ਰੂਪੀ ਕੌਰ: '84 ਦੇ ਕਤਲੇਆਮ ਦਾ ਦਰਦ, ਰਫਿਊਜੀ ਬਣਨ ਦੀ ਪੀੜਾ ਤੇ ਕਿਸਾਨ ਅੰਦੋਲਨ ਦੀ ਆਵਾਜ਼

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਜੰਮੀ ਰੂਪੀ ਕੌਰ ਅੱਜ ਕੱਲ ਕੈਨੇਡਾ ਦੀ ਮਸ਼ਹੂਰ ਕਵਿੱਤਰੀ, ਲੇਖਕਾ ਅਤੇ ਇਲੈਸਟ੍ਰੇਟਰ ਹੈ। ਤੁਸੀਂ ਇਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 4.1 ਮਿਲੀਅਨ ਫੌਲੋਅਰਜ਼ ਹਨ।

ਹੁਣ ਤੱਕ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ ਜੋ ਇੱਕ ਤੋਂ ਬਾਅਦ ਇੱਕ ਬੈਸਟਸੇਲਰ ਸਾਬਿਤ ਰਹੀਆਂ ਹਨ।

ਹਾਲ ਹੀ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੀ ਤੀਜੀ ਕਿਤਾਬ ਹੈ ਹੋਮ ਬੌਡੀ, ਜਿਸ ਵਿੱਚ ਰੂਪੀ ਕੌਰ ਨੇ ਆਪਣੇ ਘਰ ਯਾਨਿ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਤੋਂ ਲੈ ਕੇ ਕੈਨੇਡਾ ਵਿੱਚ ਸਹੇ ਪਰਵਾਸੀਆਂ ਦੇ ਦਰਦ ਨੂੰ ਆਪਣੇ ਸ਼ਬਦਾਂ ਵਿੱਚ ਪਰੋਇਆ ਹੈ।

ਇਹ ਵੀ ਪੜ੍ਹੋ-

ਅਤੇ ਹੁਣ ਰੂਪੀ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਦੀ ਆਵਾਜ਼ ਬਣਦੀ ਵੀ ਨਜ਼ਰ ਆ ਰਹੀ ਹੈ।

ਕਿਸਾਨਾਂ ਦਾ ਸੰਘਰਸ਼ 'ਤੇ ਵੀ ਹੈ ਨਜ਼ਰ

ਦਿੱਲੀ ਦੀਆਂ ਬਰੂਹਾਂ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਰੂਪੀ ਕੌਰ ਪਹਿਲੇ ਦਿਨ ਤੋਂ ਹੀ ਆਵਾਜ਼ ਚੁੱਕ ਰਹੀ ਹੈ। ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਗਾਤਾਰ ਕਿਸਾਨਾਂ ਦੇ ਸਮਰਥਨ ਵਿੱਚ ਲਿਖ ਰਹੀ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੈ। ਸਾਨੂੰ ਉਨ੍ਹਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਜੇਕਰ ਅਸੀਂ ਅੱਜ ਨਹੀਂ ਬੋਲਾਂਗੇ ਤਾਂ ਵੇਲਾ ਨਿਕਲ ਜਾਵੇਗਾ।"

"ਅਸੀਂ ਦੇਸ਼-ਵਿਦੇਸ਼ਾਂ ਵਿੱਚ ਬੈਠ ਕੇ ਸਭ ਦੇਖ ਰਹੇ ਹਾਂ ਅਤੇ ਆਪਣੀ ਆਵਾਜ਼ ਚੁੱਕ ਰਹੇ ਹਾਂ। ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਭ ਗੱਲਾਂ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ।"

"ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦਾ ਇਸਤੇਮਾਲ ਲੋਕਤੰਤਰ ਦੀ ਨੀਂਹ ਨੂੰ ਕਮਜ਼ੋਰ ਕਰਨ ਵਾਲਾ ਸਲੂ ਹੈ।"

ਉਨ੍ਹਾਂ ਦੀਆਂ ਕਵਿਤਾਵਾਂ ਦਾ ਦਾਇਰਾ ਬਹੁਤ ਵੱਡਾ ਨਜ਼ਰ ਆਉਂਦਾ ਹੈ, ਇੱਕ ਪਾਸੇ ਉਹ ਸਮਾਜਿਕ ਮੁੱਦਿਆਂ ਅਤੇ ਭਾਈਚਾਰਕ ਮੁੱਦਿਆਂ 'ਤੇ ਲਿਖਦੀ ਹੈ ਤਾਂ ਦੂਜੇ ਪਾਸੇ ਪਿਆਰ, ਦਰਦ, ਡਿਪਰੈਸ਼ਨ ਅਤੇ ਸੈਕਸ਼ੂਅਲ ਫੀਲਿੰਗ ਨੂੰ ਕਵਿਤਾ ਦਾ ਜਾਮਾ ਪਹਿਨਾਉਂਦੀ ਹੈ।

ਰੂਪੀ ਕੌਰ ਦੀ ਨਵੀਂ ਕਿਤਾਬ ਜਾਰੀ ਹੁੰਦਿਆਂ ਹੀ ਨਿਊਯਾਰਕ ਵਿੱਚ ਬੈਸਟਸੇਲਰ ਬਣ ਗਈ ਅਤੇ ਲੋਕ ਇਸ 'ਤੇ ਚਰਚਾ ਕਰਨ ਲੱਗੇ ਹਨ।

ਇਸ ਦੇ ਹਰੇਕ ਪੰਨੇ 'ਤੇ ਲੰਬੀਆਂ-ਲੰਬੀਆਂ ਕਵਿਤਾਵਾਂ ਨਹੀਂ ਹਨ ਬਲਕਿ ਥੋੜ੍ਹੇ ਸ਼ਬਦਾਂ ਵਿੱਚ ਵੱਡੀਆਂ ਗੱਲਾਂ ਆਖੀਆਂ ਗਈਆਂ ਹਨ।

ਕੈਨੇਡਾ ਵਿੱਚ ਪਰਵਾਸੀ ਵਜੋਂ ਰਹਿਣ ਦੇ ਦਰਦ ਨੂੰ ਰੂਪੀ ਕੌਰ ਭੁੱਲੀ ਨਹੀਂ ਹੈ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਕਿਸੇ ਨੂੰ ਮਾਈਗ੍ਰੈਂਟ, ਰਫਿਊਜੀ ਜਾਂ ਪਰਵਾਸੀ ਕਹਿੰਦਿਆਂ ਹੋਇਆ ਸ਼ਾਇਦ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸ਼ਬਦ ਉਨ੍ਹਾਂ ਨੂੰ ਕਿੰਨੇ ਚੁੱਭਦੇ ਹਨ।"

"ਜੋ ਲੋਕ ਆਪਣੇ ਘਰਾਂ ਅਤੇ ਪਰਿਵਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਛੱਡ ਕੇ ਦੂਰ ਵਿਦੇਸ਼ਾਂ ਵਿੱਚ ਵਸਦੇ ਹੋਣਗੇ, ਪਤਾ ਨਹੀਂ ਉਹ ਕਿਹੋ-ਜਿਹੇ ਅਹਿਸਾਸਾਂ ਵਿੱਚੋਂ ਲੰਘਦੇ ਹੋਣਗੇ। ਖ਼ਾਸ ਕਰ ਉਦੋਂ ਜਦੋਂ ਇੰਝ ਜਾਣਾ ਉਨ੍ਹਾਂ ਦੀ ਇੱਛਾ ਨਹੀਂ ਮਜਬੂਰੀ ਰਹੀ ਹੋਵੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

'ਹੋਮ ਬੌਡੀ' ਵਿੱਚ ਇੱਕ ਕਵਿਤਾ ਹੈ, 'ਏ ਲਾਈਫਟਾਈਮ ਆਨ ਦਿ ਰੋਡ'। ਰੂਪੀ ਨੇ ਇਹ ਕਵਿਤਾ ਆਪਣੇ ਪਿਤਾ 'ਤੇ ਲਿਖੀ ਹੈ ਜੋ ਕੈਨੇਡਾ ਵਿੱਚ ਟਰੱਕ ਡਰਾਈਵਰ ਸਨ। ਦਿਨ-ਰਾਤ ਸੜਕਾਂ 'ਤੇ ਗੁਜ਼ਾਰਨ ਕਰਕੇ ਰੂਪੀ ਆਪਣੇ ਪਿਤਾ ਨੂੰ ਦੇਖਣ ਲਈ ਤਰਸ ਜਾਂਦੀ ਸੀ।

ਰੂਪੀ ਕੌਰ ਇਸ ਕਵਿਤਾ ਵਿੱਚ ਦੱਸਦੀ ਹੈ ਕਿ ਕਿਵੇਂ ਇੱਕ ਰਫਿਊਜੀ ਹੋਣ ਕਰਕੇ ਤੁਹਾਨੂੰ ਦੂਜਿਆਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਦੂਜਿਆਂ ਤੋਂ ਜ਼ਿਆਦਾ ਜ਼ਿੱਲਤ ਸਹਿਣੀ ਪੈਂਦੀ ਹੈ।

ਪਹਿਲੀ ਕਿਤਾਬ ਨੂੰ ਰੂਪੀ ਨੇ ਖ਼ੁਦ ਪਬਲਿਸ਼ ਕੀਤਾ

ਆਪਣੀ ਪਹਿਲੀ ਕਿਤਾਬ ਨੂੰ ਖ਼ੁਦ ਪਬਲਿਸ਼ ਕਰਨ ਦਾ ਕਿੱਸਾ ਵੀ ਖ਼ਾਸ ਹੈ। ਰੂਪੀ ਕੌਰ ਨੇ ਅਜੇ ਆਪਣੀ ਡਿਗਰੀ ਖ਼ਤਮ ਹੀ ਕੀਤੀ ਸੀ ਅਤੇ ਕਵਿਤਾਵਾਂ ਦੀ ਕਿਤਾਬ ਤਿਆਰ ਕਰ ਲਈ।

ਇਸ ਤੋਂ ਬਾਅਦ ਕਈ ਪਬਲਿਸ਼ਰਾਂ ਕੋਲ ਉਹ ਗਈ ਪਰ ਕੋਈ ਪ੍ਰਕਾਸ਼ਕ ਉਸ ਨੂੰ ਛਾਪਣ ਲਈ ਤਿਆਰ ਨਹੀਂ ਹੋਇਆ।

ਰੂਪੀ ਨੇ ਆਪਣੇ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਇੰਨੀ ਛੇਤੀ ਕੋਈ ਕਿਤਾਬ ਨਹੀਂ ਛਾਪਦਾ, ਤੁਸੀਂ ਪਹਿਲਾ ਜਨਰਲ ਜਾਂ ਮੈਗ਼ਜ਼ੀਨ ਵਿੱਚ ਆਪਣੀਆਂ ਕਵਿਤਾਵਾਂ ਭੇਜੋ।

ਜਦੋਂ ਰੂਪੀ ਨੇ ਆਪਣੀਆਂ ਇੱਕ-ਇੱਕ ਕਰਕੇ ਕਵਿਤਾਵਾਂ ਨੂੰ ਕੱਢਿਆ ਅਤੇ ਵੱਖ-ਵੱਖ ਮੈਗ਼ਜ਼ੀਨਾਂ, ਅਖ਼ਬਾਰਾਂ ਅਤੇ ਜਰਨਲਸ ਵਿੱਚ ਛਪਵਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਲੱਗੇ ਜਿਵੇਂ ਉਹ ਤਸਵੀਰਾਂ ਦੇ ਰੰਗਾਂ ਨੂੰ ਵੱਖ-ਵੱਖ ਕਰ ਕੇ ਸੁੱਟ ਰਹੀ ਹੈ।

ਤਾਂ ਬਸ ਫਿਰ ਕੀ ਸੀ, ਰੂਪੀ ਆਪਣੀ ਜ਼ਿੱਦ 'ਤੇ ਅੜ੍ਹ ਗਈ ਕਿ ਖ਼ੁਦ ਕਿਤਾਬ ਪਬਲਿਸ਼ ਕਰਨੀ ਹੈ ਤਾਂ ਜੋ ਪੜ੍ਹਨ ਵਾਲੇ ਉਸੇ ਕ੍ਰਮ ਵਿੱਚ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਸਕਣ ਜਿਸ ਅੰਦਾਜ਼ ਵਿੱਚ ਉਨ੍ਹਾਂ ਨੇ ਲਿਖਿਆ ਹੈ।

ਇਹ ਜੋਖ਼ਮ ਲੈਣਾ ਬੇਕਾਰ ਨਹੀਂ ਗਿਆ, ਸਾਲ 2014 ਵਿੱਚ ਛਪਣ ਤੋਂ ਬਾਅਦ ਉਨ੍ਹਾਂ ਦੀ ਕਿਤਾਬ 'ਮਿਲਕ ਐਂਡ ਹਨੀ' ਦੀ ਚਰਚਾ ਹਰ ਪਾਸੇ ਸੀ।

ਇਸ ਤੋਂ ਬਾਅਦ ਉਨ੍ਹਾਂ ਦੀ ਕਿਤਾਬ 'ਦਿ ਸਨ ਐਂਡ ਹਰ ਫਲਾਵਰਸ' 2017 ਵਿੱਚ ਆਈ ਅਤੇ ਉਸ ਨੂੰ ਵੀ ਓਨਾਂ ਹੀ ਪਿਆਰ ਮਿਲਿਆ।

