ਮਸ਼ਹੂਰ ਸੰਗੀਤਕਾਰ ਸ਼ਰਵਨ ਦੀ ਕੋਰੋਨਾਵਾਇਰਸ ਨਾਲ ਮੌਤ - ਪ੍ਰੈੱਸ ਰਿਵੀਊ

ਬਾਲੀਵੁੱਡ ਦੀ ਮਸ਼ਹੂਰ ਸੰਗੀਤਕਾਰ ਜੋੜੀ ਨਦੀਮ-ਸ਼ਰਵਨ ਵਿੱਚੋਂ ਹੁਣ ਸ਼ਰਵਨ ਦਾ ਸੰਗੀਤ ਸੁਣਨ ਨੂੰ ਨਹੀਂ ਮਿਲੇਗਾ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਸ਼ਰਵਨ ਮੁੰਬਈ ਦੇ ਇੱਕ ਹਸਪਤਾਲ ਵਿੱਚ ਕੋਵਿਡ-19 ਦੇ ਇਲਾਜ ਲਈ ਦਾਖਲ ਸਨ ਤੇ ਉਨ੍ਹਾਂ ਨੇ ਵੀਰਵਾਰ 22 ਅਪ੍ਰੈਲ ਨੂੰ ਰਾਤ ਸਾਢੇ 9 ਵਜੇ ਆਖਰੀ ਸਾਹ ਲਏ।

ਇਹ ਵੀ ਪੜ੍ਹੋ:

ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਦੇ ਹਵਾਲੇ ਨਾਲ ਖ਼ਬਰ ਨਸ਼ਰ ਕਰਦਿਆਂ ਟਾਈਮਜ਼ ਆਫ਼ ਇੰਡੀਆ ਨੇ ਲਿਖਿਆ ਕਿ, ''ਫ਼ਿਲਮ ਇੰਡਸਟਰੀ ਨੇ ਆਪਣੇ ਬਹੁਤ ਹੀ ਪੌਪੂਲਰ ਸੰਗੀਤ ਕੰਪੋਜ਼ਰ ਸ਼ਰਵਨ ਰਾਠੋੜ ਨੂੰ ਗੁਆ ਦਿੱਤਾ ਹੈ।''

ਸ਼ਰਵਨ ਦੇ ਦੇਹਾਂਤ ਉੱਤੇ ਬਾਲੀਵੁੱਡ ਦੇ ਨਾਮੀਂ ਸੰਗੀਤਕਾਰ ਤੇ ਕਲਾਕਾਰ ਟਵੀਟ ਰਾਹੀਂ ਆਪਣੀ ਸ਼ਰਧਾਂਜਲੀ ਦੇ ਰਹੇ ਹਨ।

ਇਨ੍ਹਾਂ ਵਿੱਚ ਸੰਗੀਤਕਾਰ ਪ੍ਰੀਤਮ, ਸਲੀਮ ਮਰਚੈਂਟ, ਸ਼੍ਰੇਆ ਗੋਸ਼ਾਲ, ਮਨੋਜ ਬਾਜਪਾਈ, ਅਦਨਾਨ ਸਾਮੀ, ਅਨਿਲ ਸ਼ਰਮਾ ਤੇ ਹੋਰ ਕਈ ਨਾਮ ਸ਼ਾਮਿਲ ਹਨ।

ਆਪਣੇ ਵੇਲੇ ਦੀ ਇਸ ਮਸ਼ਹੂਰ ਸੰਗੀਤਕਾਰ ਜੋੜੀ ਵਿੱਚੋਂ ਨਦੀਮ ਸੈਫ਼ੀ ਨੇ ਬੌਂਬੇ ਟਾਈਮਜ਼ ਨਾਲ ਗੱਲ ਕਰਦਿਆਂ ਸ਼ਰਵਨ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਵਿੱਤ ਮੰਤਰੀ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਵੱਡੇ ਸੁਧਾਰਾਂ 'ਤੇ ਅਸਰ ਨਹੀਂ ਪਾਵੇਗੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਖਿਆ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਵੱਡੇ ਸੁਧਾਰਾਂ ਉੱਤੇ ਅਸਰ ਨਹੀਂ ਪਾਵੇਗੀ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵਿੱਤ ਮੰਤਰੀ ਨੇ ਵੀ ਕਿਹਾ ਕਿ ਇਸ ਵਿੱਚ ਉਹ ਪਲਾਨ ਵੀ ਸ਼ਾਮਲ ਹੈ ਜਿਸ ਦਾ ਜ਼ਿਕਰ ਬਜਟ ਵਿੱਚ ਹੈ, ਹਾਲਾਂਕਿ ਸਾਡਾ ਇਸ ਵੇਲੇ ਮੁੱਖ ਮਕਸਦ ''ਤੁਰੰਤ ਉਨ੍ਹਾਂ ਲੋੜਾਂ 'ਤੇ ਹੈ ਜੋ ਜਾਨਾਂ ਬਚਾਉਣ।''

ਵਿੱਤ ਮੰਤਰੀ ਨੇ ਕਿਹਾ 2020 ਦੇ ਮੁਕਾਬਲੇ ਇਸ ਵੇਲੇ ਹਾਲਾਤ ਬਿਲਕੁਲ ਅਲਹਿਦਾ ਹਨ।

ਉਨ੍ਹਾਂ ਕਿਹਾ, ''ਮਾਈਕ੍ਰੋ ਕੰਟੇਨਮੈਂਟ ਜ਼ੋਨ ਹੀ ਹੁਣ ਅਗਲਾ ਰਾਹ ਹਨ।''

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮੈਡੀਕਲ ਆਕਸੀਜਨ ਇੰਪੋਰਟ ਕਰ ਰਿਹਾ ਸੀ ਤਾਂ ਜੋ ਪੂਰਤੀ ਹੋ ਸਕੇ ਅਤੇ ਭਾਰਤ ਕੋਲ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਲਈ ਟੈਸਟ ਕਰਨ ਦੀ ਸਮਰੱਥਾ ਅਤੇ ਵੈਕਸੀਨ ਹਨ।

UAE ਨੇ ਭਾਰਤ ਤੋਂ ਸਫ਼ਰ 'ਤੇ ਲਗਾਈ ਪਾਬੰਦੀ

ਸੰਯੁਕਤ ਅਰਬ ਅਮੀਰਾਤ ਯਾਨਿ UAE ਭਾਰਤ ਤੋਂ ਉਨ੍ਹਾਂ ਦੇ ਮੁਲਕ ਟ੍ਰੈਵਲ ਕਰਨ ਉੱਤੇ ਬੈਨ ਲਗਾ ਦਿੱਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਇਹ ਟ੍ਰੈਵਲ ਬੈਨ 24 ਅਪ੍ਰੈਲ ਸ਼ਨੀਵਾਰ ਰਾਤ 11:59 ਤੋਂ ਲਾਗੂ ਹੋ ਜਾਵੇਗਾ ਅਤੇ 10 ਦਿਨਾਂ ਤੱਕ ਰਿਵੀਊ ਕੀਤਾ ਜਾਵੇਗਾ।

ਵੀਰਵਾਰ 22 ਅਪ੍ਰੈਲ ਨੂੰ UAE ਨੇ ਇਹ ਐਲਾਨ ਕੀਤਾ ਸੀ ਕਿ ਉਹ 25 ਅਪ੍ਰੈਲ ਤੋਂ ਭਾਰਤ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਸਫ਼ਰ ਉੱਤੇ ਬੈਨ ਲਗਾਵੇਗਾ।

ਇਸ ਤੋਂ ਇਲਾਵਾ ਕਿਸੇ ਹੋਰ ਮੁਲਕ ਰਾਹੀਂ UAE ਵਿੱਚ ਦਾਖ਼ਲ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਯੂਕੇ, ਅਮਰੀਕਾ, ਹੌਂਗ ਕੌਂਗ ਅਤੇ ਨਿਊਜ਼ੀਲੈਂਡ ਵੱਲੋਂ ਭਾਰਤ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਤੋਂ ਉਨ੍ਹਾਂ ਦੇ ਮੁਲਕ ਵਿੱਚ ਟ੍ਰੈਵਲ ਉੱਤੇ ਬੈਨ ਲਗਾਇਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)