You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਪੀੜਤਾਂ ਨੂੰ 'ਫ਼ਤਿਹ ਕਿੱਟ' ਦੇਣ ਗਈਆਂ ਆਸ਼ਾ ਵਰਕਰ ਜਦੋਂ ਖ਼ੁਦ ਨਿਕਲੀਆਂ ਕੋਰੋਨਾ ਪੌਜ਼ੀਟਿਵ
- ਲੇਖਕ, ਸਰਬਜੀਤ ਸਿੰਘ ਧਾਲੀਵਾਲ ਅਤੇ ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਭੂੰਦੜ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵਧੀ ਗਿਣਤੀ ਨੂੰ ਲੈ ਕੇ ਚਰਚਾ ਵਿੱਚ ਹੈ। ਸਿਹਤ ਵਿਭਾਗ ਮੁਤਾਬਕ ਇਸ ਪਿੰਡ ਵਿੱਚ ਇਸ ਵੇਲੇ 192 ਲੋਕ ਕੋਰੋਨਾਵਾਇਰਸ ਦੇ ਲੱਛਣਾਂ ਤੋਂ ਪ੍ਰਭਾਵਿਤ ਹਨ।
ਅਸਲ ਵਿੱਚ ਇਹ ਪਿੰਡ ਉਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਜਦੋਂ ਕਮਿਊਨਿਟੀ ਹੈਲਥ ਸੈਂਟਰ ਬਲਾਕ ਦੋਦਾ ਦੀਆਂ ਤਿੰਨ ਆਸ਼ਾ ਵਰਕਰਜ਼ ਪਿੰਡ ਵਿੱਚ 'ਫ਼ਤਹਿ ਕਿੱਟਾਂ' ਦੇ ਕੇ ਵਾਪਸ ਪਰਤੀਆਂ।
ਜੋ ਕਿ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ।
ਫਤਿਹ ਕਿੱਟ ਵਿੱਚ ਹੁੰਦਾ ਕੀ ਹੈ
ਪੰਜਾਬ ਸਰਕਾਰ ਵੱਲੋਂ ਕੋਰੋਨਾ ਪੀੜਤਾ ਨੂੰ ਇੱਕ ਕਿੱਟ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਵਿੱਚ ਔਕਸੀ ਮੀਟਰ, ਥਰਮਾਮੀਟਰ, ਮਾਸਕ, ਦਸਤਾਨੇ ਅਤੇ ਵਿਟਾਮਿਨ ਤੋਂ ਇਲਾਵਾ ਕੁਝ ਹੋਰ ਦਵਾਈਆਂ ਹੁੰਦੀਆਂ ਹਨ।
ਇਸੇ ਦੀ ਡਿਲਵਰੀ ਆਸ਼ਾ ਵਰਕਰਾਂ ਵੱਲੋਂ ਕੋਰੋਨਾ ਪੀੜਤਾਂ ਨੂੰ ਪਿੰਡ-ਪਿੰਡ ਕੀਤੀ ਜਾ ਰਹੀ ਹੈ
ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਕਿ ਇਨ੍ਹਾਂ ਆਸ਼ਾ ਵਰਕਰਾਂ ਦਾ ਖੁਦ ਦਾ ਕੋਵਿਡ-19 ਟੈਸਟ ਪੌਜ਼ੀਟਿਵ ਹੈ ਤਾਂ ਸਿਹਤ ਵਿਭਾਗ ਨੂੰ 'ਹੱਥਾਂ-ਪੈਰਾਂ' ਦੀ ਪੈ ਗਈ।
ਇਹ ਵੀ ਪੜ੍ਹੋ:
ਸਵਾਲ ਇਹ ਉੱਠਦਾ ਹੈ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਨ੍ਹਾਂ ਆਸ਼ਾ ਵਰਕਰਾਂ ਨੂੰ ਡਿਊਟੀ 'ਤੇ ਕਿਵੇਂ ਤੈਨਾਤ ਕੀਤਾ ਗਿਆ ਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ?
ਪਿੰਡ ਭੂੰਦੜ ਵਿੱਚ ਕਈ ਲੋਕਾਂ ਨੂੰ ਲਗਾਤਾਰ ਬੁਖਾਰ ਰਹਿਣ ਦੀ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੰਘੇ ਸੋਮਵਾਰ ਨੂੰ ਪਿੰਡ ਦੇ ਲੋਕਾਂ ਦੇ ਨਮੂਨੇ ਲਏ ਗਏ ਸਨ ਤੇ 178 ਜਣਿਆਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਬਾਅਦ ਵਿੱਚ ਲਏ ਗਏ 674 ਨਮੂਨਿਆਂ 'ਚੋਂ ਹੋਰ 14 ਜਣਿਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਬਲਾਕ ਦੋਦਾ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮੇਸ਼ ਕੁਮਾਰੀ ਕੰਬੋਜ ਨੇ ਦੱਸਿਆ ਕਿ ਪਿੰਡ ਭੂੰਦੜ ਵਿੱਚ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਮਰੱਥ ਹੈ।
ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਇਨ੍ਹਾਂ ਤਿੰਨਾਂ ਆਸ਼ਾ ਵਰਕਰਾਂ ਦੀ ਕੋਰੋਨਾ ਰਿਪੋਰਟ ਕੁਝ ਦਿਨ ਪਹਿਲਾ ਹੀ ਪੌਜ਼ੀਟਿਵ ਆ ਗਈ ਸੀ, ਪਰ ਇਸ ਦੇ ਬਾਵਜੂਦ ਸਟਾਫ਼ ਦੀ ਘਾਟ ਕਾਰਨ ਆਸ਼ਾ ਵਰਕਰਾਂ ਨੂੰ ਪਿੰਡ ਭੂੰਦੜ ਵਿੱਚ ਡਿਊਟੀ 'ਤੇ ਭੇਜ ਦਿੱਤਾ ਗਿਆ।
ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਕੋਰੋਨਾਵਾਇਰਸ ਤੋਂ ਪੀੜਤ ਆਸ਼ਾ ਵਰਕਰਾਂ ਨੂੰ ਪਿੰਡ ਭੂੰਦੜ ਵਿੱਚ 'ਫ਼ਤਹਿ ਕਿੱਟਾਂ' ਦੇਣ ਲਈ ਕਿਵੇਂ ਭੇਜਿਆ ਗਿਆ ਤਾਂ ਉਨ੍ਹਾਂ ਸਾਫ਼ ਸ਼ਬਦਾਂ 'ਚ ਕਿਹਾ ਕਿ ਸਿਹਤ ਵਿਭਾਗ ਦੇ ਫੈਲੇ-ਅਮਲੇ ਵਿੱਚੋਂ ਕਈ ਲੋਕਾਂ ਦੇ ਕੋਰੋਨਾ ਟੈਸਟ ਪੌਜ਼ੀਟਿਵ ਆਏ ਹਨ।
‘ਮਾਮਲਾ ਐਨਾ ਨਹੀਂ ਜਿੰਨਾ ਵਧਾ- ਚੜ੍ਹਾ ਕੇ ਦੱਸਿਆ ਜਾ ਰਿਹਾ’
"ਜਦੋਂ ਸਾਡੀਆਂ ਟੀਮਾਂ ਪਿੰਡ ਭੂੰਦੜ ਵਿੱਚ ਲੋਕਾਂ ਦੇ ਕੋਵਿਡ-19 ਦੇ ਨਮੂਨੇ ਲੈ ਰਹੀਆਂ ਸਨ ਤਾਂ ਸਟਾਫ਼ ਦੀ ਲੋੜ ਸੀ ਜਿਸ ਤਹਿਤ ਇਨ੍ਹਾਂ ਆਸ਼ਾ ਵਰਕਰਾਂ ਨੂੰ ਟੀਮਾਂ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਸੀ।
''ਦਰਅਸਲ, ਇਨ੍ਹਾਂ ਆਸ਼ਾ ਵਰਕਰਾਂ ਦੇ ਕੋਰੋਨਾਵਾਇਰਸ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਫਰੀਦਕੋਟ ਤੋਂ ਬਾਅਦ ਵਿੱਚ ਮਿਲੀ ਸੀ।"
ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਨ੍ਹਾਂ ਤਿੰਨੇ ਆਸ਼ਾ ਵਰਕਰਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ।
"ਸਾਡੀਆਂ ਟੀਮਾਂ ਪਿੰਡ ਭੂੰਦੜ ਦੇ ਪੌਜ਼ੀਟਿਵ ਹੋਏ ਮਰੀਜ਼ਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਤੇ ਮਰੀਜ਼ਾਂ ਦੇ ਛੇਤੀ ਠੀਕ ਹੋਣ ਦੀ ਉਮੀਦ ਹੈ। ਮੈਂ ਤਾਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਆਸ਼ਾ ਵਰਕਰਾਂ ਵਾਲੇ ਮਾਮਲੇ ਦੀ ਗੱਲ ਇੰਨੀ ਵੱਡੀ ਨਹੀਂ, ਜਿੰਨੀ ਵਧਾ-ਚੜ੍ਹਾ ਕੇ ਪੇਸ਼ ਕੀਤੀ ਜਾ ਰਹੀ ਹੈ। ਸਭ ਨਾਰਮਲ ਹੈ।''
ਪਿੰਡ ਭੂੰਦੜ ਦੇ ਵਸਨੀਕ ਸਹਿਮ ਵਿੱਚ ਹਨ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਆਸ਼ਾ ਵਰਕਰਾਂ ਨੇ ਇਸ ਪਿੰਡ ਵਿੱਚ ਕੋਰੋਨਾ ਪੀੜਤ 38 ਲੋਕਾਂ ਨੂੰ 'ਫ਼ਤਹਿ ਕਿੱਟਾਂ' ਵੰਡੀਆਂ ਸਨ।
ਮਾਮਲਾ ਸਾਹਮਣੇ ਆਉਣ ਮਗਰੋਂ ਜ਼ਿਲ੍ਹਾ ਮੁਕਤਸਰ ਦੇ ਕਈ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਸਿਆਸੀ ਲੋਕਾਂ ਨੇ ਪਿੰਡ ਭੂੰਦੜ ਦੇ ਲੋਕਾਂ ਨੂੰ ਵਿਸਵਾਸ਼ ਦਿਵਾਉਣ ਦਾ ਯਤਨ ਕੀਤਾ ਕਿ ਲੋਕਾਂ ਦੀ ਸਿਹਤ ਬਾਬਤ ਉਹ ਗੰਭੀਰ ਹਨ।
ਬਿਨਾਂ ਸ਼ੱਕ, ਪਿੰਡ ਭੂੰਦੜ ਤੋਂ ਇਲਾਵਾ ਨਾਲ ਲਗਦੇ ਇਲਾਕੇ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ।
ਬਠਿੰਡਾ ਦੇ ਸਮਾਜ ਸੇਵੀ ਰਾਜੇਸ਼ ਬਾਂਸਲ ਦਾ ਕਹਿਣਾ ਹੈ ਕਿ ਅਜਿਹੇ ਦੌਰ ਵਿੱਚ ਜਦੋਂ ਕੋਰੋਨਾ ਦੀ ਮਹਾਂਮਾਰੀ ਹਰ ਪਾਸੇ ਕਹਿਰ ਕਰ ਰਹੀ ਹੈ ਤੇ ਠੀਕ ਉਸ ਵੇਲੇ ਸਿਆਸੀ ਨੇਤਾਵਾਂ ਦੀਆਂ ਸਿਆਸੀ 'ਮਸ਼ਕਾਂ' ਖ਼ਤਰਨਾਕ ਹਨ।
"ਸਿਆਸੀ ਲੋਕ, ਵੋਟ ਰਾਜਨੀਤੀ ਅਧੀਨ ਇਕੱਠ ਕਰਕੇ ਆਪਣਾ ਵੋਟ ਬੈਂਕ ਪੱਕਾ ਕਰਨ 'ਚ ਰੁੱਝੇ ਹੋਏ ਹਨ ਤੇ ਦੂਜੇ ਪਾਸੇ ਸਿਹਤ ਵਿਭਾਗ ਦੇ ਕਾਮੇ ਕੋਰੋਨਾ ਦੀ ਮਹਾਂਮਾਰੀ ਨਾਲ ਦਿਨ-ਰਾਤ ਲੜਾਈ ਲੜ ਕੇ ਕੋਰੋਨਾਵਾਇਰਸ ਤੋਂ ਪੀੜਤ ਹੋ ਰਹੇ ਹਨ।''
''ਸ਼ਰਮ ਦੀ ਗੱਲ ਹੈ ਕਿ ਇਸ ਪਾਸੇ ਵੱਲ ਸਿਆਸੀ ਲੋਕਾਂ ਦਾ ਰੱਤੀ ਭਰ ਵੀ ਧਿਆਨ ਨਹੀਂ ਹੈ।"
ਪਰ ਇਸ ਘਟਨਾ ਨੇ ਪੰਜਾਬ ਵਿੱਚ ਇਸ ਸਮੇਂ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੀ ਸਥਿਤੀ ਉੱਤੇ ਧਿਆਨ ਜ਼ਰੂਰ ਖਿੱਚਿਆ ਹੈ ਕਿ ਉਹ ਕਿਸ ਤਰੀਕੇ ਅਤੇ ਕਿਹੜੇ ਹਾਲਤਾਂ ਵਿੱਚ ਕੰਮ ਕਰ ਰਹੀਆਂ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕੌਣ ਹਨ ਆਸ਼ਾ ਵਰਕਰ
ਆਸ਼ਾ ਵਰਕਰ ਪਿੰਡਾਂ ਵਿੱਚ ਭਾਰਤ ਸਰਕਾਰ ਦੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਅਧੀਨ ਕੰਮ ਕਰਦੀਆਂ ਹਨ।
ਭਾਰਤ ਸਰਕਾਰ ਦੇ ਨੇ ਜੋ ਨਿਯਮ ਬਣਾਏ ਹਨ ਉਸ ਦੇ ਮੁਤਾਬਕ ਇੱਕ ਹਜ਼ਾਰ ਦੀ ਆਬਾਦੀ ਪਿੱਛੇ ਇੱਕ ਆਸ਼ਾ ਵਰਕਰ ਹੋਵੇਗੀ।
ਮੁੱਢਲੇ ਤੌਰ ਉੱਤੇ ਆਸ਼ਾ ਵਰਕਰ ਪਿੰਡ ਦੀ ਮਹਿਲਾ ਨੂੰ ਚੁਣਿਆ ਜਾਂਦਾ ਹੈ ਅਤੇ ਭਾਰਤ ਸਰਕਾਰ ਨੇ ਇਸ ਦੇ ਲਈ ਉਮਰ ਹੱਦ 25 ਤੋਂ 45 ਸਾਲ ਰੱਖੀ ਹੈ।
ਇਸ ਤੋਂ ਇਲਾਵਾ ਕਮਿਊਨੀਕੇਸ਼ਨ ਅਤੇ ਲੀਡਰਸ਼ਿਪ ਕੁਆਲਿਟੀ ਨੂੰ ਆਸ਼ਾ ਵਰਕਰ ਦੀ ਚੋਣ ਲਈ ਬਣਾਏ ਗਏ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਪੜ੍ਹਾਈ ਲਈ ਇਨ੍ਹਾਂ ਦਾ ਘੱਟੋ-ਘੱਟ ਅੱਠਵੀਂ ਪਾਸ ਹੋਣਾ ਜ਼ਰੂਰੀ ਹੈ।
ਆਸ਼ਾ ਵਰਕਰਜ਼ ਦੀਆਂ ਜ਼ਿੰਮੇਵਾਰੀਆਂ
ਆਸ਼ਾ ਵਰਕਰ ਦਾ ਮੁੱਖ ਕੰਮ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਨਾਲ ਜੋੜਨਾ ਅਤੇ ਸਮਾਜਿਕ ਸਿਹਤ ਦੀ ਨਿਗਰਾਨੀ ਵਧਾਉਣਾ ਹੈ।
ਇਸ ਤੋਂ ਇਲਾਵਾ ਪਿੰਡ ਵਿੱਚ ਗਰਭਵਤੀ ਮਹਿਲਾਵਾਂ ਦੀ ਜਾਣਕਾਰੀ ਜ਼ਿਲ੍ਹਾ ਸਿਹਤ ਮਹਿਕਮਾ ਨੂੰ ਦੇਣੀ ਅਤੇ ਉਨ੍ਹਾਂ ਦੀ ਡਿਲਵਰੀ ਤੱਕ ਨਿਗਰਾਨੀ ਕਰਨੀ ਅਤੇ ਲੋੜ ਪੈਣ ਉੱਤੇ ਹਸਪਤਾਲ ਤੱਕ ਪਹੁੰਚਾਉਣਾ ਹੈ।
ਬੱਚਿਆ ਦਾ ਟੀਕਾਕਰਨ ਕਰਵਾਉਣ ਤੋਂ ਇਲਾਵਾ ਸਿਹਤ ਅਤੇ ਸਫ਼ਾਈ ਸਬੰਧੀ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਕੈਂਪ ਦਾ ਪ੍ਰਬੰਧ ਕਰਨਾ ਵੀ ਇਨ੍ਹਾਂ ਦੇ ਕੰਮ ਵਿੱਚ ਮੁੱਖ ਤੌਰ ਉੱਤੇ ਸ਼ਾਮਲ ਹੈ।
ਪਰ ਹੁਣ ਕੋਰੋਨਾਵਾਇਰਸ ਦੇ ਫੈਲਣ ਨਾਲ ਇਨ੍ਹਾਂ ਦਾ ਕੰਮ ਹੋਰ ਵਧ ਗਿਆ ਹੈ।
ਪਿੰਡ ਵਿੱਚ ਕੋਰੋਨਾ ਦੇ ਲੱਛਣ ਵਾਲੇ ਵਿਅਕਤੀ ਬਾਰੇ ਸਿਹਤ ਮਹਿਕਮੇ ਦੀ ਟੀਮ ਨੂੰ ਜਾਣਕਾਰੀ ਦੇਣੀ, ਕੋਰੋਨਾ ਪੀੜਤਾਂ ਨੂੰ ਫ਼ਤਿਹ ਕਿੱਟ ਮੁਹੱਈਆ ਕਟਵਾਉਣੀ ਤੋਂ ਇਲਾਵਾ ਪਿੰਡ 'ਚ ਟੈਸਟਿੰਗ ਕੈਂਪ ਅਤੇ ਵੈਕਸੀਨ ਦੇ ਕੰਮ ਵਿੱਚ ਵੀ ਆਸ਼ਾ ਵਰਕਰ ਦੀ ਮਦਦ ਲਈ ਜਾ ਰਹੀ ਹੈ।
ਇਸ ਬਾਰੇ ਪੰਜਾਬ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰ ਯੂਨੀਅਨ ਦੀ ਪ੍ਰਧਾਨ ਪਰਮਜੀਤ ਕੌਰ ਮਾਨ ਆਖਦੀ ਹੈ ਕਿ ਮੌਜੂਦਾ ਸਮੇਂ ਵਿੱਚ ਆਸ਼ਾ ਵਰਕਰਜ਼ ਦਾ ਕੰਮ ਲਗਾਤਾਰ ਵਧਦਾ ਜਾ ਰਿਹਾ ਹੈ।
ਪਰਮਜੀਤ ਕੌਰ ਮਾਨ ਆਖਦੀ ਹੈ ਕਿ ਕੋਵਿਡ ਦਾ ਕੰਮ ਵਧਣ ਦੇ ਨਾਲ ਪਿੰਡਾਂ ਵਿੱਚ ਬੱਚਿਆ ਦੇ ਟੀਕਾਕਰਨ ਦਾ ਕੰਮ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਤਿਹ ਕਿੱਟਾਂ, ਕੋਰੋਨਾ ਟੈਸਟਿੰਗ ਦੀ ਸੈਂਪਲਿੰਗ ਕਰਵਾਉਣ ਦੇ ਕੰਮ ਵਿੱਚ ਆਸ਼ਾ ਵਰਕਰਜ਼ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਜ਼ ਲਗਾਤਾਰ ਔਖੀ ਸਥਿਤੀ ਵਿੱਚ ਕੰਮ ਕਰ ਰਹੀਆਂ ਹਨ ਪਰ ਇਨ੍ਹਾਂ ਦੇ ਸਿਹਤ ਅਤੇ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਕੰਮ ਦੇ ਬਦਲੇ ਤਨਖ਼ਾਹ ਦੀ ਥਾਂ ਭੱਤਾ
ਪੂਰੇ ਮੁਲਕ ਵਿੱਚ ਕਰੀਬ 9 ਲੱਖ ਅਤੇ ਪੰਜਾਬ 'ਚ ਕਰੀਬ 20,000 ਆਸ਼ਾ ਵਰਕਰਜ਼ ਹਨ।
ਇਨ੍ਹਾਂ ਦੀ ਜ਼ਿੰਮੇਵਾਰੀ ਨੂੰ ਦੇਖਿਆ ਜਾਵੇ ਤਾਂ 52 ਤਰ੍ਹਾਂ ਦੇ ਕੰਮ ਆਸ਼ਾ ਵਰਕਰਜ਼ ਦੇ ਹਿੱਸੇ ਆਉਂਦੇ ਹਨ।
ਇਨ੍ਹਾਂ ਨੂੰ ਬੱਝਵੀਂ ਤਨਖ਼ਾਹ ਨਹੀਂ ਮਿਲਦੀ ਸਗੋਂ ਹਰ ਕੰਮ ਦਾ ਭਾੜਾ ਮਿਲਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਮਿਲਣ ਵਾਲੇ ਭੱਤੇ ਤੋਂ ਇਲਾਵਾ 1500 ਰੁਪਏ ਕੋਵਿਡ ਭੱਤਾ ਵੀ ਆਸ਼ਾ ਵਰਕਰਜ਼ ਨੂੰ ਦਿੱਤਾ ਜਾ ਰਿਹਾ ਹੈ।
ਜੇਕਰ ਕੋਈ ਆਸ਼ਾ ਵਰਕਰ ਡਿਊਟੀ ਦੌਰਾਨ ਕੋਵਿਡ ਪੋਜ਼ੀਟਿਵ ਹੁੰਦੀ ਹੈ ਤਾਂ ਉਸ ਨੂੰ 10,000 ਹਜ਼ਾਰ ਰੁਪਏ ਭੱਤੇ ਦੇ ਤੌਰ ਉੱਤੇ ਦਿੱਤੇ ਜਾਂਦੇ ਹਨ।
ਕੇਂਦਰ ਸਰਕਾਰ ਦੇ 19 ਫਰਵਰੀ 2021 ਦੇ ਪੱਤਰ ਪੰਜਾਬ ਵਿੱਚ ਇਸ ਸਮੇਂ 19,841 ਆਸ਼ਾ ਵਰਕਰਜ਼ ਹਨ ਜਿਨ੍ਹਾਂ ਵਿੱਚੋਂ 19,764 ਕੋਵਿਡ ਦੇ ਕੰਮਾਂ ਲਈ ਵੀ ਡਿਊਟੀ ਕਰ ਰਹੀਆਂ ਹਨ।
ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੇ ਕੋਵਿਡ ਡਿਊਟੀ 'ਚ ਲੱਗੇ ਆਸ਼ਾ ਵਰਕਰਜ਼ ਨੂੰ ਮਾਸਕ, ਦਸਤਾਨੇ ਤੋਂ ਇਲਾਵਾ ਪੀਪੀਪੀ ਕਿੱਟਾਂ ਵੱਖਰੇ ਤੌਰ 'ਤੇ ਮੁਹੱਈਆ ਕਰਵਾਈਆਂ ਹੋਈਆਂ ਹਨ।
ਕੰਟੇਨਮੈਂਟ ਜ਼ੋਨ ਵਿੱਚ ਡਿਊਟੀ ਦੌਰਾਨ ਆਸ਼ਾ ਵਰਕਰਜ਼ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ।
ਦੂਜੇ ਪਾਸੇ ਮੋਗਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਆਖਦੀ ਹੈ ਕਿ ਉਨ੍ਹਾਂ ਦੀ ਡਿਊਟੀ ਇਸ ਸਮੇਂ 24 ਘੰਟੇ ਦੀ ਹੈ।
ਕਦੇ ਕਿਸੇ ਦੀ ਡਿਲਵਰੀ ਦੀ ਕਾਲ ਆ ਜਾਂਦੀ ਹੈ ਅਤੇ ਕਦੇ ਕੋਰੋਨਾ ਪੋਜ਼ੀਟਿਵ ਮਰੀਜ਼ ਦੀ, ਹਰ ਸਮੇਂ ਅਲਰਟ ਰਹਿਣਾ ਪੈਂਦਾ ਹੈ।
ਉਹ ਆਖਦੀ ਹੈ ਕਿ ਇਸ ਦੇ ਲਈ ਉਨ੍ਹਾਂ ਨੂੰ ਮਹੀਨੇ ਵਿੱਚ 3000 ਤੋਂ 3500 ਰੁਪਏ ਮਿਲਦੇ ਹਨ। ਕਮਲਪ੍ਰੀਤ ਦੱਸਦੀ ਹੈ ਕਿ ਦਿੱਕਤ ਤਾਂ ਬਹੁਤ ਆਉਂਦੀਆਂ ਹਨ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਪਰਿਵਾਰ ਪਾਲਣਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬੱਝਵੀਂ ਤਨਖ਼ਾਹ ਮਿਲੇ ਅਤੇ ਨਾਲ ਦੀ ਨਾਲ ਸਹੂਲਤਾਂ ਵੀ।
ਆਸ਼ਾ ਵਰਕਰਜ਼ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੇ ਕੰਮ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਯੂਨੀਵਰਸਿਟੀ ਦੇ ਪਬਲਿਕ ਹੈਲਥ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਨੋਜ ਕੁਮਾਰ ਨਾਲ ਗੱਲ ਕੀਤੀ।
ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵਿੱਚ ਆਸ਼ਾ ਵਰਕਰਜ਼ ਦਾ ਕੰਮ ਬਹੁਤ ਮਹੱਤਵਪੂਰਨ ਅਤੇ ਚੁਣੌਤੀ ਭਰਿਆ ਹੈ।
ਉਨ੍ਹਾਂ ਆਖਿਆ ਕਿ ਪਿੰਡਾਂ ਵਿੱਚ ਲੋਕਾਂ ਦੇ ਘਰ ਘਰ ਜਾ ਕੇ ਡਾਟਾ ਇਕੱਠਾ ਕਰਨ ਦਾ ਕੰਮ ਆਸ਼ਾ ਵਰਕਰਜ਼ ਇਸ ਔਖੇ ਮਾਹੌਲ 'ਚ ਕਰ ਰਹੀਆਂ ਹਨ।
''ਆਸ਼ਾ ਵਰਕਰਜ਼ ਇੱਕ ਤਰ੍ਹਾਂ ਨਾਲ ਸਰਕਾਰ ਦੀਆਂ ਅੱਖਾਂ ਹਨ ਕਿਉਂਕਿ ਜੋ ਜਾਣਕਾਰੀ ਉਨ੍ਹਾਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਦੇ ਆਧਾਰ ਉੱਤੇ ਹੀ ਸੂਚਨਾਵਾਂ ਅਤੇ ਅੰਕੜੇ ਤਿਆਰ ਹੁੰਦੇ ਹਨ ਇਸ ਕਰਕੇ ਇਹਨਾਂ ਦੀ ਡਿਊਟੀ ਵੀ ਵੱਧ ਗਈ ਹੈ।''
ਪ੍ਰੈਫੋਸਰ ਮਨੋਜ ਨੇ ਆਖਿਆ ਕਿ ਭਾਵੇ ਸਰਕਾਰ ਸਮੇਂ-ਸਮੇਂ ਉੱਤੇ ਇਨ੍ਹਾਂ ਦੇ ਭੱਤੇ ਵਿੱਚ ਇਜ਼ਾਫਾ ਕਰਦੀ ਹੈ ਪਰ ਫਿਰ ਵੀ ਇਨ੍ਹਾਂ ਨੂੰ ਇੱਕ ਮਿੱਥੀ ਹੋਈ ਤਨਖ਼ਾਹ ਜ਼ਰੂਰ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: