ਅਨਿਲ ਜੋਸ਼ੀ: ਭਾਜਪਾ ਵਿਚੋਂ ਮੁਅੱਤਲ ਹੋਣ ਤੋਂ ਬਾਅਦ ਕੀ ਹੈ ਜੋਸ਼ੀ ਦਾ ਅਗਲਾ ਪਲਾਨ

    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਜਨਤਾ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਪਾਰਟੀ ਦੇ ਆਗੂ ਅਨਿਲ ਜੋਸ਼ੀ ਨੇ ਆਖਿਆ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਜ਼ਰੂਰ ਲੜਨਗੇ ਪਰ ਕਿਸ ਪਾਰਟੀ ਤੋਂ ਇਸ ਦਾ ਫ਼ੈਸਲਾ ਉਹ ਆਉਣ ਵਾਲੇ ਦਿਨਾਂ ਵਿਚ ਕਰਨਗੇ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਆਖਿਆ ਕਿ ਪੰਜਾਬ ਦੀਆਂ ਮੌਜੂਦਾ ਪਾਰਟੀਆਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀਆਂ ਹਨ ਅਤੇ ਇਹਨਾਂ ਦਾ ਇੱਕ ਸੂਤਰੀ ਟੀਚਾ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਹਾਸਲ ਕਰਨਾ ਹੈ।

ਭਾਜਪਾ ਦੇ ਅਗਵਾਈ ਵਾਲੀ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿਚ ਬਿਆਨਬਾਜ਼ੀ ਕਾਰਨ ਜੋਸ਼ੀ ਨੂੰ 6 ਸਾਲ ਲਈ ਪਾਰਟੀ ਕੱਢਿਆ ਗਿਆ ਹੈ।

ਅਨਿਲ ਜੋਸ਼ੀ ਪੰਜਾਬ ਵਿਚ ਅਕਾਲੀ ਪੰਜਾਬ ਸਰਕਾਰ ਸਮੇਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਰਹਿ ਚੁੱਕੇ ਹਨ।

ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਕਿ ਉਹ ਕਿਸ ਪਾਰਟੀ ਵਿਚ ਜਾਣਗੇ।

ਉਹ ਅੰਮ੍ਰਿਤਸਰ ਨਾਰਥ ਤੋਂ ਭਾਜਪਾ ਦੀ ਨੁਮਾਇੰਦਗੀ ਕਰਦੇ ਰਹੇ ਹਨ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹ ਆਪਣੀ ਸੀਟ ਹਾਰ ਗਏ ਸਨ।

ਅਨਿਲ ਜੋਸ਼ੀ ਮੁਤਾਬਕ ਉਹ ਫ਼ਿਲਹਾਲ ਚਾਹੁੰਦੇ ਹਨ ਕਿ ਉਸ ਪਾਰਟੀ ਨਾਲ ਉਹ ਜੁੜਨ ਜੋ ਪੰਜਾਬ ਤੋਂ ਚਲਦੀ ਹੋਵੇ ਅਤੇ ਉਸ ਦਾ ਏਜੰਡਾ ਪੰਜਾਬ ਹਿਤੈਸ਼ੀ ਹੋਵੇ।

ਇਹ ਵੀ ਪੜ੍ਹੋ:

ਪਿਛਲੇ ਕੁਝ ਦਿਨਾਂ ਤੋਂ ਅਨਿਲ ਜੋਸ਼ੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਬੀਜੇਪੀ ਦੀ ਪੰਜਾਬੀ ਇਕਾਈ ਉੱਤੇ ਸਵਾਲ ਚੁੱਕ ਕੇ ਕਿਸਾਨਾਂ ਦੇ ਹਿੱਤ ਵਿਚ ਆਵਾਜ਼ ਬੁਲੰਦ ਕਰਦੇ ਆ ਰਹੇ ਸਨ।

ਇਸੇ ਕਰ ਕੇ ਪਾਰਟੀ ਨੇ ਪਿਛਲੇ ਦਿਨੀਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਸੀ।

ਭਾਵੇਂ ਕਿ ਜੋਸ਼ੀ ਨੇ ਇਸ ਦਾ ਜਵਾਬ ਵੀ ਦਿੱਤਾ ਪਰ ਬੀਜੇਪੀ ਦੀ ਪੰਜਾਬ ਇਕਾਈ ਨੇ ਪਾਰਟੀ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿਚ ਉਨ੍ਹਾਂ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ।

ਅਨਿਲ ਜੋਸ਼ੀ ਅੱਗੇ ਕੀ ਕਰਨਗੇ

ਬੀਬੀਸੀ ਪੰਜਾਬੀ ਨਾਲ ਉਚੇਚੇ ਤੌਰ ਉੱਤੇ ਗੱਲਬਾਤ ਕਰਦਿਆਂ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਉਹ ਭਵਿੱਖ ਦੀ ਪਾਰੀ ਦੇ ਲਈ ਦੋ ਮਹੀਨੇ ਆਤਮ ਮੰਥਨ ਕਰਨਗੇ । ਉਸ ਤੋਂ ਬਾਅਦ ਹੀ ਅੱਗੇ ਬਾਰੇ ਫ਼ੈਸਲਾ ਕਰਨਗੇ।

ਜੋਸ਼ੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਚੋਣ ਜ਼ਰੂਰ ਲੜਨਗੇ।

ਪੰਜਾਬ ਦੀਆਂ ਸਿਆਸੀ ਧਿਰਾਂ ਬਾਰੇ ਗੱਲਬਾਤ ਕਰਦਿਆਂ ਜੋਸ਼ੀ ਨੇ ਆਖਿਆ ਹੈ ਕਿ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀਆਂ ਹਨ।

ਇਸ ਕਰ ਕੇ ਉਹ ਚਾਹੁੰਦੇ ਹਨ ਕਿ ਪੰਜਾਬ ਵਿਚ ਅਜਿਹੀ ਸਿਆਸੀ ਧਿਰ ਹੋਵੇ ਜੋ ਪੰਜਾਬ ਤੋਂ ਚੱਲੇ ਅਤੇ ਉਸ ਵਿਚ ਫ਼ੈਸਲੇ ਜਮਹੂਰੀ ਤਰੀਕੇ ਨਾਲ ਲਏ ਜਾਂਦੇ ਹੋਣ।

ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਫ਼ੈਸਲੇ ਵੀ ਸਿਰਫ ਇੱਕ ਵਿਅਕਤੀ ਦੇ ਆਸ ਪਾਸ ਹੀ ਘੁੰਮਦੇ ਹਨ।

ਉਨ੍ਹਾਂ ਆਖਿਆ ਕਿ ਜੋ ਪਾਰਟੀ ਹਿੰਦੂ ਸਿੱਖ ਏਕਤਾ ਦੇ ਏਜੰਡੇ ਨੂੰ ਆਧਾਰ ਬਣਾ ਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰੇ ਉਸ ਪਾਰਟੀ ਦੇ ਨਾਲ ਜੁੜਨ ਦੀ ਉਨ੍ਹਾਂ ਦੀ ਇੱਛਾ ਹੈ।

ਉਨ੍ਹਾਂ ਆਖਿਆ ਕਿ ਉਹ ਪਾਰਟੀ ਪੰਜਾਬ ਦੇ ਹਿਤਾਂ, ਧਰਮ ਨਿਰਪੱਖਤਾ ਅਤੇ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੋਵੇ ਅਜਿਹੀ ਪਾਰਟੀ ਨਾਲ ਜੁੜਨ ਨੂੰ ਤਰਜੀਹ ਦੇਣਗੇ ਪਰ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਬਾਰੇ ਫ਼ੈਸਲਾ ਉਹ ਦੋ ਮਹੀਨੇ ਦੇ ਮੰਥਨ ਤੋਂ ਬਾਅਦ ਕਰਨਗੇ।

ਕੀ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣਗੇ

ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ਉੱਤੇ ਬੋਲਦਿਆਂ ਅਨਿਲ ਜੋਸ਼ੀ ਨੇ ਆਖਿਆ ਹੈ ਕਿ ਦਿੱਲੀ ਜਾ ਕੇ ਇਸ ਵਿਚ ਸ਼ਾਮਲ ਹੋਣਗੇ।

ਜੋਸ਼ੀ ਨੇ ਸਪਸ਼ਟ ਕੀਤਾ ਕਿ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਦੋਂ ਹੀ ਉਨ੍ਹਾਂ ਵੱਲੋਂ ਵਕਤ ਦਿੱਤਾ ਜਾਵੇਗਾ ਉਹ ਇੱਕ ਵੱਡੇ ਕਾਫ਼ਲੇ ਦੇ ਰੂਪ ਵਿਚ ਕਿਸਾਨਾਂ ਨੂੰ ਆਪਣਾ ਸਮਰਥਨ ਦੇਣਗੇ।

ਜੋਸ਼ੀ ਮੁਤਾਬਕ ਕੁਝ ਕਿਸਾਨ ਆਗੂ ਨੂੰ ਉਹਨਾਂ ਨੂੰ ਘਰ ਮਿਲ ਕੇ ਗਏ ਹਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਉਨ੍ਹਾਂ ਜੋ ਸਟੈਂਡ ਲਿਆ ਹੈ ਇਸ ਦੇ ਬਦਲੇ ਸਿਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ ਹੈ।

ਜੋਸ਼ੀ ਮੁਤਾਬਕ ਉਹ ਦਿੱਲੀ ਧਰਨੇ ਵਿਚ ਬੈਠਣਗੇ ਨਹੀਂ ਸਗੋਂ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਉਥੇ ਜਾਣਗੇ।

ਇਹ ਵੀ ਪੜ੍ਹੋ:

ਕੇਂਦਰ ਦੀ ਥਾਂ ਪੰਜਾਬ ਯੂਨਿਟ ਜੋਸ਼ੀ ਦੇ ਨਿਸ਼ਾਨੇ ਉੱਤੇ ਕਿਉਂ

ਸਿਆਸੀ ਆਗੂ ਅਨਿਲ ਜੋਸ਼ੀ ਦੇ ਹੁਣ ਤੱਕ ਦੇ ਨਿਸ਼ਾਨੇ ਉੱਤੇ ਬੀਜੇਪੀ ਦੀ ਪੰਜਾਬ ਯੂਨਿਟ ਹੀ ਰਹੀ ਹੈ।

ਅਜਿਹਾ ਕਿਉਂ ਦੇ ਸਵਾਲ ਦੇ ਜਵਾਬ ਵਿਚ ਬੋਲਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੀ ਅਸਲ ਗੱਲ ਰੱਖਣ ਦੀ ਜ਼ਿੰਮੇਵਾਰੀ ਸੂਬਾ ਇਕਾਈ ਦੇ ਹੁੰਦੀ ਹੈ, ਜੋ ਅਸਲ ਗੱਲ ਰੱਖਣ ਵਿਚ ਨਾਕਾਮਯਾਬ ਹੋਈ ਜਿਸ ਦਾ ਨਤੀਜੇ ਅੱਜ ਸਭ ਦੇ ਸਾਹਮਣੇ ਹੈ।

ਉਨ੍ਹਾਂ ਆਖਿਆ ਕਿ ਕਿਸਾਨੀ ਦਾ ਮੁੱਦੇ ਜਦੋਂ ਕਿਸਾਨ ਪੰਜਾਬ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਉਸੀ ਸਮੇਂ ਹੀ ਹੱਲ ਹੋ ਜਾਣਾ ਸੀ ਪਰ ਪਾਰਟੀ ਦੀ ਸੂਬਾ ਇਕਾਈ ਨੇ ਕਿਸਾਨਾਂ ਦੀ ਗੱਲ ਹੀ ਕੇਂਦਰੀ ਲੀਡਰਸ਼ਿਪ ਤੱਕ ਨਹੀਂ ਪਹੁੰਚਾਈ ਜਿਸ ਕਾਰਨ ਇਹ ਮੁੱਦਾ ਉਲਝ ਗਿਆ।

ਉਨ੍ਹਾਂ ਆਖਿਆ ਕਿ ਉਹ ਪਾਰਟੀ ਪੱਧਰ ਉੱਤੇ ਲਗਾਤਾਰ ਇਸ ਮੁੱਦੇ ਉੱਤੇ ਗੱਲਬਾਤ ਕਰਦੇ ਆਏ ਹਨ ਪਰ ਕੋਈ ਵੀ ਉਨ੍ਹਾਂ ਦੀ ਗੱਲ ਸੁਣਨ ਦੇ ਲਈ ਤਿਆਰੀ ਨਹੀਂ ਸੀ।

ਜੋਸ਼ੀ ਨੇ ਆਖਿਆ ਕਿ ਜਦੋਂ ਮੀਡੀਆ ਵਿਚ ਆ ਕੇ ਉਨ੍ਹਾਂ ਨੇ ਆਪਣੀ ਗੱਲ ਰੱਖੀ ਤਾਂ ਮੈਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਬਹਾਨੇ ਸਸਪੈਂਡ ਕਰ ਦਿੱਤਾ ਗਿਆ।

ਉਨ੍ਹਾਂ ਆਖਿਆ ਕਿ ਬੀਜੀਪੇ ਦੀ ਪੰਜਾਬੀ ਇਕਾਈ ਦੇ ਆਗੂ ਤਾਂ ਭਾਰੀ ਸੁਰੱਖਿਆ ਦੇ ਨਾਲ ਘੁੰਮ ਰਹੇ ਹਨ ਪਰ ਆਮ ਵਰਕਰਾਂ ਦਾ ਹਾਲ ਸਭ ਦੇ ਸਾਹਮਣੇ ਹੈ।

ਵਰਕਰ ਡਰ ਕਾਰਨ ਘਰਾਂ ਵਿਚ ਬੈਠੇ ਹਨ ਕੋਈ ਉਹਨਾਂ ਦੀ ਸੁਣਵਾਈ ਕਰਨ ਵਾਲਾ ਨਹੀਂ ਹੈ।

ਉਨ੍ਹਾਂ ਆਖਿਆ ਕਿ ਬੀਜੇਪੀ ਦੀ ਪੰਜਾਬੀ ਇਕਾਈ ਦੇ ਜੋ ਆਗੂ 117 ਸੀਟਾਂ ਉੱਤੇ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੀ ਗੱਲ ਆਖ ਰਹੇ ਹਨ।

ਇਹ ਅਸਲ ਵਿਚ ਹਕੀਕਤ ਤੋਂ ਪਰੇ ਹੈ ਕਿਉਂਕਿ ਜ਼ਮੀਨੀ ਪੱਧਰ ਉੱਤੇ ਬੀਜੇਪੀ ਦਾ ਕਿਸਾਨ ਵਿਰੋਧ ਕਰ ਰਹੇ ਹਨ।

ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦੇ ਰਹੇ ਅਜਿਹੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨਾ ਪਾਰਟੀ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਹੈ।

ਉਨ੍ਹਾਂ ਆਖਿਆ ਕਿ ਕਿਸਾਨੀ ਦਾ ਮਸਲਾ ਛੇਤੀ ਹੱਲ ਹੋਣਾ ਚਾਹੀਦਾ ਹੈ ਕਿ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਹ ਦਿੱਲੀ ਦੀਆਂ ਸੜਕਾਂ ਉੱਤੇ ਸੱਤ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਇਹ ਕਿਸੇ ਤੋਂ ਵੀ ਦੇਖਿਆ ਨਹੀਂ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)