ਕੋਰੋਨਾਵਾਇਰਸ: ਗੁਰਦੁਆਰਾ ਰਕਾਬਗੰਜ 'ਚ ਕੋਰੋਨਾ ਮਰੀਜ਼ਾਂ ਲਈ 400 ਬੈੱਡਾਂ ਦੇ ਹਸਪਤਾਲ ਲਈ ਅਮਿਤਾਭ ਬੱਚਨ ਸਣੇ ਹੋਰ ਕਿਸ ਨੇ ਕੀਤੀ ਮਦਦ - ਪ੍ਰੈਸ ਰੀਵੀਊ

ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਮੌਕੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ 'ਚ ਕੋਰੋਨਾ ਮਰੀਜ਼ਾਂ ਲਈ 400 ਬੈੱਡਾਂ ਦਾ ਹਸਪਤਾਲ ਖੁੱਲ ਰਿਹਾ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਤੋਂ ਸ਼ੁਰੂ ਕੀਤੇ ਜਾ ਰਹੇ ਕੋਵਿਡ ਕੇਅਰ ਸੈਂਟਰ ਵਿੱਚ ਕੋਰੋਨਾ ਮਰੀਜ਼ਾਂ ਨੂੰ ਬਿਲਕੁੱਲ ਮੁਫ਼ਤ ਇਲਾਜ ਦਿੱਤਾ ਜਾਵੇਗਾ।

ਇਸ ਕੋਵਿਡ ਕੇਅਰ ਸੈਂਟਰ ਲਈ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ 2 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ।

ਬਾਲੀਵੁੱਡ ਦੇ ਜਾਣੇ ਮਾਣੇ ਫਿਲਮ ਡਾਇਰੈਕਟਰ ਰੋਹਿਤ ਸ਼ੈਟੀ ਨੇ ਵੀ ਹਸਪਤਾਲ ਲਈ ਰਾਸ਼ੀ ਦਾਨ ਕੀਤੀ ਹੈ।

ਇਸ ਤੋਂ ਇਲਾਵਾ ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਵਿਕਰਮਜੀਤ ਸ਼ਾਹਨੇ ਨੇ 500 ਆਕਸੀਜਨ ਕਨਸਟ੍ਰੇਟਰ ਦਾਨ ਕੀਤੇ ਹਨ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇੰਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇੱਥੇ 24 ਘੰਟੇ ਆਕਸੀਜਨ ਦੀ ਸੁਵਿਧਾ ਮਿਲੇਗੀ ਅਤੇ ਐਂਬੂਲੈਂਸ ਵੀ ਤਿਆਰ ਰਹੇਗੀ।

ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਅਤੇ ਆਈਸੀਯੂ ਲਈ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਨ ਹਸਪਤਾਲ ਨਾਲ ਸਮਝੌਤਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਆਰਮੀ ਦੇ 400 ਰਿਟਾਇਰਡ ਡਾਕਟਰ ਕਰਨਗੇ ਕੋਵਿਡ ਹਸਪਤਾਲਾਂ ਦੀ ਮਦਦ

ਕੋਵਿਡ-19 ਵਿਰੁੱਧ ਜੰਗ ਵਿੱਚ ਹੁਣ ਆਰਮੀ ਦੇ 400 ਰਿਟਾਇਰਡ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

ਟਾਈਮਜ਼ ਆਫ਼ ਇੰਡੀਆ ਅਖ਼ਬਾਰ ਮੁਤਾਬਕ, ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਆਰਮਡ ਫੋਰਸਿਜ਼ ਮੈਡੀਕਲ ਸਰਵਸਿਜ਼ ਦੇ ਡਾਇਰੈਕਟਰ ਜਨਰਲ ਨੇ ਇਸ ਲਈ ਨਿਯੁਕਤੀ ਪ੍ਰਕ੍ਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ।

ਅਧਿਕਾਰੀ ਨੇ ਦੱਸਿਆ, "ਆਰਮੀ ਦੇ 400 ਮੈਡੀਕਲ ਅਧਿਕਾਰੀਆਂ ਅਤੇ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇਗੀ ਜੋ ਕਿ 2017 ਤੋਂ 2021 ਦੇ ਦਰਮਿਆਨ ਰਿਟਾਇਰਡ ਹੋਏ ਹਨ। ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ 11 ਮਹੀਨਿਆਂ ਲਈ ਕਾਂਟਰੈਕਟ 'ਤੇ ਰੱਖਿਆ ਜਾਵੇਗਾ।"

ਉਨ੍ਹਾਂ ਨੂੰ ਹਰ ਮਹੀਨੇ ਇੱਕ ਤੈਅ ਕੀਤੀ ਗਈ ਤਨਖ਼ਾਹ ਦਿੱਤੀ ਜਾਵੇਗੀ ਜੋ ਕਿ ਤੈਅ ਮਾਨਕਾਂ 'ਤੇ ਆਧਾਰਿਤ ਹੋਵੇਗੀ।

ਇਹ ਵੀ ਪੜ੍ਹੋ

ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ, 'ਸਾਡੇ 'ਤੇ ਵਿਸ਼ਵਾਸ ਰੱਖੋ, ਦਖ਼ਲ ਦੇਣ ਦੀ ਲੋੜ ਨਹੀਂ'

ਐਤਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਵੈਕਸੀਨੇਸ਼ਨ ਪਾਲਿਸੀ ਮੌਜੂਦਾ ਸਰੋਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤਰ੍ਹਾਂ ਬਣਾਈ ਗਈ ਹੈ ਕਿ ਸਾਰੇ ਸੂਬਿਆਂ ਤੱਕ ਇਸ ਨੂੰ ਬਰਾਬਰ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਇੱਕੋਂ ਵਾਰ 'ਚ ਵੈਕਸੀਨ ਲਗਾਉਣੀ ਸੰਭਵ ਨਹੀਂ ਹੈ।

ਇੰਡੀਅਨ ਐਕਸਪ੍ਰੈਸ ਮੁਤਾਬਕ, ਕੇਂਦਰ ਸਰਕਾਰ ਨੇ ਕਿਹਾ ਕਿ ਪਾਲਿਸੀ ਬਣਾਉਣ ਸਮੇਂ ਦੋਹਾਂ ਉਮਰ ਸਮੂਹ ਦੇ ਲੋਕਾਂ (18 ਤੋਂ 45 ਅਤੇ 45 ਤੋਂ ਜ਼ਿਆਦਾ ਉਮਰ) ਲਈ ਸੋਚ ਸਮਝ ਕੇ ਪੂਰਾ ਧਿਆਨ ਰੱਖਿਆ ਗਿਆ ਹੈ।

ਕੇਂਦਰ ਸਰਕਾਰ ਨੇ ਉੱਚ ਅਦਾਲਤ ਨੂੰ ਕਿਹਾ ਕਿ ਲੋਕਾਂ ਦੇ ਹਿੱਤ ਲਈ ਪਾਲਿਸੀ ਬਣਾਈ ਗਈ ਹੈ ਅਤੇ ਅਦਾਲਤ ਦੇ ਦਖ਼ਲ ਦੇਣ ਦੀ ਕੋਈ ਲੋੜ ਨਹੀਂ, ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਯੂਟਿਊਬਰ ਨੇ ਮਰਨ ਤੋਂ ਪਹਿਲਾਂ ਲਿਖਿਆ, 'ਜੇ ਇਲਾਜ ਮਿਲ ਜਾਂਦਾ ਤਾਂ ਮੈਂ ਵੀ ਜਿਓਂ ਸਕਦਾ ਸੀ'

ਐਤਵਾਰ ਨੂੰ ਯੂਟਿਊਬਰ ਅਤੇ ਅਦਾਕਾਰ ਰਾਹੁਲ ਵੋਹਰਾ ਦਾ ਦਿੱਲੀ ਦੇ ਹਸਪਤਾਲ ਵਿੱਚ ਕੋਰੋਨਾ ਦੇ ਚਲਦਿਆਂ ਦੇਹਾਂਤ ਹੋ ਗਿਆ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, 35 ਸਾਲਾ ਰਾਹੁਲ ਵੋਹਰਾ ਨੇ ਮਰਨ ਤੋਂ ਪਹਿਲਾਂ ਫੇੱਸਬੁੱਕ 'ਤੇ ਇਕ ਪੋਸਟ ਪਾਈ ਜਿਸ ਵਿੱਚ ਲਿਖਿਆ ਸੀ, "ਮੈਨੂੰ ਵੀ ਇਲਾਜ ਮਿਲ ਜਾਂਦਾ ਤਾਂ ਮੈਂ ਬੱਚ ਜਾਂਦਾ।"

ਰਾਹੁਲ ਵੋਹਰਾ ਦੇ ਪਰਿਵਾਰ ਵਿੱਚ ਉਸ ਦੇ ਮਾਪੇ, ਭੈਣ ਅਤੇ ਪਤਨੀ ਹੈ।

ਸਾਲ 2006 'ਚ ਰਾਹੁਲ ਵੋਹਰਾ ਨੇ ਦਿੱਲੀ ਦੀ ਮਸ਼ਹੂਰ ਥਿਏਟਰ ਗਰੁੱਪ ਅਸਮਿਤਾ ਜੁਆਇਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਨਾਟਕ ਕੀਤੇ ਸੀ।

ਉਨ੍ਹਾਂ ਦੀਆਂ ਯੂਟਿਊਬ ਵੀਡੀਓ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲਿਆ ਸੀ ਅਤੇ ਉਹ ਅਦਾਕਾਰੀ ਵੀ ਕਰਦੇ ਸਨ।

ਉਨ੍ਹਾਂ ਦਾ ਆਕਸੀਜਨ ਦਾ ਪੱਧਰ ਕਾਫ਼ੀ ਹੇਠਾਂ ਆ ਗਿਆ ਸੀ ਅਤੇ ਉਨ੍ਹਾਂ ਨੇ ਉਸ ਵੇਲੇ ਪੋਸਟ ਵੀ ਕੀਤਾ ਸੀ ਕਿ ਕੀ ਕੋਈ ਅਜਿਹਾ ਹਸਪਤਾਲ ਹੈ ਜਿਸ ਵਿੱਚ ਆਕਸੀਜਨ ਬੈੱਡ ਮਿਲ ਜਾਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)