ਕਿਸਾਨ ਅੰਦੋਲਨ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰ ਦੀ ਗ੍ਰਿਫ਼ਤਾਰੀ, ਪੁਲਿਸ ਨੇ FIR ਵਿਚ ਕੀ ਲਗਾਏ ਇਲਜ਼ਾਮ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਲਈ

ਸਿੰਘੂ ਬਾਰਡਰ ਤੋਂ ਹਿਰਾਸਤ ਵਿੱਚ ਲਏ ਗਏ ਪੱਤਰਕਾਰ ਮਨਦੀਪ ਪੂਨੀਆ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿਸ ਮਗਰੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਮਨਦੀਪ ਪੂਨੀਆ ਅਤੇ ਧਰਮਿੰਦਰ ਸਿੰਘ, ਸਿੰਘੂ ਬਾਰਡਰ ਉੱਤੇ ਦਿੱਲੀ ਪੁਲਿਸ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਸਖ਼ਤੀ ਕਰਨ ਦੇ ਵੀਡੀਓ ਬਣਾ ਰਹੇ ਸਨ।

ਦੋਵਾਂ ਨੂੰ ਪੁਲਿਸ ਨੇ ਸ਼ਨੀਵਾਰ 30 ਜਨਵਰੀ ਦੀ ਸ਼ਾਮ ਕਰੀਬ 7 ਵਜੇ ਫੜ ਲਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਪੁਲਿਸ ਵੱਲੋਂ ਮਨਦੀਪ ਪੂਨੀਆ ਨੂੰ ਜ਼ੋਰ ਜ਼ਬਰਦਸਤੀ ਨਾਲ ਫੜੇ ਹੋਏ ਦਾ ਵੀਡੀਓ ਵੀ ਸ਼ੂਟ ਕੀਤਾ।

ਮਨਦੀਪ ਦੀ ਪਤਨੀ ਲੀਲਾ ਸ਼੍ਰੀ ਨੇ ਦੱਸਿਆ ਕਿ ਪਹਿਲਾਂ ਤਾਂ 6-7 ਘੰਟੇ ਮਨਦੀਪ ਦਾ ਪਤਾ ਨਹੀਂ ਸੀ ਕਿ ਕਿਸ ਪੁਲਿਸ ਸਟੇਸ਼ਨ ਵਿੱਚ ਹੈ ਅਤੇ ਫਿਰ ਰਾਤ ਨੂੰ ਕਰੀਬ 10 ਵਜੇ ਅਲੀਪੁਰ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਤੁਸੀਂ ਆ ਕੇ ਕੱਪੜੇ ਦੇ ਕੇ ਜਾ ਸਕਦੇ ਹੋ।

ਉਨ੍ਹਾਂ ਨੇ ਦੱਸਿਆ, "ਅੱਜ ਮਨਦੀਪ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵਿੱਚ ਵਕੀਲ ਤਾਂ ਮੌਜੂਦ ਸੀ ਪਰ ਮਨਦੀਪ ਨੂੰ ਜਾਂਚ ਅਧਿਕਾਰੀ ਪਹਿਲਾਂ ਹੀ ਲੈ ਗਏ ਸਨ।"

ਲੀਲਾ ਸ਼੍ਰੀ ਨੇ ਦੱਸਿਆ ਕਿ ਉਨ੍ਹਾਂ ਦੀ ਅਜੇ ਮਨਦੀਪ ਨਾਲ ਗੱਲ ਨਹੀਂ ਹੋਈ ਹੈ।

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਦੋਵਾਂ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕੀਤੀ ਸੀ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਸਾਰੇ ਪੱਤਰਕਾਰ ਇਕੱਠੇ ਹੋਣ।

ਉਨ੍ਹਾਂ ਕਿਹਾ ਕਿ ਪੱਤਰਕਾਰ ਹੋਵੇ ਜਾਂ ਕੋਈ ਹੋਰ, ਜਿਹੜੀ ਵੀ ਅੰਦੋਲਨ ਨਾਲ ਸਬੰਧਤ ਲੋਕਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਸੰਯੁਕਤ ਮੋਰਚਾ ਉਨ੍ਹਾਂ ਦੀ ਹਰ ਲੜਾਈ ਲੜੇਗਾ।

ਇਹ ਵੀ ਪੜ੍ਹੋ:

ਲੋਕਾਂ ਵੱਲੋਂ ਬਣਾਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਅਜ਼ਾਦ ਪੱਤਰਕਾਰ ਦੇ ਤੌਰ 'ਤੇ ਕੰਮ ਕਰਨ ਵਾਲੇ ਮਨਦੀਪ ਪੂਨੀਆ ਨਾਲ ਹੱਥੋ-ਪਾਈ ਕਰਦਿਆਂ ਉਨ੍ਹਾਂ ਨੂੰ ਪੁਲਿਸ ਵੱਲੋਂ ਚੁੱਕਿਆ ਜਾ ਰਿਹਾ ਹੈ।

ਮਨਦੀਪ ਪੂਨੀਆ 'ਦਿ ਕਾਰਵਾਂ' ਅਤੇ 'ਜਨਪਥ' ਰਸਾਲਿਆਂ ਲਈ ਕੰਮ ਕਰਦੇ ਹਨ।

ਮਨਦੀਪ ਦਾ ਮੋਬਾਈਲ ਮੌਕੇ 'ਤੇ ਹੀ ਡਿੱਗ ਗਿਆ ਸੀ ਅਤੇ ਇਸ ਨੂੰ ਕਿਸਾਨਾਂ ਨੇ ਚੁੱਕ ਕੇ ਮਨਦੀਪ ਦੇ ਹੀ ਪੱਤਰਕਾਰ ਸਾਥੀਆਂ ਨੂੰ ਦੇ ਦਿੱਤਾ।

ਮਨਦੀਪ ਪੂਨੀਆ ਅਤੇ ਧਰਮਿੰਦਰ ਦੋਵੇਂ ਹੀ ਹਰਿਆਣਾ ਦੇ ਝੱਜਰ ਜ਼ਿਲ੍ਹੇ ਨਾਲ ਤਾਅਲੁਕ ਰੱਖਦੇ ਹਨ। ਧਰਮਿੰਦਰ ਸਿੰਘ ਆਪਣਾ ਇੱਕ ਯੂ-ਟਿਊਬ ਚੈਨਲ 'ਆਨਲਾਈਨ ਨਿਊਜ਼ ਇੰਡੀਆ' ਚਲਾਉਂਦੇ ਹਨ ਅਤੇ ਪੂਰੇ ਦੇਸ਼ ਵਿੱਚ ਘੁੰਮ ਕੇ ਖ਼ਬਰਾਂ ਕੱਢ ਕੇ ਲਿਆਉਂਦੇ ਹਨ।

ਲੌਕਡਾਊਨ ਦੌਰਾਨ ਧਰਮਿੰਦਰ ਦੀਆਂ ਕਈ ਯੂ-ਟਿਊੂਬ ਵੀਡੀਓਜ਼ ਵਾਇਰਲ ਹੋਈਆਂ ਅਤੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਕਾਫ਼ੀ ਨਾਮ ਹੈ।

ਸਿੰਘੂ ਬਾਰਡਰ 'ਤੇ ਕੀ ਹੋਇਆ ਸੀ?

ਧਰਮਿੰਦਰ ਸਿੰਘ ਨੂੰ ਵੀ ਪੁਲਿਸ ਨੇ ਮਨਦੀਪ ਪੂਨੀਆ ਦੇ ਨਾਲ ਹੀ ਫੜਿਆ ਸੀ ਪਰ ਐਤਵਾਰ 31 ਜਨਵਰੀ ਦੀ ਸਵੇਰ 5 ਵਜੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਧਰਮਿੰਦਰ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਇੱਕ ਲਿਖਤ ਅੰਡਰਟੇਕਿੰਗ ਲੈ ਕੇ ਛੱਡ ਦਿੱਤਾ ਕਿ ਉਹ ਅੱਗੇ ਤੋਂ ਕੋਈ ਪੁਲਿਸ ਕਾਰਵਾਈ ਦਾ ਵੀਡੀਓ ਸ਼ੂਟ ਨਹੀਂ ਕਰਨਗੇ ਅਤੇ ਨਾ ਹੀ ਮੀਡੀਆ ਨਾਲ ਗੱਲ ਕਰਨਗੇ।

ਸੂਤਰਾਂ ਮੁਤਾਬਕ ਧਰਮਿੰਦਰ ਸਿੰਘ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਪੁੱਛ ਰਹੇ ਸਨ, ''ਤੁਸੀਂ ਜੋ ਬੈਰੀਕੇਡ ਲਗਾਏ ਹਨ, ਉਸ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਆ ਰਹੀ ਹੈ ਅਤੇ ਉਨ੍ਹਾਂ ਦੇ ਵਿਰੋਧ ਕਰਨ 'ਤੇ ਉਨ੍ਹਾਂ ਸਥਾਨਕ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ।''

ਇਹ ਸੁਣਦੇ ਹੀ ਪੁਲਿਸ ਦੇ ਜਵਾਨਾਂ ਨੇ ਧਰਮਿੰਦਰ ਦੇ ਕੱਪੜੇ ਫੜ ਕੇ ਆਪਣੇ ਵੱਲ ਖਿੱਚ ਲਿਆ ਅਤੇ ਕੁੱਟਮਾਰ ਕਰਦੇ ਹੋਏ ਥਾਣੇ ਲੈ ਗਏ। ਇਸ ਤੋਂ ਇਲਾਵਾ ਪੁਲਿਸ ਨੇ ਧਰਮਿੰਦਰ ਦਾ ਫ਼ੋਨ ਵੀ ਫਾਰਮੇਟ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਦਾ ਨਿੱਜੀ ਕੰਟੈਟ, ਤਸਵੀਰਾਂ ਅਤੇ ਵੀਡੀਓਜ਼ ਵੀ ਸਨ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

ਜਦੋਂ ਧਰਮਿੰਦਰ ਨੂੰ ਪੁਲਿਸ ਨੇ ਫੜਿਆ ਤਾਂ ਮਨਦੀਪ ਕੋਲ ਹੀ ਖੜ੍ਹੇ ਸੀ ਅਤੇ ਉਨ੍ਹਾਂ ਪੁਲਿਸ ਨੂੰ ਆਵਾਜ਼ ਲਗਾਈ ਕਿ ਤੁਸੀਂ ਮੀਡੀਆ ਵਾਲਿਆਂ ਨੂੰ ਕਿਉਂ ਫੜ ਰਹੇ ਹੋ ਤਾਂ ਪੁਲਿਸ ਵਾਲਿਆਂ ਨੇ ਮਨਦੀਪ ਨੂੰ ਵੀ ਆਪਣੇ ਵੱਲ ਕੱਪੜੇ ਫੜ ਕੇ ਖਿੱਚਿਆ।

ਪੁਲਿਸ ਵੱਲੋਂ ਮਨਦੀਪ ਪੂਨੀਆ ਨੂੰ ਚੁੱਕਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੈ ਜੋ ਪੁਲਿਸ ਦੀ ਕਾਰਜ ਪ੍ਰਣਾਲੀ ਉੱਤੇ ਕਈ ਸਵਾਲ ਖੜ੍ਹੇ ਕਰਦਾ ਹੈ।

ਪੰਜਾਬ ਦੇ ਇੱਕ ਨਿਊਜ਼ ਪੋਰਟਲ ਲਈ ਕੰਮ ਕਰਦੇ ਮਨਦੀਪ ਸਿੰਘ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਣੀ ਸੀ ਤਾਂ ਉਸੇ ਸਮੇਂ ਸਟੇਜ ਕੋਲ ਬੈਰੀਕੇਡਿੰਗ ਦੇ ਕੋਲ ਰੌਲਾ-ਰੱਪਾ ਸੁਣਾਈ ਦਿੱਤਾ ਤਾਂ ਪਤਾ ਲੱਗਿਆ ਕਿ ਮਨਦੀਪ ਪੂਨੀਆ ਅਤੇ ਧਰਮਿੰਦਰ ਸਿੰਘ ਨੂੰ ਪੁਲਿਸ ਨੇ ਸਥਾਨਕ ਲੋਕਾਂ ਨੂੰ ਬੈਰੀਕੇਡਿੰਗ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਰਿਕਾਰਡ ਕਰਨ ਵਾਲੀ ਵੀਡੀਓ ਕਾਰਨ ਉੱਥੋਂ ਚੁੱਕ ਲਿਆ।

ਪੂਰੀ ਰਾਤ ਮੀਡੀਆ ਕਰਮੀ ਜਾਗਦੇ ਰਹੇ

ਬਸੰਤ ਕੁਮਾਰ ਨਿਊਜ਼ ਲੌਂਡਰੀ ਲਈ ਕੰਮ ਕਰਦੇ ਹਨ। ਉਨ੍ਹਾਂ ਸਾਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੁਲਿਸ ਨੇ ਜਿਹੜੇ ਪੱਤਰਕਾਰਾਂ ਨੂੰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ ਉਹ ਤਾਂ ਲੋਕਲ ਥਾਣੇ ਅਲੀਪੁਰ ਲਿਜਾਏ ਗਏ ਹਨ। ਇਸ ਥਾਣੇ ਵਿੱਚ ਪਹਿਲਾਂ ਤੋਂ ਕਈ ਪੱਤਰਕਾਰ ਸਾਥੀ ਮੌਜੂਦ ਸਨ।

ਜਦੋਂ ਪੁਲਿਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਮਨਦੀਪ ਪੂਨੀਆ ਜਾਂ ਧਰਮਿੰਦਰ ਸਿੰਘ ਨਾਮ ਦੇ ਕਿਸੇ ਵਿਅਕਤੀ ਨੂੰ ਸਿੰਘੂ ਬਾਰਡਰ ਤੋਂ ਫੜਿਆ ਹੈ।

ਮੀਡੀਆ ਕਰਮੀ ਅਲੀਪੁਰ ਥਾਣੇ ਦੇ ਬਾਹਰ ਤੜਕੇ ਤਿੰਨ ਵਜੇ ਤੱਕ ਬੈਠੇ ਰਹੇ ਪਰ ਪੁਲਿਸ ਆਪਣੀ ਗੱਲ ਤੋਂ ਮੁਕਰਦੀ ਰਹੀ। ਉੱਧਰ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ #FreeMandeepPunia ਅਤੇ #ReleaseMandeepPunia ਹੈਸ਼ਟੈਗ ਟ੍ਰੈਂਡ ਕਰਦੇ ਰਹੇ।

ਬਹੁਤ ਸਾਰੇ ਹਰਿਆਣਾ ਅਤੇ ਦਿੱਲੀ ਦੇ ਵਟਸਐਪ ਗਰੁੱਪਾਂ ਵਿੱਚ ਵੀ ਦਿੱਲੀ ਪੁਲਿਸ ਦੀ ਕਾਰਵਾਈ ਨੂੰ ਪੱਤਰਕਾਰੀ ਉੱਤੇ ਹਮਲਾ ਵੀ ਦੱਸਿਆ ਗਿਆ। ਸੋਸ਼ਲ ਮੀਡੀਆ 'ਤੇ ਵੀ ਮਨਦੀਪ ਦੀ ਰਿਹਾਈ ਨੂੰ ਲੈਕੇ ਦਿੱਲੀ ਪੁਲਿਸ ਹੈਡਕੁਆਟਰ ਸਾਹਮਣੇ ਦਬਾਅ ਬਣਾਉਣ ਵਾਲੀਆਂ ਪੋਸਟਾਂ ਪਈਆਂ।

FIR ਕੀ ਕਹਿੰਦੀ ਹੈ?

ਕਰੀਬ 12 ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ, ਪੁਲਿਸ ਨੇ 31 ਜਨਵਰੀ 2021 ਨੂੰ ਮਨਦੀਪ ਪੂਨੀਆ ਦੇ ਨਾਮ 'ਤੇ ਇੱਕ ਐੱਫਆਈਆਰ ਦਰਜ ਕੀਤੀ ਹੈ।

ਇਸ 'ਚ 186/353/332/341 IPC ਦੇ ਅਧੀਨ ਧਾਰਾਵਾਂ ਲਗਾਕੇ ਮੁਕਦੱਮਾ ਲਗਾਇਆ ਗਿਆ ਹੈ।

FIR ਮੁਤਾਬਕ ਦਿੱਲੀ ਪੁਲਿਸ ਸ਼ਨੀਵਾਰ ਸਿੰਘੂ ਬਾਰਡਰ ਉੱਤੇ ਆਪਣੀ ਡਿਊਟੀ ਕਰ ਰਹੀ ਸੀ ਤਾਂ ਕੁਝ ਕਿਸਾਨ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਸ਼ਾਮ ਨੂੰ ਕਰੀਬ ਸਾਢੇ 6 ਵਜੇ ਜਵਾਨਾਂ ਨਾਲ ਹੱਥੋਪਾਈ ਕਰਨ ਲੱਗੇ। ਉਸ ਦੌਰਾਨ ਮਨਦੀਪ ਪੂਨੀਆ ਪੁਲਿਸ ਕਰਮੀ ਨਾਲ ਹੱਥੋਪਾਈ ਕਰ ਰਿਹਾ ਸੀ ਅਤੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।

ਐਤਵਾਰ 31 ਜਨਵਰੀ ਦੀ ਸਵੇਰ ਦਿੱਲੀ ਪੁਲਿਸ ਮਨਦੀਪ ਨੂੰ ਸਮੇਪੁਰ ਬਾਦਲੀ ਥਾਣੇ ਤੋਂ ਤਿਹਾੜ ਜੇਲ੍ਹ ਕੋਰਟ ਕੰਪਲੈਕਸ-2 ਵਿੱਚ ਕੋਰਟ 'ਚ ਪੇਸ਼ ਕਰਨ ਲਈ ਲੈ ਕੇ ਆਈ।

ਪੁਲਿਸ ਨੇ FIR ਕਾਪੀ ਵਿੱਚ ਮਨਦੀਪ ਪੂਨੀਆ ਦੇ ਨਾਲ ਹੋਈ ਹੱਥੋਪਾਈ ਅਤੇ ਧਰਮਿੰਦਰ ਸਿੰਘ ਵਰਗੇ ਆਜ਼ਾਦ ਪੱਤਰਕਾਰਾਂ ਨੂੰ ਫੜਨ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)