ਹਰਿਆਣਾ ਸਰਕਾਰ ਦੇ ਮੰਤਰੀ ਨੇ ਕਿਹਾ, 'ਦਿੱਲੀ ਜਾਂਦੇ ਕਿਸਾਨਾਂ ‘ਤੇ ‘ਲਾਠੀਚਾਰਜ ਨਹੀਂ ਹੋਇਆ' - ਪ੍ਰੈੱਸ ਰਿਵੀਊ

ਹਰਿਆਣਾ ਦੇ ਸਿੱਖਿਆ ਅਤੇ ਟੂਰਿਜ਼ਮ ਮੰਤਰੀ ਕੰਵਰ ਪਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਕਿਹਾ ਕਿ ਪਿਛਲੇ ਸਾਲ ਦਿੱਲੀ ਜਾ ਰਹੇ ਕਿਸਾਨਾਂ ਉੱਪਰ ਕੋਈ ਲਾਠੀਚਾਰਜ ਨਹੀਂ ਹੋਇਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ, "ਲਾਠੀਚਾਰਜ ਕਿੱਥੇ ਹੋਇਆ? ਅਜਿਹਾ ਕੁਝ ਨਹੀਂ ਹੋਇਆ। ਜੇ ਲਾਠੀਚਾਰਜ ਹੋਇਆ ਸੀ ਤਾਂ ਕੋਈ ਜ਼ਖ਼ਮੀ ਵੀ ਹੋਇਆ ਹੋਵੇਗਾ, ਉਸ ਕੇਸ ਵਿੱਚ ਵਿਅਕਤੀ ਦਾ ਮੈਡੀਕਲ ਸਰਟੀਫ਼ਿਕੇਟ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਵਿਰੋਧੀ ਧਿਰ ਨੂੰ ਸਦਨ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ।"

ਇਹਵੀ ਪੜ੍ਹੋ:

ਕਿਸਾਨ ਜਦੋਂ ਦਿੱਲੀ ਜਾ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦਾ ਰਾਹ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦਾ ਮਾਮਲਾ ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਚੁੱਕਿਆ।

ਦੋਵੇਂ ਵਿਚਕਾਰ ਸੂਬੇ ਵਿੱਚ ਸਿੰਚਾਈ ਲਈ ਪਾਣੀ ਦੀ ਕਮੀ ਉੱਪਰ ਵੀ ਖਹਿਬਾਜ਼ੀ ਹੋਈ। ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਉੱਪਰ ਲਾਠੀਚਾਰਜ ਕਰਨਾ ਤਾਂ ਕਾਂਗਰਸ ਦੀ ਪਿਰਤ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਭਾਰਤ ਪਾਕਿਸਤਾਨ ਨੂੰ ਕੋਰੋਨਾਵੈਕਸੀਨ ਭੇਜੇਗਾ

ਹਿੰਦੁਸਤਾਨ ਟਾਈਮਜ਼ ਨੇ ਪਾਕਿਸਤਾਨੀ ਅਖ਼ਬਾਰ ਦਿ ਨੈਸ਼ਨਲ ਦੀ ਖ਼ਬਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਮਾਰਚ ਮਹੀਨੇ ਵਿੱਚ ਪਾਕਿਸਤਾਨ ਨੂੰ ਭਾਰਤ ਵੱਲੋਂ ਭੇਜੇ 4.5 ਕਰੋੜ ਕੋਰੋਨਾਵੈਕਸੀਨ ਮਿਲ ਜਾਣਗੇ।

ਇਹ ਭਾਰਤ ਵਿੱਚ ਸੀਰਮ ਇੰਸਟੀਚਿਊਟ ਵਲੋਂ ਬਣਾਏ ਗਏ ਕੋਵੀਸ਼ੀਲਡ ਵੈਕਸੀਨ ਦੀ ਪਾਕਿਸਤਾਨ ਨੂੰ ਜਾਣ ਵਾਲੀ ਪਹਿਲੀ ਖੇਪ ਹੋਵੇਗੀ।

ਇਨ੍ਹਾਂ ਖ਼ੁਰਾਕਾਂ ਤੋਂ ਇਲਾਵਾ 1.6 ਕਰੋੜ ਖ਼ੁਰਾਕਾਂ ਪਾਕਿਸਤਾਨ ਨੂੰ ਜੂਨ ਮਹੀਨੇ ਵਿੱਚ ਭੇਜੀਆਂ ਜਾਣਗੀਆਂ।

ਉੱਤਰਾਖੰਡ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ

ਕਈ ਦਿਨਾਂ ਦੀਆਂ ਕਿਆਸਅਰਾਈਆਂ ਤੋਂ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ, ਇਸ ਦੇ ਨਾਲ ਹੀ ਪਾਰਟੀ ਵਿੱਚ ਉਨ੍ਹਾਂ ਦੇ ਉਤਰਾਧਿਕਾਰੀ ਦੀ ਭਾਲ ਤੇਜ਼ ਹੋ ਗਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੂੰ ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਰਾਵਤ ਨੇ ਮੁੱਖ ਮੰਤਰੀ ਵਜੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਨੂੰ ਆਪਣੀ ਜ਼ਿੰਦਗੀ ਦਾ ਸੁਨਹਿਰੀ ਕਾਲ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਪਾਰਟੀ ਉਨ੍ਹਾਂ ਵਰਗੇ ਨੂੰ ਇੰਨਾ ਵੱਡਾ ਮਾਣ ਦੇਵੇਗੀ।

ਉੱਤਰਾਖੰਡ ਵਿੱਚ ਹੁਣ ਤੱਕ ਬਣੇ ਅੱਠ ਮੁੱਖ ਮੰਤਰੀਆਂ ਵਿੱਚ ਸਿਰਫ਼ ਇੱਕ ਨਰਾਇਣ ਦੱਤ ਤਿਵਾੜੀ (2002-2007) ਆਪਣਾ ਕਰਾਜਕਾਲ ਪੂਰਾ ਕਰ ਸਕੇ ਹਨ ਜਦਕਿ ਰਾਵਤ ਤਾਂ ਮਾਰਚ 2017 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਚਾਰ ਸਾਲ ਵੀ ਪੂਰੇ ਨਹੀਂ ਕਰ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)