You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ਦੇ 14 ਜ਼ਿਲ੍ਹਿਆਂ 'ਚ ਕੋਈ ICU ਬੈੱਡ ਨਹੀਂ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੀ ਰਾਜਧਾਨੀ ਤੇ ਹੋਰ ਸੂਬਿਆਂ ਦੇ ਨਾਲ-ਨਾਲ ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਸਿਹਤ ਸਿਸਟਮ ਡਾਵਾਂਡੋਲ ਹੈ।
ਪੰਜਾਬ ਦੇ 22 ਜ਼ਿਲ੍ਹਿਆਂ 'ਚੋਂ 14 ਜ਼ਿਲ੍ਹਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਵੀ ICU ਬੈੱਡ (ਵੈਂਟੀਲੇਟਰ ਦੇ ਨਾਲ) ਉਪਲਬਧ ਨਹੀਂ ਹੈ।
ਸ਼ੁੱਕਰਵਾਰ (7 ਮਈ 2021) ਦੁਪਹਿਰ ਦੋ ਵਜੇ ਤੱਕ ਕੋਵਿਡ ਦੇ ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਦੀ ਇਹ ਸਥਿਤੀ ਬਣੀ ਹੋਈ ਸੀ।
ਇਹ ਵੀ ਪੜ੍ਹੋ:
ਪੰਜਾਬ ਦੇ ਉਹ 14 ਜ਼ਿਲ੍ਹੇ ਜਿੱਥੇ ਇੱਕ ਵੀ ਆਈਸੀਯੂ ਬੈੱਡ ਨਹੀੰ ਹੈ-ਬਰਨਾਲਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਰੂਪਨਗਰ. ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਮੁਕਤਸਰ ਸਾਹਿਬ ਅਤੇ ਤਰਨ ਤਾਰਨ।
ਸੂਬੇ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਲਗਾਤਾਰ ਬਦਲਦੀ ਰਹਿੰਦੀ ਹੈ ਪਰ ਨਾਲ ਹੀ ਇਹ ਵੀ ਦੱਸਿਆ ਕਿ ICU ਬੈੱਡਾਂ ਨੂੰ ਲੈ ਕੇ ਹਾਲਤ ਕਾਫ਼ੀ ਖ਼ਰਾਬ ਹੈ।
ਪਿਛਲੇ ਦਿਨੀਂ ਪੰਜਾਬ ਵਿੱਚ ਦਿੱਲੀ ਤੇ ਕਈ ਹੋਰ ਸੂਬਿਆਂ ਤੋਂ ਲੋਕ ਇੱਥੇ ਆ ਰਹੇ ਸੀ ਕਿਉਂਕਿ ਉੱਥੇ ਉਨ੍ਹਾਂ ਨੂੰ ਬੈੱਡ ਨਹੀਂ ਮਿਲ ਰਹੇ ਸੀ।
