ਕੋਰੋਨਾਵਾਇਰਸ: ਪੰਜਾਬ 'ਚ ਕੋਰੋਨਾ ਕਾਰਨ ਰਿਕਾਰਡ ਮੌਤਾਂ, ਆਕਸੀਜਨ 'ਤੇ ਭਾਰਤ ਤੇ ਪੰਜਾਬ ਦੇ ਸਿਹਤ ਮੰਤਰੀ ਕੀ ਬੋਲੇ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਅੱਜ ਦੇ ਅਹਿਮ ਘਟਨਾਕ੍ਰਮਾਂ ਅਤੇ ਤਾਜ਼ਾ ਅੰਕੜਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਵਿੱਚ 3,79,257 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3645 ਲੋਕਾਂ ਦੀ ਮੌਤ ਹੋਈ ਹੈ। ਇਸਦੇ ਨਾਲ ਹੀ 2,69,507 ਲੋਕਾਂ ਨੂੰ ਹਸਪਤਾਲ ਚੋਂ ਛੁੱਟੀ ਵੀ ਮਿਲੀ ਹੈl

ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿਚ ਕੋਰੋਨਾਵਾਇਰਸ ਦੇ ਕੁੱਲ 1,83,76,524 ਮਾਮਲੇ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਕੁੱਲ ਸੰਖਿਆ 2,04,832 ਹੋ ਚੁੱਕੀ ਹੈ।

ਇੱਕ ਮਈ ਤੋਂ ਸਰਕਾਰ 18 ਵਰ੍ਹਿਆਂ ਤੋਂ ਉੱਪਰ ਦੇ ਨਾਗਰਿਕਾਂ ਲਈ ਟੀਕਾਕਰਨ ਸ਼ੁਰੂ ਕਰਨ ਜਾ ਰਹੀ ਹੈ ਅਤੇ ਹੁਣ ਤਕ 15,00,20,648 ਲੋਕਾਂ ਨੂੰ ਟੀਕੇ ਲੱਗ ਚੁੱਕੇ ਹਨ।

ਇਹ ਵੀ ਪੜ੍ਹੋ :

ਪੰਜਾਬ 'ਚ ਕੋਰੋਨਾ ਕਾਰਨ ਰਿਕਾਰਡ ਮੌਤਾਂ

ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਪਿਛਲੇ 24 ਘੰਟਿਆਂ ਵਿੱਚ ਲਾਗ ਦੇ 6724 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 138 ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਮੌਤਾਂ ਭਠਿੰਡਾ 'ਚ ਹੋਈਆਂ ਹਨ।

ਭਠਿੰਡਾ 'ਚ 21, ਲੁਧਿਆਣਾ 'ਚ 18, ਅੰਮ੍ਰਿਤਸਰ 'ਚ 14, ਸੰਗਰੂਰ 'ਚ 12 ਅਤੇ ਪਟਿਆਲਾ 'ਚ 11 ਮੌਤਾਂ ਹੋਈਆਂ ਹਨ।

ਇਸ ਵੇਲੇ ਸੂਬੇ ਵਿੱਚ 54,954 ਕੋਰੋਨਾਵਾਇਰਸ ਦੀ ਲਾਗ ਦੇ ਐਕਟਿਵ ਮਾਮਲੇ ਹਨ। ਹੁਣ ਤੱਕ ਸੂਬੇ ਵਿੱਚ 8909 ਲੋਕਾਂ ਦੀ ਜਾਨ ਕੋਰੋਨਾਵਾਇਰਸ ਕਾਰਨ ਜਾ ਚੁੱਕੀ ਹੈ।

ਸੂਬਿਆਂ ਨੂੰ ਲੋੜੀਂਦੀ ਵੈਕਸੀਨ ਦਿੱਤੀ ਜਾ ਰਹੀ ਹੈ: ਹਰਸ਼ਵਰਧਨ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਸਾਰੇ ਰਾਜਾਂ ਨੂੰ ਟੀਕਾਕਰਣ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਵੈਕਸੀਨ ਦਿੱਤੀ ਜਾ ਰਹੀ ਹੈ।

ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਅਸੀਂ ਸੂਬਿਆਂ ਨੂੰ 16 ਕਰੋੜ ਤੋਂ ਵੱਧ ਟੀਕੇ ਦੇ ਚੁੱਕੇ ਹਾਂ। ਇਨ੍ਹਾਂ ਵਿਚੋਂ 15 ਕਰੋੜ ਤੋਂ ਵੱਧ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ। "

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਉਨ੍ਹਾਂ ਨੇ ਕਿਹਾ, "ਇਸਦਾ ਅਰਥ ਹੈ ਕਿ ਰਾਜਾਂ ਦੇ ਕੋਲ ਅਜੇ ਵੀ ਇੱਕ ਕਰੋੜ ਤੋਂ ਵੱਧ ਡੋਜ਼ਾਂ ਬਾਕੀ ਹਨ। ਅਗਲੇ ਦੋ ਤਿੰਨ ਦਿਨਾਂ ਵਿਚ ਕੁਝ ਲੱਖ ਹੋਰ ਖੁਰਾਕ ਦਿੱਤੀ ਜਾਏਗੀ। ਟੀਕਾਕਰਨ ਦੀ ਸ਼ੁਰੂਆਤ ਤੋਂ ਇਕ ਦਿਨ ਵੀ ਨਹੀਂ ਲੰਘਿਆ ਜਦੋਂ ਰਾਜਾਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਵੈਕਸੀਨ ਨਹੀਂ ਦਿੱਤੀ ਗਈ ਹੋਵੇ। "

ਨਹੀਂ ਰਹੇ ਸੀਪੀਆਈ ਦੇ ਸੀਨੀਅਰ ਆਗੂ ਡਾ. ਜੋਗਿੰਦਰ ਦਿਆਲ

ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਡਾ. ਜੋਗਿੰਦਰ ਦਿਆਲ ਨਹੀਂ ਰਹੇ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ।

ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਜਵਾਈ ਗੋਪਾਲ ਸਿਂਘ ਝਾੜੋ ਨੇ ਕਿਹਾ, "ਡਾ. ਜੋਗਿੰਦਰ ਦਿਆਲ ਅੱਜ ਲੰਬੀ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਡਾ. ਦਿਆਲ ਸੀਪੀਆਈ ਦੇ ਬਹੁਤ ਸਮਾਂ ਪੰਜਾਬ ਦੇ ਸਕੱਤਰ ਰਹੇ, ਹੁਣ ਉਹ ਪਾਰਟੀ ਦੇ ਸੈਂਟਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਕੰਮ ਕਰ ਰਹੇ ਸਨ। ਉਨ੍ਹਾਂ ਦੀ ਦੇਹ ਦਾ ਸਸਕਾਰ ਕਲ 12 ਵਜੇ ਪਿੰਡ ਛੋਟੇਵਾਲ ਨੇੜੇ ਨੰਗਲ ਡੈਮ ਵਿਖੇ ਹੋਵੇਗਾ।"

ਸੀਪੀਆਈ ਦੇ ਸਾਬਕਾ ਜਨਰਲ ਸਕੱਤਰ ਸੁਧਾਕਰ ਰੈੱਡੀ ਸੁਰਾਵਰਮ ਨੇ ਉਨ੍ਹਾਂ ਦੀ ਮੌਤ 'ਤੇ ਦੁਖ਼ ਜਤਾਦਿਆਂ ਪੁਰਾਣੀਆਂ ਯਾਦਾ ਤਾਜ਼ੀਆਂ ਕੀਤੀਆ।

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਕਿਹਾ

ਭਾਰਤ ਵਿੱਚ ਵਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਤੋਂ ਬਾਅਦ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਭਾਰਤ ਛੱਡਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਅਮਰੀਕਾ ਨੇ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਵਿਚ ਕੋਰੋਨਾ ਸੰਕਟ ਗਹਿਰਾ ਹੋ ਗਿਆ ਹੈ ਅਤੇ ਮੈਡੀਕਲ ਸੁਵਿਧਾਵਾਂ ਵੀ ਨਾਕਾਫੀ ਸਾਬਿਤ ਹੋ ਰਹੀਆਂ ਹਨ।

ਭਾਰਤ ਵਿੱਚ ਅਮਰੀਕਾ ਦੀ ਅੰਬੈਸੀ ਵੱਲੋਂ ਜਾਰੀ ਹੈਲਥ ਅਲਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਅਮਰੀਕਾ ਦੇ ਵਿਚਾਲੇ ਰੋਜ਼ਾਨਾ ਸਿੱਧੀਆਂ ਉਡਾਣਾਂ ਵੀ ਮੌਜੂਦ ਹਨ ਅਤੇ ਪੈਰਿਸ, ਫਰੈਂਕਫਰਟ ਤੋਂ ਹੁੰਦੇ ਹੋਏ ਵੀ ਅਮਰੀਕੀ ਨਾਗਰਿਕ ਵਤਨ ਵਾਪਸੀ ਕਰ ਸਕਦੇ ਹਨ।

ਅਮਰੀਕਾ ਨੇ ਲੈਵਲ ਚਾਰ ਟ੍ਰੈਵਲ ਹੈਲਥ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਭਾਰਤ ਦੇ ਕੋਰੋਨਾ ਸੰਕਟ ਨਾਲ ਨਿਪਟਾਰੇ ਲਈ ਮਦਦ ਦਾ ਐਲਾਨ ਕੀਤਾ ਸੀ ।

ਝਾਰਖੰਡ ਅਤੇ ਛੱਤੀਸਗੜ੍ਹ ਤੋਂ ਆਕਸੀਜਨ ਮੰਗਵਾਏਗੀ ਪੰਜਾਬ ਸਰਕਾਰ

ਪੰਜਾਬ ਦੇ ਵਿੱਚ ਵੀ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, “ਸਾਨੂੰ ਪ੍ਰਤੀ ਦਿਨ 300 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਸਾਡੇ ਕੋਲ 36 ਮੀਟ੍ਰਿਕ ਟਨ ਉਤਪਾਦਨ ਦੀ ਸਮਰੱਥਾ ਹੈ। 105 ਐਮਟੀ ਬਾਹਰੋਂ ਆਉਂਦੀ ਹੈ. ਸਾਡੀ ਸਰਕਾਰ ਨੇ ਬਾਕੀ ਆਕਸੀਜਨ ਨੂੰ ਪੂਰਾ ਕਰਨ ਲਈ ਝਾਰਖੰਡ ਅਤੇ ਛੱਤੀਸਗੜ੍ਹ ਤੱਕ ਪਹੁੰਚ ਕੀਤੀ ਹੈ।”

ਡਾ. ਮਨਮੋਹਨ ਸਿੰਘ ਕੋਰੋਨਾ ਤੋਂ ਠੀਕ ਹੋ ਕੇ ਹਸਪਤਾਲ ਤੋਂ ਘਰ ਪਰਤੇ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਵਿਡ -19 ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਦਿੱਲੀ ਦੇ ਏਮਜ਼ ਹਸਪਤਾਲ ਦੇ ਅਧਿਕਾਰੀਆਂ ਨੇ ਸਮਾਚਾਰ ਏਜੰਸੀ ਏ.ਐੱਨ.ਆਈ. ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਦੀ ਸਿਹਤ ਨਾਲ ਜੁੜੇ ਵਧੇਰੇ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ।

ਡਾ. ਮਨਮੋਹਨ ਸਿੰਘ ਨੂੰ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ 19 ਅਪ੍ਰੈਲ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਯੂਐਨ ਦੀ ਮਦਦ ਲੈਣ ਤੋਂ ਭਾਰਤ ਦਾ ਇਨਕਾਰ

ਦੋ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਆਮ ਸਭਾ ਦੇ ਮੁਖੀ ਨੇ ਕਿਹਾ ਸੀ ਕਿ ਦੁਨੀਆਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਨੇ ਉਨ੍ਹਾਂ ਦੇਸ਼ਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਭੇਜੇ ਹਨ, ਜਿਨ੍ਹਾਂ ਨੂੰ ਇਹ ਮਿਲਣੇ ਸੌਖੇ ਨਹੀਂ ਸਨ।

ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮਦਦ ਲੈਣ ਤੋਂ ਇਨਕਾਰ ਕੀਤਾ ਹੈ।

ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਟੇਰਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਭਾਰਤ ਨੇ ਮਦਦ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ।

ਪੀਟੀਆਈ ਦੇ ਸਵਾਲ ਦੇ ਜਵਾਬ ਵਿੱਚ ਫਰਹਾਨ ਹੱਕ ਨੇ ਕਿਹਾ," ਅਸੀਂ ਕੋਵਿਡ ਨਾਲ ਜੁੜੇ ਸਮਾਨ ਦੀ ਸਪਲਾਈ ਚੇਨ ਵਿਚ ਲੋੜ ਪੈਣ ਉੱਤੇ ਸਹਾਇਤਾ ਲਈ ਕਿਹਾ ਸੀ ਪਰ ਸਾਨੂੰ ਕਿਹਾ ਗਿਆ ਕਿ ਭਾਰਤ ਨੂੰ ਇਸ ਦੀ ਲੋੜ ਨਹੀਂ ਹੈ ਕਿਉਂਕਿ ਉੱਥੇ ਪਹਿਲਾਂ ਹੀ ਇੱਕ ਮਜ਼ਬੂਤ ਵਿਵਸਥਾ ਮੌਜੂਦ ਹੈ। ਸਾਡੀ ਪੇਸ਼ਕਸ਼ ਅਜੇ ਵੀ ਹੈ ਅਤੇ ਅਸੀਂ ਹੁਣ ਵੀ ਮਦਦ ਲਈ ਤਿਆਰ ਹਾਂ।"

ਹੱਕ ਨੇ ਕਿਹਾ," ਅਸੀਂ ਭਾਰਤ ਵਿੱਚ ਯੂਐਨ ਦੇ ਲੋਕਾਂ ਨਾਲ ਸੰਪਰਕ ਵਿੱਚ ਹਾਂ ਅਤੇ ਜੇਕਰ ਲੋੜ ਪਈ ਤਾਂ ਮਦਦ ਲਈ ਤਿਆਰ ਹਾਂ। ਭਾਰਤ ਵਿੱਚ ਮਹਾਂਮਾਰੀ ਦਾ ਸੰਕਟ ਬਹੁਤ ਵੱਡਾ ਹੈ ਅਤੇ ਅਸੀਂ ਆਪਣੀ ਨਜ਼ਰ ਬਣਾਈ ਹੋਈ ਹੈ।"

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਕੋਵਿਡ ਜੋ ਤੱਕ ਪੂਰੀ ਦੁਨੀਆਂ ਵਿੱਚੋਂ ਖ਼ਤਮ ਨਹੀਂ ਹੋ ਜਾਂਦਾ ਉਦੋਂ ਤਕ ਕੋਈ ਸੁਰੱਖਿਅਤ ਨਹੀਂ ਹੈ।

ਯੂਐਨ ਪ੍ਰਮੁੱਖ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਇਸ ਦੇ ਖਿਲਾਫ਼ ਲੜਾਈ ਮਿਲ ਕੇ ਲੜਨੀ ਪਵੇਗੀ ਕਿਉਂਕਿ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ।

ਯੂਐਨ ਦੀ 75ਵੀਂ ਆਮ ਸਭਾ ਦੇ ਪ੍ਰਮੁੱਖ ਵਾਲਕਾਨ ਬੋਜ਼ਕਿਰ ਨੇ ਭਾਰਤ ਦੀ ਮਦਦ ਦੀ ਗੱਲ ਕੀਤੀ ਸੀ ਤਾਂ ਭਾਰਤ ਦੇ ਯੂਐਨ ਵਿਚ ਸਥਾਈ ਦੂਤ ਤ੍ਰਿਮੂਰਤੀ ਨੇ ਇਸ ਦੀ ਪ੍ਰਸ਼ੰਸਾ ਕੀਤੀ ਸੀ।ਕੋਰੋਨਾਵਾਇਰਸ ਮਹਾਂਮਾਰੀ ਦੀ ਦੂਸਰੀ ਮਾਰੂ ਲਹਿਰ ਝੱਲ ਰਹੇ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮਦਦ ਲੈਣ ਤੋਂ ਇਨਕਾਰ ਕੀਤਾ ਹੈ।

ਕੀ ਲਿਖ ਰਿਹਾ ਹੈ ਗੋਲਬਲਟਾਇਮਜ਼

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਮੁੱਖ ਪੱਤਰ ਮੰਨੇ ਜਾਣ ਵਾਲੇ ਗਲੋਬਲ ਟਾਈਮਜ਼ ਅਖ਼ਬਾਰ ਨੇ ਬੁੱਧਵਾਰ ਨੂੰ ਇਕ ਰਿਪੋਰਟ ਛਾਪੀ ਹੈ ਜਿਸ ਵਿਚ ਉਨ੍ਹਾਂ ਚੀਨੀ ਨਾਗਰਿਕਾਂ ਬਾਰੇ ਲਿਖਿਆ ਗਿਆ ਹੈ ਜੋ ਭਾਰਤ ਵਿਚ ਹਨ ਅਤੇ ਇਸ ਵੇਲੇ ਕੋਰੋਨਾ ਵਾਇਰਸ ਦਾ ਸ਼ਿਕਾਰ ਹਨ। ਗਲੋਬਲ ਟਾਈਮਜ਼ ਦੀ ਇਸ ਰਿਪੋਰਟ ਮੁਤਾਬਿਕ ਭਾਰਤ ਵਿੱਚ ਰਹਿ ਰਹੇ ਚੀਨੀ ਨਾਗਰਿਕਾਂ ਲਈ ਮਹਾਂਮਾਰੀ ਦੌਰਾਨ ਮੁਸ਼ਕਿਲ ਸਮਾਂ ਚੱਲ ਰਿਹਾ ਹੈ।

ਅਜਿਹੇ ਹੀ ਇਕ ਚੀਨੀ ਨਾਗਰਿਕ ਨਿਕੋ ਯਾਂਗ ਨੇ ਗਲੋਬਲ ਟਾਈਮਜ਼ ਵਿੱਚ ਕਿਹਾ," ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ। ਸਾਰੇ ਭਰੇ ਹੋਏ ਹਨ, ਤੁਸੀਂ ਚਾਹੇ ਅਮੀਰ ਹੋ ਜਾਂ ਗ਼ਰੀਬ ਤੁਹਾਨੂੰ ਹਸਪਤਾਲ ਚ ਜਗ੍ਹਾ ਨਹੀਂ ਮਿਲੇਗੀ।" ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਿਕ ਨਿਕੋਈ ਆਂਗ ਇਕਾਂਤਵਾਸ ਵਿਚ ਰਹਿ ਕੇ ਠੀਕ ਹੋਏ ਹਨ । ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਹਸਪਤਾਲ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਬਹੁਤ ਸਾਰੇ ਮਰੀਜ਼ ਬਿਨਾਂ ਇਲਾਜ ਹੀ ਦਮ ਤੋੜ ਰਹੇ ਹਨ।

ਆਕਸੀਜਨ ਨੂੰ ਲੈ ਕੇ ਵੀ ਮਾਰਾ ਮਾਰੀ ਹੈ। ਵੱਡੀ ਗਿਣਤੀ ਵਿੱਚ ਮੌਤਾਂ ਹੋਣ ਕਰਕੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਲਈ ਵੀ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਕੁਝ ਥਾਵਾਂ ਤੇ ਅੰਤਿਮ ਸਸਕਾਰ ਦਾ ਸਾਮਾਨ ਵੀ ਖ਼ਤਮ ਹੋ ਰਿਹਾ ਹੈ।

ਨਿਕੋ ਯਾਂਗ ਦਾ ਕਹਿਣਾ ਹੈ ਕਿ ਉਹ ਬਾਕੀ ਭਾਰਤੀਆਂ ਨਾਲੋਂ ਖੁਸ਼ਕਿਸਮਤ ਰਹੇ। ਉਨ੍ਹਾਂ ਦੇ ਸਹਿਕਰਮੀ ਖਾਣ ਪੀਣ ਦਾ ਸਾਮਾਨ ਭੇਜ ਦਿੰਦੇ ਸਨ। ਭਾਰਤ ਵਿੱਚ ਕਿੰਨੇ ਚੀਨੀ ਨਾਗਰਿਕ ਹਨ ਇਸ ਦਾ ਪਤਾ ਨਹੀਂ ਪਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਿਕ ਵੱਡੀ ਸੰਖਿਆ ਵਿਚ ਚੀਨੀ ਨਾਗਰਿਕ ਪਿਛਲੇ ਸਾਲ ਵਤਨ ਵਾਪਸੀ ਕਰ ਗਏ ਹਨ। ਭਾਰਤ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਕਈ ਚੀਨੀ ਕੰਪਨੀਆਂ ਉੱਤੇ ਪਾਬੰਦੀਆਂ ਲਗਾਈਆਂ ਹਨ ਜਿਸ ਕਾਰਨ ਕਈ ਕੰਪਨੀਆਂ ਬੰਦ ਹੋ ਗਈਆਂ ।

ਭਾਰਤ ਵਿੱਚ ਮੌਜੂਦ ਇੱਕ ਚੀਨੀ ਨੇ ਕਿਹਾ," 2019 ਵਿੱਚ ਮੇਰੀ ਚੰਗੀ ਕਮਾਈ ਸੀ ਪਰ ਹੁਣ ਮੁਨਾਫ਼ਾ ਅੱਧੇ ਤੋਂ ਵੀ ਘਟ ਗਿਆ ਹੈ ।ਜਦੋਂ ਤੱਕ ਓਪੋ ਅਤੇ ਵੀਵੋ ਹਨ ਮੈਂ ਭਾਰਤ ਵਿੱਚ ਹੀ ਰਹੂੰਗਾ।

ਅਸ਼ੋਕ ਗਹਿਲੋਤ ਕੋਰੋਨਾ ਪੌਜ਼ਿਟਿਵ ਹੋਏ

ਵੀਰਵਾਰ ਸਵੇਰੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵਿੱਟਰ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਆਪਣੇ ਟਵੀਟ ਵਿੱਚ ਉਹ ਲਿਖਦੇ ਹਨ," ਕੋਵਿਡ ਟੈਸਟ ਕਰਵਾਉਣ ਤੋਂ ਬਾਅਦ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਨੂੰ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ ਅਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਮੈਂ ਆਈਸੋਲੇਸ਼ਨ ਵਿੱਚ ਰਹਿ ਕੇ ਹੀ ਕੰਮਕਾਜ ਜਾਰੀ ਰੱਖਾਂਗਾ।" ਜ਼ਿਕਰਯੋਗ ਹੈ ਕਿ ਗਹਿਲੋਤ ਦੀ ਪਤਨੀ ਸੁਨੀਤਾ ਗਹਿਲੋਤ ਵੀ ਇਸ ਵੇਲੇ ਕੋਰੋਨਾਵਾਇਰਸ ਦੀ ਲਪੇਟ ਵਿੱਚ ਹਨ। ਰਾਜਸਥਾਨ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਵੀ ਕੋਰੋਨਾਵਾਇਰਸ ਦੇ ਮਰੀਜ਼ ਹਨ ਅਤੇ ਸੂਬੇ ਵਿੱਚ ਇਸ ਵੇਲੇ ਡੇਢ ਲੱਖ ਤੋਂ ਵੱਧ ਐਕਟਿਵ ਕੇਸ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)