Jio Phone Next: ਰਿਲਾਇੰਸ ਵਲੋਂ ਸਭ ਤੋਂ 'ਸਸਤਾ' ਸਮਾਰਟ ਫੋਨ ਜਾਰੀ ਕਰਨ ਦਾ ਐਲਾਨ

ਰਿਲਾਂਇਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਕੰਪਨੀ ਦੀ 44ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਰਿਲਾਇੰਸ ਜੀਓ ਵੱਲੋਂ ਜੀਓਫੋਨ-ਨੈਕਸਟ ਜਾਰੀ ਕਰਨ ਦਾ ਐਲਾਨ ਕੀਤਾ।

ਕੰਪਨੀ ਮੁਤਾਬਕ ਇਹ ਸਮਾਰਟ ਫੋਨ ਗੂਗਲ ਅਤੇ ਜੀਓ ਦੀਆਂ ਸਾਰੀਆਂ ਐਪਲੀਕੇਸ਼ਨਾਂ ਨੂੰ ਸਪੋਰਟ ਕਰੇਗਾ ਅਤੇ "ਸਭ ਤੋਂ ਕਿਫ਼ਾਇਤੀ" ਫ਼ੋਨ ਹੋਵੇਗਾ।

ਦਸ ਸਤੰਬਰ ਤੋਂ ਉਪਲੱਬਧ ਹੋਣ ਵਾਲੇ ਇਸ ਫ਼ੋਨ ਵਿੱਚ ਐਂਡਰੌਇਡ ਅਪਰੇਟਿੰਗ ਸਿਸਟਮ ਵੀ ਹੋਵੇਗਾ।

ਇਹ ਵੀ ਪੜ੍ਹੋ:

ਗੂਗਲ ਦੇ ਸੀਓ ਸੁੰਦਰ ਪਿਚਈ ਨੇ ਇੱਕ ਬਲਾਗ ਵਿੱਚ ਇਸ ਫੋ਼ਨ ਬਾਰੇ ਦੱਸਿਆ ਕਿ ਇਸ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਸਹੂਲਤ ਹੋਵੇਗੀ ਅਤੇ ਇਸ ਵਿੱਚ ਕਈ ਭਾਸ਼ਾਵਾਂ ਦੇ ਵਿਕਲਪ ਵੀ ਹੋਣਗੇ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਜੀਓ ਫਾਈਬਰ ਨੇ ਪਿਛਲੇ ਸਾਲ ਦੌਰਾਨ 20 ਲੱਖ ਘਰਾਂ ਤੱਕ ਆਪਣੀ ਪਹੁੰਚ ਬਣਾਈ ਹੈ। ਜਿਸ ਨਾਲ ਕੰਪਨੀ ਦੇ ਸਮੁੱਚੇ ਕਨੈਕਸ਼ਨਾਂ ਦੀ ਸੰਖਿਆ ਤੀਹ ਲੱਖ ਹੋ ਗਈ ਹੈ।

ਜੀਓ ਫਾਈਬਰ ਇਸ ਦੇ ਨਾਲ ਭਾਰਤ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਬਰਾਡਬੈਂਡ ਅਪਰੇਟਰ ਬਣ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨੀਤਾ ਅੰਬਾਨੀ ਨੇ ਬੈਠਕ ਵਿੱਚ ਦੱਸਿਆ ਕਿ ਰਿਲਾਇੰਸ ਇੰਡਸਟਰੀ ਵੱਲੋਂ ਮਹਾਮਾਰੀ ਦੇ ਦੌਰ ਵਿੱਚ ਵੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਨਹੀਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਰਿਲਾਂਇਸ ਵੱਲੋਂ ਆਪਣੇ ਕਰਮਚਾਰੀਆਂ ਲਈ ਦੇਸ਼ ਦਾ ਸਭ ਤੋਂ ਵੱਡਾ ਕਾਰਪੋਰੇਟ ਟੀਕਾਕਰਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਰਿਲਾਇੰਸ ਦੇ 20 ਲੱਖ ਕਰਮਚਾਰੀ ਜਿਨ੍ਹਾਂ ਵਿੱਚ ਸੇਵਾਮੁਕਤ ਕਰਮਚਾਰੀਆਂ ਤੋਂ ਇਲਾਵਾ, ਪਾਰਟਨਰ ਕੰਪਨੀਆਂ ਦੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ।

ਅਰਾਮਕੋ ਦੇ ਨਾਲ ਕੰਪਨੀ ਦਾ ਕਰਾਰ

ਮੁਕੇਸ਼ ਅੰਬਾਨੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਦੇ ਨਾਲ ਕੰਪਨੀ ਦਾ ਕਰਾਰ ਇਸ ਸਾਲ ਦੇ ਅਖ਼ੀਰ ਤੱਕ ਪੂਰਾ ਹੋ ਜਾਵੇਗਾ।

15 ਅਰਬ ਡਾਲਰ ਦੇ ਇਸ ਦੌਰ ਦੇ ਪੂਰਾ ਹੋਣ ਤੋਂ ਪਹਿਲਾਂ ਸਾਊਦੀ ਅਰਾਮਕੋ ਦੇ ਚੇਅਰਮੈਨ ਅਤੇ ਸਾਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫੰਡ ਦੇ ਗਵਰਨਰ ਯਾਸਿਰ ਓਟਮਨ ਅਲ-ਰੁਮਾਇਨ ਇੱਕ ਅਜ਼ਾਦ ਨਿਰਦੇਸ਼ਕ ਦੇ ਵਜੋਂ ਰਿਲਾਂਇਸ ਇੰਡਸਟਰੀਜ਼ ਦੇ ਬੋਰਡ ਵਿੱਚ ਸ਼ਾਮਲ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੋਰਡ ਵਿੱਚ ਸ਼ਾਮਲ ਹੋਣ ਨੂੰ ਰਿਲਾਇੰਸ ਇੰਡਸਟਰੀਜ਼ ਦਾ ਕੌਮਾਂਤਰੀਕਰਨ ਸਮਝਿਆ ਦ ਜਾ ਸਕਦਾ ਹੈ।"

ਦੋ ਸਾਲ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ ਦੇ ਆਇਲ-ਟੂ-ਕੈਮੀਕਲ ਯੂਨਿਟ ਵਿੱਚ 20 ਫ਼ੀਸਦੀ ਹਿੱਸੇਦਾਰੀ ਸਾਊਦੀ ਅਰਾਮਕੋ ਨੂੰ ਵੇਚਣ ਲਈ ਉਹ ਗੱਲਬਾਤ ਕਰ ਰਹੇ ਹਨ।

ਜੰਮੂ-ਕਸ਼ਮੀਰ ਦੇ ਆਗੂਆਂ ਦੀ ਮੋਦੀ ਨਾਲ ਬੈਠਕ

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਬਾਰੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਨਵੀਂ ਦਿੱਲ ਵਿੱਚ ਜੰਮੂ ਕਸ਼ਮੀਰ ਦੇ 14 ਆਗੂਆਂ ਨਾਲ ਸਰਬ ਪਾਰਟੀ ਮੀਟਿੰਗ ਕਰ ਰਹੇ ਹਨ।

ਦੇਸ਼ ਦੀਆਂ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਗੁਪਕਰ ਸਮਝੌਤੇ ਵਾਲੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਖ਼ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਗੁਲਾਮ ਨਬੀ ਅਜ਼ਾਦ ਵੀ ਇਸ ਬੈਠਕ ਵਿੱਚ ਸ਼ਾਮਲ ਹੋਏ ਹਨ।

ਉਨ੍ਹਾਂ ਤੋਂ ਇਲਾਵਾ ਬੈਠਕ ਵਿੱਚ ਨਿਰਮਲ ਸਿੰਘ, ਸਜਾਦ ਲੋਨ, ਭੀਮ ਸਿੰਘ ਸਮੇਤ ਹੋਰ ਵੀ ਕਈ ਆਗੂ ਸ਼ਾਮਲ ਹੋਏ।

ਦੂਜੇ ਪਾਸੇ ਸਰਪਕਾਰ ਵੱਲੋਂ ਪ੍ਰਧਾਨ ਮੰਤਰੀ ਤੋਂ ਇਲਾਵਾ ਇਸ ਬੈਠਕ ਵਿੱਚ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ-ਮਨੋਜ ਸਿਨਹਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਐੱਨਐੱਸਏ ਅਜੀਤ ਡੋਵਾਲ ਵੀ ਇਸ ਬੈਠਕ ਵਿੱਚ ਸ਼ਾਮਲ ਸਨ।

ਪੰਜ ਅਗਸਤ 2019 ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸਿਆਸੀ ਧਿਰਾਂ ਨਾਲ ਪ੍ਰਧਾਨ ਮੰਤਰੀ ਦੀ ਦੋ ਸਾਲਾਂ ਬਾਅਦ ਇਹ ਪਹਿਲੀ ਬੈਠਕ ਹੈ।

ਬੈਠਕ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ,"ਅਸੀਂ ਮੁੱਦਿਆਂ ਤੇ ਗੱਲ ਕਰਾਂਗੇ ਅਤੇ ਉਮੀਦ ਕਰਾਂਗੇ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉਸ ਨੂੰ ਅਰਾਮ ਨਾ ਸੁਣਨਗੇ। ਫਿਰ ਕੋਈ ਅਜਿਹਾ ਸਿੱਟਾ ਕੱਢੀਏ ਜਿਸ ਨਾਲ ਰਿਆਸਤ ਵਿੱਚ ਆਵੇ ਅਤੇ ਲੋਕ ਖ਼ੁਸ਼ਹਾਲੀ ਨਾਲ ਰਹਿ ਸਕਣ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)