ਬੀਤੇ ਛੇ ਸਾਲਾਂ ਤੋਂ ਬਾਅਦ ਰੂਪੀ ਦੇਸ਼ਾਂ-ਵਿਦੇਸ਼ਾਂ ਵਿੱਚ ਨਾ ਜਾਣੇ ਕਿੰਨੀਆਂ ਹੀ ਸਟੇਜਾਂ 'ਤੇ ਪਰਫਾਰਮ ਕਰ ਚੁੱਕੀ ਹੈ।

ਵੱਡੇ-ਵੱਡੇ ਲੋਕ ਰੂਪੀ ਕੌਰ ਦਾ ਇੰਟਰਵਿਊ ਲੈ ਚੁੱਕੇ ਹਨ, ਜਿਨ੍ਹਾਂ ਵਿੱਚ ਜਿਮੀ ਫੈਲਨ ਅਤੇ ਐਮਾ ਵਾਟਸਨ ਵਰਗੇ ਪ੍ਰੇਜ਼ੈਂਟਰ ਵੀ ਸ਼ਾਮਿਲ ਹਨ।

ਸ਼ਬਦਾਂ ਨਾਲ ਇਲੈਸਟ੍ਰੇਸ਼ਨ ਦੀ ਵਰਤੋਂ ਕਿਉਂ?

ਰੂਪੀ ਦੀ ਕੋਈ ਵੀ ਕਿਤਾਬ ਲੈ ਲਓ, ਜ਼ਿਆਦਾਤਰ ਕਵਿਤਾਵਾਂ ਕੁਝ ਹੀ ਸ਼ਬਦਾਂ ਵਿੱਚ ਸਿਮਟੀਆਂ ਹਨ ਅਤੇ ਨਾਲ ਹੀ ਬਣਾਈ ਗਈ ਹੈ ਇਲੈਸਟ੍ਰੇਸ਼ਨ, ਜਿਵੇਂ ਕੁਝ ਹੋਰ ਸ਼ਬਦਾਂ ਨੂੰ ਨਾਲ ਜੋੜ ਰਹੀ ਹੋਵੇ।

ਇਸ ਬਾਰੇ ਰੂਪੀ ਨੇ ਦੱਸਿਆ ਕਿ ਉਬ ਮਹਿਜ਼ ਸਾਢੇ ਤਿੰਨ ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਤੋਂ ਕੈਨੇਡਾ ਆਉਣਾ ਪਿਆ।

ਰਫਊਜੀ ਬਣਨ ਦੀ ਉਸ ਦੀ ਪੀੜਾ ਨੇ ਅਤੇ ਘਰ ਦੀਆਂ ਤਕਲੀਫ਼ਾ ਨੇ ਰੂਪੀ ਅੰਦਰ ਸ਼ਾਇਦ ਗੁੱਸਾ ਭਰ ਦਿੱਤਾ ਸੀ।

ਪੰਜ ਸਾਲ ਦੀ ਜਦੋਂ ਸੀ ਤਾਂ ਉਨ੍ਹਾਂ ਦੀ ਮਾਂ ਨੇ ਪੇਂਟਿੰਗ ਬ੍ਰਸ਼ ਦੇ ਦਿੱਤੇ ਅਤੇ ਕਿਹਾ ਕਿ ਜੋ ਮਨ ਵਿੱਚ ਆਵੇ ਬਣਾ ਲੈ ਤਾਂ ਬਸ ਇਹ ਸਫ਼ਰ ਉਥੋਂ ਹੀ ਸ਼ੁਰੂ ਹੁੰਦਾ ਹੈ।

ਰੂਪੀ ਵੱਲੋਂ ਬਣਾਈਆਂ ਗਈਆਂ ਤਸਵਾਰੀਂ 'ਪਰਫੈਕਟ ਆਰਟ' ਨਹੀਂ ਬਲਕਿ 'ਰੈਂਡਮ ਆਰਟ' ਹਨ।

ਯਾਨਿ ਟੇਡੀਆਂ-ਮੇਡੀਆਂ ਲਾਇਨਾਂ ਅਤੇ ਉਨ੍ਹਾਂ ਵਿੱਚ ਭਰਿਆ ਖੁੱਲ੍ਹਾ ਜਿਹਾ ਅਹਿਸਾਸ ਜੋ ਤੁਹਾਨੂੰ ਬੰਨ੍ਹ ਨਹੀਂ ਰਿਹਾ।

ਰੂਪੀ ਕੌਰ ਦੇ ਇੰਸਟਾਗ੍ਰਾਮ ਅਕਾਊਂਟ ਜਾਂ ਫੇਸਬੁੱਕ 'ਤੇ ਤੁਸੀਂ ਅਜਿਹੀਆਂ ਤਸਵੀਰਾਂ ਦੇਖ ਸਕਦੇ ਹੋ।

ਰੂਪੀ ਉਹੀ ਕੁੜੀ ਹੈ ਜਿਸ ਨੇ...

ਵੈਸੇ ਰੂਪੀ ਕੌਰ ਉਹੀ ਕੁੜੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਕੱਪੜਿਆਂ 'ਤੇ ਪੀਰੀਅਡ ਵਾਲੇ ਖ਼ੂਨ ਦਾ ਦਾਗ਼ ਲੱਗਾ ਸੀ।

ਇਸ ਤਸਵੀਰ 'ਤੇ ਇੰਨੀ ਬਹਿਸ ਹੋਈ ਸੀ ਕਿ ਤਸਵੀਰ ਨੂੰ ਇੰਸਟਾਗ੍ਰਾਮ ਨੇ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਸੀ

ਘਰ ਦੀਆਂ ਯਾਦਾਂ ਰੂਪੀ ਭੁੱਲੀ ਨਹੀਂ

ਕੈਨੇਡਾ ਵਿੱਚ ਰੂਪੀ ਬੀਤੇ 25 ਸਾਲਾਂ ਤੋਂ ਰਹਿ ਰਹੀ ਹੈ ਪਰ ਅੱਜ ਵੀ ਖ਼ੁਦ ਨੂੰ ਪੰਜਾਬ ਦਾ ਮੰਨਦੀ ਹੈ।

ਉਨ੍ਹਾਂ ਨੇ ਕਿਹਾ, "ਮੈਂ ਹਮੇਸ਼ਾ ਪੰਜਾਬ ਤੋਂ ਹੀ ਰਹਾਂਗੀ। ਪੰਜਾਬ ਮੇਰਾ ਘਰ ਹੈ ਜਿੱਥੇ ਮੇਰੇ ਲੋਕ ਹਨ, ਮੇਰਾ ਭਾਈਚਾਰਾ ਹੈ।"

ਰੂਪੀ ਕੌਰ ਇਹ ਵੀ ਦੱਸਦੀ ਹੈ ਕਿ ਉਨ੍ਹਾਂ ਦੇ ਭਾਈਚਾਰੇ ਨੇ ਜੋ ਅਨਿਆਂ ਸਿਹਾ ਹੈ, ਉਸੇ 'ਤੇ ਉਨ੍ਹਾਂ ਨੇ ਲਿਖਣ ਦੀ ਸ਼ੁਰੂਆਤ ਕੀਤੀ ਸੀ ਅੱਗੇ ਵੀ ਇਵੇਂ ਹੀ ਲਿਖਦੀ ਰਹੇਗੀ।

1984 ਦਾ ਦਰਦ ਕਦੇ ਨਹੀਂ ਭੁੱਲ ਸਕਦੀ

ਸਾਲ 1984 ਵਿੱਚ ਹੋਏ ਸਿੱਖ ਕਤਲੇਆਮ ਕਾਰਨ ਜੋ ਉਸ ਦੇ ਪਰਿਵਾਰ ਨੂੰ ਸਹਿਣਾ ਪਿਆ, ਉਸ ਦਾ ਦਰਦ ਅੱਜ ਵੀ ਰੂਪੀ ਅੰਦਰਲੇ ਜਖ਼ਮ ਡੂੰਘੇ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਹੈ, "1984 ਦੇ ਕਤਲੇਆਮ ਤੋਂ ਬਾਅਦ ਸਰਕਾਰ ਨੇ ਸਾਡੀ ਪੀੜਾ ਨੂੰ ਮੰਨਣ ਤੋਂ ਇਨਕਾਰ ਕੀਤਾ। ਇਸ ਦਾ ਦਰਦ ਅੱਜ ਵੀ ਅਸੀਂ ਸਹਿ ਰਹੇ ਹਾਂ। ਸੈਂਕੜੇ ਨੌਜਵਾਨ ਅਤੇ ਔਰਤਾਂ ਮਾਰ ਦਿੱਤੀਆਂ ਗਈਆਂ ਅਤੇ ਕਈਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।"

ਮੈਨੂੰ ਲਗਦਾ ਹੈ ਕਿ ਇਹ ਦਰਦ ਕਦੇ ਨਹੀਂ ਜਾਵੇਗਾ, ਖ਼ਾਸ ਕਰਕੇ ਉਦੋਂ ਜਦੋਂ ਤੱਕ ਸਰਕਾਰ ਇਸ ਨੂੰ ਨਜ਼ਰ-ਅੰਦਾਜ਼ ਕਰਨਾ ਬੰਦ ਨਹੀਂ ਕਰ ਦਿੰਦੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)