You’re viewing a text-only version of this website that uses less data. View the main version of the website including all images and videos.
ਕੰਗਨਾ ਰਨੌਤ ਜਿਸ Koo app ਦੀ ਵਕਾਲਤ ਕਰ ਰਹੇ ਹਨ, ਉਸ ਬਾਰੇ ਪੰਜਾਬੀ ਕਲਾਕਾਰ ਕੀ ਕਹਿੰਦੇ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਕਿਸਾਨ ਅੰਦੋਲਨ ਦੌਰਾਨ ਟਵਿੱਟਰ 'ਤੇ ਚੱਲ ਰਹੇ ਕੁਝ ਹੈਸ਼ਟੈਗ ਅਤੇ ਖਾਤਿਆਂ ਤੋਂ ਕੇਂਦਰ ਸਰਕਾਰ ਅਤੇ ਸਮਰਥਕਾਂ ਦੀ ਨਾਖੁਸ਼ੀ ਤੋਂ ਬਾਅਦ ਮਾਈਕਰੋ ਬਲਾਗਿੰਗ ਐਪਲੀਕੇਸ਼ਨ ਕੂ(Koo) ਕਾਫ਼ੀ ਚਰਚਿਤ ਹੋ ਗਈ ਹੈ। ਇਹ ਮੋਬਾਈਲ ਐਪਲੀਕੇਸ਼ਨ ਪਿਛਲੇ ਸਾਲ ਮਾਰਚ ਵਿੱਚ ਲਾਂਚ ਕੀਤੀ ਗਈ ਸੀ, ਪਰ ਹਾਲ ਹੀ ਵਿੱਚ ਇਸ ਬਾਰੇ ਵਧੇਰੇ ਚਰਚਾ ਹੋਣ ਲੱਗੀ ਹੈ।
ਕਿਸਾਨ ਅੰਦੋਲਨ ਦੌਰਾਨ ਬੀਜੇਪੀ ਸਮਰਥਕਾਂ ਨੇ ਜਦੋਂ ਟਵਿੱਟਰ ਬੈਨ ਕਰਨ ਦੀ ਮੰਗ ਚੁੱਕੀ ਤਾਂ ਉਸ ਦੇ ਨਾਲ-ਨਾਲ ਕੂ ਐਪ 'ਤੇ ਆਉਣ ਦਾ ਦੇਸ਼ਵਾਸੀਆਂ ਨੂੰ ਸੱਦਾ ਦਿੱਤਾ।
ਟਵਿੱਟਰ ਛੱਡ ਕੂ-ਐਪ 'ਤੇ ਆਉਣ ਦਾ ਸੱਦਾ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਭਾਰਤ ਦੀ ਬਣਾਈ ਹੋਈ ਮੋਬਾਈਲ ਐਪਲੀਕੇਸ਼ਨ ਹੈ ਅਤੇ ਆਤਮ-ਨਿਰਭਰ ਭਾਰਤ ਵੱਲ ਕਦਮ ਹੈ। ਟਵਿੱਟਰ ਬੈਨ ਦੀ ਮੰਗ ਕਰਨ ਵਾਲਿਆਂ ਅਤੇ ਕੂ-ਐਪ ਦੀ ਵਕਾਲਤ ਕਰਨ ਵਾਲਿਆਂ ਵਿੱਚ ਵੱਡਾ ਨਾਮ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਵੀ ਹੈ।
ਟਵਿੱਟਰ ਨਾਲ ਭਾਰਤ ਸਰਕਾਰ ਦੇ ਵਿਵਾਦ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਕੂ ਐਪ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੂ ਐਪ ਫਿਲਹਾਲ ਚਾਰ ਭਾਰਤੀ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ ਅਤੇ ਕੰਨੜ ਵਿੱਚ ਉਪਲਭਧ ਹੈ। ਪਲੇ ਸਟੋਰ ਤੋਂ ਇਸ ਦੇ ਇੱਕ ਮਿਲੀਅਨ ਤੋਂ ਵੱਧ ਫੌਲੋਅਰ ਹੋ ਗਏ ਹਨ।
ਇਹ ਵੀ ਪੜ੍ਹੋ
ਟਵਿੱਟਰ ਬੈਨ ਦੀ ਮੰਗ ਅਤੇ ਕੂ-ਐਪ 'ਤੇ ਸੱਦੇ ਬਾਰੇ ਕੀ ਕਹਿੰਦੇ ਹਨ ਪੰਜਾਬੀ ਕਲਾਕਾਰ?
ਅੱਜ ਦੇ ਜ਼ਮਾਨੇ ਵਿੱਚ ਕਲਾਕਾਰਾਂ ਲਈ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਖਾਤਰ ਸੋਸ਼ਲ ਮੀਡੀਆ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਵਿੱਚ ਬੇਸ਼ੱਕ ਇੰਸਟਾਗ੍ਰਾਮ ਅਤੇ ਫੇਸਬੁੱਕ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਵਧੇਰੇ ਪ੍ਰਚਲਿਤ ਹਨ, ਪਰ ਕਿਸਾਨ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਅਤੇ ਕਲਾਕਾਰ ਟਵਿੱਟਰ 'ਤੇ ਵੀ ਐਕਟਿਵ ਹੋਏ ਹਨ।
ਹੁਣ ਟਵਿੱਟਰ ਬੈਨ ਕਰਕੇ ਕੂ-ਐਪ 'ਤੇ ਆਉਣ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਦੇ ਕੀ ਵਿਚਾਰ ਹਨ, ਇਸ ਬਾਰੇ ਅਸੀਂ ਉਹਨਾਂ ਨਾਲ ਗੱਲ ਕੀਤੀ।
ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ, "ਇਸ ਕੂ-ਐਪ ਦਾ ਸਮਰਥਨ ਇੱਕ ਖਾਸ ਵਰਗ ਵੱਲੋਂ ਕੀਤਾ ਜਾ ਰਿਹਾ ਹੈ। ਜਦੋਂ ਇਸ ਦੀ ਡਿਮਾਂਡ ਹੀ ਇੱਕਪਾਸੜ ਹੈ ਤਾਂ ਕਾਰਜਸ਼ੈਲੀ ਨਿਰਪੱਖ ਕਿਵੇਂ ਹੋ ਸਕੇਗੀ। ਜੋ ਲੋਕ ਇਸ ਦਾ ਸਮਰਥਨ ਕਰ ਰਹੇ ਹਨ ਉਹ ਡਾਊਨਲੋਡ ਕਰ ਲੈਣ ਅਤੇ ਖੇਡੀ ਜਾਣ ਆਪਣਾ ਕੂ-ਕੂ। ਪਬਲਿਕ ਉਸੇ ਚੀਜ਼ ਵੱਲ ਜਾਏਗੀ, ਜੋ ਉਸ ਨੂੰ ਚੰਗਾ ਲੱਗੇਗਾ। ਟਵਿੱਟਰ ਇੱਕ ਵੱਡੀ ਸੰਸਥਾ ਹੈ, ਟਵਿੱਟਰ ਬੈਨ ਕਰਨਾ ਇੰਨਾ ਸੌਖਾ ਨਹੀਂ।"
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਸ ਮੋਬਾਈਲ ਐਪਲੀਕੇਸ਼ਨ ਦੀ ਮੰਗ, ਪ੍ਰਚਾਰ ਜਾਂ ਨਾਮ ਤੋਂ ਬਹੁਤੀ ਸਕਰਾਤਮਕਤਾ ਨਹੀਂ ਝਲਕ ਰਹੀ, ਮੈਨੂੰ ਨਹੀਂ ਲਗਦਾ ਕਿ ਮੈਂ ਇਸ ਪਲੇਟਫਾਰਮ ਉੱਤੇ ਜਾਵਾਂਗਾ।
