You’re viewing a text-only version of this website that uses less data. View the main version of the website including all images and videos.
ਮੀਨਾਕਸ਼ੀ ਲੇਖੀ ਨੇ ਕਿਸਾਨਾਂ ਬਾਰੇ ਦਿੱਤੇ ਇਸ ਬਿਆਨ ਲਈ ਮਾਫੀ ਮੰਗੀ -ਪ੍ਰੈਸ ਰੀਵਿਊ
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਸਾਂਸਦ ਮਿਨਾਕਸ਼ੀ ਲੇਖੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਸਾਨਾਂ ਵਾਸਤੇ ਦਿੱਤਾ ਬਿਆਨ ਵਿਵਾਦ ਦਾ ਵਿਸ਼ਾ ਬਣਿਆ। ਇਸ ਮਗਰੋਂ ਉਨ੍ਹਾਂ ਨੇ ਆਪਣੇ ਬਿਆਨ ਬਾਰੇ ਮਾਫ਼ੀ ਮੰਗੀ।ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖਬਰ ਅਨੁਸਾਰ ਨਵੀਂ ਦਿੱਲੀ ਵਿਖੇ ਪ੍ਰੈੱਸ ਵਾਰਤਾ ਦੌਰਾਨ ਮਿਨਾਕਸ਼ੀ ਲੇਖੀ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਸਵਾਲ ਪੁੱਛੇ ਜਾਣ ’ਤੇ ਲੇਖੀ ਨੇ ਕਿਹਾ,"ਫਿਰ ਤੁਸੀਂ ਉਨ੍ਹਾਂ ਲੋਕਾਂ ਨੂੰ ਕਿਸਾਨ ਬੋਲ ਰਹੇ ਹੋ, ਉਹ ਮਵਾਲੀ ਹਨ"ਮਿਨਾਕਸ਼ੀ ਲੇਖੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਦੇ ਹੋਏ ਲੇਖੀ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਇਹ ਭਾਜਪਾ ਦੇ ਕਿਸਾਨ ਵਿਰੋਧੀ ਰਵੱਈਏ ਨੂੰ ਉਜਾਗਰ ਕਰਦਾ ਹੈ।
ਵਿਰੋਧ ਤੋਂ ਬਾਅਦ ਮਿਨਾਕਸ਼ੀ ਲੇਖੀ ਨੇ ਆਪਣੇ ਬਿਆਨ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ - ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਮਿਨਾਕਸ਼ੀ ਲੇਖੀ ਨੇ ਕਿਹਾ ਕਿ ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਲਈ ਮਾਫ਼ੀ ਮੰਗਦੇ ਹਨ।
ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਲੇਖੀ ਨੇ 26 ਜਨਵਰੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਵੀ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲਿਆ ਸੀ ਤੇ ਉਸੇ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ।
ਮੀਡੀਆ ਸੰਸਥਾਵਾਂ ਉੱਪਰ ਇਨਕਮ ਟੈਕਸ ਦੇ ਛਾਪੇ, ਸੰਸਦ ’ਚ ਹੋਇਆ ਵਿਰੋਧ
ਇਨਕਮ ਟੈਕਸ ਵਿਭਾਗ ਵੱਲੋਂ ਵੀਰਵਾਰ ਸਵੇਰੇ ਦੋ ਵੱਡੇ ਮੀਡੀਆ ਗਰੁੱਪ- ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਖ਼ਿਲਾਫ਼ ਟੈਕਸ ਚੋਰੀ ਦੇ ਇਲਜ਼ਾਮਾਂ ਹੇਠ ਕਥਿਤ ਤੌਰ ’ਤੇ ਛਾਪੇ ਮਾਰੇ ਗਏ। ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਅਨੁਸਾਰ ਦੈਨਿਕ ਭਾਸਕਰ ਦੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ,ਰਾਜਸਥਾਨ ਅਤੇ ਗੁਜਰਾਤ ਸਥਿਤ ਦੋ ਦਰਜਨ ਤੋਂ ਉੱਪਰ ਦਫਤਰਾਂ ਵਿਖੇ ਛਾਪੇਮਾਰੀ ਹੋਈ ਹੈ।ਸੰਸਦ ਵਿੱਚ ਵੀ ਇਸ ਦਾ ਵਿਰੋਧ ਹੋਇਆ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਸਰਕਾਰ ਦੀ ਇਸ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਹੈ।
ਰਿਪੋਰਟ ਅਨੁਸਾਰ ਇਨ੍ਹਾਂ ਦੋਨਾਂ ਮੀਡੀਆ ਸੰਸਥਾਵਾਂ ਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੇ ਨਕਾਰਾਤਮਕ ਰਵੱਈਏ ਅਤੇ ਲੋਕਾਂ ਦੀਆਂ ਪਰੇਸ਼ਾਨੀਆਂ ਬਾਰੇ ਖ਼ਬਰਾਂ ਛਾਪੀਆਂ ਸਨ।ਰਾਜ ਸਭਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਨੇ ਮੀਡੀਆ ਸੰਸਥਾਨਾਂ ਉੱਤੇ ਛਾਪੇਮਾਰੀ ਦੇ ਮੁੱਦੇ ਤੇ ਵਿਰੋਧ ਜਤਾਇਆ। ਵਿਰੋਧੀ ਧਿਰ ਨੇ ਇਸ ਨੂੰ ‘ਪ੍ਰੈੱਸ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਜਾਸੂਸੀ ਮਾਮਲੇ ਵਿੱਚ ਰਾਜ ਸਭਾ ਵਿੱਚ ਆਪਣਾ ਬਿਆਨ ਜਾਰੀ ਕੀਤਾ ਜਾਣਾ ਸੀ ਪਰ ਵਿਰੋਧ ਦੇ ਕਾਰਨ ਸੰਸਦ ਦੀ ਕਾਰਵਾਈ ਨੂੰ ਰੱਦ ਕਰਨਾ ਪਿਆ।
ਕਿਊਬਾ ਦੇ ਹਾਲਾਤ ਬਾਰੇ ਅਮਰੀਕਾ ਨੇ ਕੀ ਕਿਹਾ
ਅਮਰੀਕਾ ਨੇ ਕਿਊਬਾ ਦੇ ਸੁਰੱਖਿਆ ਮੰਤਰੀ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਹੁੰਦੇ ਹੋਏ ਕਈ ਪਾਬੰਦੀਆਂ ਲਗਾਈਆਂ ਹਨ।ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਦੀ ਖ਼ਬਰ ਅਨੁਸਾਰ ਅਮਰੀਕਾ ਦੀ ਜੋਅ ਬਾਈਡਨ ਸਰਕਾਰ ਵੱਲੋਂ ਇਹ ਕਿਊਬਾ ਦੀ ਸਰਕਾਰ ਦੇ ਖ਼ਿਲਾਫ਼ ਲਏ ਗਏ ਪਹਿਲੇ ਸਖ਼ਤ ਕਦਮ ਹਨ।ਕਿਊਬਾ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚ ਦੇਸ ਦੀ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਬੰਧ ਵਿੱਚ ਇਹ ਫ਼ੈਸਲਾ ਲਿਆ ਗਿਆ।
ਬਾਈਡਨ ਵੱਲੋਂ ਜਾਰੀ ਇਕ ਬਿਆਨ ਵਿੱਚ ਆਖਿਆ ਗਿਆ ਕਿ ਇਹ ਹਾਲੇ ਸ਼ੁਰੂਆਤ ਹੈ, ਕਿਊਬਾ ਦੇ ਲੋਕਾਂ ਨੂੰ ਦਬਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਅਮਰੀਕਾ ਆਪਣਾ ਵਿਰੋਧ ਜਾਰੀ ਰੱਖੇਗਾ।
ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੌਡਰਿਗਜ਼ ਨੇ ਇਨ੍ਹਾਂ ਪਾਬੰਦੀਆਂ ਨੂੰ ਖਾਰਜ ਕਰ ਦਿੱਤਾ ਅਤੇ ਅਮਰੀਕਾ ਨੂੰ ਆਪਣੇ ਦੇਸ਼ ਵਿੱਚ ਪੁਲਿਸ ਦੀ ਤਾਇਨਾਤੀ ਅਤੇ ਹੋਰ ਜ਼ਿਆਦਤੀਆਂ ਬਾਰੇ ਧਿਆਨ ਦੇਣ ਲਈ ਕਿਹਾ। ਕਿਊਬਾ ਵਿੱਚ ਆਰਥਿਕ ਮੰਦਹਾਲੀ ਦੇ ਵਿਰੋਧ ਵਿਚ ਹਜ਼ਾਰਾਂ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ।
ਬਿਜਲੀ ਅਤੇ ਆਮ ਵਰਤੋਂ ਦੀਆਂ ਚੀਜ਼ਾਂ ਦੀ ਕਮੀ ਤੋਂ ਬਾਅਦ ਇਹ ਪ੍ਰਦਰਸ਼ਨ ਕੀਤੇ ਗਏ ਜਿਸ ਵਿੱਚ ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕੀਤੀਆਂ ਅਣਗਹਿਲੀਆਂ ਦਾ ਵੀ ਵਿਰੋਧ ਨਾਗਰਿਕਾਂ ਨੇ ਜਤਾਇਆ।
ਇਹ ਵੀ ਪੜ੍ਹੋ:
ਇਹ ਵੀ ਵੇਖੋ: