ਕਿਸਾਨ ਅੰਦੋਲਨ :ਰਾਜਪੁਰਾ ਵਿਚ ਭਾਜਪਾ ਆਗੂਆਂ ਨੂੰ ਭਜਾਏ ਜਾਣ ਤੋਂ ਬਾਅਦ ਕੀ ਬੋਲੇ ਪਾਰਟੀ ਆਗੂ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂਆਂ ਲਈ ਐਤਵਾਰ ਦਾ ਦਿਨ ਪੰਜਾਬ ਤੇ ਹਰਿਆਣਾ ਵਿਚ ਕਾਫ਼ੀ ਜੱਦੋਜਹਿਦ ਵਾਲਾ ਰਿਹਾ।
ਬੀਬੀਸੀ ਪੰਜਾਬੀ ਦੇ ਸਹਿਯੋਗੀਆਂ ਮੁਤਾਬਕ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਈ ਥਾਂਈਂ ਘੇਰਿਆ ਅਤੇ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਣਾਅ ਵਾਲੀ ਸਥਿਤੀ ਵੀ ਬਣੀ।
3 ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਭਾਜਪਾ ਆਗੂਆਂ ਦੇ ਸਮਾਗਮਾਂ ਦਾ ਵਿਰੋਧ ਕਰ ਰਹੇ ਹਨ।
ਪੰਜਾਬ ਅਤੇ ਹਰਿਆਣਾ ਵਿਚ ਇਹ ਸਿਲਸਿਲਾ ਕਾਫ਼ੀ ਤਿੱਖਾ ਚੱਲ ਰਿਹਾ ਹੈ ਅਤੇ ਐੱਮਸੀ ਪੱਧਰ ਦੇ ਆਗੂ ਤੋਂ ਲੈਕੇ ਮੁੱਖ ਮੰਤਰੀ ਤੱਕ ਦੇ ਸਮਾਗਮ ਰੋਕੇ ਜਾ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ 7 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਦੇ ਰਹੇ ਹਨ ।
26 ਜਨਵਰੀ ਤੋਂ ਬਾਅਦ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਵਿਚ ਡੈੱਡਲੌਕ ਆਇਆ ਹੋਇਆ ਹੈ।
ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਆਪੋ- ਆਪਣੇ ਸੂਬਿਆਂ ਵਿਚ ਭਾਜਪਾ ਆਗੂਆਂ ਨੂੰ ਥਾਂ-ਥਾਂ ਘੇਰ ਕੇ ਕਾਲੇ ਝੰਡੇ ਦਿਖਾ ਰਹੇ ਹਨ।
ਨਰਿੰਦਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਲਈ ਤਿਆਰ ਹੈ ਪਰ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਹਨ।
ਚੰਢੂਨੀ ਨੇ ਭਾਜਪਾ ਆਗੂਆਂ ਨੂੰ ਦਿੱਤੀ ਕੀ ਸਲਾਹ -ਵੀਡੀਓ
ਭਾਜਪਾ ਵਿਧਾਇਕ ਤੇ ਸੰਸਦ ਮੈਂਬਰ ਦਾ ਘੇਰਾਓ
ਬੀਬੀਸੀ ਪੰਜਾਬੀ ਦੇ ਸਹਿਯੋਗੀ ਸਿਰਸਾ ਤੋਂ ਪ੍ਰਭੂ ਦਿਆਲ, ਫਤਹਿਆਬਾਦ ਤੋਂ ਸਤ ਸਿੰਘ ਅਤੇ ਰਾਜਪੁਰਾ ਤੋਂ ਗੁਰਵਿੰਦਰ ਸਿੰਘ ਗਰੇਵਾਲ ਦੀਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬੈਠਕਾਂ ਵਿਚੋਂ ਭਜਾ ਦਿੱਤਾ ਅਤੇ ਕਈ ਥਾਈਂ ਪੁਲਿਸ ਬੈਰੀਕੇਡ ਤੋੜੇ।
ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਤੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕਰਦੇ ਕਈ ਕਿਸਾਨ ਪੁਲੀਸ ਨੇ ਹਿਰਾਸਤ ਵਿੱਚ ਵੀ ਲਏ ਗਏ ਹਨ।
ਇਹ ਕਿਸਾਨ ਭਾਜਪਾ ਆਗੂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਭਾਜਪਾ ਕਾਰਕੁਨਾਂ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ:
ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਹ ਯੂਨੀਵਰਸਿਟੀ ਦੇ ਗੇਟਾਂ ਉੱਪਰ ਇਕੱਠੇ ਹੋਣੇ ਸ਼ੁਰੂ ਹੋ ਗਏ।
ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਦੇ ਬਾਵਜੂਦ ਕਈ ਕਿਸਾਨ ਬੈਰੀਕੇਡ ਤੋੜ ਕੇ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋ ਗਏ।

ਤਸਵੀਰ ਸਰੋਤ, Prabhu Dayal/BBC
ਯੂਨੀਵਰਸਿਟੀ ਦੇ ਅੰਦਰੋਂ ਪੁਲਿਸ ਨੇ ਇੱਕ ਦਰਜਨ ਤੋਂ ਵਧੇਰੇ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਦੀ ਰਿਹਾਈ ਲਈ ਕਿਸਾਨਾਂ ਨੇ ਯੂਨੀਵਰਸਿਟੀ ਦੇ ਗੇਟਾਂ 'ਤੇ ਧਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਕਿਸਾਨ ਕਈ ਵਾਰ ਪੁਲੀਸ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਤੋੜਦੇ ਹੋਏ ਕਈ ਵਾਰ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੁੰਦੇ ਰਹੇ।
ਬਾਅਦ ਵਿੱਚ ਪੁਲੀਸ ਨੇ ਦੁਬਾਰਾ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋਏ ਕਈ ਹੋਰ ਕਿਸਾਨਾਂ ਨੂੰ ਰਿਹਾਸਤ ਵਿੱਚ ਲੈ ਲਿਆ।
ਸਾਰਾ ਦਿਨ ਕਿਸਾਨਾਂ ਤੇ ਪੁਲੀਸ ਵਿਚਾਲੇ ਧੱਕਾ ਮੁੱਕੀ ਚੱਲਦੀ ਰਹੀ। ਇਸ ਦੌਰਾਨ ਕਈ ਕਿਸਾਨਾਂ ਦੇ ਕੱਪੜੇ ਵੀ ਪਾਟੇ ਵੇਖੇ ਗਏ।
ਪੁਲੀਸ ਨੇ ਕਿਸਾਨਾਂ ਵੱਲੋਂ ਧਰਨੇ ਲਈ ਲਾਇਆ ਗਿਆ ਟੈਂਟ ਵੀ ਪੁੱਟ ਦਿੱਤਾ।

ਤਸਵੀਰ ਸਰੋਤ, Prabhu Dayal/BBC
ਇਹ ਲਾਈਨਾਂ ਲਿਖੇ ਜਾਣ ਤੱਕ ਕਿਸਾਨਾਂ ਦਾ ਯੂਨੀਵਰਸਿਟੀ ਦੇ ਬਾਹਰ ਧਰਨਾ ਜਾਰੀ ਸੀ ਤੇ ਅੰਦਰ ਭਾਜਪਾ ਕਾਰਕੁਨਾਂ ਦੀ ਮੀਟਿੰਗ।
ਕਿਸਾਨਾਂ ਨੇ ਪਾੜੇ ਭਾਜਪਾ ਦੇ ਪੋਸਟਰ
ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਇਸੇ ਤਰ੍ਹਾਂ ਹਰਿਆਣਾ ਦੇ ਫਤਹਿਆਬਾਦ ਵਿੱਚ ਕਿਸਾਨ ਭਾਜਪਾ ਦਫ਼ਤਰ ਦੀ ਕੰਧ ਤੇ ਚੜ੍ਹ ਗਏ ਅਤੇ ਪੋਸਟਰ ਪਾੜ ਦਿੱਤੇ।
ਇਸ ਹੰਗਾਮੇ ਕਾਰਨ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ ਭਾਜਪਾ ਦਫ਼ਤਰ ਨਾ ਪਹੁੰਚ ਸਕੇ।
ਘਟਨਾ ਤੋਂ ਬਾਅਦ ਪੁਲਿਸ ਨੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਗੁਆਂਢੀ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਫਤਹਿਆਬਾਦ ਸੱਦੀ ਗਈ ਹੈ।
ਸਿੰਘੂ ਬਾਰਡਰ ਤੇ ਲੰਗਰ ਹਾਲ ਵਿੱਚ ਅੱਗ

ਤਸਵੀਰ ਸਰੋਤ, Skm
ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਸ਼ਨਿੱਚਰਵਾਰ ਨੂੰ ਸਿੰਘੂ ਬਾਰਡਰ ਕਿਸਾਨਾਂ ਦੇ ਲੰਗਰ ਹਾਲ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ।

ਤਸਵੀਰ ਸਰੋਤ, Skm
ਇਹ ਅੱਗ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਲੰਗਰ ਹਾਲ ਲੱਗੀ ਦੱਸੀ ਜਾਂਦੀ ਹੈ। ਇਸ ਦੌਰਾਨ ਕਾਫ਼ੀ ਨੁਕਸਾਨ ਹੋਇਆ ਹੈ।
ਹਾਲਾਂਕਿ ਇਸ ਦੌਰਾਨ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀ ਹੈ।
ਰਾਜਪੁਰਾ ਪੁਲਿਸ ਨੇ ਮਸਾਂ ਬਚਾਏ ਭਾਜਪਾ ਆਗੂ

