ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਐਨੀਆਂ ਅਹਿਮ ਕਿਵੇਂ ਹੋ ਗਈਆਂ - ਜਾਣੋ 4 ਮੁੱਖ ਕਾਰਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਵੱਡੀ ਪ੍ਰੀਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੂਬਾ ਵਿੱਚ ਜਲਦੀ ਹੀ ਨਗਰ ਕਾਉਂਸਲ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਕਾਰਨ ਸੂਬੇ ਵਿਚ ਰਾਜਨੀਤਿਕ ਤਾਪਮਾਨ ਵੀ ਵਧਿਆ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਉੱਤੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਆਪਣੀ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।

ਇਹ ਟਿੱਪਣੀ ਉਸ ਸਮੇਂ ਕੀਤੀ ਗਈ ਜਦੋਂ ਜਲਾਲਾਬਾਦ ਵਿੱਚ ਕਥਿਤ ਤੌਰ 'ਤੇ ਕਾਂਗਰਸ ਅਤੇ ਅਕਾਲੀ ਵਰਕਰਾਂ ਦਰਮਿਆਨ ਹੋਈ ਝੜਪ ਵਿੱਚ ਪਾਰਟੀ ਮੁਖੀ ਸੁਖਬੀਰ ਸਿੰਘ ਬਾਦਲ ਦੀ ਕਾਰ ਨੂੰ ਨੁਕਸਾਨ ਪਹੁੰਚਿਆ।

ਇਹ ਵੀ ਪੜ੍ਹੋ-

ਆਮ ਆਦਮੀ ਪਾਰਟੀ (ਆਪ) ਨੇ ਵੀ ਦੋਸ਼ ਲਗਾਇਆ ਕਿ ਸੱਤਾਧਾਰੀ ਕਾਂਗਰਸ ਪਾਰਟੀ ਸੂਬੇ ਵਿੱਚ ਕਈ ਥਾਵਾਂ ਤੇ 'ਆਪ 'ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕ ਰਹੀ ਹੈ।

ਪਾਰਟੀ ਨੇ ਦੋਸ਼ ਲਗਾਇਆ ਕਿ ਕਾਂਗਰਸ ਦੁਆਰਾ ਸੱਤਾ ਅਤੇ ਸਰਕਾਰੀ ਸਰੋਤਾਂ ਦੀ "ਬੇਤੁਕੀ ਦੁਰਵਰਤੋਂ" ਕੀਤੀ ਜਾ ਰਹੀ ਹੋ ਜੋ ਕਿ "ਨਿੰਦਣਯੋਗ" ਹੈ।

ਚੋਣਾਂ ਦੇ ਮਹੱਤਵਪੂਰਨ ਹੋਣ ਦੇ ਚਾਰ ਕਾਰਨ

ਕਿਸਾਨਾਂ ਦਾ ਅੰਦੋਲਨ

ਕੇਂਦਰ ਦੁਆਰਾ ਲਿਆਏ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦਰਮਿਆਨ ਇਹ ਪਹਿਲੀ ਚੋਣ ਹੈ। ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਇਹਨਾਂ ਕਾਨੂੰਨਾਂ ਦਾ ਕਈ ਮਹੀਨਿਆਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ।

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਦਾ ਕਹਿਣਾ ਹੈ, "ਇਹ ਵਿਚਾਰਨਾ ਮਹੱਤਵਪੂਰਨ ਹੈ ਕਿ ਕਿਸਾਨਾਂ ਨੇ ਆਪਣੇ ਅੰਦੋਲਨ ਵਿੱਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕੀਤਾ।"

"ਭਾਜਪਾ ਦੀ ਗਲ ਕਰਦੇ ਹਾਂ। ਵੇਖੋ ਕਿਸ ਤਰੀਕੇ ਨਾਲ ਭਾਜਪਾ ਰੌਲਾ ਪਾ ਰਹੀ ਹੈ। ਛੋਟੇ ਸ਼ਹਿਰਾਂ ਵਿੱਚ ਇਸ ਪਾਰਟੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਜਿੱਥੇ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਕਿਸਾਨ ਅੰਦੋਲਨ ਦਾ ਅਸਰ ਹੋਰਨਾਂ ਥਾਵਾਂ ਦੇ ਮੁਕਾਬਲੇ ਵਧੇਰੇ ਹੈ।"

"ਪਾਰਟੀਆਂ ਸਾਵਧਾਨੀ ਨਾਲ ਚੱਲ ਰਹੀਆਂ ਹਨ। ਉਦਾਹਰਨ ਵਜੋਂ ਪੰਜਾਬ ਦੇ ਭਾਜਪਾ ਨੇਤਾ ਅੰਦੋਲਨਕਾਰੀਆਂ ਨੂੰ ਖ਼ਾਲਿਸਤਾਨੀ ਆਦਿ ਕਹਿਣ ਤੋਂ ਪਰਹੇਜ਼ ਕਰਦੇ ਹੋਏ ਸਾਵਧਾਨ ਰਹੇ ਹਨ।"

ਮਨੋਵਿਗਿਆਨਕ ਫ਼ਾਇਦਾ

ਸੂਬੇ ਵਿੱਚ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਆਖ਼ਰੀ ਚੋਣਾਂ ਹੋਣਗੀਆਂ।

ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਵੀ ਜਿੱਤੇਗਾ ਉਸ ਨੂੰ ਦੂਜਿਆਂ ਨਾਲੋਂ ਮਾਨਸਿਕ ਲਾਭ ਹੋਵੇਗਾ।

ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਖ਼ਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਜਿਹੜਾ ਵੀ ਜਿੱਤੇਗਾ ਉਹ ਵਿਧਾਨ ਸਭਾ ਚੋਣਾਂ ਲਈ ਉਸ ਖੇਤਰ ਵਿੱਚ ਆਪਣੇ ਲੋਕਾਂ ਨੂੰ ਤੈਨਾਤ ਕਰੇਗਾ।

ਉਨ੍ਹਾਂ ਨੇ ਅੱਗੇ ਕਿਹਾ, "ਨਾਲ ਹੀ ਉਹ ਲੋਕਾਂ ਨੂੰ ਦੱਸ ਸਕਣਗੇ ਕਿ ਉਨ੍ਹਾਂ ਨੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਜਿੱਤੀਆਂ ਹਨ ਅਤੇ ਚੀਜ਼ਾਂ ਉਨ੍ਹਾਂ ਦੇ ਹੱਕ ਵਿੱਚ ਹਨ।"

ਕਾਂਗਰਸ ਲਈ ਟੈਸਟ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਦਾ ਕਹਿਣਾ ਹੈ ਕਿ ਚੋਣਾਂ ਖ਼ਾਸ ਤੌਰ 'ਤੇ ਸੱਤਾਧਾਰੀ ਕਾਂਗਰਸ ਪਾਰਟੀ ਲਈ ਇੱਕ ਪ੍ਰੀਖਿਆ ਵਜੋਂ ਵੇਖੀਆਂ ਜਾ ਰਹੀਆਂ ਹਨ।

ਉਹ ਕਹਿੰਦੇ ਹਨ, "ਮੇਰੇ ਖ਼ਿਆਲ ਵਿੱਚ ਬਹੁਤੇ ਨਤੀਜੇ ਕਾਂਗਰਸ ਦੇ ਹੱਕ ਵਿੱਚ ਹੋਣਗੇ ਕਿਉਂਕਿ ਸਥਾਨਕ ਚੋਣਾਂ ਵਿੱਚ ਲੋਕ ਆਮ ਤੌਰ 'ਤੇ ਸੱਤਾਧਾਰੀ ਪਾਰਟੀ ਨੂੰ ਵੋਟ ਦਿੰਦੇ ਹਨ।"

ਉਹ ਕਹਿੰਦੇ ਹਨ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਉੱਤੇ ਇਨ੍ਹਾਂ ਚੋਣਾਂ ਦਾ ਕੋਈ ਅਸਰ ਨਹੀਂ ਪਵੇਗਾ। "ਹਾਲਾਂਕਿ, ਜੇ ਕਾਂਗਰਸ ਬੁਰੀ ਤਰ੍ਹਾਂ ਹਾਰ ਜਾਂਦੀ ਹੈ ਤਾਂ ਇਹ ਪੱਕੀ ਨਿਸ਼ਾਨੀ ਹੋਵੇਗੀ ਕਿ ਇਸ ਦਾ ਸਮਰਥਨ ਘੱਟ ਰਿਹਾ ਹੈ। ਪਰ ਜੇ ਉਹ ਜਿੱਤ ਜਾਂਦੀ ਹੈ ਤਾਂ ਇਹ ਆਮ ਵਾਂਗ ਹੋਵੇਗਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਵਿਰੋਧੀ ਪਾਰਟੀਆਂ ਦੀ ਪ੍ਰੀਖਿਆ

ਮੁੱਖ ਵਿਰੋਧੀ ਪਾਰਟੀਆਂ ਲਈ ਵੀ ਚੋਣ ਇੱਕ ਪ੍ਰੀਖਿਆ ਹੋਵੇਗੀ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੀ ਅਸਹਿਮਤੀ ਜ਼ਾਹਿਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਤੰਬਰ ਵਿੱਚ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਤੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹੋਣਗੀਆਂ।

ਪੰਜਾਬ ਦੇ ਕਈ ਭਾਜਪਾ ਨੇਤਾਵਾਂ ਨੇ ਨਾਅਰੇਬਾਜ਼ੀ ਦੇ ਡਰੋਂ ਨਾਗਰਿਕ ਸਭਾ ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਲੜਨ ਦਾ ਦਾ ਫੈਸਲਾ ਕੀਤਾ ਹੈ।

ਪ੍ਰੋ. ਆਸ਼ੂਤੋਸ਼ ਕਹਿੰਦੇ ਹਨ, "ਹਾਲ ਹੀ ਦੇ ਸਾਲਾਂ ਵਿੱਚ ਅਕਾਲੀਆਂ ਨੂੰ ਪੂਰੀ ਤਰਾਂ ਨਾਲ ਬਦਨਾਮ ਕੀਤਾ ਗਿਆ ਹੈ, ਇਸ ਲਈ ਨਤੀਜੇ ਦਿਲਚਸਪ ਹੋ ਸਕਦੇ ਹਨ।"

ਪ੍ਰੋਫੈਸਰ ਖ਼ਾਲਿਦ ਨੇ ਅੱਗੇ ਕਿਹਾ, "ਇਸੇ ਤਰ੍ਹਾਂ ਜੇਕਰ 'ਆਪ' ਦੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਕੁਝ ਮੌਜੂਦਗੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋਵੇਗਾ ਕਿ ਉਹ ਅਜੇ ਵੀ ਦੌੜ ਵਿੱਚ ਹਨ।

ਚੋਣਾਂ ਬਾਰੇ

ਪੰਜਾਬ ਚੋਣ ਕਮਿਸ਼ਨ ਨੇ ਅੱਠ ਮਿਊਂਸੀਪਲ ਕਾਰਪੋਰੇਸ਼ਨਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ।

ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਵੋਟਿੰਗ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ।

ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 30 ਜਨਵਰੀ, 2021 ਨੂੰ ਸ਼ੁਰੂ ਹੋਈ ਸੀ। ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 5 ਫਰਵਰੀ ਹੈ, ਜੋ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦੀ ਮਿਤੀ ਵੀ ਹੋਵੇਗੀ।

ਚੋਣ ਪ੍ਰਚਾਰ 12 ਫਰਵਰੀ ਨੂੰ ਸ਼ਾਮ 5 ਵਜੇ ਖ਼ਤਮ ਹੋਵੇਗਾ। ਨਤੀਜੇ 17 ਫਰਵਰੀ ਨੂੰ ਆਉਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)