You’re viewing a text-only version of this website that uses less data. View the main version of the website including all images and videos.
ਕੀ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੇ ਏਜੰਡੇ ਤੋਂ ਵੱਖ ਚੱਲ ਰਹੇ ਹਨ
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ
ਮਿਤੀ : 29 ਸਤੰਬਰ 2013
ਸਥਾਨ: ਸਰਧਾਨਾ , ਮੇਰਠ
ਸਮਾਗਮ: 40 ਪਿੰਡਾਂ ਦੀ ਮਹਾਪੰਚਾਇਤ
ਮੁਜ਼ੱਫਰਨਗਰ 'ਚ ਹੋਏ ਦੰਗਿਆਂ ਦੇ ਸਬੰਧ 'ਚ ਜਾਂਚ ਦੀ ਜੋ ਰਿਪੋਰਟ ਸਾਹਮਣੇ ਆਈ ਹੈ, ੳਸ 'ਚ ਕਿਹਾ ਗਿਆ ਹੈ ਕਿ 29 ਸੰਤਬਰ, 2013 ਨੂੰ ਹੋਈ ਮਹਾਪੰਚਾਇਤ ਤੋਂ ਬਾਅਦ ਹੀ 'ਪੱਛਮੀ ਉੱਤਰ ਪ੍ਰਦੇਸ਼ 'ਚ ਫਿਰਕੂ ਸਦਭਾਵਨਾ 'ਚ ਵਿਗਾੜ ਵੇਖਣ ਨੂੰ ਮਿਲਿਆ ਸੀ' ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਸ ਖੇਤਰ ਦੇ ਕਈ ਪਿੰਡ ਦੰਗਿਆਂ ਦੀ ਮਾਰ ਹੇਠ ਆ ਗਏ ਸਨ।
ਇੰਨ੍ਹਾਂ ਦੰਗਿਆਂ 'ਚ ਦੋਵਾਂ ਧਿਰਾਂ ਦੇ ਬਹੁਤ ਸਾਰੇ ਲੋਕਾਂ ਖਿਲ਼ਾਫ ਐਫਆਈਆਰ ਵੀ ਦਰਜ ਹੋਈ ਸੀ, ਜਿਸ 'ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਮ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ:
ਉੱਤਰ ਪ੍ਰਦੇਸ਼ ਦਾ ਇਹ ਖੇਤਰ 'ਗੰਨਾ ਬੇਲਟ' ਜਾਂ 'ਗੰਨਾ ਪੱਟੀ' ਦੇ ਨਾਂਅ ਨਾਲ ਮਸ਼ਹੂਰ ਹੈ ਅਤੇ ਇਸ ਇਲਾਕੇ ਨੂੰ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ।
ਇੱਥੋਂ ਦੀ ਰਾਜਨੀਤੀ 'ਚ ਹਮੇਸ਼ਾ ਹੀ ਕਿਸਾਨ ਅਤੇ ਉਨ੍ਹਾਂ ਨਾਲ ਜੁੜੇ ਮਸਲਿਆਂ ਦਾ ਦਬਦਬਾ ਰਿਹਾ ਹੈ। ਵੱਖ-ਵੱਖ ਸਿਆਸੀ ਦਲਾਂ 'ਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਕਿਸਾਨੀ ਮੁੱਦਿਆਂ ਨੂੰ ਮੁੱਖ ਰੱਖ ਕੇ ਸਿਆਸੀ ਰੋਟੀਆਂ ਸੇਕੀਆਂ ਹਨ ਅਤੇ ਆਪਣਾ ਵੋਟ ਬੈਂਕ ਮਜ਼ਬੂਤ ਕੀਤਾ ਹੈ।
ਪਰ ਦੰਗਿਆ ਤੋਂ ਬਾਅਦ ਇਸ ਖੇਤਰ ਦੀ ਰਾਜਨੀਤੀ 'ਚ ਪੂਰੀ ਤਰ੍ਹਾਂ ਨਾਲ ਬਦਲਾਅ ਵੇਖਣ ਨੂੰ ਮਿਲਿਆ ਹੈ ਅਤੇ ਇਸ ਇਲਾਕੇ ਦੇ ਰਾਜਨੀਤਿਕ ਦੰਗਲ 'ਚ ਭਾਰਤੀ ਜਨਤਾ ਪਾਰਟੀ ਨੇ ਜ਼ਬਰਦਸਤ 'ਐਂਟਰੀ' ਮਾਰੀ।
ਭਾਜਪਾ ਦੀ ਸਥਿਤੀ ਇੰਨੀ ਮਜ਼ਬੂਤ ਰਹੀ ਸੀ ਕਿ ਇਸ ਇਲਾਕੇ ਦੇ ਸਭ ਤੋਂ ਵੱਡੇ ਅਤੇ ਮਜ਼ਬੂਤ ਕਿਸਾਨ ਮੰਨੇ ਜਾਣ ਵਾਲੇ ਚੌਧਰੀ ਅਜੀਤ ਸਿੰਘ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਸੀ।
'ਦੰਗਿਆਂ ਤੋਂ ਪ੍ਰਭਾਵਿਤ ਹੋਏ' ਗ਼ੁਲਾਮ ਮੁਹੰਮਦ ਜੌਲਾ ਨੂੰ ਕਿਸਾਨ ਆਗੂ ਮਹੇਂਦਰ ਸਿੰਘ ਟਿਕੈਤ ਦਾ ਬਹੁਤ ਹੀ ਨਜ਼ਦੀਕੀ ਮੰਨਿਆ ਜਾਂਦਾ ਸੀ।
ਦੰਗਿਆਂ ਦੀ ਮਾਰ ਹੇਠ ਆਏ ਜੌਲਾ ਨੇ ਖੁਦ ਨੂੰ ਭਾਰਤੀ ਕਿਸਾਨ ਯੂਨੀਅਨ ਤੋਂ ਵੱਖ ਕਰ ਲਿਆ ਅਤੇ ਇੱਕ ਨਵੇਂ ਸੰਗਠਨ- ਭਾਰਤੀ ਕਿਸਾਨ ਮਜ਼ਦੂਰ ਮੰਚ ਦਾ ਗਠਨ ਕੀਤਾ।
ਮਿਤੀ: 29 ਜਨਵਰੀ 2021
ਸਥਾਨ: ਸਿਸੌਲੀ, ਮੁਜ਼ੱਫਰਨਗਰ
ਸਮਾਗਮ: ਮਹਾਪੰਚਾਇਤ
ਅੱਠ ਸਾਲਾਂ ਬਾਅਦ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਹੋਣ ਵਾਲੀ ਇਹ ਸਭ ਤੋਂ ਵੱਡੀ ਮਹਾਪੰਚਾਇਤ ਸੀ।
ਇਸ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਅਤੇ ਪਿੰਡਵਾਸੀਆਂ ਨੇ ਸ਼ਿਰਕਤ ਕੀਤੀ ਸੀ। ਮੰਚ 'ਤੇ ਮਹੇਂਦਰ ਸਿੰਘ ਟਿਕੈਤ ਦੇ ਨਜ਼ਦੀਕੀ ਰਹੇ ਗ਼ੁਲਾਮ ਮੁਹੰਮਦ ਜੌਲਾ ਵੀ ਮੌਜੂਦ ਸਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਵੀ ਮੌਜੂਦ ਸਨ।
ਕਿਸਾਨ ਆਗੂ ਚੌਧਰੀ ਅਜੀਤ ਸਿੰਘ ਦੇ ਪੁੱਤਰ ਜੈਅੰਤ ਚੌਧਰੀ ਵੀ ਮੰਚ 'ਤੇ ਆਉਂਦੇ ਹਨ ਅਤੇ ਗ਼ੁਲਾਮ ਮੁਹੰਮਦ ਜੌਲਾ ਦੇ ਪੈਰੀਂ ਹੱਥ ਲਗਾਉਂਦੇ ਹਨ। ਨਰੇਸ਼ ਟਿਕੈਤ ਜੌਲਾ ਨੂੰ ਗਲਵੱਕੜੀ ਪਾਉਂਦੇ ਹਨ।
ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਜੌਲਾ ਨੇ ਉੱਥੇ ਮੌਜੂਦ ਕਿਸਾਨ ਅਤੇ ਜਾਟ ਆਗੂਆਂ ਨੂੰ ਕਿਹਾ, "ਜਾਟਾਂ ਨੇ ਦੋ ਗ਼ਲਤੀਆਂ ਕੀਤੀਆਂ ਹਨ। ਇੱਕ ਤਾਂ ਚੌਧਰੀ ਅਜੀਤ ਸਿੰਘ ਨੂੰ ਹਰਾਇਆ ਅਤੇ ਦੂਜਾ ਮੁਸਲਮਾਨਾਂ 'ਤੇ ਹਮਲਾ ਕੀਤਾ।"
ਉਨ੍ਹਾਂ ਦੇ ਇਸ ਬਿਆਨ ਦੇ ਬਾਵਜੂਦ ਮਹਾਪੰਚਾਇਤ 'ਚ ਕੋਈ ਹਲਚਲ ਵਿਖਾਈ ਨਾ ਦਿੱਤੀ। ਕਿਸੇ ਨੇ ਵੀ ਉਨ੍ਹਾਂ ਵੱਲੋਂ ਕਹੀ ਇਸ ਗੱਲ ਦਾ ਵਿਰੋਧ ਨਾ ਕੀਤਾ।
ਇਹ ਵੀ ਪੜ੍ਹੋ:-
ਭਾਰਤੀ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਨੇ ਬੀਬੀਸੀ ਨੂੰ ਦੱਸਿਆ ਕਿ 'ਚੁੱਪ ਇਸ ਲਈ ਛਾਈ ਹੋਈ ਸੀ' ਕਿਉਂਕਿ ਮਹਾਪੰਚਾਇਤ 'ਚ ਪਹੁੰਚੇ ਸਾਰੇ ਜਾਟ ਅਤੇ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਗ਼ੁਲਾਮ ਮੁਹੰਮਦ ਜੌਲਾ ਜੋ ਵੀ ਕਰ ਰਹੇ ਸਨ, ਉਹ ਸਹੀ ਸੀ।'
ਪਰ ਬੀਕੇਯੂ ਦੇ ਆਗੂਆਂ ਦਾ ਮੰਨਣਾ ਹੈ ਕਿ ਜੌਲਾ ਜੋ ਕੁੱਝ ਵੀ ਕਹਿ ਰਹੇ ਸਨ ਉਸ ਦੀ ਸ਼ੁਰੂਆਤ ਸਾਲ 2018 ਦੇ ਜਨਵਰੀ ਮਹੀਨੇ 'ਚ ਹੀ ਹੋ ਗਈ ਸੀ, ਜਦੋਂ ਗ਼ੁਲਾਮ ਮੁਹੰਮਦ ਜੌਲਾ ਅਤੇ ਨਰੇਸ਼ ਟਿਕੈਤ ਨੇ ਇੱਕਜੁੱਟ ਹੋ ਕੇ ਜਾਟਾਂ ਅਤੇ ਮੁਸਲਮਾਨਾਂ ਨੂੰ ਮੁੜ ਜੋੜਣ ਦੀ ਮੁਹਿੰਮ ਦਾ ਆਗਾਜ਼ ਕੀਤਾ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਜਾਟਾਂ ਅਤੇ ਕਿਸਾਨਾਂ ਨੇ ਸਮਾਜਵਾਦੀ ਪਾਰਟੀ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਤੋਂ ਪਰਾਂ ਭਾਰਤੀ ਜਨਤਾ ਪਾਰਟੀ 'ਚ ਆਪਣਾ ਰਾਜਨੀਤਿਕ ਭਵਿੱਖ ਲੱਭਣਾ ਸ਼ੁਰੂ ਕਰ ਦਿੱਤਾ ਸੀ।
ਵੇਖਦਿਆਂ ਹੀ ਵੇਖਦਿਆਂ ਟਿਕੈਤ ਭਰਾਵਾਂ ਨੇ ਵੀ ਇਸ ਨਵੀਂ ਰਾਜਨੀਤੀ 'ਚ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ।
ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਦੇ ਕਰੀਬੀ ਬੀਕੇਯੂ ਦੇ ਕੁੱਝ ਆਗੂਆਂ ਨੇ ਬੀਬੀਸੀ ਨੂੰ ਦੱਸਿਆ, "ਸਾਲ 2018 'ਚ ਗ਼ੁਲਾਮ ਮੁਹੰਮਦ ਜੌਲਾ ਅਤੇ ਨਰੇਸ਼ ਟਿਕੈਤ ਨੇ 20 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੇ ਪਿੰਡ-ਪਿੰਡ ਜਾ ਕੇ ਮੁਸਲਮਾਨ ਅਤੇ ਜਾਟ ਕਿਸਾਨਾਂ ਨੂੰ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਇੱਕ ਵਾਰ ਫਿਰ ਇੱਕਜੁੱਟ ਹੋਣ ਲਈ ਮਨਾਉਣਾ ਸ਼ੁਰੂ ਕੀਤਾ ਸੀ।"
"ਇਸ ਕਿਵਾਇਦ ਦੇ ਬਾਵਜੂਦ ਦੋਵਾਂ ਹੀ ਧਿਰਾਂ ਨੇ ਕਦੇ ਵੀ ਇੱਕ ਦੂਜੇ 'ਤੇ ਕਿਸੇ ਸਿਆਸੀ ਦਲ ਦਾ ਪੱਖ ਪੂਰਨ ਜਾਂ ਵਿਰੋਧ ਕਰਨ ਲਈ ਦਬਾਅ ਨਹੀਂ ਪਾਇਆ"
ਰਾਕੇਸ਼ ਟਿਕੈਤ ਦਾ ਵੀਡੀਓ
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਅਜੇ ਮਾਹੌਲ 'ਚ ਤਲਖੀ ਸੀ ਕਿ ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਕੇਸ਼ ਟਿਕੈਤ ਭਾਵੁਕ ਹੋ ਗਏ।
ਉਨ੍ਹਾਂ ਦਾ ਇਹ ਵੀਡੀਓ ਇੰਨ੍ਹਾਂ ਵਾਇਰਲ ਹੋਇਆ ਕਿ, ਜੋ ਕਿਸਾਨ ਅੰਦੋਲਨ ਤੋਂ ਘਰਾਂ ਨੂੰ ਪਰਤ ਰਹੇ ਸਨ, ਉਹ ਵੀ ਵਾਪਸ ਮੁੜ ਆਏ।
ਹੁਣ ਤਾਂ ਆਲਮ ਇਹ ਹੈ ਕਿ ਉਹ ਲੋਕ ਵੀ ਗਾਜ਼ੀਪੁਰ ਸੀਮਾ 'ਤੇ ਪਹੁੰਚ ਰਹੇ ਹਨ, ਜੋ ਕਿ ਪਹਿਲਾਂ ਸਿੱਧੇ ਤੌਰ 'ਤੇ ਅੰਦੋਲਨ 'ਚ ਸ਼ਾਮਲ ਨਹੀਂ ਸਨ। ਇਹ ਲੋਕ ਕਿਸੇ ਇੱਕ ਜਾਤੀ ਜਾਂ ਧਰਮ ਨਾਲ ਸਬੰਧ ਨਹੀਂ ਰੱਖਦੇ ਹਨ।
ਕਿਸਾਨ ਅਤੇ ਆਮ ਪਿੰਡ ਵਾਸੀਆਂ ਤੋਂ ਇਲਾਵਾ ਕਈ ਰਾਜਨੀਤਿਕ ਹਸਤੀਆਂ ਵੀ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲਣ ਲਈ ਗਾਜ਼ੀਪੁਰ ਸੀਮਾ 'ਤੇ ਪਹੁੰਚੀਆਂ।
ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ, ਜੈਅੰਤ ਚੌਧਰੀ ਅਤੇ ਦੀਪੇਂਦਰ ਸਿੰਘ ਹੁੱਡਾ ਵੀ ਸ਼ਾਮਲ ਸਨ।
ਚੌਧਰੀ ਅਜੀਤ ਸਿੰਘ ਤੋਂ ਇਲਾਵਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ ਅਤੇ ਤੇਜਸਵੀ ਯਾਦਵ ਨੇ ਰਾਕੇਸ਼ ਟਿਕੈਤ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਸਮਰਥਨ ਦੇਣ ਦਾ ਐਲਾਨ ਵੀ ਕੀਤਾ।
ਕੀ ਰਾਕੇਸ਼ ਟਿਕੈਤ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨੀ ਅੰਦੋਲਨ ਨੂੰ ਚਲਾ ਰਹੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਰਾਹ ਅਪਨਾ ਰਹੇ ਹਨ?
ਗਾਜ਼ੀਪੁਰ ਸਰਹੱਦ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਕਨਵੀਨਰ ਅਸ਼ੀਸ਼ ਮਿੱਤਲ ਅਜਿਹਾ ਨਹੀਂ ਮੰਨਦੇ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਸ਼ੁਰੂ 'ਚ ਤਾਂ ਕਿਸੇ ਵੀ ਸਿਆਸੀ ਆਗੂ ਨੂੰ ਮੰਚ 'ਤੇ ਆਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ ਸੀ।"
"ਅੰਦੋਲਨ ਦੀ ਸ਼ੁਰੂਆਤ 'ਚ ਅਸੀਂ ਕਿਸੇ ਵੀ ਰਾਜਨੀਤਿਕ ਦਲ ਨੂੰ ਮੰਚ ਦੇ ਨੇੜੇ ਵੀ ਨਹੀਂ ਆਉਣ ਦਿੱਤਾ। ਪਰ 26 ਜਨਵਰੀ ਦੀ ਰਾਤ ਤੋਂ ਹੀ ਸਭ ਕੁੱਝ ਬਦਲ ਗਿਆ ਅਤੇ ਅੰਦੋਲ ਦਾ ਦਾਇਰਾ ਪਹਿਲਾਂ ਨਾਲੋਂ ਵਧੇਰੇ ਫੈਲ ਗਿਆ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
"ਇਸ ਲਈ ਹੁਣ ਰਾਜਨੀਤਿਕ ਦਲਾਂ ਦੇ ਆਗੂ ਵੀ ਆ ਰਹੇ ਹਨ ਅਤੇ ਸਮਰਥਨ ਦੇਣ ਦਾ ਐਲਾਨ ਵੀ ਕਰ ਰਹੇ ਹਨ।"
ਮਿੱਤਲ ਨੇ ਅੱਗੇ ਕਿਹਾ ਕਿ ਅੱਜ ਵੀ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ਤੋਂ ਬੋਲਣ ਦੀ ਆਗਿਆ ਨਹੀਂ ਹੈ।
ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂ ਵਿਜੂ ਕਿਸ਼ਣਨ ਦਾ ਕਹਿਣਾ ਹੈ, "26 ਜਨਵਰੀ ਤੋਂ ਬਾਅਦ ਹੀ ਗਾਜ਼ੀਪੁਰ ਸੀਮਾ 'ਤੇ ਆਗੂ ਇੱਕਜੁੱਟਤਾ ਵਿਖਾਉਣ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਾਰਿਆਂ ਤੋਂ ਸਮਰਥਨ ਮੰਗ ਰਹੀਆਂ ਹਨ ਅਤੇ ਲੋਕ ਅੱਗੇ ਆ ਕੇ ਸਮਰਥਨ ਦੇ ਵੀ ਰਹੇ ਹਨ।"
ਨਵੀਂ ਪੇਸ਼ਕਸ਼
ਹਾਲ 'ਚ ਹੀ ਇੱਕ ਨਿਊਜ਼ ਏਜੰਸੀ ਨੇ ਖ਼ਬਰ ਪੇਸ਼ ਕੀਤੀ, ਜਿਸ 'ਚ ਰਾਕੇਸ਼ ਟਿਕੈਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਚਾਹੁੰਦੇ ਹਨ ਕਿ ਮੌਜੂਦਾ ਕੇਂਦਰ ਸਰਕਾਰ ਆਗਲੇ 36 ਮਹੀਨਿਆਂ ਤੱਕ ਤਿੰਨੇ ਖੇਤੀ ਕਾਨੂੰਨਾਂ ਨੂੰ ਮੁਅੱਤਲ ਰੱਖੇ।
ਇਸ ਦਾ ਮਤਲਬ ਹੈ ਕਿ ਇਸ ਹਕੂਮਤ ਦੇ ਬਾਕੀ ਬਚੇ ਕਾਰਜਕਾਲ ਤੱਕ।
ਇੱਥੇ ਵੀ ਰਾਕੇਸ਼ ਟਿਕੈਤ ਨੇ ਮੋਰਚੇ ਤੋਂ ਵੱਖ ਲਕੀਰ 'ਤੇ ਚੱਲਣਾ ਜਾਰੀ ਰੱਖਿਆ, ਕਿਉਂਕਿ ਮੋਰਚੇ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਹਨ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਿਉਂ ਦਾ ਤਿਉਂ ਚੱਲਦਾ ਰਹੇਗਾ।
ਇਹ ਪ੍ਰਸਤਾਵ ਨਰੇਸ਼ ਟਿਕੈਤ ਵੱਲੋਂ ਵੀ ਪੇਸ਼ ਕੀਤਾ ਗਿਆ ਹੈ ਕਿ ਸਰਕਾਰ 18 ਮਹੀਨੇ ਦੀ ਬਜਾਏ 2024 ਤੱਕ ਇਸ ਨਵੇਂ ਖੇਤੀਬਾੜੀ ਕਾਨੂੰਨ ਨੂੰ ਕਿਉਂ ਨਹੀਂ ਰੱਦ ਕਰ ਦਿੰਦੀ ਹੈ?
ਨਰੇਸ਼ ਟਿਕੈਤ ਨੇ ਬੀਬੀਸੀ ਹਿੰਦੀ ਨੂੰ ਦਿੱਤੇ ਆਪਣੇ ਇੰਟਰਵਿਊ 'ਚ ਇਹ ਸੁਝਾਅ ਦਿੱਤਾ ਹੈ।
ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਅਵੀਕ ਸਾਹਾ ਦਾ ਕਹਿਣਾ ਹੈ, "ਅਜੇ ਤਾਂ ਰਾਕੇਸ਼ ਟਿਕੈਤ ਦੀਆਂ ਗੱਲਾਂ ਅੰਦੋਲਨ ਲਈ ਨੁਕਸਾਨਦਾਈ ਸਾਬਤ ਨਹੀਂ ਹੋ ਰਹੀਆਂ ਹਨ ਬਲਕਿ ਉਨ੍ਹਾਂ ਨੇ ਤਾਂ ਅੰਦੋਲਨ ਲਈ ਹੋਰ ਸਮਰਥਨ ਹਾਸਲ ਕਰਨ ਦਾ ਕੰਮ ਕੀਤਾ ਹੈ।"
"ਉਨ੍ਹਾਂ ਦੇ ਗੱਲਬਾਤ ਕਰਨ ਦਾ ਢੰਗ ਅਜਿਹਾ ਹੀ ਹੈ। ਉਹ ਸਿੱਧੀ ਗੱਲ ਕਰਦੇ ਹਨ ਇਸ ਲਈ ਮੋਰਚੇ ਨੂੰ ਕੋਈ ਇਤਰਾਜ਼ ਨਹੀਂ ਹੈ।"
ਸ਼ਾਹਾ ਨੇ ਬੀਬੀਸੀ ਨੂੰ ਕਿਹਾ, "ਹਰ ਵਿਅਕਤੀ ਦੀ ਆਪਣੀ ਸੋਚ ਅਤੇ ਵਿਚਾਰ ਹੁੰਦਾ ਹੈ, ਜਿਸ ਨੂੰ ਪੇਸ਼ ਕਰਨ ਲਈ ਉਸ ਨੂੰ ਪੂਰੀ ਆਜ਼ਾਦੀ ਹੁੰਦੀ ਹੈ। ਸੰਯੁਕਤ ਕਿਸਾਨ ਮੋਰਚਾ ਹਰ ਉਸ ਵਿਅਕਤੀ ਅਤੇ ਜਥੇਬੰਦੀ ਦਾ ਸਵਾਗਤ ਕਰਦਾ ਹੈ, ਜੋ ਕਿ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਅਤੇ ਸਮਰਥਨ 'ਚ ਅੱਗੇ ਆਏ ਹਨ।"
ਪਰ ਹਾਲ 'ਚ ਹੀ ਕਿਸਾਨ ਅੰਦੋਲਨ ਤੋਂ ਵੱਖ ਹੋਏ ਰਾਸ਼ਟਰੀ ਕਿਸਾਨ ਮਜ਼ਦੂਰ ਜਥੇਬੰਦੀ ਦੇ ਪ੍ਰਧਾਨ ਵੀਐਮ ਸਿੰਘ ਦਾ ਦੋਸ਼ ਹੈ ਕਿ ਪਹਿਲਾਂ ਸਮਰਥਨ ਦੇਣ ਵਾਲੇ ਆਗੂਆਂ ਜਾਂ ਰਾਜਨੀਤਿਕ ਦਲਾਂ ਦੇ ਕਾਰਕੁੰਨਾਂ ਨੂੰ ਸਟੇਜ 'ਤੇ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਉਹ ਮੰਚ ਦੇ ਸਾਹਮਣੇ ਹੇਠਾਂ ਹੀ ਬੈਠਦੇ ਸਨ।
ਵੀਐਮ ਸਿੰਘ ਦਾ ਕਹਿਣਾ ਹੈ ਕਿ 26 ਜਨਵਰੀ ਤੋਂ ਬਾਅਦ ਹੁਣ ਇਹ ਆਗੂ ਨਾ ਸਿਰਫ ਸਟੇਜ 'ਤੇ ਆ ਰਹੇ ਹਨ ਬਲਕਿ ਉੱਥੋਂ ਆਪਣਾ ਸੰਬੋਧਨ ਵੀ ਪੇਸ਼ ਕਰ ਰਹੇ ਹਨ।
ਵੀਐਮ ਸਿੰਘ ਨੇ ਟਿਕੈਤ ਭਰਾਵਾਂ 'ਤੇ ਹਾਕਮ ਧਿਰ ਲਈ ਕੰਮ ਕਰਨ ਦਾ ਇਲਜ਼ਾਮ ਵੀ ਲਗਾਇਆ ਸੀ, ਜਿਸ ਨੂੰ ਬੀਕੇਯੂ ਦੇ ਆਗੂ ਅਸ਼ੀਸ਼ ਮਿੱਤਲ ਨੇ ਖਾਰਜ ਕਰਦਿਆਂ ਕਿਹਾ, "ਸਿਰਫ ਇੱਕ ਅਭੈ ਚੌਟਾਲਾ ਸੀ, ਜਿੰਨ੍ਹਾਂ ਨੇ ਮੰਚ ਤੋਂ ਲੋਕਾਂ ਨੂੰ ਸੰਬੋਧਿਤ ਕੀਤਾ ਸੀ।"
"ਹੋਰ ਜਿੰਨ੍ਹੇ ਵੀ ਆਗੂ ਆਏ ਹਨ ਉਨ੍ਹਾਂ ਨੂੰ ਭਾਸ਼ਣ ਨਹੀਂ ਦੇਣ ਦਿੱਤਾ ਗਿਆ ਹੈ। ਜੇਕਰ ਕਿਸੇ ਵੀ ਆਗੂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ ਤਾਂ ਉਨ੍ਹਾਂ ਨੇ ਸਟੇਜ ਤੋਂ ਨਹੀਂ ਬਲਕਿ ਮੰਚ ਤੋਂ ਹੇਠਾਂ ਤੋਂ ਹੀ ਆਪਣੀ ਗੱਲ ਰੱਖੀ ਹੈ।"
ਟਿਕਰੀ ਸੀਮਾ 'ਤੇ ਕਿਸਾਨੀ ਅੰਦੋਲਨ ਦੇ ਕਨਵੀਨਰ ਸੰਜੈ ਮਾਧਵ ਦਾ ਕਹਿਣਾ ਹੈ, "ਜੇਕਰ ਅਸਲ 'ਚ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਨੂੰ 36 ਮਹੀਨਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਤਾਂ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ, ਜਿਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।"
"ਪਰ ਅੰਦੋਲਨ ਨਾਲ ਸਬੰਧਤ ਕੋਈ ਵੀ ਨੀਤੀਗਤ ਫ਼ੈਸਲਾ ਇਸ 'ਚ ਸ਼ਾਮਲ 40 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਆਪਸੀ ਸਹਿਮਤੀ ਨਾਲ ਹੀ ਹੋਵੇਗਾ।"
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਾਵੇਂ ਕੁਝ ਵੀ ਕਹਿਣ, ਪਰ ਇਹ ਗੱਲ ਵੀ ਸੱਚ ਹੈ ਕਿ ਰਾਕੇਸ਼ ਟਿਕੈਤ ਕਿਸਾਨ ਅੰਦੋਲਨ 'ਚ ਬਹੁਤ ਦੇਰ ਨਾਲ ਸ਼ਾਮਲ ਹੋਏ ਹਨ, ਪਰ ਮੌਜੂਦਾ ਸਮੇਂ ਉਹ ਸਭ ਤੋਂ ਵੱਧ ਚਰਚਾ 'ਚ ਹਨ।
ਮਾਹਰ ਕਹਿੰਦੇ ਹਨ ਕਿ 26 ਜਨਵਰੀ ਨੂੰ ਜੋ ਕੁੱਝ ਵੀ ਹੋਇਆ, ਉਸ ਨਾਲ ਅੰਦੋਲਨ ਨੂੰ ਧੱਕਾ ਜ਼ਰੂਰ ਲੱਗਿਆ ਹੈ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਲੱਗਣ ਲੱਗਾ ਸੀ ਕਿ ਅੰਦੋਲਨ ਹੁਣ ਖ਼ਤਮ ਹੋ ਜਾਵੇਗਾ।
ਪਰ ਉਹ ਰਾਕੇਸ਼ ਟਿਕੈਤ ਹੀ ਹਨ, ਜਿੰਨ੍ਹਾਂ ਨੇ ਮੁੜ ਇਸ ਅੰਦੋਲਨ ਨੂੰ ਪੈਰਾਂ 'ਤੇ ਲਿਆਂਦਾ। ਇਸ ਲਈ ਉਹ ਜੋ ਵੀ ਕਰ ਰਹੇ ਹਨ, ਉਸ 'ਤੇ ਮੋਰਚੇ ਦੇ ਆਗੂਆਂ ਨੂੰ ਵਧੇਰੇ ਇਤਰਾਜ਼ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਰਾਕੇਸ਼ ਟਿਕੈਤ ਅੰਦੋਲਨ 'ਚ ਕਾਫ਼ੀ ਦੇਰ ਬਾਅਦ ਸ਼ਾਮਲ ਹੋਏ ਹਨ, ਪਰ ਇਸ ਸਮੇਂ ਉਹ ਅੰਦੋਲਨ ਦਾ ਸਭ ਤੋਂ ਵੱਡਾ ਚਿਹਰਾ ਬਣ ਗਏ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: