ਖਟਕੜ ਕਲਾਂ ਦੀ ਕਿਸਾਨ ਰੈਲੀ ’ਚ ਪੁੱਜੇ ਨੌਜਵਾਨ, ‘ਲਗ ਰਿਹਾ ਸੀ ਭਗਤ ਸਿੰਘ ਖੁਦ ਰੈਲੀ ਦੀ ਅਗਵਾਈ ਕਰ ਰਹੇ ਹਨ’

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਭਗਤ ਸਿੰਘ ਦੀ ਬਰਸੀ ਮੌਕੇ ਖਟਕੜ ਕਲਾਂ ਵਿਚ ਸੰਯੁਕਤ ਮੋਰਚੇ ਵੱਲੋਂ ਕੀਤੀ ਜਾਣ ਵਾਲੀ ਕਿਸਾਨ ਮਹਾਰੈਲੀ ਮੌਸਮ ਦੀ ਖਰਾਬੀ ਕਾਰਨ ਬੰਗਾ ਕਸਬੇ ਦੀ ਦਾਣਾ ਮੰਡੀ ਵਿਚ ਕਰਨੀ ਪਈ। ਕਿਸਾਨਾਂ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਲ ਹੋਏ ਸਨ।

ਲਾਂਡਰਾਂ ਤੋਂ ਆਏ ਨੌਜਵਾਨਾਂ ਦੇ ਕਾਫਲੇ ਵਿਚ ਕਮਲਜੀਤ ਸਿੰਘ ਕਹਿੰਦੇ ਹਨ, “ਖੇਤੀ ਕਾਨੂੰਨਾਂ ਦਾ ਵਿਰੋਧ ਤਾਂ ਲਗਾਤਾਰ ਚੱਲ ਰਿਹਾ ਹੈ। ਅਸੀਂ ਸਿੰਘੂ ਬਾਰਡਰ 'ਤੇ ਵੀ ਹੋ ਕੇ ਆਏ ਹਾਂ। ਪਰ ਜਿਹੜੀ ਅੱਜ ਕਿਸਾਨ ਰੈਲੀ 'ਚ ਅਸੀਂ ਸ਼ਾਮਲ ਹੋਏ ਹਨ, ਸਾਨੂੰ ਇੰਝ ਲੱਗ ਰਿਹਾ ਹੈ ਕਿ ਇਸ ਦੀ ਅਗਵਾਈ ਭਗਤ ਸਿੰਘ ਆਪ ਕਰ ਰਹੇ ਹਨ। ਉਹ ਨੌਜਵਾਨਾਂ ਦੇ ਵੱਡੇ ਪ੍ਰੇਰਨਾ ਸਰੋਤ ਹਨ।”

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕਾਹਰੀ ਸਾਹਰੀ ਦੇ 22 ਸਾਲਾ ਨੌਜਵਾਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਦੀਆਂ ਬਰੂਹਾਂ 'ਤੇ ਚੱਲਦੇ ਮੋਰਚੇ 'ਚ ਉਹ ਜਿੰਦ ਜਾਨ ਲਾ ਰਹੇ ਹਨ ਕਿਉਕਿ ਭਗਤ ਸਿੰਘ ਉਨ੍ਹਾਂ ਦੇ ਦਿਲਾਂ ਵਿਚ ਵੱਸਦਾ ਹੈ।

ਉਨ੍ਹਾਂ ਕਿਹਾ, “ਜਿਵੇਂ ਆਜ਼ਾਦੀ ਦੇ ਅੰਦੋਲਨ 'ਚ ਚੜ੍ਹਦੀ ਉਮਰੇ ਹੀ ਭਗਤ ਸਿੰਘ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ ਤੇ ਸਾਡਾ ਮਨ ਵੀ ਇਨ੍ਹਾਂ ਖੇਤੀ ਕਾਨੂੰਨਾਂ ਲਈ ਕੁਰਬਾਨ ਹੋਣ ਲਈ ਤਿਆਰ ਹੈ।“

ਇਹ ਵੀ ਪੜ੍ਹੋ-

ਹੁਸ਼ਿਆਰਪੁਰ ਦੇ ਹੀ ਪਿੰਡ ਖੇੜਾ ਦੇ ਨੌਜਵਾਨ ਸਰਪੰਚ ਨੇ ਭਗਤ ਸਿੰਘ ਦੀ ਤਸਵੀਰ ਵਾਲੀ ਟੀ-ਸ਼ਰਟ ਪਾਈ ਹੋਈ ਸੀ ਤੇ ਆਪਣੇ ਪਿੰਡ ਦੇ ਹੋਰ ਸਾਥੀਆਂ ਨਾਲ ਬੰਗਾ ਦਾਣਾ ਮੰਡੀ ਵਿਚ ਰੈਲੀ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ।

ਉਨ੍ਹਾਂ ਕਿਹਾ, “ਕਿਸਾਨ ਮੋਰਚਾ ਮੁੜ ਚੜ੍ਹਤ ਵਿਚ ਆ ਗਿਆ ਹੈ। 26 ਜਨਵਰੀ ਦੀਆਂ ਘਟਨਾਵਾਂ ਤੋਂ ਭਾਵੇਂ ਦੋ ਦਿਨਾਂ ਬਾਅਦ ਹੀ ਮੋਰਚਾ ਉਭਰ ਆਇਆ ਸੀ ਪਰ ਖਟਕੜ ਕਲਾਂ ਦੀ ਕਿਸਾਨ ਰੈਲੀ ਨੇ ਮੋਰਚੇ ਵਿਚ ਨਵੀਂ ਰੂਹ ਫੂਕੀ ਹੈ।”

ਉਨ੍ਹਾਂ ਕਿਹਾ ਕਿ ਭਗਤ ਸਿੰਘ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਰਹੇ ਹਨ ਤੇ ਭਵਿੱਖ ਵਿਚ ਵੀ ਰਹਿਣਗੇ।

ਕਈ ਵੱਡੇ ਕਿਸਾਨ ਆਗੂ ਪਹੁੰਚੇ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਮਰੇਡ ਦਰਸ਼ਨ ਪਾਲ ਦਾ ਕਹਿਣਾ ਸੀ ਕਿ ਬੰਗਾ ਦੀ ਰੈਲੀ ਨੇ ਮੋਰਚੇ ਨੂੰ ਨਵਾਂ ਉਤਸ਼ਾਹ ਦਿੱਤਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਮੋਰਚੇ ਦੀ ਪ੍ਰਾਪਤੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨ ਬਿੱਲਾਂ ਵਿਚ ਸੋਧ ਕਰਨ ਲਈ ਤਿਆਰ ਹੋ ਗਈ ਸੀ। ਕਿਉਂਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੋੜਨ ਅਤੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰੀ ਸ਼ਾਸਤ ਰਾਜ ਬਣਾਉਣ, ਨਾਗਰਿਕਤਾ ਸੋਧ ਕਾਨੂੰਨ ਤੇ ਤਿੰਨ ਤਲਾਕ ਬਾਰੇ ਕੀਤੇ ਫੈਸਲਿਆਂ ਵਿਰੁੱਧ ਸਰਕਾਰ ਨੂੰ ਕੋਈ ਚੁਣੌਤੀ ਨਹੀਂ ਸੀ ਮਿਲੀ।

ਉਨ੍ਹਾਂ ਕਿਹਾ, “ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਹੁਣ ਸਾਰਾ ਦੇਸ਼ ਉਠ ਖੜੋਇਆ ਹੈ। ਇਹ ਮੋਰਚੇ ਦੀ ਪ੍ਰਾਪਤੀ ਹੈ। ਕਿਸਾਨ ਲੀਡਰਸ਼ਿੱਪ ਨੇ ਪਹਿਲਾਂ ਹੀ ਜੁਲਾਈ ਵਿਚ ਇਹ ਫੈਸਲਾ ਕਰ ਲਿਆ ਸੀ ਕਿ ਰਾਜਨੀਤਕ ਤੌਰ 'ਤੇ ਭਾਜਪਾ ਨੂੰ ਅਲੱਗ-ਥਲੱਗ ਕਰਨਾ ਹੈ।”

ਰਵਨੀਤ ਸਿੰਘ ਦੇ ਦਾਦਾ ਭਾਈ ਹਰਦੀਪ ਸਿੰਘ ਡਿਬਡਿਬਾ, ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ, ਨਿਹੰਗ ਜਥੇਬੰਦੀਆਂ, ਸੰਯੁਕਤ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਸਮੇਤ ਹੋਰ ਲੀਡਰਸ਼ਿੱਪ ਤੇ ਆਗੂ ਹਾਜ਼ਰ ਸਨ।

ਪੰਜਾਬੀ ਗਾਇਕ ਬੱਬੂ ਮਾਨ ਨੂੰ ਸੁਣਨ ਲਈ ਨੌਜਵਾਨਾਂ ਦਾ ਵੱਡਾ ਤਬਕਾ ਰੈਲੀ ਵਿਚ ਹਾਜ਼ਰ ਸੀ। ਬੱਬੂ ਮਾਨ ਨੇ ਵੀ ਇਹ ਗੱਲ ਸਟੇਜ ਤੋਂ ਕਹੀ ਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਜੇ ਕਿਸਾਨ ਆਗੂ ਏਕਤਾ ਰੱਖਦੇ ਹਨ ਤਾਂ ਹੀ ਉਹ ਸ਼ਮੂਲੀਅਤ ਕਰਨਗੇ।

ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਮੀਂਹ ਨੇ ਮੁਸ਼ਕਲ ਕੀਤੀ ਖੜੀ

ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿੱਚ ਕਿਸਾਨ ਰੈਲੀ ਦੀਆਂ ਤਿਆਰੀਆਂ ਤਾਂ ਪਿਛਲੇ ਕਈ ਦਿਨਾਂ ਤੋਂ ਚੱਲਦੀਆਂ ਆ ਰਹੀਆਂ ਸਨ, ਪਰ 22 ਮਾਰਚ ਦੀ ਰਾਤ ਨੂੰ ਆਈ ਹਨ੍ਹੇਰੀ ਨੇ ਰੈਲੀ ਵਾਸਤੇ ਲਾਇਆ ਪੰਡਾਲ ਪੁੱਟ ਸੁਟਿਆ ਸੀ।

ਕਿਸਾਨ ਆਗੂਆਂ ਨੇ ਅੱਜ ਰੈਲੀ ਵਾਲੇ ਦਿਨ ਮੌਕੇ 'ਤੇ ਹੀ ਬੰਗਾ ਕਸਬੇ ਦੀ ਦਾਣਾ ਮੰਡੀ ਵਿੱਚ ਰੈਲੀ ਕਰਨ ਦਾ ਫੈਸਲਾ ਕਰ ਲਿਆ ਤੇ ਉਥੇ ਸਟੇਜ ਬਣਾ ਦਿੱਤੀ।

ਇਸ ਕੰਮ ਵਿੱਚ ਸਮਾਂ ਕਾਫੀ ਲੱਗ ਗਿਆ ਪਰ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਸੀ ਪਿਆ। ਕਿਸਾਨਾਂ ਨੇ ਖੱਟਕੜ ਕਲਾਂ ਵਿੱਚ ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਣ ਤੋਂ ਬਾਅਦ ਰੈਲੀ ਲਈ ਡੱਟ ਗਏ। ਕਿਸਾਨਾਂ ਦਾ ਇਹ ਵਰਤਾਰਾ ਉਨ੍ਹਾਂ ਦੀ ਆਪਣੇ ਸੰਘਰਸ਼ ਪ੍ਰਤੀ ਬੱਚਨਬੱਧਤਾ ਨੂੰ ਪ੍ਰਗਟਾਉਂਦਾ ਸੀ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਦੇ ਆਉਣ ਬਾਰੇ ਕਿਹਾ ਗਿਆ ਸੀ ਪਰ ਉਹ ਨਹੀਂ ਆਏ।

ਨਹੀਂ ਹੋਈ ਕੋਈ ਸਿਆਸੀ ਰੈਲੀ

ਸ਼੍ਰੋਮਣੀ ਅਕਾਲੀ ਦਲ ਹਰ ਸਾਲ 23 ਮਾਰਚ ਨੂੰ ਖੱਟਕੜ ਕਲਾਂ ਵਿੱਚ ਆਪਣੀ ਸਿਆਸੀ ਰੈਲੀ ਕਰਦਾ ਆ ਰਿਹਾ ਸੀ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ 31 ਮਾਰਚ ਤੱਕ ਸਾਰੀਆਂ ਰੈਲੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਵੀ 31 ਮਾਰਚ ਤੱਕ ਸਾਰੀਆਂ ਰੈਲੀਆਂ ਮੁਲਤਵੀ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਦੇ ਆਗੂ ਤਾਂ ਭਗਤ ਸਿੰਘ ਨੂੰ ਸ਼ਰਧਾਜਲੀਆਂ ਭੇਂਟ ਕਰਨ ਲਈ ਆਏ ਪਰ ਕੋਈ ਰਾਜਸੀ ਸਟੇਜ ਨਹੀਂ ਲਾਈ ਗਈ।

ਖੱਬੀਆਂ ਪਾਰਟੀਆਂ ਵੀ ਹਰ ਸਾਲ 23 ਮਾਰਚ ਨੂੰ ਰੈਲੀਆਂ ਕਰਦੀਆਂ ਆ ਰਹੀਆਂ ਸਨ। ਇਸ ਵਾਰ ਉਨ੍ਹਾਂ ਵੱਖਰੀ ਸਟੇਜ ਲਗਾਉਣ ਦੀ ਥਾਂ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਨੂੰ ਹੀ ਸਮਰਥਨ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਭਗਤ ਸਿੰਘ ਦੇ ਬੁੱਤ 'ਤੇ ਆ ਕੇ ਸ਼ਰਧਾਜਲ਼ੀ ਭੇਂਟ ਕੀਤੀ।

ਮੌਸਮ ਖਰਾਬ ਹੋਣ ਦੇ ਬਾਵਜੂਦ ਲੋਕ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆ ਰਹੇ ਹਨ। ਲੋਕ ਵੱਡੀ ਗਿਣਤੀ ਵਿੱਚ ਭਗਤ ਸਿੰਘ ਦੇ ਜੱਦੀ ਘਰ ਨੂੰ ਵੀ ਦੇਖਣ ਲਈ ਆ ਰਹੇ ਹਨ ਤੇ ਖ਼ਾਸ ਕਰਕੇ ਆਲੇ-ਦੁਆਲੇ ਦੇ ਪਿੰਡਾਂ ਵਾਲੇ ਲੋਕ ਵੱਡੀ ਗਿਣਤੀ ਵਿੱਚ ਖੱਟਕੜਕਲਾਂ ਪਹੁੰਚੇ।

ਇਹ ਵੀ ਪੜ੍ਹੋ-

ਸੜਕ ਦਾ ਨਾਂਅ 'ਸ਼ਹੀਦ-ਏ-ਆਜ਼ਮਭਗਤ ਸਿੰਘ’

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬਰਸੀ ਮੌਕੇ ਅੱਜ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ 'ਤੇ ਕਰਵਾਏ ਪੁਸ਼ਪ ਅਰਪਣ ਸਮਾਰੋਹ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਫੁੱਲ ਅਰਪਿਤ ਕੀਤੇ।

ਇਸ ਮੌਕੇ ਉਨਾਂ ਨਵਾਂਸ਼ਹਿਰ-ਬੰਗਾ ਰੋਡ ਤੋਂ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਂਅ 'ਸ਼ਹੀਦ-ਏ-ਆਜ਼ਮ ਭਗਤ ਸਿੰਘ ਮਾਰਗ' ਰੱਖਣ ਦੀ ਰਸਮ ਵੀ ਅਦਾ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)