ਉਹਨਾਂ ਕਿਹਾ, "ਇਹ ਐਪਲੀਕੇਸ਼ਨ ਆਈ ਤਾਂ ਪਿਛਲੇ ਸਾਲ ਤੋਂ ਹੈ, ਪਰ ਇਸ ਨੂੰ ਡਾਊਨਲੋਡ ਕਰਨ ਦੀ ਹਲੇ ਲੋੜ ਨਹੀਂ ਪਈ। ਜੇ ਟਵਿੱਟਰ ਨਿਰਪੱਖ ਸੇਵਾਵਾਂ ਨਾ ਦੇ ਰਿਹਾ ਹੁੰਦਾ ਤਾਂ ਖੁਦ ਹੀ ਅਸੀਂ ਕੋਈ ਹੋਰ ਮਾਧਿਅਮ ਲੱਭਣਾ ਸੀ। ਜਦੋਂ ਟਵਿੱਟਰ ਤੋਂ ਸੰਤੁਸ਼ਟ ਹਾਂ ਤਾਂ ਕੂ-ਐਪ ਵੱਲ ਕਿਉਂ ਜਾਣਾ।"
ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਦਾ ਕਹਿਣਾ ਸੀ, "ਹੁਣ ਤਾਂ ਪੰਜਾਬੀਆਂ ਨੂੰ ਟਵਿੱਟਰ ਵਰਤਣਾ ਆਇਐ, ਤਾਂ ਹੁਣ ਟਵਿੱਟਰ ਬੈਨ ਕਰਨ ਦੀ ਗੱਲ ਕਰ ਰਹੇ ਹਨ। ਸਰਕਾਰ ਨੇ ਬੜਾ ਸਮਾਂ ਆਪਣੇ ਫਾਇਦੇ ਖਾਤਰ ਟਵਿੱਟਰ ਦਾ ਇਸਤੇਮਾਲ ਕੀਤਾ ਹੈ, ਪੰਜਾਬੀਆਂ ਨਾਲ ਤਾਂ ਵਾਹ ਹੁਣ ਪਿਆ ਸੀ। ਹੁਣ ਜਦੋਂ ਟਰੈਕਟਰ ਟੂ ਟਵਿੱਟਰ ਚੱਲਿਆ ਹੈ ਤਾਂ ਹੁਣ ਇਹ ਟਵਿੱਟਰ ਤੋਂ ਅੱਗੇ ਨੂੰ ਭੱਜ ਰਹੇ ਹਨ।"
ਕੀ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਤੁਸੀਂ ਕੂ-ਐਪ 'ਤੇ ਜਾਓਗੇ, ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਦੁਨੀਆਂ ਭਰ ਵਿੱਚ ਬੈਠੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਵਰਤਦੇ ਹਾਂ, ਅਤੇ ਦੁਨੀਆਂ ਭਰ ਵਿੱਚ ਟਵਿੱਟਰ ਚਲਦਾ ਹੈ, ਇਸ ਲਈ ਫਿਲਹਾਲ ਅਸੀਂ ਕੂ-ਐਪ 'ਤੇ ਆਉਣ ਬਾਰੇ ਨਹੀਂ ਸੋਚਿਆ ਹੈ।
"ਹੁਣ ਤਾਂ ਪੰਜਾਬੀਆਂ ਨੂੰ ਟਵਿੱਟਰ ਦਾ ਪਤਾ ਲੱਗਿਐ, ਹੁਣ ਟਵਿੱਟਰ ਕਿਵੇਂ ਛੱਡ ਦੇਈਏ।"
ਗਾਇਕਾ ਰੁਪਿੰਦਰ ਹਾਂਡਾ ਨੇ ਕਿਹਾ, "ਮੈਨੂੰ ਇਸ ਨਵੀਂ ਮੋਬਾਈਲ ਐਪਲੀਕੇਸ਼ਨ ਬਾਰੇ ਤੁਹਾਡੇ ਤੋਂ ਹੀ ਪਤਾ ਲੱਗਿਆ ਹੈ, ਕਿਉਂਕਿ ਮੈਂ ਤਾਂ ਟਵਿੱਟਰ ਵੀ ਬਹੁਤ ਘੱਟ ਵਰਤਦੀ ਹਾਂ। ਥੋੜ੍ਹੇ-ਬਹੁਤ ਟਵੀਟ ਕਰਦੀ ਹਾਂ ਪਰ ਜ਼ਿਆਦਾ ਇੰਸਟਾਗ੍ਰਾਮ ਅਤੇ ਫੇਸਬੁੱਕ ਵਰਤਦੀ ਹਾਂ ਕਿਉਂਕਿ ਪੰਜਾਬੀ ਲੋਕ ਇਨ੍ਹਾਂ ਮਾਧਿਆਮਾਂ 'ਤੇ ਵਧੇਰੇ ਹਨ।”
“ਬਾਕੀ ਜੇ ਕਿਸੇ ਖਾਸ ਵਰਗ ਨੂੰ ਹੁਣ ਇਸ ਨਵੀਂ ਐਪਲੀਕੇਸ਼ਨ ਦੀ ਲੋੜ ਪੈ ਗਈ ਹੈ ਤਾਂ ਕੋਈ ਖਾਸ ਗੱਲ ਹੀ ਹੋਏਗੀ। ਜਿੱਥੋਂ ਤੱਕ ਮੇਰਾ ਸਵਾਲ ਹੈ, ਪਹਿਲਾਂ ਵਾਲੀਆਂ ਐਪਲੀਕੇਸ਼ਨ ਤੋਂ ਹੀ ਵਿਹਲ ਨਹੀਂ ਮਿਲਦੀ , ਇਸ ਨਵੀਂ ਐਪਲੀਕੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਸਾਨੂੰ।"
ਬਹੁਤ ਸਾਰੇ ਭਾਰਤੀ ਸਿਆਸਤਦਾਨਾਂ, ਕਲਾਕਾਰਾਂ, ਪੱਤਰਕਾਰਾਂ, ਹੋਰ ਨਾਮੀਂ ਹਸਤੀਆਂ ਅਤੇ ਆਮ ਨਾਗਰਿਕਾਂ ਨੇ ਕੂ ਐਪ 'ਤੇ ਖਾਤੇ ਖੋਲ੍ਹ ਲਏ ਹਨ ਅਤੇ ਖੋਲ੍ਹ ਰਹੇ ਹਨ, ਇਨ੍ਹਾਂ ਵਿੱਚ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਹਨ। ਹਾਲਾਂਕਿ, ਅਨੁਪਮ ਖੇਰ ਟਵਿੱਟਰ ਵੀ ਲਗਾਤਾਰ ਵਰਤ ਰਹੇ ਹਨ।
ਦੱਸ ਦੇਈਏ ਕਿ ਕੂ ਐਪ ਨੂੰ ਬੰਗਲੁਰੂ ਦੀ ਬੌਂਬੀਨੇਟ ਟੈਕਨਾਲਜੀਸ ਪ੍ਰਾਈਵੇਟ ਲਿਮੀਟਡ ਨੇ ਬਣਾਇਆ ਹੈ। ਇਸ ਨੂੰ ਭਾਰਤ ਦੇ ਅਪਰਾਮਯਾ ਰਾਧਾਕ੍ਰਿਸ਼ਨਨ ਅਤੇ ਮਯੰਕ ਬਿਦਵਕਤਾ ਨੇ ਡਿਜਾਇਨ ਕੀਤਾ ਹੈ। ਇਸ ਨੂੰ ਟਵਿੱਟਰ ਦਾ ਦੇਸੀ ਵਰਜ਼ਨ ਕਿਹਾ ਜਾ ਰਿਹਾ ਹੈ।
ਐਪ ਦੀ ਵੈਬਸਾਈਟ 'ਤੇ ਲਿਖੇ ਮੁਤਾਬਕ, "ਭਾਰਤ ਵਿੱਚ 10 ਫੀਸਦੀ ਲੋਕ ਅੰਗਰੇਜ਼ੀ ਬੋਲਦੇ ਹਨ। ਕਰੀਬ 100 ਕਰੋੜ ਲੋਕਾਂ ਨੂੰ ਅੰਗਰੇਜੀ ਨਹੀਂ ਆਉਂਦੀ। ਇਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਆ ਰਿਹਾ ਹੈ ਪਰ ਇੰਟਰਨੈਟ 'ਤੇ ਜਿਆਦਾਤਰ ਚੀਜਾ ਅੰਗਰੇਜੀ ਵਿੱਚ ਹਨ। ਕੂ ਦੀ ਕੋਸ਼ਿਸ਼ ਹੈ ਕਿ ਭਾਰਤੀਆਂ ਦੀ ਅਵਾਜ਼ ਸੁਣੀ ਜਾਵੇ।"
ਇਹ ਵੀ ਪੜ੍ਹੋ: