ਬਰਡ ਫਲੂ: ਕੀ ਸਾਨੂੰ ਮਾਸ ਅਤੇ ਆਂਡੇ ਖਾਣੇ ਬੰਦ ਕਰ ਦੇਣੇ ਚਾਹੀਦੇ ਹਨ

ਸਾਲ 2020 ਕੋਰੋਨਾਵਾਇਰਸ ਦੀ ਚਿੰਤਾ ਨੂੰ ਲੈ ਕੇ ਲੰਘਿਆ ਅਤੇ ਹੁਣ ਜਦੋਂ ਇਸ ਵਾਇਰਸ ਤੋਂ ਨਿਜਾਦ ਪਾਉਣ ਲਈ ਆਈ ਵੈਕਸੀਨ ਨੂੰ ਲੈ ਕੇ ਥੋੜ੍ਹੀ ਰਾਹਤ ਮਿਲੀ ਹੈ ਤਾਂ ਉੱਥੇ ਹੀ ਬਰਡ ਫਲੂ ਦੇ ਬਾਰੇ ਖ਼ਬਰਾਂ ਆ ਰਹੀਆਂ ਹਨ।

ਬਰਡ ਫਲੂ ਕਿੰਨਾ ਕੁ ਖ਼ਤਰਨਾਕ ਹੈ? ਕਿਸ ਨੂੰ ਤੇ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੀ ਸਾਨੂੰ ਮੀਟ-ਆਂਡਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ?

ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਕੇਰਲ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਪੰਛੀ ਮਰੇ ਮਿਲੇ। ਇਨ੍ਹਾਂ ਵਿੱਚ ਪਰਵਾਸੀ ਪੰਛੀ ਵੀ ਸਨ। ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਬਰਡ ਫਲੂ ਦੱਸਿਆ ਗਿਆ।

ਇਹ ਵੀ ਪੜ੍ਹੋ-

ਉਧਰ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਹੁਣ ਤੱਕ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਅਜਿਹੇ ਕੇਸ ਜਾਂ ਪੰਛੀਆਂ ਦੀ ਮੌਤ ਦੀ ਖਬਰ ਨਹੀਂ ਹੈ। ਉਨ੍ਹਾਂ ਨੇ ਬਰਡ ਫਲੂ ਦੇ ਸ਼ੱਕੀ ਮਾਮਲਿਆਂ ਦੇ ਨਮੂਨੇ ਲੈਣ, ਜਾਂਚ ਕਰਨ ਅਤੇ ਨਿਗਰਾਨੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਹਿਮਾਚਲ ਪ੍ਰਦੇਸ਼ ਸਣੇ ਘੱਟੋ-ਘੱਟ ਚਾਰ ਸੂਬਿਆਂ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਸਥਿਤੀ ਨਾਲ ਨਜਿੱਠਣ ਲਈ ਲੋੜੀਂਦਾ ਸਾਜੋ-ਸਮਾਨ ਅਤੇ ਫੰਡ ਉਪਲਬਧ ਹਨ।

ਨੈਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਓਰਿਟੀ ਡੀਸੀਜ਼ਸ ਨੇ ਕੇਂਦਰ ਸਰਕਾਰ ਨੂੰ ਇੱਕ ਰਿਪੋਰਟ ਦਰਜ ਕਰਵਾਈ ਹੈ।

ਇਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਅਚਾਨਕ ਹੋਈ ਪੰਛੀਆਂ ਦੀ ਮੌਤ ਦਾ ਕਾਰਨ 'ਬਰਡ ਫਲੂ' ਹੈ, ਜੋ ਕਿ ਐਵੀਅਨ ਇਨਫਲੂਐਨਜ਼ਾ ਹੈ।

ਇਨਫੈਕਸ਼ਨ ਨੂੰ ਮਨੁੱਖਾਂ ਵਿੱਚ ਫੈਲਣ ਤੋਂ ਰੋਕਣ ਲਈ ਫਿਲਹਾਲ ਇਨ੍ਹਾਂ ਮ੍ਰਿਤਕ ਪੰਛੀਆਂ ਨੂੰ ਦਫ਼ਨਾਏ ਜਾਣ 'ਤੇ ਕੰਮ ਚੱਲ ਰਿਹਾ ਹੈ।

ਕੇਰਲਾ ਦੇ ਕੋਟਾਇਮ ਅਤੇ ਅਲਾਪੁਲਮ ਦੇ ਕੁਝ ਹਿੱਸਿਆਂ ਵਿੱਚ ਵੀ ਬਰਡ ਫਲੂ ਮਿਲਿਆ ਹੈ, ਉੱਥੇ ਬਤਖ਼ਾਂ, ਮੁਰਗੇ-ਮੁਰਗੀਆਂ ਅਤੇ ਹੋਰ ਪੋਲਟ੍ਰੀ ਬਰਡਸ ਨੂੰ ਮਾਰਨ ਦਾ ਆਦੇਸ਼ ਦਿੱਤਾ ਗਿਆ ਹੈ।

ਜਿਨ੍ਹਾਂ ਕਿਸਾਨਾਂ ਦੇ ਪੰਛੀ ਇਸ ਦੌਰਾਨ ਮਾਰੇ ਜਾਣਗੇ, ਕੇਰਲਾ ਦੀ ਸੂਬਾ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇਗੀ। ਮੱਧ ਪ੍ਰਦੇਸ਼ ਵਿੱਚ ਪੰਛੀਆਂ ਨੂੰ ਮਾਰਿਆਂ ਅਤੇ ਦਫ਼ਨਾਇਆ ਜਾ ਰਿਹਾ ਹੈ।

ਹਾਲਾਂਕਿ, ਮਹਾਰਾਸ਼ਟਰ ਵਿੱਚ ਬਰਡ ਫਲੂ ਕਾਰਨ ਪੰਛੀਆਂ ਦੀ ਮੌਤ ਨਹੀਂ ਹੋਈ ਹੈ ਪਰ ਫਿਰ ਵੀ ਸੂਬਾ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਸੂਬੇ ਦੇ ਪਸ਼ੂ ਵਿਭਾਗ ਮੰਤਰੀ ਸੁਨੀਲ ਕੇਦਾਰ ਨੇ ਕਿਹਾ ਹੈ, "ਸੂਬੇ ਵਿੱਚ ਬਰਡ ਫਲੂ ਦਾ ਕੋਈ ਕੇਸ ਨਹੀਂ ਹੈ ਪਰ ਇਨਫੈਕਸ਼ ਦਰਜ ਕੀਤੀ ਗਈ ਹੈ। ਫਿਲਹਾਲ, ਪੂਰੇ ਸੂਬੇ ਵਿੱਚ ਗਾਈਡਲਾਈਨ ਜਾਰੀ ਕਰ ਦਿੱਤੀਆਂ ਗਈਆਂ ਹਨ।"

"ਸੂਬਾ ਸਰਕਾਰ ਅਲਰਟ 'ਤੇ ਹੈ। ਆਦੇਸ਼ ਦਿੱਤਾ ਗਿਆ ਹੈ ਕਿ ਜੇਕਰ ਕੋਈ ਪੰਛੀ ਮਰਿਆ ਪਾਇਆ ਜਾਂਦਾ ਹੈ ਤਾਂ ਤੁਰੰਤ ਜਾਂਚ ਕੀਤੀ ਜਾਵੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਬਰਡ ਫਲੂ ਕੀ ਹੈ?

ਬਰਡ ਫਲੂ ਐੱਚ5ਐੱਨ1 (H5N1) ਵਾਇਰਸ ਕਾਰਨ ਹੁੰਦਾ ਹੈ, ਜਿਸ ਨੂੰ ਐਵੀਅਨ ਇਨਫਲੂਐਂਨਜ਼ਾ ਕਿਹਾ ਜਾਂਦਾ ਹੈ।

ਇਹ ਮੁੱਖ ਤੌਰ 'ਤੇ ਬਤਖ਼, ਮੁਰਗੇ ਅਤੇ ਪਰਵਾਸੀ ਪੰਛੀਆਂ ਵਿੱਚ ਮਿਲਦਾ ਹੈ ਅਤੇ ਇਹ ਲਾਗ ਵਾਲਾ ਰੋਗ ਹੈ। ਪਰਵਾਸੀ ਪੰਛੀ ਕਾਰਨ ਕਈ ਵਾਰ ਇਸ ਦੀ ਲਾਗ ਦਾ ਖੇਤਰ ਵੱਡਾ ਹੋ ਜਾਂਦਾ ਹੈ ਅਤੇ ਇਹ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ।

ਬਰਡ ਫਲੂ ਕਾਰਨ ਪਹਿਲਾ ਮਨੁੱਖੀ ਇਨਫੈਕਸ਼ 1947 ਵਿੱਚ ਮਿਲਿਆ ਸੀ। ਇਸ ਦੀ ਸ਼ੁਰੂਆਤ ਹਾਂਗ-ਕਾਂਗ ਦੇ ਪੰਛੀ ਬਾਜ਼ਾਰ ਤੋਂ ਹੋਈ ਸੀ। ਇਨਫੈਕਸ਼ਨ ਵਾਲੇ ਲੋਕਾਂ ਵਿੱਚੋਂ 60 ਫੀਸਦ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ।

ਪਰ ਇਹ ਬਰਡ ਫਲੂ ਮਨੁੱਖ ਤੋਂ ਮਨੁੱਖ ਤੱਕ ਇੰਨੀ ਆਸਾਨੀ ਨਾਲ ਨਹੀਂ ਫੈਲਦਾ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਹ ਵਾਇਰਸ ਮੁਨੱਖ ਤੋਂ ਮਨੁੱਖ ਤੱਕ ਉਦੋਂ ਹੀ ਫੈਲਦਾ ਹੈ ਜਦੋਂ ਉਹ ਬਹੁਤ ਜ਼ਿਆਦਾ ਨੇੜੇ ਹੋਣ।

ਬਰਡ ਫਲੂ ਬਾਰੇ ਕੁਝ ਖਦਸ਼ੇ:

ਕੀ ਸਾਨੂੰ ਮਾਸ ਅਤੇ ਆਂਡੇ ਖਾਣੇ ਬੰਦ ਕਰ ਦੇਣੇ ਚਾਹੀਦੇ ਹਨ?

ਨਹੀਂ, ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਚਿਕਨ ਆਂਡੇ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਵੇ ਤਾਂ ਇਹ ਖਾਣ ਲਈ ਸੁਰੱਖਿਅਤ ਹਨ।

ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ। ਡਬਲਿਊਐੱਚਓ ਨੇ ਕਿਹਾ ਹੈ ਕਿ ਉਨ੍ਹਾਂ ਇਲਾਕਿਆਂ ਵਿੱਚ ਪੋਲਟ੍ਰੀ ਉਤਪਾਦਾਂ ਨੂੰ ਸਾਂਭਣਾ ਅਤੇ ਖਾਣਾ ਜੋਖ਼ਮ ਭਰਿਆ ਨਹੀਂ ਹੁੰਦਾ ਜਿੱਥੇ ਬਰਡ ਫਲੂ ਨਾ ਫੈਲਿਆ ਹੋਵੇ।

ਮਨੁੱਖਾਂ ਵਿੱਚ ਬਰਡ ਫਲੂ ਦੇ ਲੱਛਣ

ਭਾਰਤ ਵਿੱਚ ਮਨੁੱਖਾਂ ਵਿੱਚ ਅਜੇ ਤੱਕ ਬਰਡ ਦਾ ਕੋਈ ਕੇਸ ਦਰਜ ਨਹੀਂ ਹੋਇਆ।

ਪਰ, ਇਹ ਵਾਇਰਸ ਮਨੁੱਖੀ ਸਰੀਰ ਵਿੱਚ ਸਾਹ ਪ੍ਰਣਾਲੀ 'ਤੇ ਹਮਲਾ ਕਰਦਾ ਹੈ, ਇਸ ਲਈ ਇਹ ਨਿਮੋਨੀਆ ਜਾਂ ਐਕਿਊਟ ਰੈਸੀਪੀਰੇਟਰੀ ਡਿਸਟ੍ਰੈੱਸ ਸਿੰਡਰੋਮ (ਏਆਰਡੀਸੀ) ਦਾ ਕਾਰਨ ਬਣ ਸਕਦਾ ਹੈ।

ਇਸ ਦੇ ਲੱਛਣ ਬੁਖ਼ਾਰ, ਜੁਖ਼ਾਮ, ਗਲੇ 'ਚ ਖ਼ਰਾਸ਼, ਪੇਟ ਦਰਦ ਅਤੇ ਡਾਈਰੀਆ (ਦਸਤ) ਹੋ ਸਕਦੇ ਹਨ।

ਬਰਡ ਫਲੂ ਦੀ ਇਨਫੈਕਸ਼ਨ ਦਾ ਜ਼ਿਆਦਾ ਖਦਸ਼ਾ ਕਿਸ ਨੂੰ ਹੈ?

ਜੇਕਰ ਤੁਸੀਂ ਮੁਰਗੀਆਂ ਜਾਂ ਬਤਖ਼ਾਂ ਪਾਲਦੇ ਹੋ, ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹੋ ਜਾਂ ਤੁਹਾਡਾ ਪੋਲਟ੍ਰੀ ਫਾਰਮ ਹੈ, ਜਿੱਥੇ ਵੱਡੀ ਗਿਣਤੀ ਵਿੱਚ ਮੁਰਗੇ-ਮੁਰਗੀਆਂ ਰੱਖੇ ਜਾਂਦੇ ਹਨ ਜਾਂ ਤੁਸੀਂ ਚਿਕਨ-ਮੀਟ ਵੇਚਦੇ ਹੋ ਤਾਂ ਤੁਹਾਨੂੰ ਇਸ ਦੀ ਲਾਗ ਲੱਗਣ ਦਾ ਖਦਸ਼ਾ ਹੈ।

ਇਸ ਲਈ ਪੰਛੀਆਂ ਦੀ ਸਾਂਭ-ਸੰਭਾਲ ਵੇਲੇ ਰਬੜ ਦੇ ਦਸਤਾਨੇ, ਮਾਸਕ, ਫੇਸ ਸ਼ੀਲਡ ਜਾਂ ਫਿਰ ਪੀਪੀਈ ਕਿੱਟ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ ਜਿਹੜੀਆਂ ਵੀ ਹਦਾਇਤਾਂ ਕੋਰੋਨਾ ਸੰਕਟ ਵੇਲੇ ਲਗਾਤਾਰ ਦਿੱਤੀਆਂ ਗਈਆਂ, ਉਹ ਇੱਥੇ ਵੀ ਲਾਗੂ ਹੁੰਦੀਆਂ ਹਨ।

ਲਗਾਤਾਰ ਆਪਣੇ ਹੱਥਾਂ ਨੂੰ ਧੋਵੋ, ਸੈਨੇਟਾਈਜ਼ਰ ਦੀ ਵਰਤੋਂ ਕਰੋ, ਆਪਣੇ ਮੂੰਹ ਨੂੰ ਹੱਥ ਨਾ ਲਗਾਓ ਜਾਂ ਜਿਹੜੇ ਹੱਥਾਂ ਨਾਲ ਤੁਸੀਂ ਕਿਸੇ ਬਾਹਰਲੀ ਵਸਤੂ ਛੂਹਿਆ ਹੈ ਉਨ੍ਹਾਂ ਹੱਥਾਂ ਨੂੰ ਮੂੰਹ ਜਾਂ ਨੱਕ 'ਤੇ ਨਾ ਲਗਾਓ।

ਜੇਕਰ ਤੁਹਾਨੂੰ ਕਿਤੇ ਆਪਣੇ ਇਲਾਕੇ ਵਿੱਚ ਪਰਵਾਸੀ ਪੰਛੀ ਅਤੇ ਪੋਲਟ੍ਰੀ ਪੰਛੀ ਮਰੇ ਮਿਲਦੇ ਹਨ ਤਾਂ ਤੁਰੰਤ ਓਥੋਰਿਟੀ ਨੂੰ ਸੰਪਰਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)