ਅਨੀਤਾ ਦੇਵੀ: ਅਪਰਾਧੀਆਂ ਦਾ ਪਿੱਛਾ ਕਰਨ ਤੋਂ ਲੈ ਕੇ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤਣ ਤੱਕ

ਇੱਕ ਮਾਮੂਲੀ ਜਿਹਾ ਟੀਚਾ ਕਈ ਵਾਰ ਕਿਸੇ ਵਿਅਕਤੀ ਦੀ ਲੁਕਵੀਂ ਸਮਰੱਥਾ ਨੂੰ ਉਤੇਜਿਤ ਕਰ ਸਕਦਾ ਹੈ। ਇਹ ਨਿਸ਼ਾਨੇਬਾਜ਼ ਅਨੀਤਾ ਦੇਵੀ ਦੀ ਯਾਤਰਾ ਸਬੰਧੀ ਕਾਫ਼ੀ ਸਾਰਥਕ ਹੈ, ਜੋ ਹਰਿਆਣਾ ਪੁਲਿਸ ਦੀ ਮੁਲਾਜ਼ਮ ਹੈ। ਉਹ ਪਿਸਟਲ ਸ਼ੂਟਿੰਗ ਵਿੱਚ ਰਾਸ਼ਟਰੀ ਚੈਂਪੀਅਨ ਬਣੀ ਸੀ।

ਅਨੀਤਾ, ਜੋ 2008 ਵਿੱਚ ਇੱਕ ਕਾਂਸਟੇਬਲ ਵਜੋਂ ਹਰਿਆਣਾ ਪੁਲਿਸ ਵਿੱਚ ਭਰਤੀ ਹੋਈ ਸੀ, ਉਸ ਨੇ ਨੌਕਰੀ ਵਿੱਚ ਆਪਣੀ ਤਰੱਕੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਨਿਸ਼ਾਨੇਬਾਜ਼ੀ ਖੇਡ ਸ਼ੁਰੂ ਕੀਤੀ ਸੀ।

ਉਸ ਲਈ ਉਸ ਨੂੰ ਆਪਣੇ ਪਤੀ ਧਰਮਬੀਰ ਗੁਲੀਆ ਦਾ ਪੂਰਾ ਸਮਰਥਨ ਮਿਲਿਆ। ਹਾਲਾਂਕਿ, ਉਸ ਨੂੰ ਉਸ ਵੇਲੇ ਇਹ ਬਿਲਕੁਲ ਵੀ ਪਤਾ ਨਹੀਂ ਸੀ ਕਿ ਇਹ ਖੇਡ ਖੇਡਣ ਦਾ ਫੈਸਲਾ ਉਸ ਨੂੰ ਇੱਕ ਦਿਨ ਰਾਸ਼ਟਰੀ ਚੈਂਪੀਅਨ ਬਣਾ ਦੇਵੇਗਾ।

ਇਹ ਵੀ ਪੜ੍ਹੋ:

ਅਨੀਤਾ ਨੇ ਇਸ ਵਿੱਚ ਇੰਨੇ ਜ਼ਬਰਦਸਤ ਪ੍ਰਦਰਸ਼ਨ ਕੀਤੇ ਕਿ ਉਹ 2011 ਤੋਂ 2019 ਤੱਕ ਹਰ ਸਾਲ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤਦੀ ਰਹੀ।

ਪਰ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨਾ ਖੇਡ ਸਕਣ 'ਤੇ ਅਫ਼ਸੋਸ ਹੈ। ਉਹ ਕਹਿੰਦੀ ਹੈ ਕਿ ਜਾਗਰੂਕਤਾ ਅਤੇ ਮਾਰਗ ਦਰਸ਼ਨ ਦੀ ਘਾਟ ਕਾਰਨ ਉਹ ਉਸ ਸਮੇਂ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈਐੱਸਐੱਸਐੱਫ) ਦੀ ਮਾਨਤਾ ਪ੍ਰਾਪਤ ਨਹੀਂ ਕਰ ਸਕੀ, ਜਦਕਿ ਉਹ ਉਦੋਂ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਅਤੇ ਭਾਰਤ ਵਿੱਚ ਤੀਜੇ ਨੰਬਰ 'ਤੇ ਸੀ।

ਇਸ ਲਈ ਭਾਰਤ ਸਰਕਾਰ ਨੂੰ ਆਪਣੇ ਐਥਲੀਟਾਂ ਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਭੇਜਣ ਦੀ ਜ਼ਰੂਰਤ ਹੈ।

ਫਿਰ ਵੀ ਉਸ ਨੇ ਸਾਲ 2016 ਵਿੱਚ ਹੈਨੋਵਰ ਵਿੱਚ ਇੱਕ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲੇ ਵਿੱਚ ਨਿੱਜੀ ਤੌਰ 'ਤੇ ਹਿੱਸਾ ਲਿਆ ਸੀ, ਜਿਸ ਲਈ ਕਿਸੇ ਆਈਐੱਸਐੱਸਐੱਫ ਨਾਲ ਜੁੜੇ ਹੋਣ ਦੀ ਲੋੜ ਨਹੀਂ ਸੀ।

ਉੱਥੇ ਉਸ ਨੇ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦਾ ਤਗਮਾ ਅਤੇ 25 ਮੀਟਰ ਏਅਰ ਪਿਸਟਲ ਟੀਮ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

36 ਸਾਲਾਂ ਦੇਵੀ ਨੇ ਫਿਰ ਵੀ ਨਿਸ਼ਾਨੇਬਾਜ਼ੀ ਦਾ ਅਭਿਆਸ ਜਾਰੀ ਰੱਖਿਆ ਹੋਇਆ ਹੈ। ਹੁਣ ਉਹ ਆਪਣੇ 14 ਸਾਲ ਦੇ ਬੇਟੇ ਨੂੰ ਇੱਕ ਮਜ਼ਬੂਤ ਨਿਸ਼ਾਨੇਬਾਜ਼ ਵਜੋਂ ਵਿਕਸਤ ਕਰਨ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸ਼ੂਟਿੰਗ ਵਿੱਚ ਚੜ੍ਹਾਈ

ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਲਾਲਪਰਾ ਪਿੰਡ ਵਿੱਚ ਪੈਦਾ ਹੋਈ ਦੇਵੀ ਖੁਸ਼ਕਿਸਮਤ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਉਸ ਨੂੰ ਖੇਡਾਂ ਖੇਡਣ ਲਈ ਉਤਸ਼ਾਹਤ ਕੀਤਾ।

ਦਰਅਸਲ, ਉਸ ਦੇ ਪਿਤਾ ਖੁਦ ਪਹਿਲਵਾਨ ਸਨ ਅਤੇ ਉਹ ਚਾਹੁੰਦੇ ਸਨ ਕਿ ਉਹ ਵੀ ਪਹਿਲਵਾਨੀ ਕਰੇ। ਪਰ ਅਨੀਤਾ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਖੇਡ ਕਿਸੇ ਦੇ ਕੰਨਾਂ ਨੂੰ ਨੁਕਸਾਨ ਪਹੁੰਚਾਹੁੰਦੀ ਹੈ।

ਅਨੀਤਾ ਨੂੰ ਸ਼ੁਰੂ ਵਿੱਚ ਸ਼ੂਟਿੰਗ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਹਰਿਆਣਾ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੇ ਵਿਭਾਗ ਤੋਂ ਵਿਸ਼ੇਸ਼ ਇਜਾਜ਼ਤ ਮੰਗੀ ਅਤੇ ਕੁਰੂਕਸ਼ੇਤਰ ਵਿੱਚ ਗੁਰੂਕੁਲ ਰੇਂਜ ਵਿੱਚ ਸਿਖਲਾਈ ਸ਼ੁਰੂ ਕੀਤੀ, ਜਿਸ ਲਈ ਉਹ ਜਿੱਥੇ ਸੋਨੀਪਤ ਵਿੱਚ ਰਹਿੰਦੀ ਸੀ, ਉੱਥੋਂ ਉਸ ਨੂੰ ਦੋ ਘੰਟੇ ਦੀ ਯਾਤਰਾ ਕਰਨੀ ਪੈਂਦੀ ਸੀ।

ਇੱਕ ਮਹੀਨੇ ਦੇ ਅੰਦਰ ਹੀ ਇਸ ਪੁਲਿਸ ਮੁਲਾਜ਼ਮ ਨੇ ਹਰਿਆਣਾ ਰਾਜ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਤਗਮਾ ਜਿੱਤਿਆ।

ਅਨੀਤਾ ਦੇ ਕਰੀਅਰ ਨੇ ਰਫ਼ਤਾਰ ਫੜੀ ਕਿਉਂਕਿ ਉਸ ਦੇ ਪਤੀ ਨੇ ਨਾ ਸਿਰਫ਼ ਸ਼ਬਦਾਂ ਰਾਹੀਂ ਉਸ ਨੂੰ ਪ੍ਰੇਰਿਤ ਕੀਤਾ ਸਗੋਂ ਉਸ ਦੀ ਪੈਸਿਆਂ ਨਾਲ ਵੀ ਕਾਫ਼ੀ ਮਦਦ ਕੀਤੀ।

ਇਸ ਪੁਲਿਸ ਮੁਲਾਜ਼ਮ ਦੀ ਉਸ ਵੇਲੇ ਮਾਸਿਕ ਤਨਖਾਹ 7,200 ਰੁਪਏ ਸੀ ਜਦੋਂ ਉਸ ਨੇ ਨਿਸ਼ਾਨੇਬਾਜ਼ੀ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ, ਪਰ ਉਸ ਦੇ ਪਤੀ ਨੇ ਉਸ ਨੂੰ ਇੱਕ ਪਿਸਤੌਲ ਖਰੀਦ ਕੇ ਦਿੱਤੀ ਜਿਸ ਦੀ ਕੀਮਤ 90,000 ਰੁਪਏ ਸੀ।

ਇਹ ਵੀ ਪੜ੍ਹੋ-

ਉਸ ਨੂੰ ਜਦੋਂ ਵੀ ਖੇਡ ਲਈ ਜ਼ਰੂਰਤ ਪਈ ਉਸ ਦੇ ਵਿਭਾਗ ਨੇ ਉਸ ਨੂੰ ਸਮਾਂ ਦੇ ਕੇ ਸਹਾਇਤਾ ਅਤੇ ਸਹਿਯੋਗ ਦਿੱਤਾ।

ਖੇਡ ਹੌਲੀ-ਹੌਲੀ ਦੇਵੀ 'ਤੇ ਭਾਰੂ ਪੈਂਦੀ ਗਈ ਅਤੇ ਇਸ ਲਈ ਉਸ ਦੇ ਪਿਆਰ ਨੂੰ ਉਦੋਂ ਪਰਖਿਆ ਗਿਆ ਜਦੋਂ ਉਸ ਦੇ ਨਿਯੁਕਤੀਕਰਤਾਵਾਂ ਨੂੰ ਲੱਗਿਆ ਕਿ ਉਹ ਆਪਣੀ ਨੌਕਰੀ ਤੋਂ ਜ਼ਿਆਦਾ ਸਮਾਂ ਖੇਡ ਲਈ ਸਮਰਪਿਤ ਕਰ ਰਹੀ ਹੈ।

ਇਸ ਨਿਸ਼ਾਨੇਬਾਜ਼ ਨੂੰ ਇੱਕ ਦੀ ਚੋਣ ਕਰਨ ਲਈ ਕਿਹਾ ਗਿਆ ਅਤੇ ਦੇਵੀ ਨੇ ਨਿਸ਼ਾਨੇਬਾਜ਼ੀ ਦੀ ਚੋਣ ਕੀਤੀ।

ਹਾਲਾਂਕਿ, ਵਿਭਾਗ ਨੇ ਉਸ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਅਤੇ ਉਹ ਹਰਿਆਣਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਤੈਨਾਤ ਹੈ ਅਤੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਬਣਨ ਵਾਲੀ ਹੈ।

ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਸਫਲਤਾ

ਦੇਵੀ ਲਈ 2013 ਸ਼ਾਇਦ ਸਭ ਤੋਂ ਸਫਲ ਸਾਲ ਰਿਹਾ ਜਦੋਂ ਉਹ ਰਾਸ਼ਟਰੀ ਚੈਂਪੀਅਨ ਬਣੀ। ਉਸ ਨੇ 2013 ਦੀ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪ ਵਿੱਚ ਤਿੰਨ ਸੋਨੇ ਦੇ ਤਗਮੇ ਵੀ ਜਿੱਤੇ ਅਤੇ ਸਰਵੋਤਮ ਨਿਸ਼ਾਨੇਬਾਜ਼ ਦਾ ਪੁਰਸਕਾਰ ਜਿੱਤਿਆ।

ਅਨੀਤਾ ਨੇ ਕੁਆਡੀਰੀਨਲ 2015 ਦੀਆਂ ਰਾਸ਼ਟਰੀ ਖੇਡਾਂ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਜੋ ਉਸ ਤੋਂ ਬਾਅਦ ਆਯੋਜਿਤ ਨਹੀਂ ਕੀਤੀਆਂ ਗਈਆਂ।

ਇਹ ਮਾਂ ਹੁਣ ਆਪਣੇ ਪੁੱਤਰ ਨਾਲ ਰਾਸ਼ਟਰ ਪੱਧਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਦਾ ਸੁਪਨਾ ਦੇਖਦੀ ਹੈ। ਉਸ ਨੂੰ ਉਮੀਦ ਹੈ ਕਿ ਉਸ ਦਾ ਪੁੱਤਰ ਇੱਕ ਦਿਨ ਭਾਰਤ ਲਈ ਓਲੰਪਿਕ ਤਗਮਾ ਜਿੱਤੇਗਾ।

ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਜਦੋਂ ਉਸ ਦਾ ਪਰਿਵਾਰ ਉਸ ਦੇ ਨਾਲ ਖੜ੍ਹਾ ਸੀ, ਦੇਵੀ ਕਹਿੰਦੀ ਹੈ ਕਿ ਖੇਡਾਂ ਦੀ ਸਫਲਤਾ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਹੈ।

2013 ਵਿੱਚ ਉਹ ਇੱਕ ਟੂਰਨਾਮੈਂਟ ਕਰਕੇ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਰਹੀ ਸੀ।

ਉਹ ਕਹਿੰਦੀ ਹੈ ਕਿ ਜੇ ਉਸ ਨੂੰ ਆਪਣੇ ਪਿਤਾ, ਪਤੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਹਾਇਤਾ ਨਾ ਪ੍ਰਾਪਤ ਹੁੰਦੀ ਤਾਂ ਉਹ ਸਫਲ ਨਿਸ਼ਾਨੇਬਾਜ਼ ਨਹੀਂ ਬਣ ਸਕਦੀ ਸੀ। ਉਹ ਹੁਣ ਆਪਣੇ ਪੁੱਤਰ ਨੂੰ ਸਹਾਇਤਾ ਦਾ ਅਜਿਹਾ ਮਾਹੌਲ ਪ੍ਰਦਾਨ ਕਰਨ ਦੀ ਉਮੀਦ ਕਰਦੀ ਹੈ।

(ਇਹ ਪ੍ਰੋਫਾਈਲ ਅਨੀਤਾ ਦੇਵੀ ਨੂੰ ਭੇਜੀ ਗਈ ਬੀਬੀਸੀ ਦੀ ਈਮੇਲ ਪ੍ਰਸ਼ਨਾਵਲੀ ਦੇ ਜਵਾਬਾਂ 'ਤੇ ਆਧਾਰਿਤ ਹੈ)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)