ਕਿਸਾਨ ਅੰਦੋਲਨ: ਸੁਖਬੀਰ ਬਾਦਲ ਦਾ ਸਵਾਲ, 'ਕੀ ਭਾਜਪਾ ਜਾਂ ਕਿਸੇ ਹੋਰ ਨੂੰ ਕਿਸੇ ਨੂੰ ਵੀ ਐਂਟੀ-ਨੈਸ਼ਨਲ ਕਹਿਣ ਦਾ ਹੱਕ ਹੈ?' - ਪ੍ਰੈੱਸ ਰਿਵੀਊ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪੁਰਾਣੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਉੱਤੇ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਭਾਜਪਾ ਤੋਂ ਕਿਸਾਨਾਂ ਨੂੰ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ।

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਐਂਟੀ-ਨੈਸ਼ਨਲ ਕਹਿ ਰਹੇ ਹਨ, ਉਹ ਖ਼ੁਦ ਐਂਟੀ-ਨੈਸ਼ਨਲ ਹਨ।

ਇਕੋਨੌਮਿਕਸ ਟਾਇਮਜ਼ ਦੀ ਖ਼ਬਰ ਮੁਤਾਬਕ ਖ਼ਬਰ ਏਜੰਸੀ ਏਐੱਨਆਈ ਨਾਲ ਫ਼ੋਨ ਉੱਤੇ ਹੋਈ ਗੱਲਬਾਤ ਵਿੱਚ ਸੁਖਬੀਰ ਬਾਦਲ ਨੇ ਕਿਹਾ, ''ਤੁਸੀਂ ਦੇਖਿਆ ਹੋਣਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਕਿਸਾਨ ਅੰਦੋਲਨ ਵਿੱਚ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਅਤੇ ਇਸ ਤੋਂ ਸਾਫ਼ ਹੈ ਕਿ ਇਹ ਅੰਦੋਲਨ ਸਿਆਸੀ ਤੌਰ 'ਤੇ ਪ੍ਰੇਰਿਤ ਨਹੀਂ ਹਨ।"

"ਬਜ਼ੁਰਗ ਔਰਤਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਹਨ, ਕੀ ਉਹ ਖ਼ਾਲੀਸਤਾਨੀ ਲਗਦੀਆਂ ਹਨ? ਇਹ ਦੇਸ਼ ਦੇ ਕਿਸਾਨਾਂ ਨੂੰ ਐਂਟੀ-ਨੈਸ਼ਨਲ ਕਹਿਣ ਦਾ ਤਰੀਕਾ ਹੈ।''

ਇਹ ਵੀ ਪੜ੍ਹੋ:

''ਇਹ ਦੇਸ਼ ਦੇ ਕਿਸਾਨਾਂ ਲਈ ਵੱਡੀ ਬੇਜ਼ਿਤੀ ਹੈ। ਉਹ ਸਾਡੇ ਕਿਸਾਨਾਂ ਨੂੰ ਗ਼ੈਰ-ਰਾਸ਼ਟਰਵਾਦੀ ਕਿਵੇਂ ਕਹਿ ਸਕਦੇ ਹਨ? ਕੀ ਭਾਜਪਾ ਜਾਂ ਕਿਸੇ ਹੋਰ ਨੂੰ ਕਿਸੇ ਨੂੰ ਵੀ ਐਂਟੀ-ਨੈਸ਼ਨਲ ਕਹਿਣ ਦਾ ਹੱਕ ਹੈ? ਉਨ੍ਹਾਂ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਹੈ?''

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਬੰਦ ਕਰਵਾਉਣ ਲਈ ਪਟੀਸ਼ਨ ਦਾਇਰ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਟਵਿੱਟਰ ਅਕਾਊਂਟ ਨੂੰ ਮੁਕੰਮਲ ਤੌਰ ਉੱਤੇ ਬੰਦ ਕਰਵਾਉਣ ਲਈ ਤਾਜ਼ਾ ਅਰਜ਼ੀ ਦਾਇਰ ਕੀਤੀ ਗਈ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਬੌਂਬੇ ਹਾਈ ਕੋਰਟ ਵਿੱਚ ਕੰਗਨਾ ਰਣੌਤ ਦੇ ਟਵਿੱਟਰ ਖ਼ਾਤੇ ਨੂੰ ਪੂਰਨ ਤੌਰ ਉੱਤੇ ਬੰਦ ਕਰਨ ਲਈ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ।

ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਦਾ ਟਵਿੱਟਰ ਅਕਾਊਂਟ ਇਸੇ ਸਾਲ ਨਫ਼ਰਤ ਫ਼ੈਲਾਉਣ ਕਰਕੇ ਬੰਦ ਹੋਇਆ ਸੀ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

ਦਾਇਰ ਪਟੀਸ਼ਨ ਦੇ ਨਾਲ ਕੰਗਨਾ ਵੱਲੋਂ ਕੀਤੇ ਗਏ ਕਈ ਟਵੀਟ ਨੱਥੀ ਕੀਤੇ ਗਏ ਤਾਂ ਜੋ ਨਫ਼ਰਤ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।

ਕਰਨਾਟਕ ਦੇ ਖ਼ੇਤੀ ਮੰਤਰੀ ਨੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਡਰਪੋਕ ਆਖਿਆ

ਕਰਨਾਟਕ ਦੇ ਖ਼ੇਤੀ ਮੰਤਰੀ ਬੀ ਸੀ ਪਾਟਿਲ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਡਰਪੋਕ ਹਨ।

ਇੰਡੀਆ ਟੂਡੇ ਦੀ ਖ਼ਬਰ ਦੇ ਮੁਤਾਬਕ ਕਰਨਾਟਕ ਦੇ ਕੋਡਾਗੁ ਜ਼ਿਲ੍ਹੇ ਦੇ ਪੋਨਮਪੇਟ ਵਿੱਚ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਸੂਬੇ ਦੇ ਖ਼ੇਤੀ ਮੰਤਰੀ ਨੇ ਕਿਹਾ, "ਜਿਹੜੇ ਕਿਸਾਨ ਖ਼ੁਦਕੁਸ਼ੀ ਕਰਦੇ ਹਨ, ਉਹ ਡਰਪੋਕ ਹਨ। ਸਿਰਫ਼ ਡਰਪੋਕ ਹੀ ਖ਼ੁਦਕੁਸ਼ੀ ਕਰਦੇ ਹਨ, ਜੋ ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਨਹੀਂ ਕਰ ਸਕਦੇ।"

ਪਾਟਿਲ ਪੋਨਮਪੇਟ ਵਿੱਚ ਇੱਕ ਪ੍ਰੋਗਰਾਮ ਦੌਰਾਨ ਦੱਸ ਰਹੇ ਸਨ ਕਿ ਖ਼ੇਤੀ ਕਾਰੋਬਾਰ ਕਿੰਨਾ ਮੁਨਾਫ਼ੇ ਵਾਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁਝ ਡਰਪੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਅਤੇ ਉਹ ਖ਼ੁਦਕੁਸ਼ੀ ਕਰਦੇ ਹਨ।

ਸੁਸ਼ੀਲ ਮੋਦੀ: ਕਿਸਾਨ ਅੰਦੋਲਨ 'ਚ 100 ਗ਼ੈਰ-ਕਿਸਾਨ ਜਥੇਬੰਦੀਆਂ ਦੀ ਘੁਸਪੈਠ ਚਿੰਤਾ ਦੀ ਗੱਲ

ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਨਾਮ ਉੱਤੇ ਵਿਦੇਸ਼ੀ ਫੰਡਿੰਗ ਨਾਲ ਚੱਲਣ ਵਾਲੀਆਂ 100 ਛੋਟੀਆਂ ਵੱਡੀਆਂ ਜਥੇਬੰਦੀਆਂ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ।

ਨਵਭਾਰਤ ਟਾਇਮਜ਼ ਦੀ ਖ਼ਬਰ ਮੁਤਾਬਕ ਸੁਸ਼ੀਲ ਕੁਮਾਰ ਮੋਦੀ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਗੰਭੀਰ ਹੈ। ਪਰ ਐਵਾਰਡ ਵਾਪਸੀ ਦੀ ਧਮਕੀ ਮਾਹੌਲ ਵਿਗਾੜਨ ਵਾਲੀ ਹੈ।

ਖ਼ਬਰ ਮੁਤਾਬਕ ਸੁਸ਼ੀਲ ਮੋਦੀ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਦੇ ਨਾਮ ਉੱਤੇ ਵਿਦੇਸ਼ੀ ਫੰਡਿੰਗ ਨਾਲ ਚੱਲਣ ਵਾਲੀਆਂ 100 ਗ਼ੈਰ-ਕਿਸਾਨ ਜਥੇਬੰਦੀਆਂ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)