ਮੋਗਾ ’ਚ ਭੈਣਾਂ ਦਾ ਕਤਲ: 'ਮੈਂ ਧੀਆਂ ਨੂੰ ਡੋਲੀ 'ਚ ਤੋਰਨਾ ਸੀ ਪਰ ਅੱਜ ਉਨ੍ਹਾਂ ਦੇ ਸਿਵੇ ਲਟਾ-ਲਟ ਮੱਚ ਗਏ'-ਗਰਾਊਂਡ ਰਿਪੋਰਟ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪਿੰਡ ਦੀ ਫਿਰਨੀ 'ਤੇ ਬਣੀ ਸੱਥ ਸਾਹਮਣੇ ਜੁੜੀਆਂ ਔਰਤਾਂ ਤੇ ਮਰਦ ਨਾਮੋਸ਼ੀ ਤੇ ਖਾਮੋਸ਼ੀ ਦੀ ਹਾਲਤ 'ਚ ਪੁਲਿਸ ਅਫ਼ਸਰਾਂ ਵੱਲ ਟਿਕ-ਟਿਕੀ ਲਾਈ ਖੜ੍ਹੇ ਸਨ। ਇਸੇ ਸੱਥ ਦੇ ਨਾਲ ਹੀ ਇੱਕ ਘਰ ਵਿੱਚ ਦੋ ਲੜਕੀਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਸਨ।

ਕੁੜੀਆਂ ਦੀ ਮਾਂ ਦਾ ਵਿਲਕ-ਵਿਲਕ ਕੇ ਬੁਰਾ ਹਾਲ ਸੀ ਤੇ ਪਿਤਾ ਅੱਖਾਂ ਗੱਡ ਕੇ ਆਪਣੀਆਂ ਧੀਆਂ ਦੀਆਂ ਲਾਸ਼ਾ ਵਾਲੇ ਡੱਬਿਆਂ ਨੂੰ ਤੱਕ ਰਿਹਾ ਸੀ।

ਦਰਅਸਲ, ਘਰ 'ਚ ਪਈਆਂ ਇਹ ਲਾਸ਼ਾਂ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਦੋ ਸਕੀਆਂ ਭੈਣਾਂ ਅਮਨਦੀਪ ਕੌਰ ਤੇ ਕਮਲਪ੍ਰੀਤ ਕੌਰ ਦੀਆਂ ਸਨ, ਜਿਨਾਂ ਨੂੰ ਵੀਰਵਾਰ ਦੀ ਦੇਰ ਸ਼ਾਮ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਨੇੜੇ ਚਲਦੀ ਕਾਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

''ਅੱਜ ਜਦੋਂ ਮੇਰੇ ਘਰ ਦੀ ਦੇਹਲੀ ਤੋਂ ਮੇਰੀਆਂ ਜਵਾਨ ਧੀਆਂ ਦੀ ਡੋਲੀ ਉੱਠਣੀ ਚਾਹੀਦੀ ਸੀ ਪਰ ਅੱਜ ਮੈਂ ਧੀਆਂ ਦੀਆਂ ਲਾਸ਼ਾਂ ਲੈ ਕੇ ਸਮਸ਼ਾਨਘਾਟ ਜਾ ਰਿਹਾ ਹਾਂ। ਮੇਰੇ ਤਰਲੇ ਤੇ ਹਉਂਕਿਆਂ ਦੀ ਸਰਕਾਰ ਨੂੰ ਪਰਵਾਹ ਨਹੀਂ ਹੈ। ਮੈਂ ਅੱਜ ਜਿਉਂਦੀ ਲਾਸ਼ ਬਣ ਗਿਆ ਹਾਂ ਤੇ ਕਿਸੇ ਦਿਨ ਧੀਆਂ ਦੀ ਯਾਦ 'ਚ ਸਿਸਕੀਆਂ ਭਰਦਾ ਜਹਾਨ ਤੋਂ ਤੁਰ ਜਾਵਾਂਗਾ।''

ਨਮ ਅੱਖਾਂ ਤੇ ਖੁਸ਼ਕ ਗਲੇ 'ਚੋਂ ਨਿਕਲੇ ਇਹ ਬੋਲ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਸੇਖਾ ਖੁਰਦ ਦੇ ਵਸਨੀਕ ਹਰਮੇਲ ਸਿੰਘ ਦੇ ਹਨ, ਜਿਹੜੇ ਆਪਣੀਆਂ ਧੀਆਂ ਦੀ ਅਰਥੀ ਚੁੱਕਣ ਦੀ ਲਈ ਆਪਣੇ ਗਰਾਂਈਆਂ ਨਾਲ ਲਾਸ਼ਾਂ ਵਾਲੇ ਡੱਬਿਆਂ ਕੋਲ ਖੜ੍ਹੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੁਲਿਸ ਨੇ ਦੱਸਿਆ ਕਿ ਪਹਿਲਾਂ ਇਨਾਂ ਲੜਕੀਆਂ ਨੂੰ ਕਥਿਤ ਤੌਰ 'ਤੇ ਇੱਕ ਅਲਟੋ ਕਾਰ ਵਿੱਚ ਅਗਵਾ ਕੀਤਾ ਗਿਆ ਤੇ ਫਿਰ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ।

ਖ਼ੈਰ, ਹਾਲੇ ਤੱਕ ਇਨਾਂ ਸਕੀਆਂ ਭੈਣਾਂ ਦੇ ਕਤਲ ਪਿੱਛੇ ਕੀ ਮਕਸਦ ਸੀ ਤੇ ਇਨਾਂ ਕਤਲਾਂ ਨੂੰ ਅੰਜ਼ਾਮ ਦੇਣ ਲਈ ਕੀ ਹਰਬਾ ਵਰਤਿਆ ਗਿਆ ਇਸ ਗੱਲ ਤੋਂ ਪਰਦਾ ਉੱਠਣਾ ਹਾਲੇ ਬਾਕੀ ਹੈ। ਪੁਲਿਸ ਅਧਿਕਾਰੀ ਵੀ ਇਸ ਮਾਮਲੇ ਸਬੰਧੀ 'ਬੋਚ-ਬੋਚ' ਕੇ ਪੱਬ ਧਰਨ ਨੂੰ ਤਰਜ਼ੀ ਦੇ ਰਹੇ ਹਨ।

ਪਿੰਡ ਦੀਆਂ ਗਲੀਆਂ ਸੁੰਨਸਾਨ ਸਨ। ਜਿਸ ਵਿਅਕਤੀ ਨੂੰ ਲੜਕੀਆਂ ਦੇ ਕਤਲ ਦੇ ਇਲਜ਼ਾਮ ਵਿੱਚ ਪੁਲਿਸ ਵੱਲੋਂ ਫੜਿਆ ਗਿਆ ਹੈ, ਉਨ੍ਹਾਂ ਦੇ ਘਰ ਦਾ ਬੂਹਾ ਬੰਦ ਸੀ ਤੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ।

ਹਾਂ, ਇਹ ਗੱਲ ਜ਼ਰੂਰ ਸਾਹਮਣੇ ਆਈ ਵੀ ਇਨ੍ਹਾਂ ਕਤਲਾਂ ਦੇ ਇਲਜ਼ਾਮ ਵਿੱਚ ਫੜੇ ਗਏ ਵਿਅਕਤੀ ਦੇ ਪਰਿਵਾਰ ਦਾ ਇਲਾਕੇ ਵਿੱਚ 'ਤਕੜਾ' ਸਿਆਸੀ ਅਸਰ-ਰਸੂਖ ਹੈ।

ਮ੍ਰਿਤਕ ਲੜਕੀਆਂ ਦੀ ਮਾਂ ਸੁਖਜੀਤ ਕੌਰ ਨੇ ਕਿਹਾ, ''ਮੈਂ ਤਾਂ ਉੱਜੜ ਗਈ ਹਾਂ। ਮੇਰੇ ਜਿਗਰ ਦੇ ਦੋ ਟੁਕੜੇ ਸਿਵਿਆਂ ਦੇ ਰਾਹ ਪੈ ਗਏ ਹਨ। ਮੈਂ ਕੀ ਕਰੂੰਗੀ। ਮੇਰੀਆਂ ਧੀਆਂ ਦੇ ਜਦੋਂ ਗੋਲੀਆਂ ਵੱਜੀਆਂ ਹੋਣਗੀਆਂ ਤਾਂ ਵਿਲਕਦੀਆਂ ਧੀਆਂ ਦੀਆਂ ਆਹਾਂ ਅੱਜ ਮੇਰ ਕਲੇਜੇ 'ਚ ਅੱਗ ਮਚਾ ਰਹੀਆਂ ਹਨ।''

''ਮੇਰੇ 'ਚ ਜ਼ਿੰਦਗੀ ਜਿਉਣ ਦਾ ਹੌਂਸਲਾ ਨਹੀਂ ਰਿਹਾ ਹੈ। ਧੀਆਂ ਦੀ ਫ਼ੋਟੋ ਦੇਖ ਕੇ ਮੇਰੇ ਕਾਲਜੇ 'ਚ ਹੌਲ ਪੈ ਰਹੇ ਹਨ। ਮੇਰੀਆਂ ਧੀਆਂ ਦੀ ਆਤਮ ਉਨ੍ਹਾਂ ਚਿਰ ਤੜਫਦੀ ਤੇ ਭਟਕਦੀ ਰਹੇਗੀ, ਜਿਨਾਂ ਚਿਰ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ।''

ਸੁਖਜੀਤ ਕੌਰ ਕਹਿੰਦੇ ਹਨ, ''ਮੈਂ ਮੇਰੀਆਂ ਧੀਆਂ ਦੇ ਹੱਥੀਂ ਮਹਿੰਦੀ ਲਾ ਕੇ ਤੇ ਚੂੜੇ ਪਵਾ ਕੇ ਚਾਵਾਂ-ਲਾਡਾਂ ਨਾਲ ਡੋਲੀ 'ਚ ਬਿਠਾਉਣਾ ਸੀ ਪਰ ਅੱਜ ਚੀਕ-ਚਿਹਾੜੇ 'ਚ ਮੇਰੇ ਜਿਗ ਦੇ ਟੁਕੜਿਆਂ ਦੇ ਸਿਵੇ ਲਟਾ-ਨਅ ਮੱਚ ਰਹੇ ਹਨ। ਜਰਿਆ ਨਹੀਂ ਜਾਂਦਾ, ਹਾਏ ਰੱਬਾ ਮੈਂ ਕੀ ਕਰਾਂ।''

ਪੁਲਿਸ ਨੇ ਇਨਾਂ ਲੜਕੀਆਂ ਦੇ ਕਤਲ ਦੇ ਇਲਜ਼ਾਮ ਵਿੱਚ ਪਿੰਡ ਸੇਖਾ ਖੁਰਦ ਦੇ ਹੀ ਵਸਨੀਕ ਗੁਰਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਦੇ ਮਾਤਾ-ਪਿਤਾ ਪੰਜਾਬ ਦੀ ਹਾਕਮ ਧਿਰ ਦੇ ਕਾਰਕੁੰਨ ਹਨ ਤੇ ਉਹ ਪਿੰਡ ਦੇ ਸਰਪੰਚ ਵੀ ਹਨ।

ਪਿੰਡ ਦੀ ਸਾਂਝੀ ਥਾਂ 'ਤੇ ਬੈਠੇ ਪਤਵੰਤੇ ਪਿੰਡ ਵਿੱਚ ਵਾਪਰੇ ਇਸ ਭਾਣੇ ਬਾਰੇ ਕਿਆਸਰਾਈਆਂ ਕਰਨ 'ਚ ਰੁੱਝੇ ਸਨ। ਜਦੋਂ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਗਿਆ ਤਾਂ ਪਹਿਲਾਂ ਤਾਂ ਉਹ ਕਹਿੰਦੇ ਰਹੇ 'ਰੱਬ ਨੂੰ ਜੋ ਮਨਜ਼ੂਰ ਸੀ, ਉਹ ਭਾਣਾ ਵਰਤ ਗਿਆ।'

ਬਾਅਦ ਵਿੱਚ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਇੱਕ ਜਣੇ ਨੇ ਬਾਕੀਆਂ ਦੀ ਸਹਿਮਤੀ ਨਾਲ ਦੱਸਿਆ, ''ਹਰਮੇਲ ਦੀਆਂ ਕੁੜੀਆਂ ਆਪਣੀ ਮਾਂ ਨਾਲ ਮਿਹਨਤ ਕਰਦੀਆਂ ਸਨ। ਸਾਰਾ ਟੱਬਰ ਸਾਊ ਹੈ, ਕਦੇ ਕਿਸੇ ਨੂੰ ਮੰਦਾ ਨਹੀਂ ਬੋਲਦਾ। ਛੱਡੋ, ਹੁਣ ਤਾਂ ਹਰਮੇਲ ਨਾਲ ਜੱਗੋਂ-ਤੇਰ੍ਹਵੀਂ ਹੋ ਗਈ ਆ, ਜਿੰਨੇ ਮੂੰਹ ਉਨੀਆਂ ਗੱਲਾਂ।''

ਜ਼ਿਲਾ ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀਆਂ ਦੇ ਕਤਲ ਤੋਂ ਬਾਅਦ 24 ਘੰਟਿਆਂ ਵਿੱਚ ਹੀ ਕਤਲ ਲਈ ਵਰਤਿਆ ਗਿਆ ਪਿਸਤੌਲ ਤੇ ਕਾਰ ਬਰਾਮਦ ਕਰ ਲਈ ਹੈ।

ਪੁਲਿਸ ਮੁਤਾਬਿਕ ਕਤਲ ਲਈ ਵਰਤਿਆ ਗਿਆ ਪਿਸਤੌਲ ਉਸ ਦੇ ਪਿਤਾ ਦੇ ਨਾਂ 'ਤੇ ਰਜਿਸਟਰਡ ਹੈ। ਸਬੰਧਤ ਇਲਾਕੇ ਦੇ ਡੀਐਸਪੀ ਪਰਸਨ ਸਿੰਘ ਨੇ ਦੱਸਿਆ ਕਿ ਪਿਸਤੌਲ ਦੇ ਲਾਇਸੈਂਸ ਧਾਰਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਬੰਧਤ ਇਲਾਕੇ ਦੇ ਡੀਐਸਪੀ ਪਰਸਨ ਸਿੰਘ ਨੇ ਦੱਸਿਆ, ''ਮੁੱਢਲੀ ਪੜਤਾਲ 'ਚ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਗੁਰਵੀਰ ਸਿੰਘ ਕਤਲ ਕੀਤੀਆਂ ਗਈਆਂ ਕੁੜੀਆਂ 'ਤੇ ਮੈਲੀ ਅੱਖੀ ਰਖਦਾ ਸੀ। ਬਾਕੀ ਅਸੀਂ ਬਾਰੀਕੀ ਨਾਲ ਜਾਂਚ ਕਰ ਹੀ ਰਹੇ ਹਾਂ, ਅਸਲੀ ਗੱਲ ਛੇਤੀ ਹੀ ਸਾਹਮਣੇ ਆ ਜਾਵੇਗੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)