You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੈਪਟਨ ਦੀਆਂ ਹਦਾਇਤਾਂ ਦੇ ਬਾਵਜੂਦ ਕਿਸਾਨ ਜਥੇਬੰਦੀ ਦਾ ਪਟਿਆਲਾ 'ਚ ਧਰਨਾ, ਸੋਸ਼ਲ ਡਿਸਟੈਸਿੰਗ ਦੀ ਪਾਲਣਾ- ਅਹਿਮ ਖ਼ਬਰਾਂ
ਇਸ ਪੇਜ ਰਾਹੀਂ ਤੁਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖਬਰਾਂ ਜਾਣੋ।
ਪਟਿਆਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਤਿੰਨ ਦਿਨਾਂ ਧਰਨੇ ਦਾ ਆਗਾਜ਼ ਅੱਜ ਕਰ ਦਿੱਤਾ ਗਿਆ ਹੈ।
ਇਹ ਧਰਨਾ ਪੁੱਡਾ ਗਰਾਊਂਡ ਵਿੱਚ ਹੋ ਰਿਹਾ ਹੈ ਅਤੇ ਇਸ ਧਰਨੇ ਦੀ ਅਗਵਾਈ ਸੁਖਦੇਵ ਸਿੰਘ ਕੋਕਰੀਕਲਾਂ ਵੱਲੋਂ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਧਰਨਾ ਨਾ ਲਗਾਇਆ ਜਾਵੇ ਕਿਉਂਕਿ ਕੋਵਿਡ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ ਤੇ ਅਜਿਹੇ 'ਚ ਧਰਨਾ ਸੁਪਰ ਸਪੈਡਰ ਵਿੱਚ ਤਬਦੀਲ ਹੋ ਸਕਦਾ ਹੈ।
ਕੈਪਟਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਨੇਤਾ ਗ਼ੈਰ-ਜ਼ਿੰਮੇਵਾਰੀ ਨਾ ਵਰਤਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹਾਲਾਤ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਢਿਲ ਨਹੀਂ ਦਿੱਤੀ ਜਾਵੇਗੀ।
ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਹਾਲਾਂਕਿ, ਧਰਨੇ ਵਿੱਚ ਬੈਠੇ ਲੋਕਾਂ ਦੀਆਂ ਆਈਆਂ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਕਿਸਾਨ ਅੰਦੋਲਨ ਨੂੰ ਵੀ ਤੇਜ਼ ਕਰਨ ਦੀਆਂ ਤਿਆਰੀਆਂ ਕੀਤੇ ਜਾਣ ਦਾ ਦਾਅਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ: ਮੌਤਾਂ ਦੇ ਸਰਕਾਰੀ ਅੰਕੜੇ 'ਤੇ ਸਵਾਲ ਚੁੱਕਣ ਵਾਲੇ ਰਾਹੁਲ ਗਾਂਧੀ ਨੂੰ ਭਾਜਪਾ ਦਾ ਜਵਾਬ
ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੋਦੀ ਸਰਕਾਰ 'ਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਬਾਰੇ ਤਿੱਖਾ ਹਮਲਾ ਕੀਤਾ ਹੈ।