ਪੰਜਾਬ 'ਚ ਵੀ ਕੋਵਿਡ ਦੇ ਮਾਮਲੇ ਲਗਾਤਾਰ ਵਧਣ ਕਾਰਨ ਬੈੱਡਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਵੈਂਟੀਲੇਟਰ ਵਾਲੇ ICU ਬੈੱਡ ਦੀ ਲੋੜ ਕੋਵਿਡ ਦੇ ਉਨ੍ਹਾਂ ਮਰੀਜ਼ਾਂ ਨੂੰ ਪੈਂਦੀ ਹੈ ਜੋ ਕਾਫ਼ੀ ਗੰਭੀਰ ਹਨ।
ਸੂਬੇ ਵਿੱਚ 6 ਅਜਿਹੇ ਜ਼ਿਲ੍ਹੇ ਹਨ ਜਿੱਥੇ 10 ਤੋਂ ਘੱਟ ICU ਬੈੱਡ ਖਾਲੀ ਹਨ।
ਕੁੱਲ ਬੈੱਡ
ਪੰਜਾਬ ਵਿੱਚ ਕੁੱਲ 1,119 ICU ਬੈੱਡ ਹਨ, ਜਿਨ੍ਹਾਂ ਦੇ ਨਾਲ ਵੈਂਟੀਲੇਟਰ ਲੱਗਿਆ ਹੈ। ਉਨ੍ਹਾਂ ਵਿੱਚੋਂ ਸ਼ੁੱਕਰਵਾਰ ਯਾਨੀ 7 ਮਈ ਦੁਪਹਿਰ ਤੱਕ 192 ਬੈੱਡ ਖ਼ਾਲੀ ਸਨ।
ਇਨ੍ਹਾਂ ਵਿੱਚੋਂ ਸਭ ਤੋਂ ਵੱਧ ਜਲੰਧਰ (124) ਬੈੱਡ ਖਾਲ੍ਹੀ ਹਨ।
ਇਸ ਤੋਂ ਬਾਅਦ ਅੰਮ੍ਰਿਤਸਰ 'ਚ 33 ਬੈੱਡ ਖ਼ਾਲੀ ਹਨ।
ਸੂਬੇ ਦਾ ਹਾਲ ਇਹ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਤਾਂ ਵੈਂਟੀਲੇਟਰ ਵਾਲੇ ICU ਬੈੱਡ ਹੀ ਨਹੀਂ ਹਨ। ਜਿਵੇਂ ਤਰਨ ਤਾਰਨ, ਮੁਕਤਸਰ, ਸੰਗਰੂਰ, ਮਾਨਸਾ, ਕਪੂਰਥਲਾ, ਫ਼ਾਜ਼ਿਲਕਾ ਅਤੇ ਬਰਨਾਲਾ।
ਪੰਜਾਬ ਵਿੱਚ ਉਨ੍ਹਾਂ ICU ਬੈੱਡਾਂ ਦੀ ਸਥਿਤੀ ਵੀ ਕੋਈ ਖ਼ਾਸ ਚੰਗੀ ਨਹੀਂ ਜਿਨ੍ਹਾਂ ਵਿੱਚ ਵੈਂਟੀਲੇਟਰ ਨਹੀਂ ਹਨ। ਅਜਿਹੇ ਕੁੱਲ 2,244 ਬੈੱਡ ਹਨ ਜਿਨਾਂ ਵਿੱਚੋਂ 354 ਬੈੱਡ ਹੀ ਖ਼ਾਲੀ ਹਨ।
ਅਕਸੀਜਨ ਵਾਲੇ ਬੈੱਡ
ਇੱਕ ਤੀਜੀ ਕੈਟੇਗਰੀ ਆਕਸੀਜਨ ਵਾਲੇ ਬੈੱਡਾਂ ਦੀ ਹੈ। ਪੰਜਾਬ ਵਿੱਚ ਕੁੱਲ ਅਜਿਹੇ 9,401 ਬੈੱਡ ਹਨ ਜਿਨ੍ਹਾਂ ਵਿਚੋਂ 2,988 ਖ਼ਾਲੀ ਹਨ।
ਅਧਿਕਾਰੀ ਦੱਸਦੇ ਹਨ ਕਿ ਇਹ ਸਾਰੇ ਅੰਕੜੇ ਸਰਕਾਰੀ, ਪ੍ਰਾਈਵੇਟ, ਮਿਲਟਰੀ ਤੇ ਫ਼ੌਜ ਦੇ ਹਸਪਤਾਲਾਂ ਨੂੰ ਮਿਲਾ ਕੇ ਹਨ।
ਪਿਛਲੇ ਦਿਨੀਂ ਦੇਸ਼ ਦੇ ਫ਼ੌਜੀ ਹਸਪਤਾਲਾਂ ਨੂੰ ਆਮ ਨਾਗਰਿਕਾਂ ਲਈ ਖੋਲ੍ਹਿਆ ਗਿਆ ਸੀ ਜਦੋਂ ਕਿ ਪਹਿਲਾਂ ਸਿਰਫ਼ ਫ਼ੌਜੀ ਹੀ ਉੱਥੇ ਇਲਾਜ ਲਈ ਜਾ ਸਕਦੇ ਸੀ।
ਮਿਲਟਰੀ ਹਸਪਤਾਲ ਜਲੰਧਰ ਦੇ ਅਧਿਕਾਰੀ ਮੇਜਰ ਸੂਰਜ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ ਨਾਗਰਿਕਾਂ ਨੂੰ ਫ਼ੌਜੀ ਹਸਪਤਾਲਾਂ ਵਿੱਚ ਭਰਤੀ ਤਾਂ ਕੀਤਾ ਜਾਂਦਾ ਹੈ ਪਰ ਇਸ ਦਾ ਇੱਕ ਤਰੀਕਾ ਹੈ।
ਉਨ੍ਹਾਂ ਮੁਤਾਬਕ ਜ਼ਿਲ੍ਹੇ ਦੇ ਮੈਡੀਕਲ ਅਫ਼ਸਰ ਉਨ੍ਹਾਂ ਮਰੀਜ਼ਾ ਨੂੰ ਇੱਥੇ ਭੇਜ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਵੈਂਟੀਲੇਟਰ ਵਾਲਾ ਕੋਈ ICU ਬੈੱਡ ਖਾਲੀ ਨਹੀਂ ਹੈ ਤੇ ਨਾ ਹੀ ਕੋਈ ICU ਬੈੱਡ ਬਿਨਾਂ ਵੈਂਟੀਲੇਟਰ ਵਾਲਾ ਖ਼ਾਲੀ ਹੈ। ਸਾਰੇ 32 ICU ਬੈੱਡ ਭਰੇ ਹੋਏ ਹਨ।
ਅਜਿਹੇ ਸਮੇਂ ਵਿੱਚ ਸਵਾਲ ਇਹ ਉੱਠਦਾ ਹੈ ਕਿ ਜਿਸ ਮਰੀਜ਼ ਨੂੰ ICU ਬੈੱਡ ਦੀ ਜ਼ਰੂਰਤ ਹੈ ਉਹ ਕਿੱਥੇ ਜਾਣ?
ਲੁਧਿਆਣਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਹਤਿੰਦਰ ਕੌਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਮਰੀਜ਼ ਕੋਵਿਡ ਪੌਜ਼ੀਟਿਵ ਆ ਜਾਂਦਾ ਹੈ ਤਾਂ ਉਸ ਦੀ ਹਾਲਤ ਵੇਖ ਕੇ ਸਿਵਲ ਸਰਜਨ ਜਾਂ ਮੈਡੀਕਲ ਅਫ਼ਸਰ ਪਹਿਲਾਂ ਇਹ ਵੇਖਦੇ ਹਨ ਕਿ ਉਸ ਨੂੰ ਕਿਹੜੇ ਇਲਾਜ ਦੀ ਲੋੜ ਹੈ।
ਕੀ ਉਸ ਨੂੰ ICU ਬੈੱਡ ਬਿਨਾਂ ਵੈਂਟੀਲੇਟਰ ਵਾਲਾ ਚਾਹੀਦਾ ਹੈ ਜਾਂ ਵੈਂਟੀਲੇਟਰ ਵਾਲਾ। ਉਸ ਤੋਂ ਬਾਅਦ ਜਿਸ ਹਸਪਤਾਲ ਵਿੱਚ ਬੈੱਡ ਖ਼ਾਲੀ ਹੁੰਦਾ ਹੈ, ਉਹ ਲਿਸਟ ਵਿੱਚੋਂ ਵੇਖ ਕੇ ਮਰੀਜ਼ ਨੂੰ ਸਿੱਧਾ ਉੱਥੇ ਹੀ ਭੇਜਦੇ ਹਨ।
ਉਹ ਕਹਿੰਦੇ ਹਨ, "ਬੈੱਡਾਂ ਦੀ ਸਥਿਤੀ ਲਗਾਤਾਰ ਬਦਲਦੀ ਰਹਿੰਦੀ ਹੈ ਤੇ ਉਹ ਖ਼ਾਲੀ ਵੀ ਹੁੰਦੇ ਰਹਿੰਦੇ ਹਨ।"
ਇਹ ਵੀ ਪੜ੍ਹੋ: