ਸੁਖਪਾਲ ਖਹਿਰਾ : ਉਹ 3 ਕਾਰਨ ਜਿਸ ਕਰਕੇ ਖਹਿਰਾ ਤੇ ਦੋ ਹੋਰ ਵਿਧਾਇਕ ਕਾਂਗਰਸ 'ਚ ਗਏ

ਕਈ ਦਿਨਾਂ ਦੀਆਂ ਕਿਆਸਰਾਈਆਂ ਤੋਂ ਬਾਅਦ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਧੌਲਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।

ਕਾਂਗਰਸ ਨੇ ਆਪਣੇ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਰਾਹੀਂ ਇਸ ਜਾਣਕਾਰੀ ਨੂੰ ਸਾਂਝਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਤਿੰਨਾਂ ਵਿਧਾਇਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਇਹ ਵੀ ਪੜ੍ਹੋ-

ਆਪਣੇ ਫੇਸਬੁੱਕ ਪੇਜ 'ਤੇ ਕਾਂਗਰਸ ਨੇ ਜਾਣਕਾਰੀ ਦਿੱਤੀ ਹੈ ਕਿ ਏਆਈਸੀਸੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਸ਼ਮੂਲੀਅਤ ਨੂੰ ਮਨਜ਼ੂਰੀ ਦਿੱਤੀ ਹੈ।

ਪਾਰਟੀ ਵੱਲੋਂ ਆਖਿਆ ਗਿਆ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦਿੱਲੀ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਵਿਧਾਇਕਾਂ ਨੂੰ ਮਿਲਣਗੇ।

ਜਗਦੇਵ ਸਿੰਘ ਕਮਾਲੂ ਮੌੜ ਤੋਂ ਵਿਧਾਇਕ ਹਨ ਅਤੇ ਪਿਰਮਲ ਸਿੰਘ ਧੌਲਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

ਕੈਪਟਨ ਬਾਰੇ ਬਦਲ ਗਏ ਵਿਚਾਰ

ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬ ਦੀ ਰਾਖੀ ਲਈ ਆਪਣੇ ਅਹੁਦਿਆਂ ਨੂੰ ਕੁਰਬਾਨ ਕੀਤਾ ਹੈ। 1984 ’ਚ ਆਪਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਸੀ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦਾ ਰਾਖਾ ਹੈ। ਪਾਣੀਆਂ ਦੇ ਮੁੱਦਿਆਂ ’ਤੇ ਹਮੇਸ਼ਾ ਆਪਣੀ ਆਵਾਜ਼ ਚੁੱਕੀ ਹੈ।

ਪੰਜਾਬ ਦੀ ਲਈ ਹਾਈਕਮਾਨ ਦੀ ਨਾਰਾਜ਼ਗੀ ਨੂੰ ਵੀ ਉਨ੍ਹਾਂ ਬਰਦਾਸ਼ਤ ਕੀਤੀ। ਉਨ੍ਹਾਂ ਨੇ ਕਦੇ ਕੁਰਸੀ ਦੀ ਪਰਵਾਹ ਨਹੀਂ ਕੀਤੀ।ਖਹਿਰਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਜੇਕਰ ਕੋਈ ਸਿਆਸਤ ਤੋਂ ਉੱਠ ਕੇ ਕੰਮ ਕਰੇਗਾ ਤਾੰ ਉਹ ਅਮਰਿੰਦਰ ਸਿੰਘ ਹਨ।

ਖਹਿਰਾ ਨੇ ਕੈਪਟਨ ਦੀ ਹੋਰ ਤਾਰੀਫ਼ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਵੀ ਡਟ ਕੇ ਖੜੇ ਹਨ।ਬਰਗਾੜੀ ਮਾਮਲਿਆਂ ਨੂੰ ਲੈ ਕੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਦਵਾਉਗਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਹਨ

ਤਿੰਨ ਕਾਰਨ ਜਿਸ ਕਰਕੇ ਕਾਂਗਰਸ 'ਚ ਗਏ

  • ਅਕਾਲੀ ਦਲ ਨੇ ਪੰਜਾਬ ਨੂੰ ਜੜ੍ਹੋਂ ਉਖਾੜਿਆ ਹੈ। ਬਾਦਲ ਪਰਿਵਾਰ ਦਾ SGPC 'ਤੇ ਕਬਜ਼ਾ ਰਿਹਾ ਹੈ। ਦੱਸ ਸਾਲਾਂ 'ਚ ਅਕਾਲੀਆਂ ਨੇ ਲੋਕਾ ਦੇ ਪੈਸਿਆਂ ਨਾਲ ਆਪਣੇ ਮਹਿਲ ਖੜੇ ਕੀਤੇ, ਹਰ ਸੂਬੇ 'ਚ ਅਕਾਲੀਆਂ ਦੇ ਫ਼ਾਰਮ ਹਾਊਸ ਨੇ ਜਿਸ ਲਈ ਇੰਨਾਂ ਨਾਲ ਲੜਨਾ ਜ਼ਰੂਰੀ ਹੈ ਅਤੇ ਉਸ ਲਈ ਜ਼ਰੂਰੀ ਹੈ ਇੱਕਜੁਟ ਹੋਣਾ . ਕਿੳਂਕੀ ਅਲੱਗ ਥਲੱਗ ਹੋ ਗੱਲ ਨਹੀਂ ਬਣਨੀ।
  • ਫਰਜੀ ਇਨਕਲਾਬੀ ਬਹੁਤ ਹਨ, ਪਰ ਮੈਂ ਮੰਨਦਾ ਹਾਂ ਕਿ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣਾ ਮੇਰੀ ਸਭ ਤੱਕ ਵੱਡੀ ਸਿਆਸੀ ਗਲਤੀ ਸੀ, ਮੈਨੂੰ ਲੱਗਿਆ ਸੀ ਕਿ ਆਮ ਆਦਮੀ ਪਾਰਟੀ ਸਿਆਸੀ ਤੌਰ 'ਤੇ ਇੱਕ ਵੱਡਾ ਬਦਲਾਓ ਲਿਆਵੇਗੀ ਅਤੇ ਮੈਂ ਪੰਜਾਬ ਦੇ ਭਲੇ ਬਾਰੇ ਸੋਚ ਕੇ ਪਾਰਟੀ 'ਚ ਸ਼ਾਮਿਲ ਹੋਇਆ ਸੀ ਪਰ ਇਹ ਸਾਰੇ ਦੋਗਲੇ ਹਨ ਅਤੇ ਪਾਰਟੀ 'ਚ ਅਰਵਿੰਦ ਕੇਂਦਰੀਵਾਲ ਦੀ ਜਕੜ ਹੈ।
  • ਬੇਅਦਬੀ ਮਾਮਲਿਆਂ ' ਚ ਜੇ ਕੋਈ ਇਨਸਾਫ ਦਵਾ ਸਕਦਾ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਹਨ। ਆਮ ਆਦਮੀ ਪਾਰਟੀ ਵਿਚੋਂ ਬਾਹਰ ਆਉਣ ਤੋਂ ਬਾਅਦ ਸਾਰਿਆਂ ਨੂੰ ਇੱਕ ਜੁਟ ਹੋਣ ਲਈ ਕਿਹਾ , ਪਰ ਕੋਈ ਨਹੀਂ ਆਇਆ। ਸਿਆਸਤ ਵਿਚ ਰੈਲੇਵੈਂਟ ਰਹਿਣ ਲਈ ਕੋਈ ਫ਼ੈਸਲਾ ਲੈਣਾ ਪੈਣਾ ਸੀ। ਇਸ ਲਈ ਸੋਚ ਵਿਚਾਰ ਕੇ ਫੈਸਲਾ ਲਿਆ ਹੈ।

ਖਹਿਰਾ ਬਾਰੇ ਕੀ ਜਾਣਦੇ ਹਾਂ

ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਸਨ ਅਤੇ ਫਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਖਹਿਰਾ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਲੱਗ ਪਾਰਟੀ ਬਣਾ ਲਈ ਸੀ।

ਖਹਿਰਾ 2007 ਵਿੱਚ ਕਾਂਗਰਸ ਵੱਲੋਂ ਹਲਕਾ ਭੁਲੱਥ ਦੇ ਵਿਧਾਇਕ ਚੁਣੇ ਗਏ ਸਨ। 2015 ਵਿੱਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਅਸੈਂਬਲੀ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਗਿਆ ਸੀ।

2019 ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਖਹਿਰਾ ਨੇ ਆਪਣੀ ਰਾਜਨੀਤਕ ਪਾਰਟੀ ਬਣਾਈ ਜਿਸ ਦਾ ਨਾਮ ਪੰਜਾਬ ਏਕਤਾ ਪਾਰਟੀ ਰੱਖਿਆ।

ਇਸੇ ਸਾਲ ਮਾਰਚ ਵਿੱਚ ਈਡੀ ਵੱਲੋਂ ਉਨ੍ਹਾਂ ਦੇ ਘਰ ਵਿੱਚ ਛਾਪੇਮਾਰੀ ਕਾਰਨ ਵੀ ਖਹਿਰਾ ਚਰਚਾ ਵਿੱਚ ਆਏ ਸਨ।

ਖਹਿਰਾ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ 2019 ਵਿੱਚ ਲੋਕ ਸਭਾ ਚੋਣ ਵੀ ਲੜੀ ਸੀ।

ਅਕਾਲੀ ਦਲ ਦਾ ਪ੍ਰਤੀਕਰਮ

ਅਕਾਲੀ ਦਲ ਬਾਦਲ ਨੇ ਸੁਖਪਾਲ ਖਹਿਰਾ ਅਤੇ ਦੋ ਹੋਰ ਵਿਧਾਇਕਾਂ ਦੇ ਕਾਂਗਰਸ ਵਿਚ ਜਾਣ ਨੂੰ ਕਾਂਗਰਸ ਨਾਲ ਲੁਕਵੇ ਗਠਜੋੜ ਦਾ ਨਤੀਜਾ ਕਿਹਾ ਹੈ। ਪਰਾਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਨੂੰ ਡੈਪੂਟੇਸ਼ਨ ਕਹਿ ਕੇ ਭੰਡਿਆ।

ਉੱਧਰ ਆਮ ਆਦਮੀ ਪਾਰਟੀ ਦੀ ਆਗੂ ਗਗਨ ਅਨਮੋਲ ਨੇ ਕਿਹਾ ਹੈ ਕਿ ਖਹਿਰਾ ਕਾਂਗਰਸ ਨੇ ਪਲਾਂਟ ਕੀਤਾ ਸੀ ਅਤੇ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਉਹ ਕਾਂਗਰਸ ਵਿਚ ਜਾਵੇਗਾ ਅਤੇ ਉਹ ਚਲਾ ਗਿਆ।

ਇਹ ਵੀ ਪੜ੍ਹੋ: