ਕੋਰੋਨਾਵਾਇਰਸ: ਪ੍ਰਭਾਵਿਤ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਐਲਾਨ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ।

ਪੰਜਾਬ ਵਿੱਚ ਕੋਰੋਨਾ ਦੇ ਪ੍ਰਕੋਪ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਕੁਝ ਅਹਿਮ ਐਲਾਨ ਕੀਤੇ ਹਨ।

  • ਜਿਸ ਦੇ ਤਹਿਤ ਕੋਰੋਨਾ ਮਹਾਮਾਰੀ ਕਰਕੇ ਮਾਪੇ ਗੁਆਉਣ ਵਾਲੇ ਅਨਾਥ ਬੱਚਿਆਂ ਨੂੰ ਇੱਕ ਜੁਲਾਈ ਤੋਂ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
  • ਅਨਾਥ ਬੱਚਿਆਂ ਨੂੰ 21 ਸਾਲ ਦੀ ਉਮਰ ਹੋਣ ਤੱਕ ਇਹ ਰਾਹਤ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ:

  • ਕਮਾਊ ਜੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਵੀ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਦਿੱਤੀ ਜਾਵੇਗੀ। ਇਹ ਪਹਿਲਾਂ ਤਿੰਨ ਸਾਲ ਮੁਹੱਈਆ ਕਰਵਾਈ ਜਾਵੇਗੀ ਤੇ ਫਿਰ ਹਾਲਾਤ ਦੀ ਘੋਖ ਕਰਨ ਤੋਂ ਬਾਅਦ ਵਧਾਈ ਵੀ ਜਾ ਸਕਦੀ ਹੈ।
  • ਪੀੜਤ ਵਿਅਕਤੀ ਇਕ ਜੁਲਾਈ ਤੋਂ ਸੂਬੇ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਮੁਫ਼ਤ ਰਾਸ਼ਨ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਈ ਵੀ ਹੱਕਦਾਰ ਹੋਣਗੇ।
  • ਸੂਬਾ ਸਰਕਾਰ ਪੀੜਤ ਪਰਿਵਾਰਿਕ ਮੈਂਬਰਾਂ ਨੂੰ 'ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ ਢੁੱਕਵੀਂ ਨੌਕਰੀ ਦਵਾਉਣ ਵਿੱਚ ਸਹਾਇਤਾ ਕਰੇਗੀ

ਬਲੈਕ ਫੰਗਸ ਬਿਮਾਰੀ 'ਤੇ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਨਿਰਦੇਸ਼

ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਬਲੈਕ ਫੰਗਸ ਜਾਂ ਮਿਊਕਰਮਾਇਕੋਸਿਸ ਰੋਗ ਨੂੰ ਮਹਾਮਾਰੀ ਐਕਟ ਤਹਿਤ 'ਨੋਟਿਫਾਈਅਬਲ ਡਿਜ਼ੀਜ਼' ਦਾ ਦਰਜਾ ਦਿੱਤਾ ਜਾਵੇ।

ਇਸ ਦਾ ਮਤਲਬ ਇਹ ਹੋਇਆ ਕਿ ਹੁਣ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਇਸ ਰੋਗ ਦੀ ਜਾਂਚ ਅਤੇ ਇਲਾਜ ਲਈ ਕੇਂਦਰੀ ਸਿਹਤ ਮੰਤਰਾਲੇ ਅਤੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।

ਸਰਕਾਰ ਨੇ ਆਪਣੇ ਨਿਰਦੇਸ਼ ਵਿੱਚ ਕਿਹਾ ਹੈ, "ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਬਲੈਕ ਫੰਗਸ ਦੇ ਸਾਰੇ ਸ਼ੱਕੀ ਅਤੇ ਪੁਸ਼ਟ ਮਾਮਲਿਆਂ ਦੀ ਰਿਪੋਰਟ ਜ਼ਿਲ੍ਹਾ ਪੱਧਰ ਦੇ ਚੀਫ਼ ਮੈਡੀਕਲ ਅਫਸਰ ਰਾਹੀਂ ਸਿਹਤ ਵਿਭਾਗ ਅਤੇ ਇੰਟੀਗ੍ਰੇਟੇਡ ਡਿਜ਼ੀਜ਼ ਸਰਵੀਲੈਂਸ ਪ੍ਰੋਗਰਾਮ ਤਹਿਤ ਚਲਾਏ ਜਾ ਰਹੇ ਸਰਵੀਲੈਂਸ ਸਿਸਟਮ ਨੂੰ ਭੇਜਣ।"

ਮੰਤਰਾਲੇ ਨੇ ਕਿਹਾ ਹੈ ਕਿ ਇਸ ਲਾਗ ਕਾਰਨ ਕੋਵਿਡ-19 ਦੇ ਮਰੀਜ਼ਾਂ ਨੂੰ ਲੰਬੇ ਸਮੇਂ ਲਈ ਸਰੀਰਕ ਤੰਦੁਰਸਤੀ ਲਈ ਲੜਨਾ ਪੈ ਰਿਹਾ ਹੈ ਅਤੇ ਇਥੋਂ ਤੱਕ ਕਿ ਉਨ੍ਹਾਂ ਦੀ ਮੌਤ ਵੀ ਹੋ ਰਹੀ ਹੈ।

ਮੰਤਰਾਲੇ ਨੇ ਇੱਕ ਚਿੱਠੀ ਵਿੱਚ ਕਿਹਾ ਹੈ, "ਹਾਲ ਦੇ ਸਮੇਂ ਵਿੱਚ ਫੰਗਸ ਇਨਫੈਕਸ਼ ਵਜੋਂ ਇੱਕ ਨਵੀਂ ਚੁਣੌਤੀ ਸਾਹਮਣੇ ਆਈ ਹੈ, ਜਿਸ ਦਾ ਨਾਮ ਮਿਊਕਰਮਾਇਕੋਸਿਸ ਹੈ। ਕਈ ਸੂਬਿਆਂ ਤੋਂ ਕੋਵਿਡ-19 ਦੇ ਮਰੀਜ਼ਾਂ ਵਿੱਚ ਖ਼ਾਸ ਕਰਕੇ ਜੋ ਲੋਕ ਸਟੇਰਾਇਡ ਥੈਰੇਪੀ 'ਤੇ ਹਨ ਅਤੇ ਜਿਨ੍ਹਾਂ ਦੀ ਸ਼ੂਗਰ ਕੰਟ੍ਰੋਲ ਵਿੱਚ ਨਹੀਂ ਹੈ, ਇਸ ਦੇ ਮਾਮਲੇ ਰਿਪੋਰਟ ਹੋਏ ਹਨ।"

ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਇੱਕ ਚਿੱਠੀ ਵਿੱਚ ਲਿਖਿਆ ਹੈ ਕਿ ਇਸ ਫੰਗਲ ਇਨਫੈਕਸ਼ਨ ਦੇ ਇਲਾਜ ਵਿੱਚ ਕਈ ਤਰ੍ਹਾਂ ਦੇ ਮੈਡੀਕਲ ਐਕਸਪਰਟ-ਅੱਖ ਦੇ ਸਰਜਨ, ਨਿਊਰੋਸਰਜਨ, ਜੈਨਰਲ ਸਰਜਨ, ਡੈਂਟਲ ਸਰਜਨ ਅਤੇ ਈਐੱਨਟੀ ਸਪੈਸ਼ਲਿਸਟ ਦੇ ਸ਼ਾਮਿਲ ਹੋਣ ਲੋੜ ਪੈ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ ਇਲਾਜ ਲਈ ਐਂਟੀ ਫੰਗਸ ਮੈਡੀਸਿਨ ਐਮਫੋਟੇਰੇਸਿਨ-ਬੀ ਟੀਕੇ ਦੀ ਵੀ ਲੋੜ ਪੈ ਸਕਦੀ ਹੈ।

ਘਰੇ ਹੀ ਕਰ ਸਕਦੇ ਹੋ ਕੋਵਿਡ-19 ਟੈਸਟ, ਆਈਸੀਐੱਮਆਰ ਨੇ ਕਿੱਟ ਨੂੰ ਦਿੱਤੀ ਮਾਨਤਾ

ਇੰਡੀਅਨ ਕਾਊਂਸਲ ਫਾਰ ਮੈਡੀਕਲ ਰਿਸਰਚ ਨੇ ਕੋਵਿਡ-19 ਦੇ ਲਈ ਰੈਪਿਟ ਐਂਟੀਜਨ ਟੈਸਟ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਦੀ ਲਾਗ ਦੇ ਲੱਛਣ ਹਨ ਅਤੇ ਜੋ ਜਾਂਚ ਵਿੱਚ ਪੌਜ਼ਿਟੀਵ ਪਾਏ ਗਏ ਕਿਸੇ ਹੋਰ ਮਰੀਜ਼ ਦੇ ਸੰਪਰਕ ਵਿੱਚ ਰਹਿ ਚੁੱਕੇ ਹਨ। ਉਨ੍ਹਾਂ ਨੂੰ ਕੋਵਿਡ ਦੀ ਪੁਸ਼ਟੀ ਲਈ ਜਾਂਚ ਆਰਏਟੀ ਕਿੱਟ ਦੀ ਮਦਦ ਨਾਲ ਆਪਣੇ ਘਰੋਂ ਹੀ ਕਰਨੀ ਚਾਹੀਦੀ ਹੈ।

ਆਈਸੀਐੱਮਆਰ ਦੀ ਤਾਜ਼ਾ ਸਲਾਹ ਦੇ ਮੁਤਾਬਕ ਉਨ੍ਹਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਆਰਟੀਏ ਵਿੱਚ ਪੌਜ਼ਿਟਿਵ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਕੋਵਿਡ ਪੌਜ਼ਿਟਿਵ ਸਮਝਿਆ ਜਾਵੇ ਅਤੇ ਉਨ੍ਹਾਂ ਨੂੰ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।

ਆਈਸੀਐੱਮਆਰ ਨੇ ਕਿਹਾ ਹੈ, "ਘਰ ਵਿੱਚ ਆਰਟੀ ਕਿੱਟ ਦੀ ਵਰਤੋਂ ਉਹੀ ਲੋਕ ਕਰਨ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਹਨ। ਬਿਨਾਂ ਸੋਚੇ ਸਮਝੇ ਇਹ ਟੈਸਟ ਨਾ ਕਰੋ।"

ਹਾਲਾਂਕਿ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਹਨ ਅਤੇ ਉਹ ਆਰਏਟੀ ਵਿੱਚ ਨੈਗਿਟੀਵ ਆਉਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਆਰਟੀ-ਪੀਸੀਆਰ ਟੈਸਟ ਕਰਵਾਉਣਾ ਚਾਹੀਦਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਦੇਖਿਆ ਕਿ ਜਿਨ੍ਹਾਂ ਲੋਕਾਂ ਵਿੱਚ ਵਾਇਰਸ ਦੀ ਮਾਤਰਾ ਘੱਟ ਹੁੰਦੀ ਹੈ,ਕਈ ਵਾਰ ਆਰਟੀ ਰਾਹੀਂ ਕੋਵਿਡ-19 ਦੀ ਪੁਸ਼ਟੀ ਨਹੀਂ ਹੁੰਦੀ।

ਹਾਲਾਂਕਿ ਨੈਗੇਟਿਵ ਆਉਣ ਤੋਂ ਬਾਅਦ ਵੀ ਕੋਰੋਨਾ ਦੇ ਲੱਛਣਾਂ ਵਾਲੇ ਲੋਕਾਂ ਨੂੰ ਸਿਹਤ ਮੰਤਰਾਲੇ ਦੁਆਰਾ ਦੱਸੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਚਾਹੀਦਾ ਹੈ।

ਉਨ੍ਹਾਂ ਨੂੰ ਕੋਰੋਨਾ ਦੇ ਇੱਕ ਸੰਭਾਵੀ ਮਰੀਜ਼ ਸਮਝਿਆ ਜਾਣਾ ਚਾਹੀਦਾ ਹੈ।"

ਘਰੇ ਟੈਸਟ ਕਿਵੇਂ ਕਰੀਏ?

ਆਈਸੀਐੱਮਆਰ ਨੇ ਕਿਹਾ ਹੈ ,"ਆਰਟੀ ਕਿੱਟ ਜੇ ਨਾਲ ਦਿੱਤੇ ਗਏ ਪਰਚੇ ਉੱਪਰ ਇਸ ਦੀ ਵਰਤੋਂ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਇਸ ਨੂੰ ਪੜ੍ਹ ਕੇ ਪਾਲਣ ਕਰੋ।"

ਕਾਊਂਸਲ ਦੇ ਮੁਤਾਬਕ, ਗੂਗਲ ਪਲੇਅ ਸਟੋਰ ਅਤੇ ਐਪਲ ਸਟੇਰ ਉੱਪਰ ਹੋਮ ਟੈਸਟਿੰਗ ਦੀ ਜਾਣਕਾਰੀ ਦੇਣ ਵਾਲੇ ਐਪ ਵੀ ਹਨ,ਜਿਨ੍ਹਾਂ ਨੂੰ ਘਰੇ ਜਾਂਚ ਕਰ ਰਹੇ ਲੋਕ ਡਾਊਨਲੋਡ ਕਰ ਸਕਦੇ ਹਨ।

ਆਈਸੀਐੱਮਆਰ ਮੁਤਾਬਕ ਘਰੇ ਜਾਂਚ ਕਰਨ ਵਾਲੇ ਸਾਰੇ ਲੋਕ ਟੈਸਟ ਦੀ ਤਸਵੀਰ ਮੋਬਾਈਲ ਰਾਹੀਂ ਐਪ ਵਿੱਚ ਅਪਲੋਡ ਕਰਕੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਆਸੀਐੱਮਆਰ ਨੇ ਦੱਸਆ ਕਿ ਲੋਕਾਂ ਦਾ ਡੇਟਾ ਇੱਕ ਸੁਰੱਖਿਅਤ ਸਰਵਰ ਵਿੱਚ ਰਹੇਗਾ ਜੋ ਕਿ ਆਸੀਐੱਮਆਰ ਦੇ ਕੋਵਿਡ-19 ਟੈਸਟਿੰਗ ਪ੍ਰੋਟੋਕਾਲ ਨਾਲ ਜੁੜਿਆ ਹੋਇਆ ਹੈ। ਇਥੇ ਹੀ ਸਾਰ ਡੇਟਾ ਇੱਕਠਾ ਕੀਤਾ ਜਾਂਦਾ ਹੈ। ਇਸ ਨਵੀਂ ਪ੍ਰਕਿਰਿਆ ਵਿੱਚ ਮਰੀਜ਼ਾਂ ਦੀ ਨਿੱਜਤਾ ਕਾਇਮ ਰੱਖੀ ਜਾਵੇਗੀ।

ਆਸੀਐੱਮਆਰ ਦੇ ਮੁਤਾਬਕ, ਫਿਲਹਾਲ ਕੋਵਸੈਲਫ਼ ਟੀਐੱਮ (ਪੈਥੋਕੈਚ) ਅਤੇ ਕੋਵਿਡ-19 ਓਟੀਸੀ ਐਂਟੀਜਨ ਐੱਲਐੱਫ਼ (ਮਾਏ ਲੈਬ ਡਿਸਕਵਰੀ ਸਲਿਊਸ਼ਨ) ਦੋ ਅਜਿਹੀਆਂ ਕਿੱਟਾਂ ਹਨ ਜਿਨ੍ਹਾਂ ਨੂੰ ਭਾਰਤ ਵਿੱਚ ਮਾਨਤਾ ਮਿਲੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)