ਕੋਰੋਨਾਵਾਇਰਸ: WHO ਦੇ ਮਾਹਰ ਦੁਨੀਆਂ ਨੂੰ ਕਿਉਂ ਅਪੀਲ ਕਰ ਰਹੇ ਹਨ,‘ਟੀਕੇ ਦੀ ਵਰਤੋਂ ਮਹਾਮਾਰੀ ਰੋਕਣ ਲਈ ਨਾ ਕਰੋ’ -ਪ੍ਰੈੱਸ ਰਿਵੀਊ

ਵਿਸ਼ਵ ਸਿਹਤ ਸੰਗਠਨ ਦੇ ਇੱਕ ਸਿਰਮੌਰ ਮਾਹਰ ਨੇ ਦੁਨੀਆਂ ਦੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਟੀਕੇ ਦੀ ਵਰਤੋਂ ਮੌਤਾਂ ਘਟਾਉਣ ਲਈ ਕੀਤੀ ਜਾਵੇ ਨਾ ਕਿ ਵਾਇਰਸ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੋਵਿਡ ਬਾਰੇ ਸੰਗਠਨ ਦੇ ਡਾਇਰੈਕਟਰ ਜਨਰਲ ਵੱਲੋਂ ਨਿਯੁਕਤ ਕੀਤੇ ਗਏ ਖ਼ਾਸ ਦੂਤਾਂ ਵਿੱਚੋਂ ਇੱਕ ਡੇਵਿਡ ਨਬਾਰੋ ਨੇ ਕਿਹਾ ਕਿ ਵਾਇਰਸ ਨੂੰ ਰੋਕਣ ਦਾ ਪੁਰਾਣਾ ਤਰੀਕਾ- ਜਲਦੀ ਪਤਾ ਕਰਨਾ, ਸਮੇਂ ਸਿਰ ਅਲਹਿਦਾ ਕਰਨਾ, ਅਤੇ ਕਾਰਗਰ ਤਰੀਕੇ ਨਾਲ ਕੀਤੀ ਗਈ ਕੰਟੈਕਟ-ਟਰੇਸਿੰਗ ਹਾਲੇ ਵੀ ਲਾਗ ਫ਼ੈਲਣ ਤੋਂ ਰੋਕਣ ਦੇ ਸਭ ਤੋਂ ਕਾਰਗਰ ਢੰਗ ਹਨ।

"ਅਸੀਂ ਇਸ ਮਹਾਮਾਰੀ ਵਿੱਚੋਂ ਇੱਕ ਦੂਜੇ ਨੂੰ ਟੀਕੇ ਲਾ ਕੇ ਨਹੀਂ ਨਿਕਲ ਸਕਾਂਗੇ ਜਿਸ ਕਿਸੇ ਨੂੰ ਖ਼ਤਰਾ ਹੈ, ਉਸ ਨੂੰ ਟੀਕਾ ਲੱਗਣਾ ਚਾਹੀਦਾ ਹੈ। (ਪਰ) ਟੀਕੇ ਦੀ ਮਹਾਮਾਰੀ ਨੂੰ ਰੋਕਣ ਦੇ ਪ੍ਰਾਈਮਰੀ ਜ਼ਰੀਏ ਵਜੋਂ ਵਰਤੋਂ ਦਾ ਮਤਲਬ ਹੋਵੇਗਾ ਕਿ ਦੇਸ਼ ਆਪਣੇ ਲੋਕਾਂ ਨੂੰ ਲੋੜ ਤੋਂ ਜ਼ਿਆਦਾ ਟੀਕੇ ਲਗਾ ਦੇਣਗੇ। ਜਦਕਿ ਟੀਕਾ ਵਰਤਣ ਦਾ ਇਹ ਤਰੀਕਾ ਨਹੀਂ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਉਹ ਮਰੀਜ਼ ਜਿਨ੍ਹਾਂ ਨੂੰ ਪਹਿਲਾਂ ਤੋਂ ਅਜਿਹੀਆਂ ਬੀਮਾਰੀਆਂ ਹਨ ਜੋ ਲਾਗ ਨਾਲ ਨਹੀਂ ਫ਼ੈਲਦੀਆਂ (NCD,ਜਿਵੇਂ- ਸ਼ੂਗਰ, ਹਾਈਬਲੱਡ ਪ੍ਰੈਸ਼ਰ ਆਦਿ) ਨੂੰ ਕੋਵਿਡ ਵੱਲੋਂ ਘੇਰੇ ਜਾ ਰਹੇ ਸਨ ਅਤੇ ਉਨ੍ਹਾਂ ਦੇ ਗੰਭੀਰ ਰੂਪ ਵਿੱਚ ਬੀਮਾਰ ਪੈਣ ਦੀ ਅਤੇ ਮਾਰੇ ਜਾਣ ਸੀ ਸੰਭਾਵਨਾ ਜ਼ਿਆਦਾ ਹੈ।

“ਦੁਨੀਆਂ ਵਜੋਂ ਅਸੀਂ ਦੁੱਖ ਅਤੇ ਮੌਤ ਨੂੰ ਰੋਕ ਨਹੀਂ ਸਕਦੇ। ਵੈਕਸੀਨ ਉੱਚ-ਖ਼ਤਰੇ ਵਾਲੇ ਲੋਕਾਂ ਵਿੱਚ ਮੌਤ ਰੋਕਦੀ ਹੈ, ਖ਼ਾਸ ਕਰਕੇ NCD ਵਾਲਿਆਂ ਵਿੱਚ। ਸਾਨੂੰ ਟੀਕੇ ਵਿੱਚ ਪਹਿਲ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਮੌਤ ਦਾ ਖ਼ਤਰਾ ਹੈ। (ਅਤੇ) ਮਹਾਮਾਰੀ ਨਾਲ ਰੋਕਣ ਦੀ ਪ੍ਰਕਿਰਿਆ ਬੁਨਿਆਦੀ ਲਾਗ ਨੂੰ ਰੋਕਣ ਦੀਆਂ ਪ੍ਰਕਿਰਿਆਵਾਂ ਦੇ ਦੁਆਲੇ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।"

‘ਮਹਾਮਾਰੀ ਦੀ ਦੂਜੀ ਲਹਿਰ ਦੌਰਾਨ 577 ਬੱਚੇ ਅਨਾਥ ਹੋਏ’

ਕੇਂਦਰੀ ਮਹਿਲਾ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਭਾਰਤ ਵਿੱਚ ਦੂਜੀ ਲਹਿਰ ਵਿੱਚ 577 ਬੱਚੇ ਅਨਾਥ ਹੋਏ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਬੀਤੇ 55 ਦਿਨਾਂ ਵਿੱਚ ਆਪਣੇ ਮਾਪਿਆਂ ਨੂੰ ਗੁਆਇਆ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਮੰਤਰਾਲੇ ਨੇ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਬੱਚਿਆਂ ਨੂੰ ਗੋਦ ਲੈਣ ਲਈ ਕਈ ਮੈਸੇਜ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਬਾਰੇ ਮੰਤਰਾਲੇ ਵੱਲੋਂ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਸਮ੍ਰਿਤ ਇਰਾਨੀ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਸਰਕਾਰ ਇਨ੍ਹਾਂ ਬੱਚਿਆਂ ਦੀ ਸਾਂਭ-ਸੰਭਾਲ ਲਈ ਪੂਰੇ ਤਰੀਕੇ ਨਾਲ ਵਚਨਬਧ ਹੈ।

ਨਸਲੀ ਟਿੱਪਣੀਆਂ ਦੇ ਇਲਜ਼ਾਮ ’ਚ ਲੁਧਿਆਣੇ ਦਾ ਯੂਟਿਊਬਰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਲੁਧਿਆਣਾ ਦੇ 21 ਸਾਲਾ ਯੂਟਿਊਬਰ ਪਾਰਸ ਸਿੰਘ ਨੂੰ ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਦੇ ਇੱਕ ਕਾਂਗਰਸੀ ਵਿਧਾਇਕ ਬਾਰੇ ਨਸਲੀ ਟਿੱਪਣੀਆਂ ਕਰਨ ਅਤੇ ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਇਲਜ਼ਾਮਾਂ ਤਹਿਤ ਹਿਰਾਸਤ ਵਿੱਚ ਲਿਆ ਹੈ।

ਇੰਡੀਅਨ ਐਕਸਪ੍ਰੈਸ ਨੇ ਲੁਧਿਆਣਾ ਪੁਲਿਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਰਸ ਦੇ ਦੋ ਯੂਟਿਊਬ ਚੈਨਲ ਹਨ, ਪਾਰਸ ਔਫ਼ੀਸ਼ੀਅਲ (4.60 ਲੱਖ ਫੌਲੋਅਰ), ਅਤੇ ਟੈਕ-ਗੁਰੂ ਹਿੰਦੀ (5.30 ਲੱਖ ਫੌਲੋਅਰ), ਪਾਰਸ ਵੱਲੋਂ ਯੂਟਿਊਬ ਤੇ ਪਾਈ ਜਾਣ ਵਾਲੀ ਜ਼ਿਆਦਾਤਰ ਸਮਗੱਰੀ ਪਬਜੀ ਗੇਮ ਨਾਲ ਸੰਬੰਧਿਤ ਹੈ।

ਪਾਰਸ ਖ਼ਿਲਾਫ਼ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਕੇਸ ਰਜਿਸਟਰ ਹੋਇਆ ਹੈ। ਇਲਜ਼ਾਮ ਹਨ ਕਿ ਉਸ ਨੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੇਂਣਦਰੀ ਮੰਤਰੀ ਨਿਓਂਗ ਐਰਿੰਗ ਬਾਰੇ ਬਾਰੇ ਨਸਲੀ ਟਿੱਪਣੀਆਂ ਕਰਨ ਅਤੇ ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ ਖ਼ਿਲਾਫ਼ ਨਫ਼ਰਤ ਫੈਲਾਈ।

ਪਾਰਸ ਖ਼ਿਲਾਫ਼ ਈਟਾਨਗਰ ਦੀ ਇੱਕ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਅਰੁਣਾਚਲ ਪ੍ਰਦੇਸ਼ ਦੇ ਡੀਜੀਪੀ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਲੁਧਿਆਣਾ ਪਹੁੰਚ ਗਈ ਹੈ ਅਤੇ ਸੰਭਾਵੀ ਤੌਰ ’ਤੇ ਪਾਰਸ ਨੂੰ ਆਪਣੇ ਨਾਲ ਲੈ ਆਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ ਸਰਕਾਰ ਨੇ ਵੈਕਸੀਨ ਸਰਟੀਫਿਕੇਟ ਤੋਂ ਮੋਦੀ ਦੀ ਫੋਟੇ ਹਟਾਈ

ਪੰਜਾਬ ਵੈਕਸੀਨ ਦੀ ਕਮੀ ਨਾਲ ਜੂਝ ਰਿਹਾ ਹੈ। ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਇਹ ਕਹੇ ਜਾਣ ਤੇ ਕੇ ਕਿ ਸੂਬੇ ਆਪੋ-ਆਪਣੀ ਵੈਕਸੀਨ ਦਾ ਇੰਤਜ਼ਾਮ ਕਰਨ, ਗ਼ਰੀਬ ਦੇਸ਼ਾਂ ਨੂੰ ਕੋਵਿਡ ਵੈਕਸੀਨ ਮੁਹੱਈਆ ਕਰਵਾਉਣ ਵਾਲੇ ਸੰਗਠਨ ਕੋਲ, ਉਸ ਤੋਂ ਬਾਅਦ ਦਵਾਈ ਨਿਰਮਾਤਾ ਕੰਪਨੀਆਂ ਫਾਈਜ਼ਰ ਅਤੇ ਮੌਡਰਨਾ ਕੋਲ ਵੈਕਸੀਨ ਹਾਸਲ ਕਰਨ ਲਈ ਪਹੁੰਚ ਕਰ ਚੁੱਕਿਆ ਹੈ। ਇਨ੍ਹਾਂ ਤਿੰਨਾਂ ਥਾਵਾਂ ਤੋਂ ਪੰਜਾਬ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ।

ਪਿਛਲੇ ਸਮੇਂ ਤੋਂ ਪੰਜਾਬ ਦੇ ਕਈ ਸਿਆਸੀ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਚੁੱਕੇ ਹਨ ਕਿ ਪੰਜਾਬ ਨੂੰ ਪਾਕਿਸਤਾਨ ਤੋਂ ਆਕਸੀਜ਼ਨ ਮੰਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਲਾਹੌਰ ਜਿੱਥੇ ਪਾਰਕਿਸਤਾਨ ਦੀਆਂ ਆਕਸੀਜ਼ਨ ਫੈਕਟਰੀਆਂ ਹਨ ਅੰਮ੍ਰਿਤਸਰ ਤੋਂ ਥੋੜ੍ਹੀ ਹੀ ਦੂਰ ਹੈ ਪਰ ਕੇਂਦਰ ਸਰਕਾਰ ਸੂਬੇ ਨੂੰ ਇਸ ਤੋਂ ਵਰਜ ਚੁੱਕੀ ਹੈ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਇਸ ਸਭ ਵਿਚਾਲੇ ਪੰਜਾਬ ਸਰਕਾਰ ਨੇ 18-44 ਸਾਲ ਉਮਰ ਵਰਗ ਦੇ ਕੋਰੋਨਾਵਾਇਰਸ ਦਾ ਟੀਕਾ ਲਗਾਵਾਉਣ ਵਾਲਿਆਂ ਨੂੰ ਦਿੱਤੇ ਜਾਣ ਵਾਲੇ ਸਰਟੀਫਿਕੇਟਾਂ ਨੂੰ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਉੱਪਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹਟਾ ਦਿੱਤੀ ਹੈ।

ਅਖ਼ਬਾਰ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਉਸ ਕੋਲ ਪੁਸ਼ਟੀ ਕੀਤੀ ਹੈ ਕਿ ਇਸ ਉਮਰ ਵਰਗ ਲਈ ਵੈਕਸੀਨ ਪੰਜਾਬ ਸਰਕਾਰ ਨੇ ਸਿੱਧੀ ਸਪਲਾਇਰ ਤੋਂ ਖ਼ਰੀਦੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਝਾਰਖੰਡ ਅਤੇ ਛਤੀਸਗੜ੍ਹ ਸੂਬੇ ਪਹਿਲਾਂ ਹੀ ਇਨ੍ਹਾਂ ਸਰਟੀਫਿਕੇਟਾਂ ਉੱਪਰੋਂ ਪੀਐੱਮ ਦੀ ਤਸਵੀਰ ਹਟਾ ਕੇ ਆਪੋ-ਆਪਣੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਲਗਾ ਚੁੱਕੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)