ਦਿੱਲੀ, ਪੰਜਾਬ ਤੇ ਜੰਮੂ ਵਿੱਚ ਭੂਚਾਲ ਦੇ ਤੇਜ਼ ਝਟਕੇ, ਤਜਾਕਿਸਤਾਨ ਵਿੱਚ ਰਿਹਾ ਭੂਚਾਲ ਦਾ ਕੇਂਦਰ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਅੱਜ ਦੀਆਂ ਅਹਿਮ ਖ਼ਬਰਾਂ ਬਾਰੇ ਦੱਸ ਰਹੇ ਹਾਂ। ਦਿੱਲੀ, ਪੰਜਾਬ, ਜੰਮੂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਹਨ।

ਭੂਚਾਲ ਭਾਰਤੀ ਸਮੇਂ ਅਨੁਸਾਰ ਰਾਤ 10.34 ਵਜੇ ਆਇਆ ਜਿਸ ਦਾ ਸੈਂਟਰ ਤਜਾਕਿਸਤਾਨ ਰਿਹਾ। ਨੈਸ਼ਨਲ ਸੈਂਟਰ ਫਾਰ ਸਿਸਮੋਲਜੀ ਅਨੁਸਾਰ ਇਹ ਭੂਚਾਲ ਰਿਕਟਰ ਸਕੇਲ ’ਤੇ 6.3 ਦੀ ਤੀਬਰਤਾ ਦਾ ਰਿਹਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਅੰਮ੍ਰਿਤਸਰ ਜਾਂ ਪੰਜਾਬ ਦੇ ਹੋਰ ਹਿੱਸਿਆਂ ਤੋਂ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਰੋਹਤਕ ਦੇ ਜਾਟ ਕਾਲਜ ਵਿੱਚ ਫਾਇਰਿੰਗ

ਰੋਹਤਕ ਦੇ ਜਾਟ ਕਾਲਜ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਦਕਿ ਚਾਰ ਲੋਕ ਜ਼ਖ਼ਮੀ ਹੋਏ ਹਨ।

ਬੀਬੀਸੀ ਪੰਜਾਬੀ ਲਈ ਸਤ ਸਿੰਘ ਅਨੁਸਾਰ ਫਾਇਰਿੰਗ ਕਾਲਜ ਦੇ ਜਿਮ ਵਿੱਚ ਹੋਈ ਹੈ।

ਐੱਸਪੀ ਰਾਹੁਲ ਸ਼ਰਮਾ ਨੇ ਕਿਹਾ, "ਫਾਇਰਿੰਗ ਦੀ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਦਕਿ ਕੁਝ ਲੋਕ ਜ਼ਖ਼ਮੀ ਹਨ। ਅਜੇ ਇਹ ਪਤਾ ਨਹੀਂ ਲਗਿਆ ਹੈ ਕਿ ਗੋਲੀ ਕਿਵੇਂ ਤੇ ਕਿਸ ਨੇ ਚਲਾਈ ਹੈ। ਅਸੀਂ ਟੀਮਾਂ ਬਣਾ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।"

ਇਹ ਵੀ ਪੜ੍ਹੋ

ਮਹੂਆ ਮੋਇਤਰਾ - ਜੇ ਸੰਸਦ ਵਿੱਚ ਖੜ੍ਹੋ ਹੋ ਕੇ ਸੱਚ ਨਹੀਂ ਬੋਲ ਸਕਦੇ ਤਾਂ ਕਿੱਥੇ ਬੋਲੋਗੇ?

ਮਹੂਆ ਮੋਇਤਰਾ ਸੰਸਦ ਵਿੱਚ ਆਪਣੇ ਭਾਸ਼ਣ ਵਿੱਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਦਾ ਜ਼ਿਕਰ ਕਰਨ ਤੋਂ ਚਰਚਾ ਵਿੱਚ ਹਨ।

ਨੇ ਬੀਬੀਸੀ ਪੱਤਰਕਾਰ ਸਰੋਜ ਸਿੰਘ ਨਾਲ ਗੱਲਬਾਤਕ ਦੌਰਾਨ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਤੁਸੀਂ ਗਦਾਰ ਕਿਵੇਂ ਕਹਿ ਦੇਖ ਸਕਦੇ ਹੋ। ਤੁਸੀਂ ਦੇਖੋ ਹਰ ਪਿੰਡ ਤੋਂ ਕਿੰਨੇ ਕਿੰਨੇ ਨੌਜਵਾਨ ਸਾਡੇ ਸੁੱਰਖਿਆ ਦਸਤਿਆਂ ਵਿੱਚ ਜਾ ਕੇ ਭਰਤੀ ਹੁੰਦੇ ਹਨ।

ਭਾਜਪਾ ਦੇ ਜੈਸ਼੍ਰੀਰਾਮ ਬਾਰੇ ਕਿਹਾ ਕਿ ਉਹ ਲੋਕ ਆਪਣੇ ਆਪ ਨੂੰ ਹਿੰਦੂ ਸਥਾਪਿਤ ਕਰਨ ਲਈ ਨਹੀਂ ਲਗਾਉਂਦੇ, ਸਗੋਂ ਇਸ ਲਈ ਲਗਾਉਂਦੇ ਹਨ ਤਾਂ ਜੋ ਦੇਸ਼ ਵਿੱਚ ਰਹਿ ਰਹੇ ਘੱਟ ਗਿਣਤੀਆਂ ਵਿੱਚ ਡਰ ਪੈਦਾ ਹੋਵੇ । ਇਹ ਉਨ੍ਹਾਂ ਲਈ ਇੱਕ ਜੰਗੀ ਨਾਅਰਾ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਚੋਣਾਂ ਦਾ ਮੌਸਮ ਹੈ ਤੇ ਭਾਜਪਾ ਵਾਲੇ ਉੱਥੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਨੇਤਾ ਜੀ ਵੀ ਸਾਡੇ ਹਨ, ਟਗੋਰ ਨੂੰ ਤੁਸੀਂ ਟੇਗੋਰ ਕਹਿੰਦੇ ਹੋ, ਠਾਕੁਰ ਅਤੇ ਰਵਿੰਦਰ ਇੱਕ ਹਨ ਇਹ ਤਾਂ ਤੁਹਾਡੇ ਗਿਆਨ ਦਾ ਪੱਧਰ ਹੈ। ਇਹ ਸਭ ਤਾਂ ਤੁਹਾਡੇ ਹੋ ਗਏ ਅਤੇ ਅਸੀਂ ਸਾਰੇ ਬੰਗਾਲੀ ਬੁੜਬਕ ਹੋ ਗਏ।

ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਦੇ ਗਣਤੰਤਰ ਵਿੱਚ ਖੜ੍ਹੇ ਹੋ ਕੇ ਸੱਚ ਨਹੀਂ ਬੋਲ ਸਕਦੇ ਤਾਂ ਕਿੱਥੇ ਕਹੋਗੇ। ਉਨ੍ਹਾਂ ਨੇ ਆਪਣੇ ਭਾਸ਼ਣਾਂ ਦੀ ਤਿਆਰੀ ਬਾਰੇ ਵੀ ਚਰਚਾ ਕੀਤੀ।

ਰਾਜੋਆਣਾ ਦੀ ਰਹਿਮ ਅਪੀਲ 'ਤੇ ਫੈਸਲਾ ਲੈਣ ਬਾਰੇ ਕੇਂਦਰ ਸਰਕਾਰ ਨੇ ਕੀ ਕਿਹਾ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਅਪੀਲ 'ਤੇ ਫੈਸਲਾ ਕਰਨ ਲਈ ਕੇਂਦਰ ਨੂੰ ਛੇ ਹਫ਼ਤਿਆਂ ਦਾ ਹੋਰ ਸਮਾਂ ਦਿੱਤਾ ਹੈ।

ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਲਵੰਤ ਸਿੰਘ ਲਈ ਰਹਿਮ ਦੀ ਅਪੀਲ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਦੇਸ਼ ਦੇ ਰਾਸ਼ਟਰਪਤੀ ਇਸ 'ਤੇ ਫੈਸਲਾ ਲੈਣਗੇ।

ਚੀਫ਼ ਜਸਟਿਸ ਐੱਸ. ਏ. ਬੋਬੜੇ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਅੰਤਮ ਫੈਸਲਾ ਲੈਣ ਲਈ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਸੋਲੀਸਟਰ ਜਨਰਲ ਤੁਸ਼ਾਰ ਮਹਿਰਾ ਨੇ ਕਿਹਾ, "ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਦੇਸ਼ ਦੇ ਰਾਸ਼ਟਰਪਤੀ ਇਸ 'ਤੇ ਅੰਤਮ ਫੈਸਲਾ ਲੈਣਗੇ। ਬਲਵੰਤ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਹਨ।"

ਰਾਜੋਆਣਾ ਦੇ ਪੱਖ 'ਚ ਖੜੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਰਾਜੋਆਣਾ ਪਿਛਲੇ 26 ਸਾਲਾਂ ਤੋਂ ਜੇਲ੍ਹ 'ਚ ਬੰਦ ਹਨ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 26 ਜਨਵਰੀ ਤੋਂ ਪਹਿਲਾਂ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਫੈਸਲਾ ਲੈਣ ਲਈ ਕਿਹਾ ਸੀ।

ਤਾਮਿਲਨਾਡੂ: ਪਟਾਕਾ ਫੈਕਟਰੀ 'ਚ ਲਗੀ ਅੱਗ, 6 ਮਜ਼ਦੂਰਾਂ ਦੀ ਮੌਤ

ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਵਿਰਧੂਨਗਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਪਟਾਕਾ ਫੈਕਟਰੀ ਨੂੰ ਅੱਗ ਲੱਗਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ।

ਨਿਊਜ਼ ਏਜੰਸੀ ਪੀਟੀਆਈ ਨੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ, ਨਿਊਜ਼ ਏਜੰਸੀ ਏਐਨਆਈ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਅਤੇ 36 ਲੋਕ ਜ਼ਖਮੀ ਹੋਏ ਹਨ।

ਇਹ ਹਾਦਸਾ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ। ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਨਾਲ ਜੁੜੀ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ।

ਉਨ੍ਹਾਂ ਨੇ ਟਵੀਟ ਕੀਤਾ ਕਿ "ਤਾਮਿਲਨਾਡੂ ਦੇ ਵਿਰਧੂਨਗਰ ਵਿੱਚ ਪਟਾਕੇ ਫੈਕਟਰੀ ਵਿੱਚ ਲੱਗੀ ਅੱਗ ਦੀ ਘਟਨਾ ਦੁਖਦਾਈ ਹੈ। ਮੇਰੀ ਸੰਵੇਦਨਾ ਇਸ ਸੋਗ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਮੈਨੂੰ ਉਮੀਦ ਹੈ ਕਿ ਜ਼ਖਮੀ ਮਜ਼ਦੂਰ ਜਲਦੀ ਠੀਕ ਹੋ ਜਾਣਗੇ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫੰਡ ਵਿਚੋਂ ਵਿਰਧੂਨਗਰ ਅੱਗ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ ਅਤੇ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਨੌਦੀਪ ਕੌਰ ਦੇ ਹੱਕ ਵਿੱਚ ਹੋਏ ਪ੍ਰਦਰਸ਼ਨ, ਪੰਜਾਬ ਮਹਿਲਾ ਕਮਿਸ਼ਨ ਵੀ ਹੋਇਆ ਸਰਗਰਮ

ਕਰਨਾਲ ਜੇਲ੍ਹ ਵਿੱਚ ਬੰਦ ਨੌਦੀਪ ਕੌਰ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਮੁਲਾਕਾਤ ਕਰਨਗੇ

ਉਹ ਇਹ ਮੁਲਾਕਾਤ 15 ਫ਼ਰਵਰੀ ਨੂੰ ਦੁਪਹਿਰ 12 ਵਜੇ ਮੁਲਾਕਾਤ ਕਰਨਗੇ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਇਹ ਮਾਮਲਾ ਆਪਣੀ ਹਰਿਆਣਾ ਰਾਜ ਦੀ ਹਮਰੁਤਬਾ ਕੋਲ ਚੁੱਕਿਆ ਸੀ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ।

ਹਰਿਆਣਾ ਰਾਜ ਮਹਿਲਾ ਕਮਿਸ਼ਨ ਵੱਲੋਂ ਹਰਿਆਣਾ ਦੇ ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਸੇਲਵਾਰਾਜ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਕਿ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੌਦੀਪ ਕੌਰ ਨੂੰ ਕਾਨੂੰਨੀ ਸਹਾਇਤਾ ਦਿਵਾਉਣੀ ਅਤੇ ਹਵਾਲਾਤ 'ਚ ਸੁਰੱਖਿਆ ਨੂੰ ਯਕੀਨੀ ਬਣਾਉਣ।

ਇਸ ਤੋਂ ਇਲਾਵਾ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਨੌਦੀਪ ਕੌਰ ਨਾਲ ਹੋਣ ਵਾਲੀ ਮੁਲਾਕਾਤ ਲਈ ਡਾਇਰੈਕਟਰ ਜਨਰਲ ਜੇਲ੍ਹ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ।

ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਸੀ।

ਨੌਦੀਪ ਕੌਰ ਉੱਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ 'ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।

ਦੂਜੇ ਪਾਸੇ ਨੌਦੀਪ ਦੇ ਪਰਿਵਾਰਕ ਮੈਂਬਰ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਰਹੇ ਹਨ।

ਨੌਦੀਪ ਦੀ ਰਿਹਾਈ ਲਈ ਹੋ ਰਹੇ ਪ੍ਰਦਰਸ਼ਨ

ਨੌਦੀਪ ਦੀ ਰਿਹਾਈ ਦੀ ਮੰਗ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ|

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਕੇਂਦਰ ਸਰਕਾਰ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਗਿਆ |

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)