ਯੁਵਰਾਜ ਸਿੰਘ 'ਤੇ ਜਿਸ ਮਾਮਲੇ 'ਚ FIR ਹੋਈ, ਉਹ ਪੂਰਾ ਮਾਮਲਾ ਜਾਣੋ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਲਈ

ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਜਾਤ ਆਧਾਰਿਤ ਟਿੱਪਣੀਆਂ ਕਰਨ ਦੇ ਇਲਜ਼ਾਮਾਂ ਸਬੰਧੀ ਸ਼ਿਕਾਇਤ ਮਿਲਣ ਤੋਂ 8 ਮਹੀਨਿਆਂ ਬਾਅਦ, ਹਰਿਆਣਾ ਪੁਲਿਸ ਨੇ ਉਨ੍ਹਾਂ ਵਿਰੁੱਧ ਐੱਸਸੀ/ਐੱਸਟੀ ਐਕਤ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਮਾਮਲਾ ਹਿਸਾਰ ਦੇ ਹਾਂਸੀ ਸ਼ਹਿਰ ਵਿੱਚ ਦਰਜ ਹੋਇਆ ਹੈ।

ਹਾਲਾਂਕਿ ਕੁਝ ਦਿਨ ਬਾਅਦ ਯੁਵਰਾਜ ਸਿੰਘ ਨੇ ਇਸ ਘਟਨਾ 'ਤੇ ਮੁਆਫ਼ੀ ਮੰਗਦਿਆ ਕਿਹਾ ਸੀ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ।

ਪੁਲਿਸ ਨੇ ਕਿਹਾ ਕਿ ਯੁਵਰਾਜ ਉੱਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 14 ਫ਼ਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਹੈ।

ਵਕੀਲ ਰਜਤ ਕਲਸਨ ਮੁਤਾਬਕ, ਉਨ੍ਹਾਂ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਦਲਿਤ ਭਾਈਚਾਰੇ ਬਾਰੇ ਮਾਣਹਾਨੀ ਅਤੇ ਜਾਤੀ ਸੂਚਕ ਟਿੱਪਣੀਆਂ ਕਰਨ ਸਬੰਧੀ ਸ਼ਿਕਾਇਤ ਦਰਜ ਕੀਤੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ ਕਿ 1 ਜੂਨ, ਨੂੰ ਯੁਵਰਾਜ ਸਿੰਘ ਨੇ ਆਪਣੇ ਇੱਕ ਸਾਥੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਹੋਰਨਾਂ ਨਾਲ ਗੱਲਬਾਤ ਦੌਰਾਨ ਦਲਿਤ ਭਾਈਚਾਰੇ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ

ਵਿਵਾਦ ਸਬੰਧੀ ਯੁਵਰਾਜ ਸਿੰਘ ਵੱਲੋਂ ਮੁਆਫ਼ੀ ਮੰਗੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ, ਸ਼ਿਕਾਇਤਕਰਤਾ ਨੇ ਕਿਹਾ, ''ਅਪਰਾਧ ਆਪਣੇ ਆਪ ਵਿੱਚ ਸਮਝੌਤੇਯੋਗ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਅਦਾਲਤ ਤੋਂ ਬਾਹਰ ਨਹੀਂ ਹੋ ਸਕਦਾ।''

ਕਲਸਨ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅੰਤਿਮ ਅਧਿਕਾਰ ਅਦਾਲਤ ਕੋਲ ਹਨ।

ਹਾਂਸੀ ਦੇ ਸੁਪਰਡੈਂਟ ਆਫ਼ ਪੁਲਿਸ ਨਿਕਿਤਾ ਗਹਿਲੋਤ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਬਾਕੀ ਹੈ ਅਤੇ ਮੁੱਢਲੀ ਪੜਤਾਲ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਜਾਂਚ ਦੌਰਾਨ ਕੋਈ ਨਵਾਂ ਸਬੂਤ ਸਾਹਮਣੇ ਆਇਆ ਜਾਂ ਨਹੀਂ, ਇਸ ਬਾਰੇ ਉਨ੍ਹਾਂ ਕਿਹਾ ਕਿ ਕੇਸ ਵਿੱਚ ਸਬੂਤ ਹੁਣ ਦੇਖੇ ਜਾਣਗੇ।

ਉਨ੍ਹਾਂ ਅੱਗੇ ਕਿਹਾ, "ਲੋੜੀਂਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਹੈ।"

ਹਿਸਾਰ ਜ਼ਿਲ੍ਹੇ ਦੇ ਹਾਂਸੀ ਜਿੱਥੇ ਐਫਆਈਆਰ ਦਰਜ ਹੋਈ ਹੈ ਉਸ ਦੇ ਨਾਲ ਲਗਦੇ ਪਿੰਡ ਮਿਰਚਪੁਰ ਅਤੇ ਭਾਗਣਾ ਨੇ ਕ੍ਰਮਵਾਰ 2010 ਤੇ 2011 ਵਿੱਚ ਜਾਤੀ ਆਧਾਰਿਤ ਹਿੰਸਾ ਅਤੇ ਪੱਖਪਾਤ ਨੂੰ ਝੱਲਿਆ ਹੈ।

ਮਿਰਚਪੁਰ ਦੇ ਦਲਿਤਾਂ ਨੇ 2010 ਵਿੱਚ ਜਾਤੀ ਹਿੰਸਾ ਦਾ ਸਾਹਮਣਾ ਕੀਤਾ, ਜਿਸ ਦੇ ਚਲਦਿਆਂ ਦੋ ਲੋਕਾਂ ਦਾ ਕਤਲ ਹੋਇਆ ਅਤੇ ਕਰੀਬ 240 ਪਰਿਵਾਰ ਉਥੋਂ ਚਲੇ ਗਏ।

ਸਮਜਸੇਵੀ ਕਾਮਰੇਡ ਇੰਦਰਜੀਤ ਸਿੰਘ ਨੇ ਕਿਹਾ ਕਿ ਯੁਵਰਾਜ ਸਿੰਘ ਦੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)