ਰਾਮਦੇਵ ਬੋਲੇ 'ਕੋਵਿਡ ਟੀਕਾ ਸਾਰੇ ਲਵਾਓ ਮੈਂ ਵੀ ਲਗਵਾਉਂਗਾ, ਡਾਕਟਰ ਧਰਤੀ 'ਤੇ ਭੇਜੇ ਗਏ ਰੱਬ ਦੇ ਦੂਤ' -ਪ੍ਰੈੱਸ ਰਿਵੀਊ

ਰਾਮ ਦੇਵ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਖੁਦ ਵੀ ਕੋਵਿਡ ਦਾ ਟੀਕਾ ਲਗਵਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਕੋਈ ਕੋਵਿਡ ਦਾ ਟੀਕਾ ਜ਼ਰੂਰ ਲਗਵਾਏ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰਾਮ ਦੇਵ ਨੇ ਪ੍ਰਧਾਨ ਮੰਤਰੀ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ 21 ਜੂਨ ਤੋਂ ਸਾਰੇ ਬਾਲਗਾਂ ਲਈ ਮੁਫ਼ਤ ਕੋਵਿਡ ਟੀਕਾ ਲਗਾਏ ਜਾਣ ਦੇ ਐਲਾਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਯੋਗਾ ਅਤੇ ਆਯੁਰਵੇਦ ਤੇ ਅਮਲ ਕਰਨਾ ਚਾਹੀਦਾ ਹੈ, ਜੋ ਕਿ ਬੀਮਾਰੀਆਂ ਖਿਲਾਫ਼ ਢਾਲ ਦਾ ਕੰਮ ਕਰੇਗਾ ਅਤੇ ਕੋਵਿਡ ਤੋਂ ਹੋਣ ਵਾਲੀਆਂ ਮੌਤਾਂ ਨੂੰ ਰੋਕੇਗਾ।

ਡਾਕਟਰਾਂ ਬਾਰੇ ਉਨ੍ਹਾਂ ਨੇ ਕਿਹਾ,"ਸਾਰੇ ਚੰਗੇ ਡਾਕਟਰ ਇਸ ਧਰਤੀ ਉੱਪਰ ਭੇਜੇ ਗਏ ਰੱਬ ਦੇ ਦੂਤ ਹਨ। ਉਹ ਇਸ ਗ੍ਰਹਿ ਨੂੰ ਤੋਹਫਾ ਹਨ। ਜੋ ਕੋਈ ਡਾਕਟਰ ਹੋ ਕੇ ਕੁਝ ਗ਼ਲਤ ਕਰਦਾ ਹੈ ਤਾਂ ਇਹ ਉਸ ਵਿਅਕਤੀ ਦੀ ਗ਼ਲਤੀ ਹੈ।"

ਯਾਦ ਰਹੇ ਕਿ ਐਲੋਪੈਥੀ ਬਾਰੇ ਵਿਵਾਦਤ ਬਿਆਨ ਕਾਰਨ ਰਾਮਦੇਵ ਦੀ ਬਹੁਤ ਆਲੋਚਨਾ ਹੋਈ ਹੈ। ਉਨ੍ਹਾਂ ਦੇ ਖਿਲਾਫ਼ ਆਈਐੱਮਏ ਨੇ ਮੋਰਚਾ ਖੋਲ੍ਹ ਦਿੱਤਾ ਸੀ।

ਕੁਝ ਦਿਨ ਪਹਿਲਾਂ ਰਾਮਦੇਵ ਦਾ ਹਰਿਆਣਾ ਪਹੁੰਚਣ 'ਤੇ ਵਿਰੋਧ ਵੀ ਹੋਇਆ ਸੀ। ਰਾਮਦੇਵ ਖਿਲਾਫ਼ ਕੇਸ ਦਰਜ ਕਰਨ ਦੀਆਂ ਮੰਗਾ ਵੀ ਉੱਠੀਆਂ ਹਨ।

ਇਹ ਵੀ ਪੜ੍ਹੋ

ਖੜਗੇ ਪੈਨਲ: ਫਿਲਹਾਲ ਕੈਪਟਨ ਹੀ ਕਰਨਗੇ ਕਪਤਾਨੀ

ਆਲ ਇੰਡੀਆ ਕਾਂਗਰਸ ਕਮੇਟੀ ਦੇ ਖੜਗੇ ਪੈਨਲ ਨੇ ਪੰਜਾਬ ਕਾਂਗਰਸ ਅੰਦਰ ਛਿੜੇ ਕਾਟੋ-ਕਲੇਸ਼ ਦੇ ਨਿਪਟਾਰੇ ਸੰਬੰਧੀ ਆਪਣੀਆਂ ਸਿਫ਼ਾਰਿਸ਼ਾਂ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਦੇਸ ਸਪੁਰਦ ਕਰ ਦਿੱਤੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਿਪੋਰਟ ਵਿੱਚ ਸੁਝਾਇਆ ਗਿਆ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਕਮਾਂਡ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੀ ਰਹੇ। ਜਦਕਿ ਸਿੱਧੂ ਨੂੰ ਵੀ ਢੁਕਵੀਂ ਥਾਂ ਦਿੱਤੀ ਜਾਵੇ।

ਸੂਬਾ ਸਰਕਾਰ ਦੀ ਕਾਰਜਸ਼ੈਲੀ ਵਿੱਚ ਸੁਧਾਰ ਕੀਤਾ ਜਾਵੇ। ਪਾਰਟੀ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਕਾਂਗਰਸ ਵਿੱਚ ਫੇਰਬਦਲ ਕੀਤਾ ਜਾਵੇ ਅਤੇ ਸਾਰੇ ਧੜਿਆਂ ਨੂੰ ਇਸ ਵਿੱਚ ਨੁਮਾਇੰਦਗੀ ਦਿੱਤੀ ਜਾਵੇ।

ਖ਼ਬਰ ਮੁਤਾਬਰ ਰਿਪੋਰਟ ਬਾਰੇ ਫ਼ੈਸਲਾ ਤਾਂ ਸੋਨੀਆਂ ਗਾਂਧੀ ਨੇ ਹੀ ਲੈਣਾ ਹੈ ਪਰ ਕੈਪਟਨ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕਿਸੇ ਅਨੁਸੂਚਿਤ ਜਾਤੀ ਦੇ ਹਿੰਦੂ ਆਗੂ ਨੂੰ ਲਾਉਣ ਲਈ ਸਹਿਮਤ ਹਨ।

ਉਹ ਸਿੱਧੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਲਾਏ ਜਾਣ ਦੇ ਖ਼ਿਲਾਫ਼ ਹਨ ਹਾਲਾਂਕਿ ਸਿੱਧੂ ਖ਼ੁਦ ਇਸ ਲਈ ਉਤਸੁਕ ਹਨ। ਸਿੱਧੂ ਨੂੰ ਉਪ-ਮੁੱਖ ਮੰਤਰੀ ਲਗਾਏ ਜਾਣ ਬਾਰੇ ਵਿਚਾਰ ਕੀਤੀ ਗਈ ਪਰ ਇਸ ਬਾਰੇ ਕੋਈ ਸਹਿਮਤੀ ਨਹੀਂ ਬਣੀ।

ਕੁਲਭੂਸ਼ਣ ਜਾਧਵ ਕਰ ਸਕਣਗੇ ਮੁੜ ਅਪੀਲ

ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਹੁਣ ਜਲਦੀ ਹੀ ਸਜ਼ਾ-ਏ-ਮੌਤ ਦੇ ਖ਼ਿਲਾਫ਼ ਅਪੀਲ ਕਰ ਸਕਣਗੇ।

ਕੁਲਭੂਸ਼ਣ ਨੂੰ ਚਾਰ ਸਾਲ ਪਹਿਲਾਂ ਜਾਸੂਸੀ ਦੇ ਇਲਜ਼ਾਮ ਵਿੱਚ ਪਾਕਿਸਤਾਨ ਦੀ ਇੱਕ ਫ਼ੌਜੀ ਅਦਾਲਤ ਨੇ ਇਹ ਸਜ਼ਾ ਸੁਣਾਈ ਸੀ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਵੀਰਵਾਰ ਨੂੰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਰਿਵੀਊ ਐਂਡ ਰੀ-ਕਨਸਿਡਰੇਸ਼ਨ) ਆਰਡੀਨੈਂਸ-2020 ਨੂੰ ਪ੍ਰਵਾਨ ਕਰ ਲਿਆ ਹੈ।

ਇਸ ਮੁਤਾਬਕ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਵਿਦੇਸ਼ੀ ਕੈਦੀ ਜਿਨ੍ਹਾਂ ਨੂੰ ਫ਼ੌਜੀ ਅਦਾਲਤਾਂ ਵੱਲੋਂ ਸਜ਼ਾ ਸੁਣਾਈ ਗਈ ਹੈ, ਉਪਰਲੀਆਂ ਅਦਾਲਤਾਂ ਵਿੱਚ ਅਪੀਲ ਕਰ ਸਕਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)