ਇਤਿਹਾਸ ਰਚਣ ਵਾਲੇ 'ਫਲਾਇੰਗ ਸਿੱਖ' ਮਿਲਖਾ ਸਿੰਘ ਦਾ ਦੇਹਾਂਤ, ਹਸਤੀਆਂ ਨੇ ਕਿਵੇਂ ਦਿੱਤੀ ਸ਼ਰਧਾਂਜਲੀ

ਭਾਰਤ ਦੇ ਮਸ਼ਹੂਰ ਐਥਲੀਟ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਖਰੀ ਸਾਹ ਪੀਜੀਆਈ ਚੰਡੀਗੜ੍ਹ ਵਿੱਚ ਲਏ।

ਪੀਜੀਆਈ ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਸ਼ੁੱਕਰਵਾਰ ਰਾਤ 11.30 ਵਜੇ ਹੋਈ।

ਪੀਜੀਆਈ ਚੰਡੀਗੜ੍ਹ ਨੇ ਬਿਆਨ ਵਿੱਚ ਕਿਹਾ, "ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ 3 ਜੂਨ 2021 ਨੂੰ ਕੋਰੋਨਾ ਪੌਜ਼ਿਟਿਵ ਹੋਣ ਕਾਰਨ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਇਲਾਜ 13 ਜੂਨ ਤੱਕ ਚੱਲਿਆ ਜਿਸ ਮਗਰੋਂ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆ ਗਿਆ ਸੀ।"

ਇਹ ਵੀ ਪੜ੍ਹੋ:

"ਪਰ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕੋਵਿਡ ਹਸਪਤਾਲ ਤੋਂ ਮੈਡੀਕਲ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਡੀਕਲ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਿਲਖਾ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ। 18 ਜੂਨ ਨੂੰ ਰਾਤ 11.30 ਵਜੇ ਉਨ੍ਹਾਂ ਨੇ ਪੀਜੀਆਈ ਵਿੱਚ ਆਖਰੀ ਸਾਹ ਲਏ।"

ਭਾਰਤ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮਸ਼ਹੂਰ ਸਨਅਤਕਾਰ ਅਨੰਦ ਮਹਿੰਦਰਾ ਨੇ ਮਿਲਖਾ ਸਿੰਘ ਬਾਰੇ ਕਾਫੀ ਭਾਵੁਕ ਸੰਦੇਸ਼ ਲਿਖਿਆ ਹੈ।

ਉਨ੍ਹਾਂ ਕਿਹਾ, "ਸਾਡੀ ਪੀੜੀ ਕਿਵੇਂ ਦੱਸ ਸਕਦੀ ਹੈ ਕਿ ਮਿਲਖਾ ਸਿੰਘ ਸਾਡੇ ਲਈ ਕੀ ਸਨ? ਉਹ ਕੇਵਲ ਇੱਕ ਐਥਲੀਟ ਨਹੀਂ ਸਨ। ਜੋ ਸਮਾਜ ਬਸਤੀਵਾਦ ਦੀ ਚੁਣੌਤੀਆਂ ਨਾਲ ਜੂਝ ਰਿਹਾ ਸੀ, ਉਸ ਦੇ ਲਈ ਮਿਲਖਾ ਸਿੰਘ ਇੱਕ ਉਮੀਦ ਸਨ ਕਿ ਅਸੀਂ ਵੀ ਦੁਨੀਆਂ ਵਿੱਚ ਸਭ ਤੋਂ ਬਿਹਤਰੀਨ ਬਣ ਸਕਦੇ ਹਾਂ।"

"ਮਿਲਖਾ ਸਿੰਘ ਸਾਨੂੰ ਆਤਮ ਵਿਸ਼ਵਾਸ ਦੇਣ ਲਈ ਧੰਨਵਾਦ"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ ਨੇ ਮਿਲਖਾ ਸਿੰਘ ਦੇ ਰੂਪ ਵਿੱਚ ਇੱਕ ਮਹਾਨ ਖਿਡਾਰੀ ਗੁਆਇਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਤੇ ਭਾਰਤ ਦੇ ਇੱਕ ਦੌਰ ਦਾ ਅੰਤ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)