ਰਾਹੁਲ ਨੇ ਕਿਹਾ, ਮੋਦੀ ਸਰਕਾਰ ਨੂੰ ਕਈ ਵਾਰ ਕੋਰੋਨਾ ਮਹਾਂਮਾਰੀ ਬਾਰੇ ਕਈ ਵਾਰ ਸੁਚੇਤ ਕੀਤਾ ਪਰ ਉਸ ਦੇ ਬਦਲੇ ਮਜ਼ਾਕ ਉਡਾਇਆ ਗਿਆ। ਸਰਕਾਰ ਨੇ ਕੋਰੋਨਾ ਨੂੰ ਹਰਾ ਦੇਣ ਦਾ ਐਲਾਨ ਕੀਤਾ। ਕੋਰੋਨਾ ਕੇਵਲ ਇੱਕ ਮਹਾਂਮਾਰੀ ਨਹੀਂ ਹੈ। ਬਲਕਿ ਇਹ ਇੱਕ ਬਦਲਦੀ ਹੋਈ ਬਿਮਾਰੀ ਹੈ।"
ਰਾਹੁਲ ਨੇ ਕਿਹਾ, "ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਕਿ ਇਸ ਵਾਇਰਸ ਨੂੰ ਜਿੰਨੀ ਥਾਂ ਮਿਲੇਗੀ, ਉੰਨਾ ਉਹ ਖ਼ਤਰਨਾਕ ਹੋਵੇਗਾ। ਕੋਰੋਨਾ ਦੀ ਥਾਂ ਰੋਕਣ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਕੋਲ ਭੋਜਨ ਨਹੀਂ ਹੈ। ਜੋ ਕਮਜ਼ੋਰ ਹਨ, ਉਨ੍ਹਾਂ 'ਤੇ ਹਮਲਾ ਕਰਦਾ ਹੈ।"
ਰਾਹੁਲ ਨੇ ਕਿਹਾ ਕਿ ਲੌਕਡਾਊਨ ਇੱਕ ਹਥਿਆਰ ਹੈ ਪਰ ਉਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ।
ਉਨ੍ਹਾਂ ਕਿਹਾ, "ਮਾਸਕ ਵੀ ਪੱਕਾ ਹੱਲ ਨਹੀਂ ਹੈ ਪਰ ਵੈਕਸੀਨ ਹੈ। ਜੇ ਤੁਸੀਂ ਲੋਕਾਂ ਨੂੰ ਵੈਕਸੀਨ ਨਹੀਂ ਦਿੱਤੀ ਤਾਂ ਕੋਰੋਨਾ ਬੇਕਾਬੂ ਹੋ ਜਾਵੇਗਾ।"
ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਕਿ ਜੇ ਸਰਕਾਰ ਦੇ ਅੰਕੜੇ ਝੂਠੇ ਹਨ ਤਾਂ ਕੀ ਕਾਂਗਰਸ ਦੀਆਂ ਸੂਬਾ ਸਰਕਾਰਾਂ ਵੀ ਝੂਠ ਬੋਲ ਰਹੀਆਂ ਹਨ?
ਇਸ ਦੇ ਜਵਾਬ ਵਿੱਚ ਰਾਹੁਲ ਨੇ ਕਿਹਾ, "ਮੈਂ ਆਪਣੇ ਮੁੱਖ ਮੰਤਰੀਆਂ ਨਾਲ ਨਿੱਜੀ ਤੌਰ 'ਤੇ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਝੂਠ ਬੋਲਣ ਨਾਲ ਨੁਕਸਾਨ ਹੋਵੇਗਾ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਸੱਚਾਈ ਸਾਹਮਣੇ ਰੱਖੋ ਅਤੇ ਉਸ ਨਾਲ ਮਦਦ ਮਿਲੇਗੀ। ਬਿਨਾਂ ਸੱਚਾਈ ਦੇ ਅਸੀਂ ਕੋਰੋਨਾ ਨਾਲ ਲੜਾਈ ਨਹੀਂ ਲੜ ਸਕਦੇ ਹਾਂ। ਮੈਂ ਗਰੰਟੀ ਨਾਲ ਕਹਿ ਰਿਹਾ ਹਾਂ ਕਿ ਸਰਕਾਰ ਦੇ ਅੰਕੜੇ ਝੂਠੇ ਹਨ। 100 ਫੀਸਦ ਝੂਠੇ ਹਨ।
ਰਾਹੁਲ ਗਾਂਧੀ ਦੇ ਹਮਲੇ ਦਾ ਭਾਜਪਾ ਵੱਲੋਂ ਵੀ ਜਵਾਬ ਆਇਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੋਰੋਨਾ ਦਾ ਟੀਕਾ ਦਸੰਬਰ ਤੱਕ ਸਭ ਨੂੰ ਲੱਗ ਜਾਵੇਗਾ।
ਕੇਂਦਰੀ ਮੰਤਰੀ ਨੇ ਕਾਂਗਰਸ ਨੇਤਾ ਰਾਹੁਲ 'ਤੇ ਪਲਟਵਾਰ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਦੇਸ਼ ਵਿੱਚ ਦਸੰਬਰ ਤੱਕ ਕੋਰੋਨਾ ਟੀਕਾਕਰਨ ਪੂਰਾ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ, "ਸਿਹਤ ਮੰਤਰਾਲੇ ਨੇ ਉਦੋਂ ਤੱਕ 216 ਕਰੋੜ ਖੁਰਾਕਾਂ ਦੇ ਉਤਪਾਦਨ ਦਾ ਖਾਕਾ ਪੇਸ਼ ਕੀਤਾ ਹੈ। ਦਸੰਬਰ ਤੱਕ ਭਾਰਤ ਵਿੱਚ 216 ਕਰੋੜ ਨਵੇਂ ਟੀਕੇ ਆਉਣਗੇ ਜੋ 108 ਕਰੋੜ ਤੋਂ ਵੱਧ ਲੋਕਾਂ ਨੂੰ ਲੱਗ ਜਾਣਗੇ।"
ਦਿੱਲੀ: ਕੇਜਰੀਵਾਲ ਨੇ ਲੌਕਡਾਊਨ ਦੀ ਕੀਤੀ ਸ਼ੁਰੂਆਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ ਅਤੇ ਇਹ ਸਭ ਦਿੱਲੀ ਦੋ ਕਰੋੜ ਲੋਕਾਂ ਦੀ ਮਿਹਨਤ ਦਾ ਨਤੀਜਾ ਹੈ।
ਕੇਜਰੀਵਾਲ ਨੇ ਕਿਹਾ, "ਇੱਕ ਮਹੀਨੇ ਦੇ ਅੰਦਰ ਕੋਰੋਨਾ ਦੀ ਦੂਜੀ ਲਹਿਰ 'ਤੇ ਦਿੱਲੀ ਦੇ ਲੋਕਾਂ ਨੇ ਕਾਬੂ ਪਾ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੀ ਦਰ ਡੇਢ ਫੀਸਦ ਰਹੀ ਹੈ।"
1100 ਦੇ ਕਰੀਬ ਕੋਰੋਨਾ ਲਾਗ ਦੇ ਨਵੇਂ ਮਾਮਲੇ ਆਏ ਹਨ। ਹਸਪਤਾਲਾਂ ਦੇ ਅੰਦਰ ਵੀ ਹੁਣ ਬੈੱਡ ਦੀ ਘਾਟ ਨਹੀਂ ਹੈ। ਹਰ ਤਰ੍ਹਾਂ ਦੇ ਬੈੱਡ ਖਾਲ੍ਹੀ ਹਨ।"
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਹੈ, "ਹੁਣ ਵੇਲਾ ਅਨਲੌਕ ਕਰਨ ਦਾ ਹੈ। ਅਸੀਂ ਇੱਕ ਪਾਸੇ ਕੋਰੋਨਾ ਨੂੰ ਵੀ ਕੰਟ੍ਰੋਲ ਕਰਾਂਗੇ ਅਤੇ ਦੂਜੇ ਪਾਸੇ ਆਰਥਿਕ ਗਤੀਵਿਧੀਆਂ ਵੀ ਸ਼ੁਰੂ ਕਰਾਂਗੇ। ਸੋਮਵਾਰ ਸਵੇਰੇ 5 ਵਜੇ ਤੱਕ ਲੌਕਡਾਊ ਹੈ।"
"ਅੱਜ ਐੱਲ ਜੀ ਸਾਬ੍ਹ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਦੌਰਾਨ ਲੌਕਡਾਊ ਖੋਲ੍ਹਣ ਲਈ ਕੁਝ ਫ਼ੈਸਲੇ ਲਏ ਗਏ ਹਨ। ਬੜੀ ਮੁਸ਼ਕਲ ਨਾਲ ਕੋਰੋਨਾ ਕਾਬੂ ਵਿੱਚ ਆਇਆ ਹੈ। ਅਸੀਂ ਹੌਲੀ-ਹੌਲੀ ਲੌਕਡਾਊਨ ਖੋਲ੍ਹਣ ਜਾ ਰਹੇ ਹਾਂ।"
"ਅਸੀਂ ਦਿਹਾੜੀ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਪਹਿਲ ਦੇਵਾਂਗੇ। ਕੰਸਟ੍ਰਕਸ਼ਨ ਅਤੇ ਫੈਕਟਰੀ ਦੇ ਕੰਮ ਨੂੰ ਸੋਮਵਾਰ ਸਵੇਰ ਤੋਂ ਖੋਲ੍ਹਿਆ ਜਾ ਰਿਹਾ ਹੈ। ਅਗਲੇ ਇੱਕ ਹਫ਼ਤੇ ਲਈ ਉਨ੍ਹਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਅਸੀਂ ਇਸ ਨੂੰ ਲੈ ਕੇ ਅਹਿਤੀਆਤ ਵੀ ਜਾਰੀ ਕਰਾਂਗੇ।"
"ਇਸ ਦੀਆਂ ਸ਼ਰਤਾਂ ਇਹ ਹਨ ਕਿ ਕੋਰੋਨਾ ਦੇ ਨਵੇਂ ਮਾਮਲੇ ਨਹੀਂ ਵਧਣੇ ਚਾਹੀਦੇ। ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਦਾ ਪਾਲਣ ਜ਼ਰੂਰ ਕਰਨਾ ਹੈ। ਕੋਰੋਨਾ ਫਿਰ ਤੋਂ ਵਧਣ ਲੱਗੇਗਾ ਤਾਂ ਲੌਕਡਾਊਨ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।"
ਕੋਰੋਨਾਵਾਇਰਸ ਦੀ ਉਤਪਤੀ ਅਮਰੀਕਾ,ਚੀਨ ਤੋਂ ਬਾਅਦ ਭਾਰਤ ਨੇ ਕੀ ਕਿਹਾ
ਕੋਰੋਨਾਵਾਇਰਸ ਦੇ ਉਤਪਤੀ ਸਥਾਨ ਦੀ ਜਾਂਚ ਕਰਵਾਉਣ ਦੀ ਅਮਰੀਕੀ ਜ਼ਿੱਦ ਤੋਂ ਚੀਨ ਰੋਹ ਵਿੱਚ ਹੈ। ਦੂਜੇ ਪਾਸੇ ਹੁਣ ਅਮਰੀਕਾ ਦੇ ਨਾਲ-ਨਾਲ ਭਾਰਤ ਨੇ ਵੀ ਇਸ ਬਾਰੇ ਜਾਂਚ ਦੀ ਗੱਲ ਚੁੱਕੀ ਹੈ।
ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀ ਜਾਂਚ ਏਜੰਸੀਆਂ ਨੂੰ ਕੋਰੋਨਾਵਾਇਰਸ ਦੇ ਉਤਪਤੀ ਸਥਾਨ ਬਾਰੇ ਜਾਂਚ ਇੱਕ ਤੈਅ ਸਮੇਂ ਵਿੱਚ ਪੂਰੀ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਜਾਂਚ ਦੀ ਰਿਪੋਰਟ ਜਨਤਕ ਕਰਨਗੇ।
ਉਨ੍ਹਾਂ ਤੋਂ ਪਹਿਲੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਕੋਰੋਨਾਵਾਇਰਸ ਨੂੰ "ਚੀਨੀ ਵਾਇਰਸ","ਵੂਹਾਨ ਵਾਇਰਸ" ਆਦਿ ਕਹਿੰਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਨਾਲ ਅਮਰੀਕਾ ਤੇ ਚੀਨ ਦੇ ਸਬੰਧ ਜੋ ਕਿ ਕਾਰੋਬਾਰੀ-ਯੁੱਧ ਕਾਰਨ ਪਹਿਲਾਂ ਹੀ ਬਹੁਤੇ ਵਧੀਆ ਨਹੀਂ ਸਨ, ਉਨ੍ਹਾਂ ਵਿੱਚ ਤਲਖ਼ੀ ਹੋਰ ਵੀ ਵਧ ਗਈ ਸੀ।
ਚੀਨ ਦੇ ਵਿਦੇਸ਼ ਮੰਤਰਾਲਾ ਨੇ ਅਮਰੀਕਾ ਉੱਪਰ "ਸਿਆਸੀ ਹੱਥਫੇਰੀ ਅਤੇ ਇਲਜ਼ਾਮ ਮੜ੍ਹਨ" ਦੇ ਇਲਜ਼ਾਮ ਲਾਏ ਹਨ। ਚੀਨ ਨੇ ਕੋਰੋਨਾਵਾਇਰਸ ਦੇ ਕਿਸੇ ਵੀ ਚੀਨੀ ਖੋਜ ਪ੍ਰਯੋਗਸ਼ਾਲਾ ਨਾਲ ਸੰਬੰਧ ਹੋਣ ਤੋਂ ਆਪਣੇ ਇਨਕਾਰ ਦੇ ਸਟੈਂਡ ਨੂੰ ਦੁਹਰਾਇਆ ਹੈ।
ਕੋਵਿਡ-19 ਦਾ ਪਹਿਲੀ ਵਾਰ ਪਤਾ ਚੀਨ ਦੇ ਵੂਹਾਨ ਸ਼ਹਿਰ ਵਿੱਚ ਲੱਗਿਆ ਸੀ। ਉਸ ਤੋਂ ਬਾਅਦ 186 ਮਿਲੀਅਨ ਲੋਕ ਇਸ ਨਾਲ ਬੀਮਾਰ ਹੋ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿੱਚ 35 ਲੱਖ ਮੌਤਾਂ ਹੋ ਚੁੱਕੀਆਂ ਹਨ।
ਭਾਰਤ ਦਾ ਕੀ ਪੱਖ ਹੈ?
ਹੁਣ ਭਾਰਤ ਨੇ ਵੀ ਇਸ ਮਾਮਲੇ ਵਿੱਚ ਆਪਣੀ ਰਾਇ ਰੱਖੀ ਹੈ। ਭਾਰਤੀ ਵਿਦੇਸ਼ ਮੰਤਰਾਸਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ,"ਵਿਸ਼ਵ ਸਿਹਤ ਸੰਗਠਨ ਦੀ ਕੋਵਿਡ-19 ਦੀ ਉਤਪਤੀ ਬਾਰੇ ਜਾਂਚ ਦਾ ਅਧਿਐਨ ਇੱਕ ਅਹਿਮ ਮੁੱਦਾ ਹੈ। ਇਸ ਮਾਮਲੇ ਵਨਿੱਤ ਅਗਲੇ ਪੜਾਅ ਦੀ ਜਾਂਚ ਦੀ ਲੋੜ ਹੈ ਤਾਂ ਜੋ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇ। ਇਸ ਜਾਂਚ ਅਤੇ ਅਧਿਐਨ ਦੇ ਲਈ ਵਿਸ਼ਵ ਸਿਹਤ ਸੰਗਠਨ ਨੂੰ ਸਾਰੀ ਮਦਦ ਮਿਲਣੀ ਚਾਹੀਦੀ ਹੈ।"
24 ਮਈ ਨੂੰ ਭਾਜਪਾ ਦੇ ਜਨਰਲ ਸੈਕਟਰੀ ਕੈਲਾਸ਼ ਵਿਜੇਵਰਗੀਆ ਨੇ ਕਿਹਾ ਸੀ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਪਿੱਛੇ ਚੀਨ ਹੋ ਸਕਦਾ ਹੈ, ਇਸ ਲਈ ਸਾਰੇ ਭਾਰਤੀਆਂ ਨੂੰ ਇਕਜੁਟ ਰਹਿਣਾ ਚਾਹੀਦਾ ਹੈ।
ਇੰਦੌਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ਸੀ,"ਇਸ ਬਾਰੇ ਬਹਿਸ ਹੋ ਰਹੀ ਹੈ ਕਿ ਕੋਰੋਨਾ ਦੀ ਲਹਿਰ ਕੁਦਰਤੀ ਹੈ ਜਾਂ ਕਿਸੇ ਨੇ ਜਾਣ-ਬੁੱਝ ਕੇ ਫੈਲਾਈ ਹੈ। ਜੇ ਦੁਨੀਆਂ ਵਿੱਚ ਕੋਈ ਚੀਨ ਨੂੰ ਚੁਣੌਤੀ ਦੇ ਰਿਹਾ ਹੈ ਤਾਂ ਉਹ ਮੋਦੀ ਜੀ ਹਨ। ਕੀ ਚੀਨ ਇਸੇ ਦਾ ਜਵਾਬ ਦੇ ਰਿਹਾ ਹੈ? ਮੇਰਾ ਮੰਨਣਾ ਹੈ ਕਿ ਇਹ ਚੀਨ ਦਾ ਵਾਇਰਸ ਹੈ ਕਿਉਂਕਿ ਕੋਰੋਨਾ ਨਾਲ ਤਾਂ ਭੂਟਾਨ ਵਿੱਚ ਅਤੇ ਨਾ ਹੀ ਪਾਕਿਸਤਾਨ ਵਿੱਚ ਇਸ ਤਰ੍ਹਾਂ ਆਇਆ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪ੍ਰਿਅੰਕਾ ਗਾਂਧੀ ਨੇ ਕੇਂਦਰ ਨੂੰ ਕੀਤੀ ਇਹ ਅਪੀਲ
ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਨਾਲ ਲੜਾਈ ਦੌਰਾਨ ਜਿੰਦਗੀ ਬਚਾਉਣ ਵਾਲੀਆਂ ਸਾਰੀਆਂ ਦਵਾਈਆਂ ਅਤੇ ਉਪਕਰਣਾਂ ਤੋਂ ਜੀਐੱਸਟੀ ਹਟਾ ਦੇਵੇ।
ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਇਸ ਤਰ੍ਹਾਂ ਟੈਕਸ ਦੀ ਵਸੂਲੀ ਕਰਨਾ "ਕਰੂਰਤਾ" ਹੈ।
ਭਾਰਤ ਵਿੱਚ 20 ਜਣਿਆਂ ਨੂੰ ਇੰਝ ਲੱਗੇ ਕੋਵਿਡ ਦੇ ਵੱਖੋ-ਵੱਖ ਟੀਕੇ
ਉੱਤਰ ਪ੍ਰਦੇਸ਼ ਵਿੱਚ ਵੀ ਲਾਭਪਾਤਰੀਆਂ ਨੂੰ ਕੋਰੋਨਾਵਾਇਰਸ ਦੇ ਟੀਕਿਆਂ ਦੀਆਂ ਵੱਖੋ-ਵੱਖ ਖੁਰਾਕਾਂ ਲੱਗਣ ਦੀ ਘਟਨਾ ਸਾਹਮਣੇ ਆਈ ਹੈ।
ਹੋਇਆ ਇਸ ਤਰ੍ਹਾਂ ਕਿ ਇਨ੍ਹਾਂ ਲੋਕਾਂ ਨੂੰ ਅਪ੍ਰੈਲ ਦੇ ਸ਼ੁਰੂ ਵਿੱਚ ਐਸਟਰਾਜ਼ੈਨਿਕਾ ਵੱਲੋਂ ਵਿਕਸਿਤ ਕੋਵੀਸ਼ੀਲਡ ਦੇ ਟੀਕੇ ਲਗਾਏ ਗਏ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਖ਼ੁਰਾਕ ਵਜੋਂ ਉਨ੍ਹਾਂ ਨੂੰ ਭਾਰਤ ਦੀ ਦੇਸੀ ਵੈਕਸੀਨ ਕੋਵੈਕਸੀਨ ਲਗਾ ਦਿੱਤੀ ਗਈ।
ਭਾਰਤ ਵਿੱਚ ਹਾਲੇ ਕੋਰੋਨਾਵਾਇਰਸ ਦੇ ਦੋ ਟੀਕੇ ਇੱਕ ਦੂਜੇ ਨਾਲ ਮਿਲਾ ਕੇ ਲਗਾਉਣ ਦੀ ਇਜਾਜ਼ਤ ਨਹੀਂ ਹੈ। ਹਾਲੇ ਇਸ ਬਾਰੇ ਅਧਿਐਨ ਜਾਰੀ ਹਨ ਕਿ ਕੋਰੋਨਾਵਾਇਰਸ ਦੇ ਕਿਹੜੇ ਟੀਕਿਆਂ ਨੂੰ ਸੁਰੱਖਿਅਤ ਰੂਪ ਵਿੱਚ ਮਿਲਾ ਕੇ ਲਾਇਆ ਜਾ ਸਕਦਾ ਹੈ।
ਸਿਧਾਰਥਨਗਰ ਵਿੱਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਵੀਹ ਲੋਕਾਂ ਨੂੰ ਇੱਕ ਤੋਂ ਬਾਅਦ ਦੂਜਾ ਟੀਕਾ ਲੱਗਿਆ ਸੀ, ਉਨ੍ਹਾਂ ਦੀ ਸਿਹਤ ਠੀਕ ਹੈ।
ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਧਾਰਥ ਨਗਰ ਦੇ ਸੀਐੱਮਓ ਸੰਦੀਪ ਚੌਧਰੀ ਨੇ ਐੱਨਡੀਟੀਵੀ ਨੂੰ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਬਾਰੇ ਜਾਂਚ ਰਿਪੋਰਟ ਮੰਗੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਅਹਿਦ ਕੀਤਾ।
ਇਹ ਵੀ ਪੜ੍ਹੋ: