ਨੀਤਾ ਅੰਬਾਨੀ ਬਾਰੇ ਬਨਾਰਸ ਹਿੰਦੂ ਯੂਨੀਵਰਸਿਟੀ ’ਚ ਵਿਰੋਧ ਕਿਉਂ ਹੋਇਆ -ਪ੍ਰੈੱਸ ਰਿਵੀਊ

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਮੰਗਲਵਾਰ ਨੂੰ 40 ਵਿਦਿਆਰਥੀਆਂ ਦੇ ਇੱਕ ਸਮੂਹ ਨੇ ਮੁਜ਼ਾਹਰਾ ਕੀਤਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵਿਦਿਆਰਥੀ ਯੂਨੀਵਰਸਿਟੀ ਵੱਲੋਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਵਿਜ਼ਟਿੰਗ ਪ੍ਰੋਫ਼ੈਸਰੀ ਦਾ ਸੱਦਾ ਭੇਜੇ ਜਾਣ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਯੂਨੀਵਰਸਿਟੀ ਇੱਕ "ਗ਼ਲਤ ਮਿਸਾਲ" ਕਾਇਮ ਕਰ ਰਹੀ ਹੈ।

ਇਹ ਵੀ ਪੜ੍ਹੋ:

ਹਾਲ ਹੀ ਵਿੱਚ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਫੈਕਲਟੀ ਵੱਲੋਂ ਰਿਲਾਇੰਸ ਫਾਊਂਡੇਸ਼ਨ ਵੱਲੋਂ ਨੀਤਾ ਅੰਬਨੀ ਲਈ ਵਿਮਿਨ ਸਟਡੀਜ਼ ਸੈਂਟਰ ਵਿੱਚ ਵਿਜ਼ਟਿੰਗ ਪ੍ਰੋਫ਼ੈਸਰ ਬਣਨ ਦਾ ਸੱਦਾ ਦਿੱਤਾ ਗਿਆ ਸੀ।

ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਾਲਾਂਕਿ ਸੱਦਾ ਤਾਂ ਹਾਲੇ ਸਿਰਫ਼ ਨੀਤੀ ਅੰਬਾਨੀ ਨੂੰ ਹੀ ਭੇਜਿਆ ਗਿਆ ਸੀ ਪਰ ਜਿਹੜੇ ਦੋ ਹੋਰ ਨਾਵਾਂ ’ਤੇ ਵਿਚਾਰ ਕੀਤੀ ਗਈ ਸੀ ਉਹ ਸਨ- ਪ੍ਰੀਤੀ ਅਡਾਨੀ (ਗੌਤਮ ਅਡਾਨੀ ਦੀ ਪਤਨੀ) ਅਤੇ ਊਸ਼ਾ ਮਿੱਤਲ (ਲਕਸ਼ਮੀ ਮਿੱਤਲ ਦੀ ਪਤਨੀ)।

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਦੋ ਦਹਾਕੇ ਪਹਿਲਾਂ ਕਾਇਮ ਕੀਤੇ ਗਏ ਵਿਮਿਨ ਸਟਡੀਜ਼ ਸੈਂਟਰ ਵਿੱਚ ਵਿਜ਼ਟਿੰਗ ਪ੍ਰੋਫ਼ੈਸਰ ਦੀਆਂ ਤਿੰਨ ਅਸਾਮੀਆਂ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੋਰੋਨਾ: ਪੰਜਾਬ ਅਤੇ ਦੇਸ਼ ਦਾ ਅਪਡੇਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪੌਜ਼ਿਟਿਵ ਆਈ ਹੈ। ਉਨ੍ਹਾਂ ਨੇ ਇਹ ਜਾਣਕਾਰੀ ਤਰਨ ਤਾਰਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਠੀਕ ਹਨ।

ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਵਿੱਚ 31 ਹੋਰ ਵਿਦਿਆਰਥੀ ਕੋਰੋਨਾ ਪੌਜ਼ਿਟਿਵ ਹੋ ਗਏ ਹਨ। ਹਾਲਾਂਕਿ ਸੈਂਕੜੇ ਹੋਰ ਵਿਦਿਆਰਥੀਆਂ ਦੇ ਟੈਸਟ ਨਤੀਜੇ ਹਾਲੇ ਆਉਣੇ ਹਨ ਪਰ ਹੁਣ ਕੋਰੋਨਾ ਪੌਜ਼ਿਟਿਵ ਵਿਦਿਆਰਥੀਆਂ ਦੀ ਗਿਣਤ 69 ਹੋ ਗਈ ਹੈ।

ਸੋਮਾਵਾਰ ਤੋਂ ਮੰਗਲਵਾਰ ਦੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾਵਾਇਰਸ ਦੇ 24492 ਨਵੇਂ ਮਾਮਲੇ ਸਾਹਮਣੇ ਆਏ। ਇਹ ਲਗਾਤਾਰ ਲਗਾਤਾਰ ਛੇਵਾਂ ਦਿਨ ਸੀ ਜਦੋਂ ਦੇਸ਼ ਵਿੱਚ 20000 ਤੋਂ ਉੱਪਰ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ।

ਹੁਸ਼ਿਆਰਪੁਰ ਵਿੱਚ 14 ਵਿਦਿਆਰਥੀਆਂ ਅਤੇ 7 ਅਧਿਆਪਕਾਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਖ਼ਬਰ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਮੰਤਰੀ ਡਾ਼ ਹਰਸ਼ਵਰਧਨ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਭਾਰਤ ਵਾਸੀਆਂ ਦੀ ਕੀਮਤ ਤੇ ਕੋਰੋਨਾਵੈਕਸੀਨ ਵਿਦੇਸ਼ਾਂ ਨੂੰ ਨਹੀਂ ਭੇਜ ਰਹੀ। ਉਨ੍ਹਾਂ ਨੇ ਟੀਕਾਕਰਨ ਬਾਰੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਟੀਕਾਕਰਨ ਠੀਕ ਤਰ੍ਹਾਂ ਨਾਲ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਾ ਅਸਤੀਫ਼ਾ

ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ, ਪੀਕੇ ਸਿਨਹਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਦੇ ਦਫ਼ਤਰ ਨੇ ਅਸਤੀਫ਼ਾ ਮਿਲਣ ਦੀ ਪੁਸ਼ਟੀ ਕੀਤੀ ਹੈ ਪਰ ਇਸ ਪਿਛਲੇ ਕਾਰਨਾਂ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ।

ਅਖ਼ਬਾਰ ਨੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਿਨਹਾ ਦੀ ਸਿਹਤ ਖ਼ਰਾਬ ਚੱਲ ਰਹੀ ਸੀ ਅਤੇ ਅਜਿਹੇ ਵਿੱਚ ਕੰਮ ਦੇ ਇੰਨੇ ਜ਼ਿਆਦਾ ਦਬਾਅ ਵਾਲੇ ਕੰਮ ਤੋਂ ਲਾਂਭੇ ਹੋਣਾ ਹੀ ਉਨ੍ਹਾਂ ਲਈ ਸਹੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)