ਸਿੰਘੂ ਬਾਰਡਰ ’ਤੇ 65 ਸਾਲਾ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਦੀ ਮੌਤ

ਬੁੱਧਵਾਰ ਸ਼ਾਮ ਨੂੰ ਸਿੰਘੂ ਬਾਰਡਰ 'ਤੇ 65 ਸਾਲਾ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਦੀ ਕਥਿਤ ਤੌਰ 'ਤੇ ਖ਼ੁਦ ਨੂੰ ਗੋਲੀ ਮਾਰਨ ਨਾਲ ਮੌਤ ਹੋ ਗਈ ਹੈ।

ਉਹ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਇੱਕ ਪਿੰਡ ਸਿੰਘੜਾ ਨਾਲ ਸਬੰਧ ਰੱਖਦੇ ਸਨ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮੀਡੀਆ ਰਾਹੀਂ ਹੀ ਮਿਲੀ ਹੈ।

ਉਨ੍ਹਾਂ ਕਿਹਾ, "ਸਾਡੇ ਕੋਲ ਅਜੇ ਤੱਕ ਅਜਿਹੀ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਕਰਨਾਲ ਦੇ ਸਿਵਿਲ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਉਨ੍ਹਾਂ ਨੂੰ ਐਲਾਨ ਦਿੱਤਾ ਗਿਆ। ਪੁਲਿਸ ਬਿਆਨ ਦਰਜ ਕਰ ਰਹੀ ਹੈ।"

ਇਹ ਵੀ ਪੜ੍ਹੋ

ਬੀਬੀਸੀ ਸਹਿਯੋਗੀ ਸਤ ਸਿੰਘ ਅਨੁਸਾਰ ਕਰਨਾਲ ਦੇ ਐੱਸਪੀ ਗੰਗਾ ਰਾਮ ਪੂਨੀਆ ਨੇ ਕਿਹਾ ਕਿ ਮ੍ਰਿਤਕ ਦੇਹ ਕਰਨਾਲ ਦੇ ਸਿਵਿਲ ਹਸਪਤਾਲ ਪਹੁੰਚ ਚੁੱਕੀ ਹੈ ਅਤੇ ਪੋਸਟਮਾਰਟਮ ਹੋ ਰਿਹਾ ਹੈ।

ਮ੍ਰਿਤਕ ਦੇ ਸਾਥੀ ਜੋਗਾ ਸਿੰਘ ਨੇ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੂੰ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਨੂੰ ਗੋਲੀ ਮਾਰ ਲਈ।

ਜੋਗਾ ਸਿੰਘ ਨੇ ਕਿਹਾ, "ਉਹ ਦੂਜੀ ਵਾਰ ਧਰਨੇ ਵਾਲੀ ਥਾਂ 'ਤੇ ਆਏ ਸਨ। ਉਹ ਕਿਸਾਨਾਂ ਦੇ ਸੰਤਾਪ ਨੂੰ ਵੇਖ ਕੇ ਕਾਫ਼ੀ ਦੁਖ਼ੀ ਸਨ।"

ਸਿੰਘੜਾ ਪਿੰਡ ਦੇ ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਬਾਬਾ ਰਾਮ ਸਿੰਘ ਦੇ ਵੱਡੀ ਗਿਣਤੀ 'ਚ ਸਮਰਥਕ ਸਨ ਅਤੇ ਉਹ ਗੁਰਦੁਆਰੇ 'ਚ ਹੀ ਰਹਿੰਦੇ ਹਨ।

ਉਨ੍ਹਾਂ ਦੱਸਿਆ, "ਉਹ ਲਗਾਤਾਰ ਦਿੱਲੀ ਹਰਿਆਣਾ ਦੇ ਬਾਰਡਰ 'ਤੇ ਧਰਨੇ ਲਈ ਜਾ ਰਹੇ ਸਨ ਅਤੇ ਕਿਸਾਨਾਂ ਦੇ ਚੱਲ ਰਹੇ ਇਸ ਸੰਘਰਸ਼ ਨੂੰ ਲੈ ਕੇ ਕਾਫ਼ੀ ਦੁਖ਼ੀ ਸਨ।"

ਕੈਪਟਨ ਅਮਰਿੰਦਰ ਨੇ ਸੋਗ ਜਤਾਇਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ 'ਤੇ ਦੁਖ਼ ਜਤਾਂਦਿਆਂ ਕਿਹਾ ਕਿ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੌਰਾਨ ਸੰਤ ਰਾਮ ਸਿੰਘ ਜੀ ਦੀ ਇਹ ਖ਼ਬਰ ਹੈਰਾਨ ਕਰ ਦੇਣ ਵਾਲੀ ਹੈ।

ਅਕਾਲੀ ਦਲ ਨੇ ਵੀ ਰਾਮ ਸਿੰਘ ਦੀ ਮੌਤ ’ਤੇ ਦੁਖ ਜ਼ਾਹਿਰ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਮ ਸਿੰਘ ਦੀ ਮੌਤ ਨੇ ਸਾਰਿਆਂ ਨੂੰ ਝੰਝੋੜ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)