You’re viewing a text-only version of this website that uses less data. View the main version of the website including all images and videos.
ਕੋਰਨਾਵਾਇਰਸ: ਮਰੀਜ਼ ਨੂੰ ਗੁੜਗਾਉਂ ਤੋਂ ਲੁਧਿਆਣਾ ਲਿਆਉਣ ਲਈ ਐਂਬੂਲੈਂਸ ਕੰਪਨੀ ਨੇ ਮੰਗੇ 1.20 ਲੱਖ ਰੁਪਏ
- ਲੇਖਕ, ਗੁਰਮਿੰਦਰ ਸਿੰਘ ਗਰੇਵਾਲ
- ਰੋਲ, ਬੀਬੀਸੀ ਪੰਜਾਬੀ ਲਈ
ਕੁਝ ਦਿਨਾਂ ਤੋਂ 1 ਲੱਖ 20 ਹਜ਼ਾਰ ਰੁਪਏ ਦੀ ਜਿਹੜੀ ਐਂਬੂਲੈਂਸ ਦੀ ਰਸੀਦ ਤੁਸੀਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਦੇਖ ਰਹੇ ਹੋ, ਉਸ ਐਂਬੂਲੈਂਸ ਦਾ ਇਹ ਖ਼ਰਚਾ ਗੁੜਗਾਉਂ ਤੋਂ ਲੁਧਿਆਣਾ ਲਿਆਉਣ ਲਈ ਸੀ।
ਹਾਲਾਂਕਿ ਹੁਣ ਐਂਬੂਲੈਂਸ ਦਾ ਇੰਨਾ ਖ਼ਰਚਾ ਵਸੂਲਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੱਛਮੀ ਦਿੱਲੀ ਪੁਲਿਸ ਦੇ ਥਾਣਾ ਇੰਦਰਪੁਰੀ ਦੀ ਟੀਮ ਨੇ ਗੁੜਗਾਉਂ ਤੋਂ ਲੁਧਿਆਣਾ ਐਂਬੂਲੈਂਸ ਲਈ 1 ਲੱਖ 20 ਹਜ਼ਾਰ ਰੁਪਏ ਲੈਣ ਵਾਲੇ 29 ਸਾਲ ਦੇ ਮਿਮੋਹ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ:
5 ਮਈ ਨੂੰ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤੇ 7 ਮਈ ਨੂੰ ਪੁਲਿਸ ਨੇ ਕਾਰਡੀਕੇਅਰ ਐਂਬੂਲੈਂਸ ਪ੍ਰਾਈਵੇਟ ਲਿਮੀਟਿਡ ਚਲਾਉਣ ਵਾਲੇ ਮਿਮੋਹ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਦੀ ਪੜਤਾਲ ਮੁਤਾਬਕ ਇਹ ਵਿਅਕਤੀ ਕਈ ਲੋਕਾਂ ਨਾਲ ਧੋਖਾ ਕਰ ਚੁੱਕਿਆ ਹੈ ਅਤੇ ਮਿਮੋਹ ਕੁਮਾਰ ਖ਼ੁਦ ਇੱਕ ਐਮਬੀਬੀਐਸ ਡਾਕਟਰ ਹੈ।
ਪੂਰਾ ਮਾਮਲਾ 1 ਲੱਖ 20 ਹਜ਼ਾਰ ਰੁਪਏ ਦੇਣ ਵਾਲੇ ਪਰਿਵਾਰ ਤੋਂ ਜਾਣੋ
ਦਰਅਸਲ ਅਮਨਦੀਪ ਕੌਰ ਦੀ ਮਾਤਾ ਜੀ ਕੋਵਿਡ ਪੌਜ਼ੀਟਿਵ ਸਨ ਅਤੇ ਆਕਸੀਜਨ ਦੀ ਕਮੀ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਾਂ ਨੂੰ ਲੁਧਿਆਣਾ ਲਿਆਉਣ ਦਾ ਫ਼ੈਸਲਾ ਲਿਆ।
ਅਮਨਦੀਪ ਕੌਰ ਮੁਤਾਬਕ ਉਨ੍ਹਾਂ ਦੀ ਮਾਂ ਦੀ ਹਾਲਤ ਬਹੁਤ ਗੰਭੀਰ ਸੀ ਤੇ ਗੁੜਗਾਉਂ ਤੇ ਆਲੇ-ਦੁਆਲੇ ਕਿਤੇ ਵੀ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ ਸੀ।
ਇਸ ਤੋਂ ਬਾਅਦ ਅਮਨਦੀਪ ਦੇ ਦਫ਼ਤਰ ਵਾਲਿਆਂ ਨੇ ਮਦਦ ਕਰਦਿਆਂ ਆਕਸੀਜਨ ਕੰਸਨਟ੍ਰੇਟਰ ਦਾ ਇੰਤਜ਼ਾਮ ਕੀਤਾ ਤੇ ਉਨ੍ਹਾਂ ਦੇ ਦੋਸਤ ਨੇ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕੀਤਾ।
ਇਸ ਸਭ ਨਾਲ ਕੁਝ ਦਿਨਾਂ ਤੱਕ ਰਾਹਤ ਜ਼ਰੂਰ ਮਿਲ ਗਈ ਪਰ ਅਮਨਦੀਪ ਮੁਤਾਬਕ ਉਨ੍ਹਾਂ ਦੀ ਮਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਸੀ ਤੇ ਇਸ ਤੋਂ ਬਾਅਦ ਗੁੜਗਾਓਂ ਵਿੱਚ ਹੀ ਇੱਕ ਸਥਾਨਕ ਸਤਿਅਮ ਹਸਪਤਾਲ ਵਿੱਚ ਜੱਦੋ-ਜਹਿਦ ਕਰਦਿਆਂ ਬੈੱਡ ਤਾਂ ਮਿਲ ਗਿਆ ਪਰ ਆਕਸੀਜਨ ਉੱਥੇ ਵੀ ਨਹੀਂ ਸੀ।
ਕੁਝ ਦਿਨ ਉੱਥੇ ਬਿਤਾਉਣ ਤੋਂ ਬਾਅਦ ਆਕਸੀਜਨ ਦੇ ਹਾਈ ਫਲੋਅ ਦੀ ਲੋੜ ਸੀ ਤਾਂ ਅਮਨਦੀਪ ਨੇ ਮਾਂ ਨੂੰ ਲੁਧਿਆਣਾ ਸ਼ਿਫ਼ਟ ਕਰਨ ਬਾਰੇ ਸੋਚਿਆ।
ਕਿਸੇ ਤਰੀਕੇ ਦੋਸਤਾਂ ਦੀ ਮਦਦ ਨਾਲ ਲੁਧਿਆਣਾ ਹਸਪਤਾਲ ਦਾਖਲੇ ਦਾ ਇੰਤਜ਼ਾਮ ਹੋ ਗਿਆ ਤੇ ਫ਼ਿਰ ਜੱਦੋ-ਜਹਿਦ ਸ਼ੁਰੂ ਹੋ ਗਈ ਐਂਬੂਲੈਂਸ ਦੀ।
ਅਮਨਦੀਪ ਮੁਤਾਬਕ ਜਦੋਂ ਇੱਕ ਇੰਸ਼ੋਰੈਂਸ ਕੰਪਨੀ ਰਾਹੀਂ ਐਂਬੂਲੈਂਸ ਦਾ ਇੰਤਜ਼ਾਮ ਹੋਇਆ ਤਾਂ ਗੁੜਗਾਓਂ ਤੋਂ ਲੁਧਿਆਣਾ ਲਈ ਆਕਸੀਜਨ ਵਾਲੀ ਐਂਬੂਲੈਂਸ ਲਈ 1 ਲੱਖ 40 ਹਜ਼ਾਰ ਰੁਪਏ ਮੰਗੇ ਗਏ।
ਅਮਨਦੀਪ ਮੁਤਾਬਕ ਉਨ੍ਹਾਂ ਕੋਲ 70 ਲੀਟਰ ਦਾ ਆਕਸੀਜਨ ਸਿਲੰਡਰ ਸੀ ਅਤੇ ਉਨ੍ਹਾਂ ਨੇ ਐਂਬੂਲੈਂਸ ਵਾਲਿਆਂ ਨੂੰ ਇਸ ਬਾਰੇ ਦੱਸਿਆਂ ਤਾਂ ਉਨ੍ਹਾਂ ਨੇ ਕਿਹਾ ਕਿ 20 ਹਜ਼ਾਰ ਘੱਟ ਦੇ ਦੇਣਾ ਤੇ ਇਸ ਹਿਸਾਬ ਨਾਲ 1 ਲੱਖ 20 ਹਜ਼ਾਰ ਰੁਪਏ ਦੇਣੇ ਹੀ ਪੈਣਗੇ।
ਅਮਨਦੀਪ ਪੂਣੇ ਤੋਂ 3 ਮਈ ਨੂੰ ਰਾਤ ਦੇ ਵੇਲੇ ਆਏ ਅਤੇ ਉਦੋਂ ਤੱਕ ਐਂਬੂਲੈਂਸ ਸਤਿਅਮ ਹਸਪਤਾਲ ਪਹੁੰਚ ਚੁੱਕੀ ਸੀ। ਅਮਨਦੀਪ ਮੁਤਾਬਕ ਐਂਬੂਲੈਂਸ ਵਾਲਿਆਂ ਨੇ ਇੱਕ ਲੱਖ ਰੁਪਏ ਨਗਦ ਜਮ੍ਹਾਂ ਕਰਵਾਉਣ ਨੂੰ ਕਿਹਾ।
ਅਮਨਦੀਪ ਮੁਤਾਬਕ ਉਨ੍ਹਾਂ ਨੇ ਐਂਬੂਲੈਂਸ ਵਾਲਿਆਂ ਨੂੰ 20 ਹਜ਼ਾਰ ਨਗਦ ਦਿੱਤੇ ਤੇ ਬਾਕੀ ਆਨਲਾਈਨ ਟਰਾਂਸਫ਼ਰ ਕਰਨ ਦੀ ਗੱਲ ਕਹਿ ਕੇ ਉੱਥੋਂ ਤੁਰਣ ਦੀ ਗੁਜ਼ਾਰਿਸ਼ ਕੀਤੀ।
ਅੱਧੇ ਘੰਟੇ ਬਾਅਦ ਹੀ ਐਂਬੂਲੈਂਸ ਵਾਲਿਆਂ ਨੇ ਪੈਸਿਆਂ ਦੇ ਟਰਾਂਸਫ਼ਰ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਮਨਦੀਪ ਨੇ 95 ਹਜ਼ਾਰ ਰੁਪਏ ਆਪਣੇ ਪਤੀ ਦੇ ਅਕਾਊਂਟ ਰਾਹੀਂ ਆਨਲਾਈਨ ਟਰਾਂਸਫ਼ਰ ਕਰਵਾ ਦਿੱਤੇ।
ਅਮਨਦੀਪ ਮੁਤਾਬਕ ਲੁਧਿਆਣਾ ਪਹੁੰਚਣ 'ਤੇ ਉਨ੍ਹਾਂ ਨੇ ਪੰਜ ਹਜ਼ਾਰ ਰੁਪਏ ਬਕਾਇਆ ਐਂਬੂਲੈਂਸ ਵਾਲਿਆਂ ਨੂੰ ਦਿੱਤਾ।
ਕੁੱਲ ਮਿਲਾਕੇ ਅਮਨਦੀਪ ਨੇ 1 ਲੱਖ 20 ਹਜ਼ਾਰ ਰੁਪਏ ਗੁੜਗਾਓਂ ਤੋਂ ਲੁਧਿਆਣਾ ਲਈ ਖ਼ਰਚ ਕੀਤੇ।
ਅਮਨਦੀਪ ਵੱਲੋਂ ਇਸ ਰਸੀਦ ਦੀ ਤਸਵੀਰ ਆਪਣੇ ਇੱਕ ਦੋਸਤ ਨਾਲ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਇਹ ਰਸੀਦ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਜਲੰਧਰ ਦੇ ਇੱਕ ਵਿਅਕਤੀ ਸ਼੍ਰੀ ਕੰਠ ਕੋਲ ਪਹੁੰਚੀ ਅਤੇ ਰਸੀਦ ਵਿੱਚ ਛਪੇ ਹਸਪਤਾਲ ਦੇ ਨਾਮ ਨੂੰ ਟ੍ਰੈਕ ਕਰਦਿਆਂ ਐਂਬੂਲੈਂਸ ਵਾਲਿਆਂ ਨੂੰ ਪੁੱਛ ਪੜਤਾਲ ਕੀਤੀ।
ਪੁਲਿਸ ਨੇ ਦੱਸਿਆ ਕਿ ਮਿਮੋਹ ਨੇ ਫੜੇ ਜਾਣ ਤੋਂ ਬਾਅਦ ਅਮਨਦੀਪ ਨੂੰ ਪੈਸੇ ਵਾਪਸ ਕਰ ਦਿੱਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: