ਕੋਰੋਨਾਵਾਇਰਸ ਤੋਂ ਬਚਾਅ ਲਈ ਡਾ. ਰਣਦੀਪ ਗੁਲੇਰੀਆਤੇ ਡਾ. ਨਰੇਸ਼ ਤ੍ਰੇਹਾਨ ਸਣੇ ਭਾਰਤ ਦੇ 4 ਵੱਡੇ ਡਾਕਟਰ ਕੀ ਕਹਿੰਦੇ - ਪ੍ਰੈੱਸ ਰਿਵੀਊ

ਭਾਰਤ ਵਿੱਚ ਵੱਧਦੇ ਕੋਰੋਨਾਵਾਇਰਸ ਦੇ ਕੇਸਾਂ ਦਰਮਿਆਨ ਦੇਸ਼ ਦੇ ਚਾਰ ਵੱਡੇ ਡਾਕਟਰਾਂ ਨੇ ਇਸ ਤੋਂ ਬਚਾਅ ਦੇ ਉਪਾਅ ਦੱਸੇ ਹਨ।

ਦੈਨਿਕ ਭਾਸਕਰ ਦੀ ਖ਼ਬਰ ਮੁਤਬਾਕ ਇਨ੍ਹਾਂ ਡਾਕਟਰਾਂ ਵਿੱਚ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ, ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਾਨ, ਏਮਜ਼ ਦੇ ਮੈਡੀਸਿਨ ਵਿਭਾਗ ਦੇ ਮੁਖੀ ਡਾ. ਨਵੀਤ ਵਿਗ ਅਤੇ ਹੈਲਥ ਸਰਵਿਸ ਦੇ ਡਾਇਰਕੈਟਰ ਜਨਰਲ ਡਾ. ਸੁਨੀਲ ਕੁਮਾਰ ਸ਼ਾਮਿਲ ਸਨ।

ਇਨ੍ਹਾਂ ਡਾਕਟਰਾਂ ਨੇ ਲੋਕਾਂ ਵਿੱਚ ਬਣੇ ਡਰ ਦੇ ਮਾਹੌਲ, ਹਫ਼ੜਾ-ਦਫੜੀ ਅਤੇ ਦਵਾਈਆਂ ਦੀ ਕਮੀ ਉੱਤੇ ਵੀ ਗੱਲ ਕੀਤੀ।

ਡਾ. ਰਣਦੀਪ ਗੁਲੇਰੀਆ ਨੇ ਐਂਟੀ ਵਾਇਰਲ ਡਰੱਗ ਰੇਮਡੈਸਵਿਰ ਦੀ ਵਧੀ ਡਿਮਾਂਡ ਉੱਤੇ ਕਿਹਾ ਕਿ ਇਹ ਕੋਈ ਜਾਦੂ ਦੀ ਗੋਲੀ ਨਹੀਂ। ਇਹ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ, ਜੋ ਹਸਪਤਾਲ 'ਚ ਭਰਤੀ ਹੋਣ ਅਤੇ ਆਕਸੀਜਨ ਲੈਵਲ ਘੱਟ ਹੋਵੇ।

ਡਾ. ਨਰੇਸ਼ ਤ੍ਰੇਹਾਨ ਨੇ ਕਿਹਾ ਕਿ ਜੇ ਤੁਸੀਂ ਭੀੜ ਵਿੱਚ ਜਾ ਰਹੇ ਹੋ ਤਾਂ ਡਬਲ ਮਾਸਕ ਜ਼ਰੂਰ ਪਹਿਨੋ। ਇਸ ਤਰ੍ਹਾਂ ਪਹਿਨੋ ਕਿ ਸੀਲ ਬਣ ਜਾਵੇ ਅਤੇ ਫੇਫੜਿਆਂ ਤੱਕ ਇਨਫੈਕਸ਼ਨ ਨਾ ਜਾਵੇ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਡਾ. ਸੁਨੀਲ ਕੁਮਾਰ ਨੇ ਕਿਹਾ ਕਿ 2020 ਵਿੱਚ ਨਵੀਂ ਬਿਮਾਰੀ ਸਾਹਮਣੇ ਆਈ ਸੀ, ਉਦੋਂ ਸਾਡੀ ਕੋਈ ਤਿਆਰੀ ਨਹੀਂ ਸੀ। ਉਦੋਂ ਸਾਡੇ ਕੋਲ ਇੱਕ ਲੈਬ ਸੀ ਤੇ ਹੁਣ ਦੋ ਹਜ਼ਾਰ ਤੋਂ ਵੱਧ ਹਨ।

ਡਾ. ਨਵੀਤ ਵਿਗ ਨੇ ਕਿਹਾ ਕੇ ਜੇ ਅਸੀਂ ਇਸ ਬਿਮਾਰੀ ਨੂੰ ਹਰਾਨਾ ਹੈ ਤਾਂ ਸਾਨੂੰ ਹੈਲਥ ਕੇਅਰ ਵਰਕਸ ਨੂੰ ਬਚਾਉਣਾ ਹੈ।

ਇਸ ਤੋਂ ਇਲਾਵਨਾ ਇਨ੍ਹਾਂ ਡਾਕਟਰਾਂ ਨੇ ਕਈ ਲਾਹੇਵੰਦ ਗੱਲਾਂ ਦੱਸੀਆਂ ਹਨ ਜੋ ਤੁਸੀਂ ਲਿੰਕ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਪੰਜਾਬ ਸਣੇ ਭਾਰਤ ਦੇ 4 ਸੂਬੇ ਇੱਕ ਮਈ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ 'ਚ ਅਸਮਰੱਥ

ਭਾਰਤ ਦੇ ਚਾਰ ਸੂਬਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤੀ ਕੋਰੋਨਾ ਵੈਕਸੀਨ ਨਹੀਂ ਹੈ ਅਤੇ ਉਹ 18 ਸਾਲ ਤੋਂ ਉੱਪਰ ਦੇ ਵਿਅਕਤੀ ਲਈ 1 ਮਈ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਨਹੀਂ ਕਰ ਸਕਣਗੇ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕਾਂਗਰਸ ਸ਼ਾਸਿਤ ਰਾਜਸਥਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਵੀਸ਼ੀਲਡ ਬਣਾਉਣ ਵਾਲੇ ਸੀਰਮ ਇੰਸਟਿਚਿਊਟ ਵੱਲੋਂ ਕਿਹਾ ਗਿਆ ਹੈ ਕਿ ਉਹ 15 ਮਈ ਤੋਂ ਪਹਿਲਾਂ ਵੈਕਸੀਨ ਸਪਲਾਈ ਨਹੀਂ ਕਰ ਸਕਣਗੇ।

ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਾਂਗਰਸ ਸ਼ਾਸਿਤ ਸੂਬਿਆਂ ਛੱਤੀਸਗੜ, ਪੰਜਾਬ ਅਤੇ ਝਾਰਖੰਡ ਵਿੱਚ ਆਪਣੇ ਸਹਿਯੋਗੀਆਂ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ''ਅਸੀਂ ਖ਼ਰਚ ਕਰਨ ਨੂੰ ਤਿਆਰ ਹਾਂ ਪਰ ਕੀਮਤ ਇੱਕੋ ਜਿਹੀ ਹੋਣੀ ਚਾਹੀਦਾ ਹੈ।''

ਅਸੀਂ ਸਿਰਫ਼ 'ਫੇਕ' ਕੋਵਿਡ ਪੋਸਟਾਂ ਹਟਾਉਣ ਲਈ ਕਿਹਾ, ਆਲੋਚਨਾ ਵਾਲੀਆਂ ਨਹੀਂ - IT ਮੰਤਰਾਲਾ

ਲੰਘੇ ਦਿਨੀਂ ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਯੂ-ਟਿਊਬ ਨੂੰ ਉਨ੍ਹਾਂ ਪੋਸਟਾਂ ਨੂੰ ਹਟਾਉਣ ਲਈ ਆਖਿਆ ਸੀ ਜੋ ''ਫੇਕ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ'' ਦੇਸ਼ ਵਿੱਚ ''ਕੋਵਿਡ-19 ਬਾਰੇ ਦਹਿਸ਼ਤ ਫੈਲਾ'' ਰਹੀਆਂ ਹਨ।

ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਜਿਨ੍ਹਾਂ ਪੋਸਟਾਂ ਬਾਰੇ ਭਾਰਤ ਸਰਕਾਰ ਨੇ ਕੰਪਨੀਆਂ ਨੂੰ ਲਿਖਿਆ ਸੀ ਉਹ ਹਟਾ ਦਿੱਤੀਆਂ ਗਈਆਂ ਹਨ। ਹਾਲਾਂਕਿ ਆਈਟੀ ਮੰਤਰਾਲੇ ਦੇ ਸੂਤਰਾਂ ਮੁਤਾਬਕ ਉਨ੍ਹਾਂ ਸਿਰਫ਼ ਅਜਿਹੀਆਂ ਪੋਸਟਾਂ ਉੱਤੇ ਐਕਸ਼ਨ ਲੈਣ ਲਈ ਕਿਹਾ ਸੀ ਜੋ ਵਾਇਰਸ ਖ਼ਿਲਾਫ਼ ਲੜਾਈ ਵਿੱਚ ਭਟਕਾ ਰਹੀਆਂ ਸਨ।

ਅਖ਼ਬਾਰ ਨੂੰ ਸੂਤਰਾਂ ਨੇ ਇਹ ਵੀ ਕਿਹਾ ਕਿ ਇਸ ਕਾਰਵਾਈ ਪਿੱਛੇ ਮੰਤਵ ''ਆਲੋਚਨਾ ਨੂੰ ਬਲੌਕ ਕਰਨਾ ਨਹੀਂ ਸਗੋਂ ਭੜਕਾਊ ਪੋਸਟਾਂ ਨੂੰ ਹਟਾਉਣਾ ਸੀ।''

ਕੋਰੋਨਾ ਵੈਕਸੀਨ ਦੇ ਲਈ ਕੱਚਾ ਮਾਲ ਦੇਣ ਨੂੰ ਰਾਜ਼ੀ ਅਮਰੀਕਾ

ਅਮਰੀਕਾ ਨੇ ਕੋਵੀਸ਼ੀਲਡ ਵੈਕਸੀਨ ਦੇ ਉਤਪਾਦਨ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਲਈ ਸਹਿਮਤੀ ਜਤਾਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ।

ਉਨ੍ਹਾਂ ਟਵੀਟ ਕੀਤਾ, ''ਜਿਸ ਤਰ੍ਹਾਂ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਸੀ, ਉਸ ਤਰ੍ਹਾਂ ਜ਼ਰੂਰਤ ਦੇ ਇਸ ਸਮੇਂ ਵਿੱਚ ਅਸੀਂ ਭਾਰਤ ਦੀ ਮਮਦ ਕਰਨ ਨੂੰ ਦ੍ਰਿੜ ਸੰਕਲਪ ਹਾਂ।''

ਅਮਰੀਕੀ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਕੋਵਿਡ ਮਹਾਂਮਾਰੀ ਦੇ ਇਸ ਸੰਕਟ ਕਾਲ ਵਿੱਚ ਭਾਰਤ ਦੇ ਨਾਲ ਸਹਿਯੋਗ ਦੀ ਗੱਲ ਕਹੀ ਹੈ।

ਉਨ੍ਹਾਂ ਨੇ ਟਵੀਟ ਕੀਤਾ, ''ਕੋਰੋਨਾ ਮਹਾਂਮਾਰੀ ਦੇ ਇਸ ਘਾਤਕ ਦੌਰ ਵਿੱਚ ਅਮਰੀਕਾ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਸੀਂ ਮਦਦ ਕਰ ਰਹੇ ਹਾਂ। ਅਸੀਂ ਭਾਰਤ ਦੇ ਲੋਕਾਂ ਲਈ ਅਰਦਾਸ ਕਰਦੇ ਹਾਂ, ਜਿਸ ਵਿੱਚ ਸਾਹਸੀ ਸਿਹਤ ਕਰਮੀ ਵੀ ਸ਼ਾਮਲ ਹਨ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)