ਕਿਸਾਨ ਅੰਦੋਲਨ : ਦਿੱਲੀ ਦੇ ਸਿੰਘੂ ਬਾਰਡਰ ਤੋਂ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਦਿੱਤੀ ਇਹ ਚੁਣੌਤੀ

ਕਿਸਾਨ ਅੰਦੋਲਨ ਦੀਆਂ ਅਹਿਮ ਘਟਨਾਕ੍ਰਮ ਇਸ ਪੇਜ ਰਾਹੀਂ ਤੁਹਾਡੇ ਤੱਕ ਪਹੁੰਚਾਵਾਂਗੇ। ਨਰਿੰਦਰ ਮੋਦੀ ਨੇ 2020 ਦੀ ਆਖਰੀ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਕਿਹਾ ਕਿ ਭਾਰਤ ਵਿੱਚ ਬਣਨ ਵਾਲੇ ਸਾਮਾਨ ਵਿਸ਼ਵ ਪੱਧਰੀ ਹੋਣੇ ਚਾਹੀਦੇ ਹਨ।

ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਥਾਲੀਆਂ ਖੜਕਾ ਕੇ ਵਿਰੋਧ ਕੀਤਾ।

ਸਿੰਘੂ ਮੋਰਚੇ ਉੱਪਰ ਬੈਠੇ ਕਿਸਾਨਾਂ ਵੱਲੋਂ ਮਿੱਥੇ ਪ੍ਰੋਗਰਾਮ ਮੁਤਾਬਕ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵੀ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਸੰਬੰਧ ਵਿੱਚ ਸਿੰਘੂ ਬਾਰਡਰ ਉੱਪਰ ਅੱਜ ਸਵੇਰੇ ਕਿਸਾਨਾਂ ਵੱਲੋਂ ਪਾਠ ਵੀ ਕੀਤੇ ਗਏ।

ਇਸ ਦੌਰਾਨ ਅੱਜ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਿੰਘੂ ਬਾਰਡਰ 'ਤੇ ਗੁਰੂ ਤੇਗ ਬਹਾਦਰ ਮੈਮੋਰੀਅਲ ਪਹੁੰਚੇ।

ਇਹ ਵੀ ਪੜ੍ਹੋ:

ਅਰਵਿੰਦ ਕੇਜਰੀਵਾਲ ਪਹੁੰਚੇ ਸਿੰਘੂ ਬਾਰਡਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਿਸਾਨ ਆਗੂਆਂ ਅਤੇ ਆਪਣੇ ਮਾਹਰਾਂ ਵਿਚਾਲੇ ਲਾਈਵ ਡਿਬੇਟ ਕਰਵਾ ਲੈਣ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਕਿੰਨੇ ਖਤਰਨਾਕ ਹਨ।

ਕੇਜਰੀਵਾਲ ਸਿੰਘੂ ਬਾਰਡਰ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਵਿਖੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਯਾਦ ਵਿਚ ਦਿੱਲੀ ਪੰਜਾਬੀ ਅਕਾਡਮੀ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਬੋਲ ਰਹੇ ਸਨ।

ਅਰਵਿੰਦ ਕੇਜਰੀਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਨੇ ਸਾਰੇ ਵੱਡੇ ਆਗੂਆਂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ ਅਤੇ ਖੇਤੀ ਕਾਨੂੰਨਾਂ ਦਾ ਫਾਇਦੇ ਦੱਸ ਰਹੇ ਹਨ। ਪਰ ਉਹ ਇਨ੍ਹਾਂ ਕਾਨੂੰਨਾਂ ਦਾ ਇੱਕ ਵੀ ਫਾਇਦਾ ਨਹੀਂ ਦੱਸ ਪਾ ਰਹੇ। ਉਹ ਸਿਰਫ਼ ਇਹ ਦੱਸ ਰਹੇ ਹਨ ਕਿ ਇਸ ਦੇ ਇਹ ਨੁਕਸਾਨ ਨਹੀਂ ਹੋਣਗੇ।

ਉਨ੍ਹਾਂ ਕਿਹਾ, "ਭਾਜਪਾ ਆਗੂ ਦੱਸਦੇ ਹਨ ਕਿਸਾਨਾਂ ਦੀ ਜ਼ਮੀਨ ਹੀਂ ਜਾਏਗੀ, ਐੱਮਐੱਸਪੀ ਨਹੀਂ ਜਾਏਗੀ- ਤਾਂ ਕੀ ਇਹ ਕੋਈ ਫਾਇਦਾ ਹੋਇਆ? ਫਿਰ ਖੇਤੀ ਕਾਨੂੰਨ ਕਿਉਂ ਲਿਆਂਦੇ ਹਨ?"

"ਉਹ ਕੋਈ ਫਾਇਦਾ ਨਹੀਂ ਦੱਸਦੇ, ਸਗੋਂ ਇਹ ਦੱਸਦੇ ਹਨ ਕਿ ਖੇਤੀ ਕਾਨੂੰਨਾਂ ਨਾਲ ਇਹ ਨੁਕਸਾਨ ਨਹੀਂ ਹੋਵੇਗਾ। ਬਸ ਇੱਕ ਫਾਇਦਾ ਦੱਸਦੇ ਹਨ। ਕਿਤੇ ਵੀ ਫਸਲ ਵੇਚ ਸਕਦੇ ਹਨ। ਪਰ ਬਿਨਾਂ ਮੰਡੀਆਂ ਦੇ ਕਿੱਥੇ ਫ਼ਸਲ ਵੇਚਣਗੇ ਕਿਸਾਨ। ਫਾਇਦਾ ਸਿਰਫ਼ ਪੂੰਜੀਪਤੀਆਂ ਨੂੰ ਹੈ।"

ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਆਗੂਆਂ ਵਿਚਾਲੇ ਚਰਚਾ ਕਰਵਾ ਦੇਣੀ ਚਾਹੀਦੀ ਹੈ।

"ਭਾਜਪਾ ਦੇ ਜੋ ਵੀ ਸਭ ਤੋਂ ਵੱਡੇ ਮੰਤਰੀ ਹਨ, ਉਹ ਜਾਣ ਅਤੇ ਕਿਸਾਨ ਆ ਜਾਣ। ਦੋਹਾਂ ਧਿਰਾਂ ਵਿਚਾਲੇ ਇੱਕ ਚਰਚਾ ਕਰਵਾ ਦਿੰਦੇ ਹਾਂ ਖੇਤੀ ਕਾਨੂੰਨਾਂ ਬਾਰੇ, ਪਤਾ ਲੱਗ ਜਾਏਗਾ ਕਿ ਕਿੰਨੇ ਖਤਰਨਾਕ ਹਨ ਇਹ ਕਾਨੂੰਨ।"

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, "ਇੰਨੀ ਠੰਡ ਵਿਚ ਪਿਛਲੇ 32 ਦਿਨਾਂ ਤੋਂ ਸਾਡੇ ਕਿਸਾਨਾਂ ਨੂੰ ਸੜਕਾਂ ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੈਨੂੰ ਦੁਖ ਹੈ ਕਿ 40 ਤੋਂ ਵੱਧ ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦੀ ਗੱਲ ਸੁਣਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ।"

'ਕਿਸਾਨਾਂ ਨੂੰ ਅਰਬਨ ਨਕਸਲੀ ਕਹਿਣਾ ਗਲਤ'

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, "ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਅੱਜ ਦੇ ਅਖ਼ਬਾਰਾਂ ਵਿਚ ਕਿਸਾਨਾਂ ਨੂੰ ਸ਼ਹਿਰੀ ਨਕਸਲੀ ਕਹਿਣਾ ਬਹੁਤ ਹੀ ਭੱਦਾ ਤੇ ਮੂਰਖਤਾ ਵਾਲਾ ਹੈ। ਕੀ ਉਹ ਸੋਚਦੇ ਹਨ ਕਿ ਕਿਸਾਨੀ ਕਾਨੂੰਨ ਖਿਲਾਫ਼ ਰੋਹ ਸਿਰਫ਼ ਦਿੱਲੀ ਤੱਕ ਸੀਮਿਤ ਹੈ?"

ਉਨ੍ਹਾਂ ਚੇਤਾਵਨੀ ਦਿੰਦਿਆ ਕਿਹ, "ਜੇ ਇਸ ਮੁੱਦੇ ਨੂੰ ਦਿੱਲੀ ਵਿਚ ਕਿਸੇ ਵੀ ਤਰ੍ਹਾਂ ਗਲਤ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਹੈ, ਗਲਤ ਕਰਵਾਈ ਜਾਂ ਮਾੜੀ ਨੀਤੀ ਰਾਹੀਂ ਤਾਂ ਇਸ ਤੋਂ ਬਾਅਦ ਹੋਣ ਵਾਲੀਆਂ ਘਟਨਾਵਾਂ ਲਈ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਤੇ ਇਲਜ਼ਾਮ ਲਾਉਣ ਦੀ ਲੋੜ ਨਹੀ। ਪੰਜਾਬ ਪੁਲਿਸ ਚੰਗਾ ਕੰਮ ਕਰ ਰਹੀ ਹੈ। ਅਸੀਂ ਹਮੇਸ਼ਾ ਸ਼ਾਂਤੀ ਤੇ ਸ਼ਾਂਤਮਈ ਮੁਜ਼ਾਹਰੇ ਦੇ ਨਾਲ ਹਾਂ।"

ਟਿਕਰੀ ਬਾਰਡਰ 'ਤੇ ਵਕੀਲ ਨੇ ਕੀਤੀ ਖੁਦਕੁਸ਼ੀ

ਇੱਕ ਵਕੀਲ ਨੇ ਟਿਕਰੀ ਬਾਰਡਰ 'ਤੇ ਖੁਦਕੁਸ਼ੀ ਕਰ ਲਈ ਹੈ। ਜਲਾਲਾਬਾਦ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਮ ਦੇ ਇਸ ਵਕੀਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਇੱਕ ਸੁਸਾਈਡ ਨੋਟ ਵੀ ਲਿਖਿਆ।

ਸੁਸਾਈਡ ਨੋਟ ਵਿਚ ਲਿਖਿਆ-

"ਦੇਸ ਦੇ ਆਮ ਲੋਕਾਂ ਨੇ ਤੁਹਾਨੂੰ ਪੂਰਾ ਬਹੁਮਤ ਤੇ ਤਾਕਤ ਦਿੱਤਾ ਅਤੇ ਜ਼ਿੰਦਗੀ ਬਿਹਤਰ ਕਰਨ ਲਈ ਭਰੋਸਾ ਜਤਾਇਆ। ਆਜ਼ਾਦੀ ਤੋਂ ਬਾਅਦ ਆਮ ਲੋਕਾਂ ਨੂੰ ਤੁਹਾਡੇ ਤੋਂ ਪ੍ਰਧਾਨ ਮੰਤਰੀ ਵਜੋਂ ਬਹੁਤ ਉਮੀਦਾਂ ਸਨ।

ਪਰ ਮੈਨੂੰ ਲਿਖਦੇ ਹੋਏ ਬਹੁਤ ਦੁਖ ਹੋ ਰਿਹਾ ਹੈ ਕਿ ਤੁਸੀਂ ਸਿਰਫ਼ ਅੰਬਾਨੀ ਤੇ ਅਡਾਨੀ ਵਰਗੇ ਇੱਕ ਖਾਸ ਗਰੁੱਪ ਦੇ ਪ੍ਰਧਾਨ ਮੰਤਰੀ ਬਣ ਗਏ ਹੋ। ਕਿਸਾਨ ਅਤੇ ਮਜ਼ਦੂਰ ਤਿੰਨ ਕਾਲੇ ਖੇਤੀ ਕਾਨੂੰਨਾਂ ਕਾਰਨ ਧੋਖਾ ਮਹਿਸੂਸ ਕਰ ਰਹੇ ਹਨ। ਆਮ ਲੋਕ ਸੜਕਾਂ 'ਤੇ ਵੋਟਾਂ ਲਈ ਨਹੀਂ ਆਪਣੇ ਪਰਿਵਾਰਾਂ ਤੇ ਪੀੜ੍ਹੀਆਂ ਦੀ ਰੋਜ਼ੀ-ਰੋਟੀ ਦੀ ਰਾਖੀ ਲਈ ਹਨ।

ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਤੁਸੀਂ ਆਮ ਲੋਕਾਂ ਤੇ ਭਾਰਤ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਨੂੰ ਤੋੜ ਕੇ ਰੱਖ ਦਿੱਤਾ ਹੈ।

ਕਿਰਪਾ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੀ ਰੋਟੀ ਨਾ ਖੋਵੋ ਤੇ ਉਨ੍ਹਾਂ ਨੂੰ ਸਲਫਾਸ ਖਾਣ ਲਈ ਮਜਬੂਰ ਨਾ ਕਰੋ।

ਤੁਹਾਡੀ ਗੂੰਗੀ ਤੇ ਬਹਿਰੀ ਆਤਮਾ ਨੂੰ ਜਗਾਉਣ ਲਈ ਮੈਂ ਦੁਨੀਆਂ ਭਰ ਵਿਚ ਹੋ ਰਹੇ ਸੰਘਰਸ਼ ਦੇ ਸਮਰਥਨ ਵਿਚ ਕੁਰਬਾਨੀ ਦਿੰਦਾ ਹਾਂ।"

ਰੱਖਿਆ ਮੰਤਰੀ ਨੇ ਕਿਸਾਨਾਂ ਦੇ ਮੁੱਦੇ 'ਤੇ ਕਿਹਾ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਕਦੇ ਵੀ ਐੱਮਐੱਸਪੀ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਭਵਿੱਖ ਵਿਚ ਕਦੇ ਕੀਤੀ ਜਾਵੇਗੀ। ਰਾਜਨਾਥ ਸਿੰਘ ਜੈ-ਰਾਮ ਠਾਕੁਰ ਦੀ ਅਗਵਾਈ ਵਾਲੀ ਹਿਮਾਚਲ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਸੂਬੇ ਦੇ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ, "ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜੋ ਖੇਤੀ ਬਾਰੇ ਜਾਣਦੇ ਨਹੀਂ, ਉਹ ਭੋਲੇਭਾਲੇ ਕਿਸਾਨਾਂ ਨੂੰ ਭਰਮਾ ਰਹੇ ਹਨ। ਸਾਡੀ ਸਰਕਾਰ ਨੇ ਕਦੇ ਵੀ ਐੱਮਐੱਸਪੀ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਭਵਿੱਖ ਵਿਚ ਕਦੇ ਕੀਤੀ ਜਾਵੇਗੀ। ਮੰਡੀਆਂ ਵੀ ਬਰਕਰਾਰ ਰਹਿਣਗੀਆਂ।"

ਕਿਸਾਨਾਂ ਨੇ ‘ਮਨ ਕੀ ਬਾਤ’ ਵੇਲੇ ਥਾਲੀਆਂ ਖੜਕਾਈਆਂ

ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਧਰਨੇ ’ਤੇ ਬੈਠੇ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤਾ ਗਿਆ।

ਮਨ ਕੀ ਬਾਤ ਦੀਆਂ ਅਹਿਮ ਗੱਲਾਂ

  • ਭਾਰਤ ਵਿੱਚ ਬਣਨ ਵਾਲੇ ਸਾਮਾਨ ਵਿਸ਼ਵ ਪੱਧਰੀ ਹੋਣੇ ਚਾਹੀਦੇ ਹਨ। ਸਾਨੂੰ ਵੇਖਣਾ ਹੋਵੇਗਾ ਕਿ ਸਾਡੇ ਦੇਸ ਵਿੱਚ ਬਣਦੇ ਸਾਮਾਨ ਦੀ ਚੰਗੀ ਕੁਆਲਿਟੀ ਹੋਵੇ।
  • ਦੇਸਵਾਸੀਆਂ ਨੂੰ ਅਪੀਲ ਹੈ ਕਿ ਉਹ ਰੋਜ਼ ਇਸਤੇਮਾਲ ਹੋਣ ਵਾਲੀ ਚੀਜ਼ਾਂ ਦੀ ਸੂਚੀ ਬਣਾਉਣ ਤੇ ਵੇਖਣ ਕਿ ਉਨ੍ਹਾਂ ਵਿੱਚੋਂ ਕਿਹੜੀਆਂ ਚੀਜ਼ਾਂ ਅਸੀਂ ਭਾਰਤ ਵਿੱਚ ਬਣੀਆਂ ਇਸਤੇਮਾਲ ਕਰ ਸਕਦੇ ਹਾਂ।
  • ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਨੀਹਾਂ ਵਿੱਚ ਚੁਣਵਾਇਆ ਗਿਆ। ਮਾਤਾ ਗੁਜਰੀ ਨੂੰ ਵੀ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ।
  • ਭਾਰਤ ਵਿੱਚ ਤੇਂਦੁਏ ਦੀ ਗਿਣਤੀ ਵਿੱਚ 60 ਫੀਸਦੀ ਤੱਕ ਇਜਾਫਾ ਹੋਇਆ ਹੈ।
  • ਸਰਦੀ ਵਿੱਚ ਲੋਕ ਪਸ਼ੂਆਂ ਦਾ ਖਿਆਲ ਰੱਖ ਰਹੇ ਹਨ।
  • ਮੈਨੂੰ ਚੰਗਾ ਲਗਦਾ ਹੈ ਕਿ ਸਾਡੇ ਦੇਸ ਦੇ ਨੌਜਵਾਨਾਂ ਵਿੱਚ ‘ਕੈਨ ਡੂ’ ਤੇ ‘ਵੀ ਡੂ’ ਦੀ ਭਾਵਨਾ ਹੈ।
  • ਕਸ਼ਮੀਰ ਦੇ ਕੇਸਰ ਨੂੰ ਅਸੀਂ ਵਿਸ਼ਵ ਪੱਧਰ ਬਰਾਂਡ ਬਣਾਉਣਾ ਚਾਹੁੰਦੇ ਹਾਂ ਤੇ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।
  • ਅਗਲ ਵਾਰ ਜਦੋਂ ਵੀ ਕੇਸਰ ਖਰੀਦੋ ਤਾਂ ਕਸ਼ਮੀਰ ਦਾ ਕੇਸਰ ਹੀ ਖਰੀਦਣਾ
  • ਗੁਰੂਗ੍ਰਾਮ ਦੇ ਪਰਦੀਪ ਸਾਂਘਵਾਨ ਕੁਝ ਵੱਖ ਕਰਦੇ ਹਨ ਤੇ ‘ਹੀਲਿੰਗ ਹਿਮਾਲਿਆ’ ਮੁਹਿੰਮ ਤਹਿਤ ਹਿਮਾਲਿਆ ਦੀਆਂ ਪਹਾੜੀਆਂ ਨੂੰ ਸਾਫ਼ ਕਰਦੇ ਹਨ।
  • 2021 ਦੇ ਸੰਕਲਪ ਤਹਿਤ ਸਾਨੂੰ ਦੇਸ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਰੱਖਣਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਐੱਨਡੀਏ ਛੱਡ ਦਿਆਂਗੇ- ਹਨੂਮਾਨ ਬੇਨੀਵਾਲ

ਰਾਸ਼ਟਰੀ ਲੋਕਤੰਤਰੀ ਪਾਰਟੀ ਦੇ ਕਨਵੀਨਰ ਅਤੇ ਨਾਗੌਰ ਰਾਜਸਥਾਨ ਤੋਂ ਸਾਂਸਦ ਹਨੂਮਾਨ ਬੇਨੀਵਾਲ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਐੱਨਡੀਏ ਛੱਡ ਜਾਣ ਦੀ ਧਮਕੀ ਦਿੱਤੀ ਹੈ।

ਉਨ੍ਹਾਂ ਨੇ ਮਾਮਲੇ ਨੂੰ ਸੁਲਝਾਉਣ ਲਈ ਮੋਦੀ ਸਰਕਾਰ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ।

ਬੀਬੀਸੀ ਪੱਤਰਕਾਰ ਦੇਵੀਨਾ ਗੁਪਤਾ ਨੂੰ ਉਨ੍ਹਾਂ ਨੇ ਦੱਸਿਆ,"ਅਸੀਂ ਪਹਿਲਾਂ ਹੀ ਅਲਟੀਮੇਟਮ ਦਿੱਤਾ ਹੋਇਆ ਸੀ।

ਜਦੋਂ ਖੇਤੀ ਬਿਲ ਸੰਸਦ ਵਿੱਚ ਰੱਖੇ ਗਏ ਤਾਂ ਮੈਂ ਉੱਥੇ ਮੌਜੂਦ ਨਹੀਂ ਸਨ ਜੇ ਹੁੰਦੇ ਤਾਂ ਜਰੂਰ ਵਿਰੋਧ ਕੀਤਾ ਪਰ ਉਨ੍ਹਾਂ ਨੇ ਸੰਸਦ ਤੋਂ ਬਾਹਰ ਹਰ ਥਾਂ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਐੱਨਡੀਏ ਨੂੰ 25 ਸੀਟਾਂ ਉਨ੍ਹਾਂ ਕਰ ਕੇ ਮਿਲੀਆਂ। ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਉਹ ਐੱਨਡੀਏ ਛੱਡ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ 370 ਹਟਾ ਸਕਦੇ ਹਨ ਤਾਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਵੀ ਲਾਗੂ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਬਿਲ ਲਿਆਂਦੇ ਗਏ ਤਾਂ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।

ਸ਼ਨਿੱਚਰਵਾਰ ਦੀਆਂ ਪ੍ਰਮੁੱਖ ਘਟਨਾਵਾਂ

  • ਕੇਂਦਰ ਸਰਕਾਰ ਵਲੋਂ ਦਿੱਤੇ ਮੀਟਿੰਗ ਦੇ ਸੱਦੇ ਨੂੰ ਕਿਸਾਨ ਜਥੇਬੰਦੀਆਂ ਨੇ ਬੈਠਕ ਕਰਕੇ ਪ੍ਰਵਾਨ ਕਰ ਲਿਆ ਹੈ। ਇਸ ਲਈ ਉਨ੍ਹਾਂ ਨੇ 29 ਤਰੀਕ ਦਾ ਦਿਨ ਸਰਕਾਰ ਨੂੰ ਦੱਸਿਆ ਅਤੇ ਇੱਕ ਚਾਰ ਨੁਕਾਤੀ ਏਜੰਡਾ ਵੀ ਸਰਕਾਰ ਨੂੰ ਭੇਜਿਆ।
  • ਅਗਲੀ ਰਣਨੀਤੀ ਵਜੋਂ ਪੰਜਾਬ ਤੇ ਹਰਿਆਣਾ ਦੇ ਟੋਲ ਪਲਾਜ਼ਾ ਪੱਕੇ ਤੌਰ 'ਤੇ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਗਿਆ।
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬਿਨਾਂ ਏਜੰਡੇ ਦੇ ਗੱਲਬਾਤ ਲਈ ਨਹੀਂ ਸੱਦਣਾ ਚਾਹੀਦਾ ਹੈ।
  • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਤੱਕ ਨਰਿੰਦਰ ਮੋਦੀ ਦੇਸ ਦੇ ਪ੍ਰਧਾਨ ਮੰਤਰੀ ਹਨ ਉਦੋਂ ਤੱਕ ਕੋਈ ਕਾਰਪੋਰੇਟ ਕਿਸਾਨਾਂ ਦੀ ਜ਼ਮੀਨ ਨਹੀਂ ਖੋਹ ਸਕਦਾ।
  • ਉੱਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ-ਗਾਜ਼ੀਆਬਾਦ ਬਾਰਡਰ 'ਤੇ ਸਥਿਤ ਦਿੱਲੀ-ਮੋਹਨ ਨਗਰ ਰੋਡ ਬੰਦ ਕਰ ਦਿੱਤੀ ਗਈ ।
  • ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਵਾਲ ਖੜ੍ਹਾ ਕੀਤਾ ਕਿ ਜੇ ਖੇਤੀ ਕਾਨੂੰਨ ਇੰਨੇ ਹੀ ਚੰਗੇ ਹਨ ਤਾਂ ਫਿਰ ਇਸ ਵਿਚ ਸੋਧ ਦੀ ਗੱਲ ਕਿਉਂ ਹੋ ਰਹੀ ਹੈ।
  • ਹਰਿਆਣਾ-ਰਾਜਸਥਾਨ ਬਾਰਡਰ ਨੂੰ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਦੇ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਕੁਝ ਕਿਸਾਨਾਂ ਨੇ ਉੱਥੇ ਡੇਰੇ ਵੀ ਲਗਾ ਲਏ ਸਨ।

ਇਹ ਸਾਰੀਆਂ ਖ਼ਬਰਾਂ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)