ਤਸਵੀਰ ਸਰੋਤ, Gurminder singh garewal/bbc
ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਰਾਜਪੁਰਾ ਦੀ ਅਨਾਜ ਮੰਡੀ ਦੀ ਬੈਕ ਸਾਈਡ ਭਾਜਪਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਚਲ ਰਹੀ ਸੀ।
ਇਸ ਬੈਠਕ ਵਿੱਚ ਜ਼ਿਲ੍ਹਾ ਇੰਚਾਰਜ ਭੁਪੇਸ਼ ਅਗਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।
ਮੀਟਿੰਗ ਦਾ ਪਤਾ ਲੱਗਦੇ ਹੀ ਭਾਰੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਤਸਵੀਰ ਸਰੋਤ, Gurminder singh garewal/bbc
ਪੁਲੀਸ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਭਾਜਪਾ ਦੇ ਆਗੂਆਂ ਨੂੰ ਸੁਰੱਖਿਅਤ ਉਕਤ ਸਥਾਨ ਤੋਂ ਕੱਢ ਲਿਆ ਪਰ ਭਾਜਪਾ ਦਾ ਮੌਜੂਦਾ ਕੌਂਸਲਰ ਸ਼ਾਂਤੀ ਸਪਰਾ ਅਤੇ ਇਕ ਹੋਰ ਨੇਤਾ ਸੰਜੇ ਅਹੂਜਾ ਕਿਸਾਨਾਂ ਦੇ ਹੱਥ ਆ ਗਏ।
ਕਿਸਾਨਾਂ ਨੇ ਉਕਤ ਦੋਵੇਂ ਆਗੂਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਪਾਣੀ ਦੀਆਂ ਬੋਤਲਾਂ ਮਾਰੀਆਂ।
ਘਨੌਰ ਦੇ ਡੀਐੱਸਪੀ ਜਸਵਿੰਦਰ ਸਿੰਘ ਨੇ ਬੀਬੀਸੀ ਨੂੰ ਰਾਜਪੁਰਾ ਵਿਚ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਸਥਾਨਕ ਭਾਜਪਾ ਆਗੂ ਬੈਠਕ ਕਰ ਰਹੇ ਸਨ ਅਤੇ ਬਾਹਰ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ।
ਇਹ ਪਿਛਲੇ ਦਿਨਾਂ ਵਾਂਗ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਵਾਂਗ ਹੀ ਸੀ, ਪੁਲਿਸ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ।
ਭਾਜਪਾ ਨੇ ਕੀਤੀ ਸਖ਼ਤ ਨਿੰਦਾ
ਭਾਰਤੀ ਜਨਤਾ ਪਾਰਟੀ ਦੇ ਸਕੱਤਰ ਸ਼ੁਭਾਸ਼ ਸ਼ਰਮਾਂ ਨੇ ਰਾਜਪੁਰਾ ਵਿਚ ਹੋਈ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਮੁਜ਼ਾਹਰਾਕਾਰੀ ਕਿਸਾਨਾਂ ਵਿਚੋਂ ਕੁਝ ਦੀਆਂ ਫੋਟੋਆਂ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਉਹ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਕਰੀਬੀ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀਆਂ ਫੋਟੋਆਂ ਹੋਣ ਦਾ ਵੀ ਦਾਅਵਾ ਕੀਤਾ।
ਉਨ੍ਹਾਂ ਇਲਜ਼ਾਮ ਲਾਇਆ ਕਿ ਇਸੇ ਵਿਅਕਤੀ ਨੇ ਹਰਜੀਤ ਸਿੰਘ ਗਰੇਵਾਲ ਦੇ ਦਫ਼ਤਰ ਨੂੰ ਪਹਿਲਾਂ ਫੂਕਿਆ ਸੀ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਸੁਭਾਸ਼ ਸ਼ਰਮਾਂ ਦਾ ਇਲਜ਼ਾਮ ਸੀ ਕਿ ਕਾਂਗਰਸ ਅਜਿਹੀਆਂ ਵਾਰਦਾਤਾਂ ਨਾਲ ਪੰਜਾਬ ਦੇ ਹਿੰਦੂਆਂ ਨੂੰ ਡਰਾ ਕੇ ਆਪਣੀ ਸੱਤਾ ਪੱਕੀ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾ ਕੇ ਆਪਣੀ ਸਰਕਾਰ ਦੀਆਂ ਨਲਾਇਕੀਆਂ ਲੁਕਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














