ਸੁਖਬੀਰ ਸਿੰਘ ਬਾਦਲ ਦੀ ਗੱਡੀ ਉੱਤੇ ਹਮਲਾ, ਹੋਈ ਪੱਥਰਬਾਜ਼ੀ ਚੱਲੀਆਂ ਡਾਂਗਾਂ

ਜਲਾਲਾਬਾਦ ਸਥਾਨਕ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪਰਚੇ ਦਾਖ਼ਲ ਕਰਵਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਉਪਰ ਪਥਰਾਅ ਕੀਤੇ ਜਾਣ ਦੀ ਖ਼ਬਰ ਹੈ।

ਇਹ ਘਟਨਾ ਬਾਅਦ ਦੁਪਹਿਰ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਕਸਬਾ ਜਲਾਲਾਬਾਦ ਵਿਚ ਉਸ ਵੇਲੇ ਵਾਪਰੀ ਜਦੋਂ ਨਾਮਜ਼ਦਗੀਆਂ ਦਾਖ਼ਲ ਕਰਨ ਮੌਕੇ ਅਕਾਲੀ ਦਲ ਅਤੇ ਕਾਂਗਰਸ ਦੇ ਸਮਰਥਕ ਆਪਸ ਵਿਚ ਭਿੜ ਗਏ।

ਇਸ ਮੌਕੇ ਹੋਈ ਪੱਥਰਬਾਜ਼ੀ ਵਿੱਚ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੇ ਦਖ਼ਲਅੰਦਾਜ਼ੀ ਕਰਦੇ ਹੋਏ ਦੋਵਾਂ ਧਿਰਾਂ ਨੂੰ ਖਦੇੜ ਦਿੱਤਾ ਜਿਸ ਕਾਰਨ ਹੋਰ ਵੱਡਾ ਟਕਰਾਅ ਹੋਣ ਤੋਂ ਟਲ ਗਿਆ।

ਇਹ ਵੀ ਪੜ੍ਹੋ-

ਹਮਲੇ ਤੋਂ ਬਾਅਦ ਕੀ ਬੋਲੇ ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਜਲਾਲਾਬਾਦ ਹਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸਥਾਨਕ ਐੱਮਐੱਲਏ 'ਤੇ ਇਲਜ਼ਾਮ ਲਗਾਏ।

ਉਨ੍ਹਾਂ ਨੇ ਕਿਹਾ ਕਿ ਉਹ ਸੋਚਦੇ ਹਨ ਸਰਕਾਰ ਉਨ੍ਹਾਂ ਦੀ ਬਣ ਗਈ ਤੇ ਉਹ ਕੁਝ ਵੀ ਕਰ ਸਕਦੇ ਹਨ ਪਰ ਇਹ 7-8 ਮਹੀਨੇ ਮਿੰਟਾਂ ਵਿੱਚ ਟੱਪ ਜਾਣਗੇ।

ਉਨ੍ਹਾਂ ਨੇ ਕਿਹਾ, "ਅਸੀਂ ਉੱਥੇ ਬੈਠ ਗਏ ਅਤੇ ਪਰਚੇ ਭਰ ਕੇ ਹੀ ਵਾਪਸ ਆਏ ਹਾਂ।"

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਨੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਇੰਝ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਹਮਲਾ ਪਹਿਲਾਂ ਤੋਂ ਤੈਅ ਯੋਜਨਾ ਤਹਿਤ ਹੋਇਆ ਹੈ ਅਤੇ ਜਲਾਲਾਬਾਦ ਦੀ ਪੁਲਿਸ ਦੇ ਐਕਸ਼ਨ ਨਾ ਲੈਣ ਕਾਰਨ ਜਿਸ ਕਾਰਨ ਹਮਲਾਵਰਾਂ ਨੂੰ ਹਮਲਾ ਕਰਨ ਲਈ ਆਸਾਨੀ ਨਾਲ ਮੌਕਾ ਮਿਲ ਗਿਆ।"

ਉਨ੍ਹਾਂ ਨੇ ਮੰਗ ਕੀਤੀ ਕਿ ਇਸ ਹਮਲੇ ਦੀ ਜਾਂਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ।

ਮੌਕੇ ’ਤੇ ਪਹੁੰਚੇ ਜਲਾਲਾਬਾਦ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੁੱਲੜਬਾਜ਼ਾਂ ਦੀ ਪਛਾਣ ਕਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)