ਲੁਧਿਆਣਾ 'ਚ ਫੈਕਟਰੀ ਦੀ ਛੱਤ ਡਿੱਗਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖ਼ਮੀ, CM ਨੇ ਕੀਤਾ ਮੁਆਵਜ਼ੇ ਦਾ ਐਲਾਨ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਵੱਡੀਆਂ ਖ਼ਬਰਾਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਲੁਧਿਆਣਾ ਦੇ ਗਿਆਸਪੁਰਾ ਡਾਬਾ ਵਿੱਚ ਇੱਕ ਫੈਕਟਰੀ ਦਾ ਸ਼ੈੱਡ ਡਿੱਗਣ ਕਾਰਨ ਕਈ ਲੋਕ ਵਿੱਚ ਹੀ ਫਸ ਗਏ। ਇਸ ਹਾਦਸੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਅਤੇ 9 ਲੋਕ ਜ਼ਖ਼ਮੀ ਹਨ।

ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਇਹ ਵੀ ਪੜ੍ਹੋ:

ਹੁਣ ਤੱਕ 36 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਐੱਨਡੀਆਰਐੱਫ਼, ਐੱਸਡੀਐੱਫ਼, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹੈ।

ਪੀੜਤ ਪਰਿਵਾਰਾਂ ਲਈ ਮੁੱਖ ਮੰਤਰੀ ਨੇ ਮੁਆਵਜ਼ੇ ਦਾ ਐਲਾਨ ਕੀਤਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਲੁਧਿਆਣਾ ਵਿੱਚ ਇਮਾਰਤ ਡਿੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ, "ਲੁਧਿਆਣਾ ਵਿੱਚ ਅੱਜ ਇੱਕ ਉਸਾਰੀ ਅਧੀਨ ਇਮਾਰਤ ਡਿੱਗ ਗਈ ਜਿਸ ਵਿੱਚ 40 ਲੋਕ ਫਸ ਗਏ ਸਨ।

ਐੱਨਡੀਆਰਐੱਫ਼, ਐੱਸਡੀਆਰਐੱਫ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਬਚਾਉਣ ਦੀ ਅਣਥਕ ਕੋਸ਼ਿਸ਼ ਕਰ ਰਿਹਾ ਹੈ। 36 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਪਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਮੁਆਵਜਾ ਦੇਵਾਂਗੇ।"

NCP ਨੇਤਾ ਦਿਲੀਪ ਵਾਲਸੇ ਪਾਟਿਲ ਬਣੇ ਮਹਾਰਾਸ਼ਟਰ ਦੇ ਨਵੇਂ ਗ੍ਰਹਿ ਮੰਤਰੀ

ਅਨਿਲ ਦੇਸ਼ਮੁਖ ਦੇ ਅਸਤੀਫ਼ੇ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਿਲੀਪ ਵਾਲਸੇ ਪਾਟਿਲ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉਨ੍ਹਾਂ ਕੋਲ ਪਹਿਲਾਂ ਲੇਬਰ ਅਤੇ ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸੀ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਰਤ ਵਿਭਾਗ ਦੀ ਜ਼ਿੰਮੇਵਾਰੀ ਹੁਣ ਪੇਂਡੂ ਵਿਕਾਸ ਮੰਤਰੀ ਹਸਨ ਮੁਸ਼ਰਿਫ ਸੰਭਾਲਣਗੇ ਜਦਕਿ ਆਬਕਾਰੀ ਵਿਭਾਗ ਉਪ ਮੁੱਖ ਮੰਤਰੀ ਅਜੀਤ ਪਵਾਰ ਦੇਖਣਗੇ।

ਅਨਿਲ ਦੇਸ਼ਮੁਖ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਉਨ੍ਹਾਂ ਖਿਲਾਫ਼ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ।

ਇਸ ਤੋਂ ਪਹਿਲਾਂ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਸੀ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹਰ ਮਹੀਨੇ ਸੌ ਕਰੋੜ ਰੁਪਏ ਦੀ ਰਕਮ ਵਸੂਲਣ ਦਾ ਟੀਚਾ ਦਿੱਤਾ ਸੀ।

70 ਸਾਲਾ ਅਨਿਲ ਦੇਸ਼ਮੁਖ ਮਹਾਰਾਸ਼ਟਰ ਦੀ ਸਿਆਸਤ ਦੇ ਉਨ੍ਹਾਂ ਕੁਝ ਆਗੂਆਂ ਵਿੱਚੋਂ ਹਨ ਜਿਨ੍ਹਾਂ ਨੇ ਹਰ ਪਾਰਟੀ ਦੀ ਸਰਕਾਰ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੇ ਪੱਤਰ ਤੋਂ ਬਾਅਦ ਸਿਆਸੀ ਵਿਸ਼ਲੇਸ਼ਕਾਂ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਸਿਆਸੀ ਕਰੀਅਰ ਖ਼ਤਰੇ ਵਿੱਚ ਲਗ ਰਿਹਾ ਸੀ।

ਦੇਵੇਂਦਰ ਫਡਨਵੀਸ ਦੀ ਅਗਵਾਈ ਵਾਲੀ ਪਿਛਲੀ ਭਾਜਪਾ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਛੱਡ ਕੇ ਅਨਿਲ ਦੇਸ਼ਮੁਖ 1995 ਤੋਂ ਲਗਾਤਾਰ ਮੰਤਰੀ ਰਹੇ ਹਨ।

ਐੱਨਸੀਪੀ ਆਗੂ ਨਵਾਬ ਮਲਿਕ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਨਿਲ ਦੇਸ਼ਮੁਖ ਨੇ ਮੁੱਖ ਮੰਤਰੀ ਉੱਧਵ ਠਾਕਰੇ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪਿਆ ਹੈ।

ਅਨਿਲ ਦੇਸ਼ਮੁਖ ਦੇ ਅਸਤੀਫ਼ੇ 'ਤੇ ਰਵੀਸ਼ੰਕਰ ਪ੍ਰਸਾਦ ਨੇ ਖੜ੍ਹੇ ਕੀਤੇ ਸਵਾਲ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਅਸਤੀਫ਼ੇ 'ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਜਪਾ ਨੂੰ ਉਮੀਦ ਹੈ ਕਿ ਇਸ ਮੁੱਦੇ ਦੇ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਇਸ ਵਿੱਚ ਸ਼ਾਮਲ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ, "ਅਸੀਂ ਇਹ ਮੁੱਦਾ ਚੁੱਕਿਆ ਸੀ ਕਿ ਇਹ ਟੀਚਾ ਸਿਰਫ਼ ਮੁੰਬਈ ਦੇ ਇੱਕ ਸ਼ਹਿਰ ਦਾ ਹੈ ਤਾਂ ਫਿਰ ਪੂਰੇ ਮਹਾਰਾਸ਼ਟਰ ਦਾ ਟੀਚਾ ਕੀ ਸੀ?''

''ਇਹ ਟਾਰਗੇਟ ਸਿਰਫ਼ ਇੱਕ ਮੰਤਰੀ ਦਾ ਹੈ ਤਾਂ ਫਿਰ ਮੰਤਰੀਆਂ ਦਾ ਟਾਰਗੇਟ ਕੀ ਸੀ? ਅਸੀਂ ਸ਼ੁਰੂ ਤੋਂ ਹੀ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਸੀ ਅਤੇ ਮੁੰਬਈ ਪੁਲਿਸ ਵੱਲੋਂ ਇਹ ਸੰਭਵ ਨਹੀਂ ਸੀ।"

ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਕਿਹਾ, "ਜਿਵੇਂ ਕਿ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਦੇਸ਼ਮੁਖ ਜੀ ਨੇ ਸਚਿਨ ਵਾਝੇ ਨੂੰ ਕਿਹਾ ਸੀ ਕਿ ਮੁੰਬਈ ਵਿੱਚ 1700 ਬਾਰ ਅਤੇ ਰੈਸਟੋਰੈਂਟ ਹਨ ਤਾਂ ਤੁਸੀਂ 100 ਕਰੋੜ ਰੁਪਏ ਇਕੱਠੇ ਕਰਕੇ ਦਿਓ।"

ਸੂਬੇ ਦੇ ਮੁੱਖ ਮੰਤਰੀ ਉੱਧਵ ਠਾਕਰੇ ਬਾਰੇ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, "ਮੁੱਖ ਮੰਤਰੀ ਉੱਧਵ ਠਾਕਰੇ ਚੁੱਪ ਹਨ। ਸ਼ਰਦ ਪਵਾਰ ਜੀ ਕਹਿੰਦੇ ਹਨ ਕਿ ਮੰਤਰੀ ਬਾਰੇ ਫੈਸਲਾ ਮੁੱਖ ਮੰਤਰੀ ਲੈਂਦੇ ਹਨ। ਕਾਂਗਰਸ ਅਤੇ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਐੱਨਸੀਪੀ ਦੇਸ਼ਮੁਖ ਜੀ ਬਾਰੇ ਫੈਸਲਾ ਲਵੇਗੀ।"

"ਅੱਜ ਤਾਂ ਕਮਾਲ ਹੋ ਗਿਆ, ਸ਼ਰਦ ਪਵਾਰ ਤੋਂ ਇਜਾਜ਼ਤ ਤੋਂ ਬਾਅਦ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪਿਆ ਗਿਆ। ਇਹ ਦੇਸ ਨੂੰ ਕੀ ਦੱਸਿਆ ਜਾ ਰਿਹਾ ਸੀ। ਅਸੀਂ ਵੀ ਜਾਣਦੇ ਹਾਂ ਕਿ ਉਹ ਸ਼ਰਦ ਪਵਾਰ ਦੇ ਇਸ਼ਾਰੇ 'ਤੇ ਹੀ ਅਸਤੀਫ਼ਾ ਦਿੰਦੇ ਜਾਂ ਨਾ ਦਿੰਦੇ। ਪਰ ਉੱਧਵ ਠਾਕਰੇ ਕਦੋਂ ਬੋਲਣਗੇ? ਉਨ੍ਹਾਂ ਦੀ ਚੁੱਪੀ ਕਈ ਸਵਾਲ ਖੜ੍ਹੇ ਕਰ ਰਹੀ ਹੈ।"

ਕੋਰੋਨਾਵਾਇਰਸ ਸਬੰਧੀ PM ਮੋਦੀ ਕਰਨਗੇ ਮੁੱਖ ਮੰਤਰੀਆਂ ਨਾਲ ਬੈਠਕ

ਭਾਰਤ ਦੇ ਕਈ ਸੂਬਿਆਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ ਅਪ੍ਰੈਲ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਸਮੀਖਿਆ ਬੈਠਕ ਕਰਨਗੇ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਦੇਸ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਇੱਕ ਦਿਨ ਵਿੱਚ ਇੱਕ ਲੱਖ ਨੂੰ ਪਾਰ ਕਰ ਗਈ ਹੈ, ਜਿਸ ਬਾਰੇ ਮਾਹਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰੀ ਵਾਰ 17 ਮਾਰਚ ਨੂੰ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ।

ਉਸ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ ਦੇ ਕੁਝ ਹਿੱਸਿਆਂ ਵਿੱਚ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ 'ਤੇ ਵੀ ਚਿੰਤਾ ਜ਼ਾਹਰ ਕੀਤੀ ਸੀ ਅਤੇ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ ਤੁਰੰਤ ਫੈਸਲਾਕੁੰਨ ਕਦਮ ਚੁੱਕਣ ਦੀ ਅਪੀਲ ਕੀਤੀ ਸੀ।

ਅਕਸ਼ੇ ਕੁਮਾਰ ਕੋਰੋਨਾਵਾਇਰਸ ਕਾਰਨ ਹਸਪਤਾਲ 'ਚ ਦਾਖ਼ਲ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਕਰੋਨਾ ਪੌਜ਼ੀਟਿਵ ਆਉਣ ਦੇ ਅਗਲੇ ਦਿਨ ਹਸਪਤਾਲ ਵਿੱਚ ਭਰਤੀ ਹੋ ਗਏ ਹਨ।

ਉਨ੍ਹਾਂ ਨੇ ਇਸ ਬਾਰੇ ਟਵੀਟ ਕਰਕੇ ਕਿਹਾ, "ਮੈਂ ਠੀਕ ਹਾਂ ਪਰ ਡਾਕਟਰੀ ਸਲਾਹ ਅਨੁਸਾਰ ਸਾਵਧਾਨੀ ਵਜੋਂ ਹਸਪਤਾਲ ਦਾਖ਼ਲ ਹੋਣ ਦਾ ਫੈਸਲਾ ਕੀਤਾ ਹੈ। ਉਮੀਦ ਕਰਦਾ ਹਾਂ ਕਿ ਜਲਦੀ ਘਰ ਪਰਤਾਂਗਾ।"

ਮੁੰਬਈ ਵਿੱਚ ਜਿਸ ਫ਼ਿਲਮ ਦੇ ਕਰੂ ਮੈਂਬਰਾਂ ਨਾਲ ਉਹ ਕੰਮ ਕਰ ਰਹੇ ਸਨ ਉਨ੍ਹਾਂ ਵਿੱਚੋਂ ਕਈ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।

ਭਾਰਤ ਦੇ ਕਈ ਸੂਬਿਆਂ ਵਿੱਚ ਹਾਲ ਹੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਜਯਾ ਬੱਚਨ ਉਤਰੀ ਮਮਤਾ ਬੈਨਰਜੀ ਦੇ ਸਮਰਥਨ 'ਚ

ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਕੋਲਕਾਤਾ ਜਾ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਨੂੰ ਤਸ਼ਦੱਦ ਵਿਰੁੱਧ ਲੜਨ ਵਾਲੀ ਆਗੂ ਦੱਸਿਆ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ, ਜਯਾ ਬੱਚਨ ਨੇ ਇਹ ਵੀ ਕਿਹਾ ਕਿ ਮਮਤਾ ਬੈਨਰਜੀ ਬੰਗਾਲ ਵਿੱਚ ਹੋ ਰਹੇ ਤਸ਼ਦੱਦ ਖਿਲਾਫ਼ ਅਤੇ ਜਮਹੂਰੀ ਅਧਿਕਾਰਾਂ ਲਈ ਇਕੱਲੇ ਲੜ ਰਹੀ ਹੈ।

ਜਯਾ ਬੱਚਨ ਨੇ ਇਹ ਵੀ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਨਿਰਦੇਸ਼ਾਂ 'ਤੇ ਉਹ ਤ੍ਰਿਣਮੂਲ ਕਾਂਗਰਸ ਦੇ ਚੋਣ ਪ੍ਰਚਾਰ ਲਈ ਪੱਛਮੀ ਬੰਗਾਲ ਆਏ ਹਨ।

ਬੰਗਲਾਦੇਸ਼ ਵਿੱਚ ਕਿਸ਼ਤੀ ਡੁੱਬੀ, ਘੱਟੋ-ਘੱਟ 26 ਮੌਤਾਂ

ਬੰਗਲਾਦੇਸ਼ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ ਹੁਣ ਤੱਕ 26 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਛੋਟੀ ਕਿਸ਼ਤੀ ਆਪਣੇ ਨਾਲੋਂ ਕਿਤੇ ਵੱਡੇ ਮਾਲ ਜਹਾਜ਼ ਨਾਲ ਟਕਰਾਉਣ ਕਾਰਨ ਦਰਿਆ ਵਿਚੱ ਡੁੱਬ ਗਈ ਜਿਸ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਘਟਨਾ ਐਤਵਾਰ ਸ਼ਾਮ ਨਾਰਾਇਣਗੰਜ ਜ਼ਿਲ੍ਹੇ ਦੀ ਹੈ ਜਿੱਥੋਂ ਪੰਜ ਲਾਸ਼ਾਂ ਐਤਵਾਰ ਨੂੰ ਬਰਾਮਦ ਕਰ ਲਈਆਂ ਗਈਆਂ ਸਨ ਅਤੇ ਬਾਕੀ ਲਾਸ਼ਾਂ ਦੀ ਭਾਲ ਜਾਰੀ ਸੀ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੇ ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਹੁਣ ਤਲਾਸ਼ੀ ਮੁਹਿੰਮ ਬੰਦ ਕਰ ਦਿੱਤੀ ਗਈ ਹੈ।

ਕਿਸਾਨਾਂ ਵੱਲੋਂ FCI ਦਫ਼ਤਰਾਂ ਦਾ ਘਿਰਾਓ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਵੱਲੋਂ ਐੱਫ਼ਸੀਆਈ ਦਫ਼ਤਰ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਹਨ।

ਅੰਮ੍ਰਿਤਸਰ, ਬਰਨਾਲਾ, ਬਟਾਲਾ ਸਣੇ ਕਈ ਥਾਵਾਂ 'ਤੇ ਕਿਸਾਨਾਂ ਨੇ ਐੱਫ਼ਸੀਆਈ ਦਫਤਰਾਂ ਦਾ ਘਿਰਾਓ ਕੀਤਾ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਦੇ ਮੰਡੀ ਰੋਡ 'ਤੇ ਸਥਿਤ ਐੱਫ਼ਸੀਆਈ ਦੇ ਦਫ਼ਤਰ ਅਤੇ ਗੁਦਾਮਾਂ ਦਾ ਘਿਰਾਓ ਕੀਤਾ ਗਿਆ।

ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਸਿੱਧੀ ਅਦਾਇਗੀ ਦਾ ਫੈਸਲਾ ਕਿਸਾਨੀ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਲਈ ਲਿਆ ਗਿਆ ਹੈ।

ਬੀਕੇਯੂ ਉਗਰਾਹਾਂ ਦੀ ਮੈਂਬਰ ਹਰਜਿੰਦਰ ਕੌਰ ਦਾ ਕਹਿਣਾ ਹੈ, "ਸਰਕਾਰ ਨੇ ਬੇਲੋੜੀਆਂ ਸ਼ਰਤਾਂ ਰੱਖ ਦਿੱਤੀਆਂ ਹਨ, ਉਸੇ ਦਾ ਵਿਰੋਧ ਕਰ ਰਹੇ ਹਾਂ। ਕਿਸਾਨਾਂ ਨੂੰ ਬਿਨਾਂ ਲੋੜ ਦੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।''

''ਅਸੀਂ ਤਾਂ ਪਹਿਲਾਂ ਹੀ ਕਾਲੇ ਕਾਨੂੰਨ ਦੀ ਲੜਾਈ ਲੜ ਰਹੇ ਹਾਂ।"

ਉੱਥੇ ਹੀ ਜਲੰਧਰ ਵਿੱਚ ਵੀ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।

ਹਰਿਆਣਾ ਦੇ ਸਿਰਸਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸਦੇ 'ਤੇ ਕਿਸਾਨਾਂ ਵੱਲੋਂ ਐੱਫਸੀਆਈ ਦੇ ਦਫਤਰਾਂ ਅਤੇ ਗੋਦਾਮਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ।

ਮਹੰਤ ਖ਼ਿਲਾਫ਼ ਕੇਸ ਦਰਜ ਕਰਵਾਉਣ ਵਾਲੇ 'ਆਪ' ਵਿਧਾਇਕ 'ਤੇ ਵੀ FIR

ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਾਨਤੁੱਲ੍ਹਾ ਦੇ ਖ਼ਿਲਾਫ਼ "ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ" ਦੇ ਇਲਜ਼ਾਮ ਲੱਗੇ ਹਨ।

ਪੁਲਿਸ ਮੁਤਾਬਕ, ਅਮਾਨਤੁੱਲ੍ਹਾ ਖ਼ਾਨ ਨੇ ਕਥਿਤ ਤੌਰ 'ਤੇ ਟਵਿੱਟਰ 'ਤੇ ਵੀਡੀਓ ਜਾਰੀ ਕਰਕੇ ਇੱਕ ਮਹੰਤ ਨੂੰ ਧਮਕੀ ਦਿੱਤੀ ਸੀ, ਜਿਨ੍ਹਾਂ ਨੇ ਦਿੱਲੀ ਦੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਪੈਗੰਬਰ 'ਤੇ ਟਿੱਪਣੀ ਕਰਕੇ "ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।"

ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਅਮਾਨਤੁੱਲ੍ਹਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦਿੱਲੀ ਪੁਲਿਸ ਦਾ ਕਹਿਣਾ ਹੈ, "ਇੱਕ ਵੀਡੀਓ ਅਤੇ ਟਵਿੱਟਰ ਸੰਦੇਸ਼, ਜਿਸ ਰਾਹੀਂ ਭਾਈਚਾਰਿਆਂ ਵਿਚਾਲੇ ਅਸੰਤੋਸ਼ ਪੈਦਾ ਕਰਨ ਦੀ ਸਮਰਥਾ ਰੱਖਦੇ ਹਨ, ਉਸ 'ਤੇ ਨੋਟਿਸ ਲੈਂਦਿਆਂ ਦਿੱਲੀ ਦੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਕੇਸ ਦਰਜ ਕੀਤਾ ਹੈ।"

ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਇਸੇ ਹੀ ਥਾਣੇ ਵਿੱਚ ਉਸ ਵਿਅਕਤੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ, ਜੋ ਪ੍ਰੈੱਸ ਕਲੱਬ ਵਿੱਚ ਪੈਗੰਬਰ ਬਾਰੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)