕਾਰਨ ਇਨ੍ਹਾਂ ਸਾਈਲੋਜ਼ ਦਾ ਸਾਹਮਣੇ ਆਉਣਾ ਗੱਲਬਾਤ ਦੀ ਕੋਈ ਰਣਨੀਤੀ ਵੀ ਹੋ ਸਕਦੀ ਹੈ।

ਵਿਰੋਧੀਆਂ ਨੂੰ ਚਕਮਾ ਦੇਣ ਦੀ ਨੀਤੀ

ਸਵਾਲ ਇਹ ਹੈ ਕਿ ਕੀ ਚੀਨ ਆਪਣੇ ਵਿਰੋਧੀਆਂ ਨੂੰ ਚਕਮਾ ਦੇਣ ਲਈ ਸਾਈਲੋਜ਼ ਬਣਾ ਰਿਹਾ ਹੈ, ਦੇਸਾਈ ਮੁਤਾਬਕ ਇਹ ਸੱਚ ਹੋ ਸਕਦਾ ਹੈ।

ਉਹ ਆਖਦੇ ਹਨ," ਉਦਾਹਰਨ ਵਜੋਂ ਜੇ ਚੀਨ 100 ਸਾਈਲੋ ਬਣਾਉਂਦਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਹਰ ਸਾਈਲੋ ਵਿੱਚ ਮਿਜ਼ਾਈਲ ਰੱਖੇ। ਸੰਘਰਸ਼ ਦੇ ਹਾਲਾਤ ਵਿੱਚ ਇਸ ਨਾਲ ਦੂਜੇ ਦੇਸ਼ਾਂ ਵਿੱਚ ਭਰਮ ਪੈਦਾ ਹੋਵੇਗਾ।

ਚੀਨ ਉੱਪਰ ਹਮਲਾ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਚੀਨ ਦੇ ਪਰਮਾਣੂ ਹਥਿਆਰਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਸਾਰੇ ਸਾਈਲੋ ਨੂੰ ਤਬਾਹ ਕਰਨਾ ਪਵੇਗਾ। ਇਹ ਸਭ ਤੋਂ ਵੱਡੀ ਸੰਭਾਵਨਾ ਹੈ ਅਤੇ ਸਾਈਲੋ ਦੀ ਗਿਣਤੀ ਵਧਾ ਕੇ ਚੀਨ ਇੱਕ ਤਰ੍ਹਾਂ ਦੀ ਰੋਕ ਲਗਾ ਰਿਹਾ ਹੈ।"

ਡਾ ਅਹਿਮਦ ਅਨੁਸਾਰ,"ਚੀਨ ਦੀ ਪਰਮਾਣੂ ਸਮਰੱਥਾ ਇੱਕ ਰੋਕ ਵਜੋਂ ਕੰਮ ਕਰੇਗੀ। ਭਾਵੇਂ ਚੀਨ ਦੀ ਪਰਮਾਣੂ ਸ਼ਕਤੀ ਅਮਰੀਕਾ ਤੋਂ ਛੋਟੀ ਹੋਵੇ ਪਰ ਇਸ ਨਾਲ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਪੂਰਨ ਰਣਨੀਤਕ ਭੂਮਿਕਾ ਵਿੱਚ ਵਾਧਾ ਜ਼ਰੂਰ ਹੋਵੇਗਾ।"

ਦੇਸਾਈ ਦਾ ਕਹਿਣਾ ਹੈ ਕਿ ਚੀਨ ਦੀ ਪਰਮਾਣੂ ਨੀਤੀ ਮੁੱਖ ਤੌਰ ਉੱਤੇ ਬਦਲੇ ਵਾਲੀ ਰਹੀ ਹੈ। ਹਣ ਇਨ੍ਹਾਂ ਨਵੇਂ ਸਾਈਲੋ ਦੀ ਖੋਜ ਨਾਲ ਮਾਹਿਰ ਚੀਨੀ ਨਜ਼ਰੀਏ ਵਿੱਚ ਬਦਲਾਅ ਦੇ ਸੰਕੇਤ ਦੇ ਰਹੇ ਹਨ।

ਹੁਣ ਚੀਨ ਦੀ ਨੀਤੀ 'ਲਾਂਚ ਆਨ ਵਾਰਨਿੰਗ' ਹੋ ਗਈ ਹੈ, ਜਿਸ ਦਾ ਮਤਲਬ ਹੈ ਕਿ ਚੀਨ ਹਮਲੇ ਦੀ ਚਿਤਾਵਨੀ ਤੋਂ ਬਾਅਦ ਜਵਾਬੀ ਕਾਰਵਾਈ ਕਰੇਗਾ।

ਦੇਸਾਈ ਅਨੁਸਾਰ ਚੀਨ ਦੇ ਹਥਿਆਰ ਵਧ ਰਹੇ ਹਨ ਅਤੇ ਅੰਦਾਜ਼ੇ ਅਨੁਸਾਰ ਹੁਣ ਪਰਮਾਣੂ ਹਥਿਅਰਾਂ ਦੀ ਸੰਖਿਆ 300 ਤੋਂ ਵਧ ਕੇ 900 ਦੇ ਕਰੀਬ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)