ਚੀਨ ਤੇ ਭਾਰਤ ਵਿਚਾਲੇ ਸਰਹੱਦਾਂ ’ਤੇ ਤਣਾਅ ਹੈ ਪਰ ਵਪਾਰ ਕਿਵੇਂ ਵਧ ਰਿਹਾ ਹੈ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦ ਉੱਤੇ ਹੋਈ ਝੜਪ ਅਤੇ ਇਸ ਤੋਂ ਪੈਦਾ ਹੋਏ ਗੰਭੀਰ ਤਣਾਅ ਦੇ ਬਾਵਜੂਦ ਸਾਲ 2020 ਵਿੱਚ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਰਿਹਾ। ਲੰਘੇ ਵਿੱਤੀ ਵਰੇ 'ਚ ਚੀਨ ਭਾਰਤ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਰਿਹਾ ਸੀ।

ਲੰਘੇ ਸਾਲ ਦੂਜੀ ਥਾਂ ਉੱਤੇ ਅਮਰੀਕਾ ਅਤੇ ਤੀਜੇ ਉੱਤੇ ਸੰਯੁਕਤ ਅਰਬ ਅਮੀਰਾਤ ਸੀ। ਭਾਰਤ ਨੇ ਚੀਨ ਤੋਂ 58.7 ਅਰਬ ਡਾਲਰ ਦਾ ਸਾਮਾਨ ਦਰਆਮਦ ਕੀਤਾ, ਜੋ ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਦਰਆਮਦ ਕੀਤੇ ਗਏ ਸਾਮਾਨ ਨੂੰ ਮਿਲਾ ਕੇ ਵੀ ਜ਼ਿਆਦਾ ਸੀ, ਜਦਕਿ ਚੀਨ ਨੂੰ 19 ਅਰਬ ਡਾਲਰ ਦਾ ਸਮਾਨ ਬਰਆਮਦ ਕੀਤਾ ਗਿਆ।

ਗਲਵਾਨ ਘਾਟੀ 'ਚ ਹੋਈ ਝੜਪ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਭਰਿਆ ਮਾਹੌਲ ਹੋ ਗਿਆ ਸੀ। ਚੀਨ ਨੇ ਕੁਝ ਦਿਨ ਪਹਿਲਾਂ ਇਹ ਮੰਨਿਆ ਹੈ ਕਿ ਉਸ ਦੇ ਵੀ ਚਾਰ ਫ਼ੌਜੀ ਮਾਰੇ ਗਏ ਸਨ। ਹਾਲਾਂਕਿ ਭਾਰਤ ਦਾ ਦਾਅਵਾ ਹੈ ਕਿ ਇਸ 'ਚ ਚੀਨ ਦੇ ਹੋਰ ਜ਼ਿਆਦਾ ਫ਼ੌਜੀ ਹਲਾਕ ਹੋਏ ਸਨ।

ਇਹ ਵੀ ਪੜ੍ਹੋ:

ਗਲਵਾਨ ਦੀ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੋ-ਤਰਫ਼ਾ ਵਪਾਰ ਉੱਤੇ ਥੋੜ੍ਹਾ ਜਿਹਾ ਅਸਰ ਤਾਂ ਜ਼ਰੂਰ ਪਿਆ ਸੀ, ਜੋ ਮਹਾਂਮਾਰੀ ਦੇ ਕਾਰਨ ਹੋਰ ਵੀ ਪ੍ਰਭਾਵਿਤ ਹੋਇਆ ਸੀ, ਪਰ ਬਹੁਤਾ ਨਹੀਂ।

ਭਾਰਤ ਸਰਕਾਰ ਨੇ ਚੀਨ ਤੋਂ ਸਾਰੇ ਨਿਵੇਸ਼ ਉੱਤੇ ਰੋਕ ਲਗਾ ਦਿੱਤੀ ਸੀ, ਨਾਲ ਹੀ 200 ਤੋਂ ਵੱਧ ਚੀਨੀ ਐਪਸ ਉੱਤੇ ਸੁਰੱਖਿਆ ਦਾ ਕਾਰਨ ਦੱਸਦੇ ਹੋਏ ਪਾਬੰਦੀ ਲਗਾ ਦਿੱਤੀ ਗਈ ਸੀ, ਜਿਨ੍ਹਾਂ 'ਚ ਮਸ਼ਹੂਰ ਐਪ ਟਿਕ-ਟੌਕ, ਵੀਚੈਟ ਅਤੇ ਵੀਬੋ ਸ਼ਾਮਿਲ ਸਨ।

ਆਤਮ ਨਿਰਭਰ ਮੁਹਿੰਮ ਕਿੰਨੀ ਅਸਰਦਾਰ?

ਪਿਛਲੇ ਸਾਲ ਮਈ ਵਿੱਚ ਭਾਰਤ ਸਰਕਾਰ ਨੇ ਆਤਮ ਨਿਰਭਰਤਾ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦਾ ਮਕਸਦ ਦਰਆਮਦਗੀ ਨੂੰ ਘੱਟ ਕਰਨਾ ਸੀ ਅਤੇ ਬਰਆਮਦਗੀ ਨੂੰ ਵਧਾਉਣਾ ਅਤੇ ਦੇਸ਼ ਦੇ ਅੰਦਰ ਮੈਨੁਫ਼ੈਕਚਰਿੰਗ 'ਤੇ ਜ਼ੋਰ ਦੇਣਾ ਸੀ। ਦੂਜੇ ਪਾਸੇ ਮਾਹਰ ਕਹਿੰਦੇ ਹਨ ਕਿ ਇਹ ਮੁਹਿੰਮ ਚੀਨ ਉੱਤੇ ਨਿਰਭਰਤਾ ਨੂੰ ਘੱਟ ਕਰਨ ਉੱਤੇ ਕੇਂਦਰਿਤ ਸੀ।

ਪਰ ਤਾਜ਼ਾ ਵਪਾਰਕ ਅੰਕੜੇ ਦੱਸਦੇ ਹਨ ਕਿ ਇੰਨਾਂ ਸਾਰੇ ਕਦਮਾਂ ਦੇ ਬਾਵਜੂਦ ਚੀਨ ਉੱਤੇ ਨਿਰਭਰਤਾ ਘੱਟ ਨਹੀਂ ਹੋ ਸਕੀ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਭਾਰਤ ਅਤੇ ਚੀਨ ਵਿਚਾਲੇ ਦੋ-ਪਾਸੜ ਵਪਾਰ 77.7 ਅਰਬ ਡਾਲਰ ਦਾ ਸੀ, ਜੋ ਵਣਜ ਮੰਤਰਾਲੇ ਦੇ ਅਸਥਾਈ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ 85.5 ਅਰਬ ਡਾਲਰ ਤੋਂ ਥੋੜ੍ਹਾ ਜਿਹਾ ਘੱਟ ਸੀ।

ਦੂਜੇ ਪਾਸੇ ਭਾਰਤ ਸਰਕਾਰ ਨੇ ਚੀਨੀ ਨਿਵੇਸ਼ ਨੂੰ ਮੁੜ ਮਨਜ਼ੂਰੀ ਦੇਣ ਦੀ ਮੀਡੀਆ ਵਿੱਚ ਆਈਆਂ ਖ਼ਬਰਾਂ ਨੂੰ ਗ਼ਲਤ ਦੱਸਿਆ ਹੈ। ਵੈਸੇ ਵੀ ਚੀਨ ਭਾਰਤ 'ਚ ਕਦੇ ਵੀ ਇੱਕ ਭਾਰੀ ਨਿਵੇਸ਼ਕ ਨਹੀਂ ਰਿਹਾ। ਚੀਨ ਨੇ 2013 ਤੋਂ 2020 ਵਿਚਾਲੇ ਭਾਰਤ 'ਚ 58 ਅਰਬ ਡਾਲਰ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼ ਕੀਤਾ ਸੀ।

ਦਿੱਲੀ 'ਚ ‘ਫ਼ੋਰ ਸਕੂਲ ਆਫ਼ ਮੈਨੇਜਮੈਂਟ 'ਚ ਚੀਨੀ ਮਾਮਲਿਆਂ ਦੇ ਮਾਹਰ ਡਾਕਟਰ ਫ਼ੈਸਲ ਅਹਿਮਦ ਕਹਿੰਦੇ ਹਨ ਕਿ ਆਤਮ ਨਿਰਭਰਤਾ ਦਾ ਅਰਥ ਇਹ ਨਹੀਂ ਕਿ ਇੰਪੋਰਟ ਬੰਦ ਹੋ ਜਾਵੇ ਜਾਂ ਵਿਦੇਸ਼ ਨਿਵੇਸ਼ ਦੇਸ਼ 'ਚ ਨਾ ਆਵੇ।

ਉਹ ਕਹਿੰਦੇ ਹਨ, ''ਆਉਣ ਵਾਲੇ ਸਮੇਂ 'ਚ ਚੀਨ ਉੱਤੇ ਭਾਰਤ ਦੀ ਇੰਪੋਰਟ ਨਿਰਭਰਤਾ ਜ਼ਿਆਦਾ ਬਣੀ ਰਹੇਗੀ। ਇਹ ਜ਼ਰੂਰੀ ਹੈ ਕਿ ਅਸੀਂ ਕੌਮਾਂਤਰੀ ਵਪਾਰ 'ਚ ਆਪਣੇ ਲਈ ਫ਼ਾਇਦੇਮੰਦ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਇਹ ਸਾਡੇ ਆਰਥਿਕ ਹਿੱਤਾਂ ਨੂੰ ਚੰਗੀ ਤਰ੍ਹਾਂ ਪੂਰਾ ਕਰੇਗਾ ਅਤੇ ਨਾਲ ਆਤਮ ਨਿਰਭਰਤਾ ਦਾ ਸਮਰਥਨ ਕਰੇਗਾ।''

ਡਾ. ਫ਼ੈਸਲ ਅੱਗੇ ਕਹਿੰਦੇ ਹਨ, ''ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਜ਼ਰੂਰੀ ਸਾਧਨ ਦੇ ਰੂਪ 'ਚ ਵਿਦੇਸ਼ ਨਿਵੇਸ਼ (ਐਫ਼ਡੀਆਈ) ਹਾਸਲ ਕਰਨ ਉੱਤੇ ਧਿਆਨ ਦੇਣ ਦੀ ਲੋੜ ਹੈ। ਅਸੀਂ ਮੈਨੂਫ਼ੈਕਚਰਿੰਗ ਦੇ ਖ਼ੇਤਰ 'ਚ ਉਤਪਾਦਨ ਸਮਰੱਥਾ ਵਧਾਉਣਾ ਚਾਹੁੰਦੇ ਹਨ।”

“ਸਾਨੂੰ ਆਪਣੇ ਲਘੂ ਅਤੇ ਮੱਧ ਕਾਰੋਬਾਰ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲੈ ਜਾਣ ਲਈ ਉਨ੍ਹਾਂ ਦੀ ਮਦਦ ਲੈਣੀ ਚਾਹੀਦੀ ਹੈ, ਤਾਂ ਜੋ ਉਹ ਗਲੋਬਲ ਵੈਲਯੂ ਚੇਨ (ਜੀਵੀਸੀ) 'ਚ ਹਿੱਸਾ ਲੈ ਸਕਣ। ਇਸ ਲਈ ਐਫ਼ਡੀਆਈ ਜ਼ਰੂਰੀ ਹੈ।”

“ਅਸਲ 'ਚ, ਐਫ਼ਡੀਆਈ ਜੇ ਚੀਨ ਤੋਂ ਵੀ ਆਏ, ਤਾਂ ਇਹ ਆਤਮ ਨਿਰਭਰਤਾ ਦੇ ਸਿਧਾਂਤਾ ਦੇ ਉਲਟ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤ ਵੀ ਚੀਨ ਨੂੰ ਆਪਣਾ ਐਕਸਪੋਰਟ 11 ਫੀਸਦੀ ਤੱਕ ਵਧਾਉਣ 'ਚ ਸਮਰੱਥ ਹੈ ਅਤੇ ਵੱਖ-ਵੱਖ ਖੇਤਰਾਂ 'ਚ ਵਿਦੇਸ਼ੀ ਨਿਵੇਸ਼ 'ਚ ਵਾਧੇ ਨਾਲ ਭਾਰਤ ਦੇ ਐਕਸਪੋਰਟ ਮੁਕਾਬਲੇ ਨੂੰ ਵੀ ਵਾਧਾ ਮਿਲੇਗਾ।''

ਫ਼ਿਲਹਾਲ ਭਾਰਤ ਚੀਨ 'ਚ ਬਣੀ ਭਾਰੀ ਮਸ਼ੀਨਰੀ, ਦੂਰਸੰਚਾਰ ਅਤੇ ਘਰੇਲੂ ਉਪਕਰਣਾਂ ਉੱਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਇਹ ਚੀਨ ਤੋਂ ਦਰਆਮਦ ਕੀਤੇ ਸਮਾਨ ਦਾ ਇੱਕ ਵੱਡਾ ਹਿੱਸਾ ਹੈ।

ਇਸ ਦੇ ਨਤੀਜੇ ਸਦਕਾ, 2020 ਵਿੱਚ ਚੀਨ ਦੇ ਨਾਲ ਦੋ-ਪਾਸੜ ਵਪਾਰ ਦਾ ਅੰਤਰ ਲਗਭਗ 40 ਅਰਬ ਡਾਲਰ ਸੀ। ਇੰਨਾ ਵੱਡਾ ਵਪਾਰਕ ਅਸੰਤੁਲਨ ਕਿਸੇ ਦੂਜੇ ਦੇਸ਼ ਦੇ ਨਾਲ ਨਹੀਂ ਹੈ।

ਇਸ ਤੋਂ ਇਲਾਵਾ, ਡਾ. ਫ਼ੈਸਲ ਅਹਿਮਦ ਮੁਤਾਬਕ, ''ਅੱਜ ਦੀ ਨਹੀਂ ਉੱਭਰਦੀ ਵਿਸ਼ਵ ਵਿਵਸਥਾ 'ਚ ਅਸੀਂ ਆਪਣੇ ਆਰਥਿਕ ਹਿੱਤ 'ਚ ਵੀ ਇਸ ਨੂੰ ਦੇਖਿਆ ਜਾਣਾ ਚਾਹੀਦਾ ਹੈ। ਵਿਸ਼ਵ ਮਾਮਲਿਆਂ, ਵਿਸ਼ੇਸ਼ ਰੂਪ 'ਚ ਇੰਡੋ-ਪੈਸਿਫ਼ਿਕ 'ਚ, ਅਮਰੀਕਾ ਦੀ ਵੱਧਦੀ ਭੂਮਿਕਾ ਨੂੰ ਦੇਖਦੇ ਹੋਏ ਇਹ ਸਾਡੀ ਰਣਨੀਤੀ ਦੇ ਲਈ ਅਤੇ ਨਾਲ ਹੀ ਖ਼ੇਤਰ 'ਚ ਆਰਥਿਕ ਹਿੱਤਾਂ ਨੂੰ ਤੇਜ਼ੀ ਨਾਲ ਸਰਗਰਮ ਕਰਨ ਦਾ ਸਮਾਂ ਹੈ।''

ਚੀਨ ਥੋੜ੍ਹਾ ਸਾਵਧਾਨ

ਚੀਨ 'ਚ ਸਿਚੁਆਨ ਯੂਨੀਵਰਸਿਟੀ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਐਸੋਸੀਏਟ ਡੀਨ, ਪ੍ਰੋਫ਼ੈਸਰ ਹੁਆਂਗ ਯੂਨਸਾਂਗ ਭਾਰਤ ਅਤੇ ਚੀਨ ਵਿਚਾਲੇ ਦੋ-ਤਰਫ਼ਾ ਵਪਾਰ ਅਤੇ ਭਾਰਤ 'ਚ ਚੀਨੀ ਨਿਵੇਸ਼ ਨੂੰ ਅੱਗੇ ਵਧਾਉਣ ਦੇ ਪੱਖ 'ਚ ਜ਼ਰੂਰ ਹਨ, ਪਰ ਉਹ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ।

ਬੀਬੀਸੀ ਨਾਲ ਗੱਲਬਾਤ 'ਚ ਉਹ ਕਹਿੰਦੇ ਹਨ, ''ਅਸੀਂ ਇਸ ਨੂੰ ਦੋ-ਧਿਰਾਂ ਦੇ ਰਿਸ਼ਤਿਆਂ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੇ ਇੱਕ ਚੰਗੇ ਸੰਕੇਤ ਦੇ ਰੂਪ 'ਚ ਲੈਂਦੇ ਹਾਂ, ਪਰ ਕਾਫ਼ੀ ਅਹਿਤਿਆਤ ਦੇ ਨਾਲ।''

ਆਉਣ ਵਾਲੇ ਦਿਨਾਂ 'ਚ ਚੀਨੀ ਨਿਵੇਸ਼ ਉੱਤੇ ਉਨ੍ਹਾਂ ਦਾ ਕਹਿਣਾ ਸੀ, ''ਚੀਨੀ ਨਿਵੇਸ਼ਕਾਂ ਨੇ ਇਹ ਸਬਕ ਸਿੱਖਿਆ ਹੈ ਕਿ ਸਿਆਸਤ ਅਰਥਵਿਵਸਥਾ ਨੂੰ ਕਿਵੇਂ ਹਿਲਾ ਸਕਦੀ ਹੈ, ਅਤੇ ਇਸ ਲਈ ਇਸ ਸਮੇਂ ਚੀਨੀ ਨਿਵੇਸ਼ਕਾਂ ਵਿਚਾਲੇ ਜ਼ਿਆਦਾ ਜ਼ੋਖ਼ਿਮ ਨਾ ਚੁੱਕਣ ਅਤੇ ਸਾਵਧਾਨ ਹੋਣ ਦਾ ਮਾਹੌਲ ਹੈ। ਇਸ ਸਮੇਂ ਚੀਨੀ ਨਿਵੇਸ਼ਕਾਂ ਦੇ ਵਿਚਾਲੇ ਭਾਰਤੀ ਬਾਜ਼ਾਰ ਦਾ ਮੁੜ ਤੋਂ ਜਾਇਜ਼ਾ ਲਿਆ ਜਾ ਰਿਹਾ ਹੈ।''

ਚੀਨ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ, ਜਦਕਿ ਭਾਰਤ ਮਹਾਂਮਾਰੀ ਤੋਂ ਪਹਿਲਾਂ ਛੇ ਨੰਬਰ ਉੱਤੇ ਸੀ। ਦੋ ਸਾਲ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਆਪਸੀ ਵਪਾਰ ਲਾਭ 90 ਅਰਬ ਡਾਲਰ ਤੋਂ ਜ਼ਿਆਦਾ ਪਹੁੰਚ ਗਿਆ ਸੀ।

ਪਰ 2019 'ਚ ਇਸ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਜ਼ੋਰ ਇਸ ਗੱਲ ਉੱਤੇ ਹੈ ਕਿ ਚੀਨ ਦੇ ਨਾਲ ਵਪਾਰਕ ਅਸੰਤੁਲਨ ਨੂੰ ਘੱਟ ਕੀਤਾ ਜਾਵੇ, ਜਿਸ ਦੇ ਲਈ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

'ਚੀਨ ਤੋਂ ਪਿੱਛਾ ਛੁੜਾਉਣਾ ਅਸੰਭਵ'

ਕਈ ਮਾਹਰ ਕਹਿੰਦੇ ਹਨ ਕਿ ਫ਼ਿਲਹਾਲ ਚੀਨ ਤੋਂ ਪਿੱਛਾ ਛੁੜਾਉਣਾ ਅਸੰਭਵ ਹੈ ਅਤੇ ਚੀਨ ਉੱਤੇ ਭਾਰਤ ਦੀ ਨਿਰਭਰਤਾ ਅਗਲੇ ਕਈ ਸਾਲਾਂ ਤੱਕ ਬਣੀ ਰਹੇਗੀ। ਪਰ ਡਾ. ਫ਼ੈਸਲ ਅਹਿਮਦ ਕਹਿੰਦੇ ਹਨ ਕਿ ਇਸ ਮੁੱਦੇ ਨੂੰ ਕਿਸੇ ਟਾਈਮ ਫ੍ਰੇਮ 'ਚ ਨਹੀਂ ਦੇਖਣਾ ਚਾਹੀਦਾ।

ਉਹ ਕਹਿੰਦੇ ਹਨ, ''ਅਮਰੀਕਾ ਅਤੇ ਚੀਨ ਦੋਵੇਂ ਮੁੱਖ ਇੰਪੋਰਟਰ ਅਤੇ ਮੁੱਖ ਐਕਸਪੋਰਟਰ ਵੀ ਹਨ, ਅਜਿਹਾ ਇਸ ਲਈ ਹੈ ਕਿਉਂਕਿ ਐਕਸਪੋਰਟ ਵਧਾਉਣ ਲਈ ਬਹੁਤ ਸਾਰੇ ਸੈਕਟਰ 'ਚ ਸਾਨੂੰ ਕੱਚਾ ਮਾਲ ਅਤੇ ਪਾਰਟ ਪੁਰਜ਼ੇ ਐਕਸਪੋਰਟ ਕਰਦੇ ਰਹਿਣਾ ਪਵੇਗਾ। ਇਸ ਲਈ ਆਤਮ ਨਿਰਭਰਤਾ ਸਮੇਂ ਦੇ ਹਿਸਾਬ ਨਾਲ ਸੀਮਤ ਨੀਤੀ ਨਹੀਂ ਹੈ।''

ਚੀਨ ਮਹਾਂਮਾਰੀ ਦੀ ਤਬਾਹੀ ਤੋਂ ਸਭ ਤੋਂ ਮਜ਼ਬੂਤ ਤਰੀਕੇ ਨਾਲ ਉੱਭਰਿਆ ਹੈ ਅਤੇ ਚੀਨੀ ਅਰਥਵਿਵਸਥਾ ਠੋਸ ਸਤੰਭ ਉੱਤੇ ਟਿਕੀ ਹੈ। ਭਾਰਤ ਦੀ ਅਰਥ ਵਿਵਸਥਾ ਵੀ ਮਹਾਂਮਾਰੀ ਦੀ ਸੱਟ ਤੋਂ ਹੌਲੀ-ਹੌਲੀ ਉਭਰ ਰਹੀ ਹੈ। ਮਾਹਰਾਂ ਦੀ ਰਾਇ 'ਚ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਸਹਿਯੋਗ ਨਾਲ ਦੋਵਾਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)