You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੇ ਇਲਾਜ 'ਚ DRDO ਵੱਲੋਂ ਬਣਾਈ ਦਵਾਈ ਦੇ ਐਮਰਜੈਂਸੀ ਇਸਤੇਮਾਲ ਨੂੰ ਮਿਲੀ ਮਨਜ਼ੂਰੀ- ਅਹਿਮ ਖ਼ਬਰਾਂ
ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੇ ਭਾਰਤ ਲਈ ਇੱਕ ਚੰਗੀ ਖ਼ਬਰ ਹੈ। ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਔਰਗਨਾਈਜ਼ੇਸ਼ਨ (ਡੀਆਰਡੀਓ) ਦੀ ਇੱਕ ਲੈਬ ਇੰਸਟੀਚਿਊਟ ਆਫ਼ ਨਿਊਕਲੀਅਰ ਮੈਡੀਸਿਨ ਐਂਡ ਐਲਾਇਡ ਸਾਈਂਸੇਜ਼ (INMAS) ਵੱਲੋਂ ਡਾਕਟਰ ਰੈੱਡੀ ਦੀ ਲੈਬ ਨਾਲ ਮਿਲ ਕੇ ਬਣਾਈ ਗਈ ਕੋਰੋਨਾ ਦੀ ਓਰਲ ਦਵਾਈ 2 ਡਿਔਕਸੀ ਡੀ ਗਲੂਕੋਜ਼ ਨੂੰ ਭਾਰਤ ਵਿੱਚ ਐਮਰਜੈਂਸੀ ਵਰਤੋ ਦੀ ਮਨਜ਼ਰੂੀ ਮਿਲ ਗਈ ਹੈ।
ਦੱਸਿਆ ਗਿਆ ਹੈ ਕਿ ਇਸ ਦਵਾਈ ਨੂੰ ਲੈਣ ਵਾਲੇ ਕੋਰੋਨਾ ਮਰੀਜ਼ਾਂ ਦੀ ਰਿਪੋਰਟ ਆਰਟੀ-ਪੀਸੀਆਰ ਟੈਸਟ 'ਚ ਨੈਗੇਟਿਵ ਆਈ ਹੈ।
ਇਸ ਮਹਾਂਮਾਰੀ 'ਚ ਕੋਰੋਨਾਵਾਇਰਸ ਨਾਲ ਜੂਝ ਰਹੇ ਲੋਕਾਂ ਲਈ ਇਹ ਦਵਾਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਅਪ੍ਰੈਲ 2020 ਵਿੱਚ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ INMAS-DRDO ਵਿਗਿਆਨੀਆਂ ਨੇ ਹੈਦਰਾਬਾਦ ਦੇ ਸੈਂਟਰ ਫ਼ਾਰ ਸੇਲਿਉਲਰ ਐਂਡ ਮੌਲਿਕਿਊਲਰ ਬਾਓਲੌਜੀ (CCMB) ਦੀ ਮਦਦ ਨਾਲ ਲੈਬ ਵਿੱਚ ਕੀਤੀ ਗਈ ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਇਹ ਅਣੂ ਕੋਵਿਡ ਖ਼ਿਲਾਫ਼ ਪ੍ਰਭਾਵੀ ਢੰਗ ਨਾਲ ਕੰਮ ਕਰਦਾ ਹੈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ।
ਇਹ ਵੀ ਪੜ੍ਹੋ:
'ਜੇ ਕੇਂਦਰ ਤੋਂ 80 ਲੱਕ ਡੋਜ਼ ਮਿਲੀ ਤਾਂ ਤਿੰਨ ਮਹੀਨਿਆਂ ਵਿੱਚ ਦਿੱਲੀ ਦੇ ਹਰ ਸ਼ਖ਼ਸ ਨੂੰ ਵੈਕਸੀਨ ਲਗਾ ਸਕਾਂਗੇ'
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜਦੋਂ ਤੋਂ ਦਿੱਲੀ ਵਿੱਚ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ, ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਹੈ।
ਅਸੀਂ ਸਕੂਲਾਂ ਵਿੱਚ ਜੋ ਪ੍ਰਬੰਧ ਕੀਤੇ ਹਨ, ਉਸ ਨਾਲ ਲੋਕ ਕਾਫ਼ੀ ਖ਼ੁਸ਼ ਹਨ। ਅਜੇ 100 ਸਕੂਲਾਂ ਵਿੱਚ ਟੀਕਾਕਰਣ ਦਾ ਪ੍ਰਬੰਧ ਹੈ ਜਿਸ ਰਾਹੀਂ ਰੋਜ਼ਾਨਾ ਇੱਕ ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।
ਜਿਸ ਨੂੰ ਅਸੀਂ ਅੱਗੇ ਵਧਾ ਕੇ 300 ਸਕੂਲਾਂ ਤੱਕ ਕਰਾਂਗੇ ਜਿਸ ਰਾਹੀਂ 3 ਲੱਖ ਲੋਕਾਂ ਨੂੰ ਰੋਜ਼ਾਨਾਂ ਟੀਕਾ ਲਗਾਇਆ ਜਾਵੇਗਾ।
ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਤੋਂ ਹਰ ਮਹੀਨੇ ਘੱਟ ਤੋਂ ਘੱਟ 80 ਲੱਖ ਡੋਜ਼ ਮਿਲੀ ਤਾਂ ਤਿੰਨ ਮਹੀਨੇ ਵਿੱਚ ਦਿੱਲੀ ਦੇ ਹਰ ਸ਼ਖ਼ਸ ਨੂੰ ਵੈਕਸੀਨ ਲਗਾ ਸਕਾਂਗੇ।
ਕਮਲਾ ਹੈਰਿਸ ਨੇ ਕਿਹਾ ਭਾਰਤ ਦੇ ਹਾਲਾਤ ਪ੍ਰੇਸ਼ਾਨ ਕਰਨ ਵਾਲੇ
ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸਥਿਤੀ ਬਾਰੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚਿੰਤਾ ਜ਼ਾਹਰ ਕੀਤੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹੈਰਿਸ ਨੇ ਕਿਹਾ ਕਿ ਭਾਰਤ ਦੀ ਸਹਾਇਤਾ ਅਮਰੀਕਾ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮਹਾਂਮਾਰੀ ਦੌਰਾਨ ਆਪਣੇ ਨਜ਼ਦੀਕੀਆਂ ਨੂੰ ਗੁਆ ਚੁੱਕੇ ਲੋਕਾਂ ਪ੍ਰਤੀ ਵੀ ਉਨ੍ਹਾਂ ਨੇ ਸੰਵੇਦਨਾ ਜ਼ਾਹਰ ਕੀਤੀ।
ਭਾਰਤੀ ਮੂਲ ਦੇ ਲੋਕਾਂ ਲਈ ਰੱਖੇ ਗਏ ਇਕ ਸਮਾਰੋਹ ਵਿੱਚ ਹੈਰਿਸ ਨੇ ਰਿਕਾਰਡਿਡ ਸੰਦੇਸ਼ ਰਾਹੀਂ ਕਿਹਾ,"ਜਿਵੇਂ ਕਿ ਤੁਹਾਡੇ ਵਿੱਚੋਂ ਕਈ ਲੋਕ ਜਾਣਦੇ ਹਨ ਕਿ ਮੇਰੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਭਾਰਤ ਦੀਆਂ ਵਸਨੀਕ ਰਹੀਆਂ ਹਨ।''
''ਮੇਰੀ ਮਾਂ ਦਾ ਜਨਮ ਅਤੇ ਪਰਵਰਿਸ਼ ਭਾਰਤ ਵਿੱਚ ਹੋਈ। ਮੇਰੇ ਪਰਿਵਾਰ ਦੇ ਕਈ ਲੋਕ ਅੱਜ ਵੀ ਭਾਰਤ ਵਿੱਚ ਰਹਿੰਦੇ ਹਨ। ਭਾਰਤ ਦੀ ਸਹਾਇਤਾ ਅਮਰੀਕਾ ਲਈ ਮਹੱਤਵਪੂਰਨ ਹੈ।"
ਅਮਰੀਕਾ ਭਾਰਤ ਦੀ ਤਕਰੀਬਨ ਦਸ ਕਰੋੜ ਡਾਲਰ ਦੀ ਮਦਦ ਕਰ ਚੁੱਕਿਆ ਹੈ ਜਿਸ ਵਿੱਚ ਐਮਰਜੈਂਸੀ ਸਪਲਾਈ ਵਾਸਤੇ ਆਕਸੀਜਨ ਕੰਸੇਨਟ੍ਰੇਟਰ, ਰੈਪਿਡ ਟੈਸਟਿੰਗ ਕਿੱਟ, ਦਵਾਈਆਂ ਮਾਸਕ, ਆਕਸੀਜਨ ਸਿਲੰਡਰ ਆਦਿ ਸ਼ਾਮਿਲ ਹੈ।
ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਅਮਰੀਕਾ ਅਤੇ ਬ੍ਰਿਟੇਨ ਸਰਕਾਰਾਂ ਦੇ ਰਵੱਈਏ ਦੀ ਕਾਫ਼ੀ ਆਲੋਚਨਾ ਹੋਈ ਸੀ ਕਿ ਦੂਜੇ ਮੁਲਕ ਭਾਰਤ ਦੀ ਮਦਦ ਲਈ ਫੌਰਨ ਅੱਗੇ ਆਏ ਪਰ ਅਮਰੀਕਾ ਕਈ ਦਿਨ ਚੁੱਪ ਰਿਹਾ।
ਇਹ ਵੀ ਪੜ੍ਹੋ-
WHO ਵੱਲੋਂ ਚੀਨੀ ਵੈਕਸੀਨ ਐਮਰਜੈਂਸੀ ਹਾਲਤਾਂ ਵਿੱਚ ਵਰਤਣ ਦੀ ਮਨਜ਼ੂਰੀ
ਹੈਰਿਸ ਨੇ ਕਿਹਾ,"ਪੇਟੈਂਟ ਵਿੱਚ ਛੋਟ ਦੇਣ ਬਾਰੇ ਸਾਡਾ ਪੂਰਾ ਸਮਰਥਨ ਹੈ ਤਾਂ ਕਿ ਭਾਰਤ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਦਾ ਛੇਤੀ ਤੋਂ ਛੇਤੀ ਟੀਕਾਕਰਨ ਕੀਤਾ ਜਾ ਸਕੇ।"
ਹੈਰਿਸ ਨੇ ਅੱਗੇ ਕਿਹਾ,"ਮਹਾਂਮਾਰੀ ਦੀ ਸ਼ੁਰੂਆਤ ਵਿੱਚ ਜਦੋਂ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋਣ ਲੱਗੀ ਸੀ ਤਾਂ ਭਾਰਤ ਨੇ ਸਾਡੀ ਸਹਾਇਤਾ ਕੀਤੀ ਸੀ। ਅਸੀਂ ਭਾਰਤ ਦੀ ਸਹਾਇਤਾ ਲਈ ਵਚਨਬੱਧ ਹਾਂ। ਅਸੀਂ ਭਾਰਤ ਦੇ ਦੋਸਤ ਵਜੋਂ ਅਤੇ ਵਿਸ਼ਵ ਭਾਈਚਾਰੇ ਦੇ ਹਿੱਸੇ ਇਹ ਕਰ ਰਹੇ ਹਾਂ।"
ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਸਰਕਾਰੀ ਦਵਾਈ ਨਿਰਮਾਤਾ ਕੰਪਨੀ ਸ਼ਾਈਨੋਫਾਰਮ ਵੱਲੋਂ ਬਣਾਈ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਹਾਲਤਾਂ ਵਿੱਚ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਬਾਅਦ ਸ਼ਾਈਨੋਫਾਰਮ ਦੀ ਬਣਾਈ ਵੈਕਸੀਨ ਪਹਿਲੀ ਗੈਰ-ਪੱਛਮੀ ਵੈਕਸੀਨ ਬਣ ਗਈ ਹੈ ਜਿਸ ਨੂੰ ਸੰਗਠਨ ਵੱਲੋਂ ਮਾਨਤਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੰਗਠਨ ਵੱਲੋਂ ਸਿਰਫ਼ ਫਾਇਜ਼ਰ, ਐਸਟਰਾਜ਼ੈਨਿਕਾ, ਜੌਹਨਸਨ ਐਂਡ ਜੌਹਨਸਨ ਅਤੇ ਮੌਡਰਨਾ ਦੇ ਵੈਕਸੀਨਾਂ ਦੀ ਹੀ ਹਮਇਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਵੈਕਸੀਨ ਚੀਨ ਸਮੇਤ ਦੁਨੀਆਂ ਦੇ ਕਈ ਹੋਰ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਪਹਿਲਾਂ ਹੀ ਲਾਈ ਜਾ ਚੁੱਕੀ ਹੈ।
ਕਈ ਗ਼ਰੀਬ ਮੁਲਕਾਂ ਜਿਵੇਂ ਕਿ ਅਫ਼ਰੀਕਾ, ਲੈਟਿਨ ਅਮਰੀਕੀ ਮੁਲਕ ਅਤੇ ਏਸ਼ੀਆ ਦੇ ਕੁਝ ਦੇਸ਼ਾਂ ਨੇ ਪਹਿਲਾਂ ਚੀਨੀ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੋਈ ਹੈ।
ਚੀਨੀ ਵੈਕਸੀਨਾਂ ਬਾਰੇ ਬਹੁਤ ਘੱਟ ਡੇਟਾ ਕੌਮਾਂਤਰੀ ਪੱਧਰ ਤੇ ਜਾਰੀ ਕੀਤੇ ਜਾਣ ਕਾਰਨ ਇਨ੍ਹਾਂ ਦੀ ਕੁਸ਼ਲਤਾ ਉੱਪਰ ਕੌਮਾਂਤਰੀ ਸਾਇੰਸਦਾਨਾਂ ਵਿੱਚ ਸੰਦੇਹ ਦੀ ਭਾਵਨਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸ਼ਾਈਨੋਫਾਰਮ ਦੀ ਪ੍ਰਯੋਗਸ਼ਾਲਾ ਦੀ "ਸੁਰੱਖਿਆ, ਕੁਸ਼ਲਤਾ ਅਤੇ ਗੁਣਵੱਤਾ" ਦੀ ਪੁਸ਼ਟੀ ਕਰ ਲਈ ਹੈ।
ਆਉਣ ਵਾਲੇ ਦਿਨਾਂ ਵਿੱਚ ਹੋਰ ਵੈਕਸੀਨਾਂ ਬਾਰੇ ਵੀ ਅਜਿਹੇ ਫ਼ੈਸਲੇ ਆਉਣ ਦੀ ਸੰਭਾਵਨਾ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਨਾਲ ਦੁਨੀਆਂ ਵਿੱਚ ਟੀਕਾ ਜ਼ਿਆਦਾ ਪਹੁੰਚਯੋਗ ਬਣੇਗਾ ਅਤੇ ਖ਼ਤਰੇ ਵਿੱਚ ਰਹਿ ਰਹੇ ਭਾਈਚਿਆਂ ਦੇ ਜਲਦੀ ਟੀਕਾਕਰਨ ਵਿੱਚ ਮਦਦ ਮਿਲੇਗੀ।
ਭਾਰਤ 'ਚ 24 ਘੰਟਿਆਂ ਵਿੱਚ ਚਾਰ ਲੱਖ ਤੋਂ ਵੱਧ ਨਵੇਂ ਮਾਮਲੇ, ਚਾਰ ਹਜ਼ਾਰ ਤੋਂ ਵੱਧ ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 4.01 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 4,187 ਲੋਕਾਂ ਦੀ ਮੌਤ ਹੋਈ ਹੈ।
ਇੱਕ ਦਿਨ ਵਿੱਚ ਚਾਰ ਹਜ਼ਾਰ ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਭਾਰਤ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਬਾਅਦ ਤੀਜਾ ਵੱਡਾ ਦੇਸ਼ ਬਣ ਗਿਆ ਹੈ। 14 ਫਰਵਰੀ ਤੋਂ ਬਾਅਦ 82 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ 3,18,608 ਲੋਕ ਠੀਕ ਹੋ ਕੇ ਆਪਣੇ ਘਰ ਗਏ ਹਨ।
ਭਾਰਤ ਵਿੱਚ ਹੁਣ ਤੱਕ 2,38,270 ਕੋਰੋਨਾਵਾਇਰਸ ਦੀ ਭੇਂਟ ਚੜ੍ਹ ਚੁੱਕੇ ਹੈ ਅਤੇ 37,23,446 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 16,73,46544 ਟੀਕੇ ਲੱਗ ਚੁੱਕੇ ਹਨ।
ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਹਫ਼ਤਾਵਰੀ ਲੌਕਡਾਊਨ ਦਾ ਵਿਰੋਧ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਸ਼ਨੀਵਾਰ ਐਤਵਾਰ ਨੂੰ ਲੌਕਡਾਊਨ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਵੀ ਸੱਦਾ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡੀਜੀਪੀ ਅਤੇ ਸਾਰੇ ਡਿਪਟੀ ਕਮਿਸ਼ਨਰ ਨੂੰ ਲੌਕਡਾਊਨ ਦੇ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਸਖ਼ਤੀ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ 32 ਕਿਸਾਨ ਜਥੇਬੰਦੀਆਂ ਸੂਬਾ ਸਰਕਾਰ ਉਪਰ ਸ਼ਰਤਾਂ ਨਹੀਂ ਥੋਪ ਸਕਦੀਆਂ। ਜੇਕਰ ਦੀ ਉਲੰਘਣਾ ਕਰਕੇ ਕੋਈ ਵੀ ਦੁਕਾਨ ਖੋਲ੍ਹੀ ਗਈ ਦੁਕਾਨ ਮਾਲਕ ਉਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਬੰਦਿਸ਼ਾਂ ਦੀ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਕੋਵਿਡ ਸਬੰਧੀ ਉੱਚ ਪੱਧਰੀ ਵਰਚੁਅਲ ਬੈਠਕ ਕੀਤੀ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਥਾਨਕ ਵਿਧਾਇਕਾਂ ਅਤੇ ਹੋਰ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਗੈਰਜ਼ਰੂਰੀ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰਾਂ ਨੂੰ ਰੋਟੇਸ਼ਨ ਦੇ ਆਧਾਰ ਉੱਤੇ ਖੋਲ੍ਹਣ ਬਾਰੇ ਫ਼ੈਸਲਾ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ: