Farmers Protest: ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਸੰਘਰਸ਼ ਦੀ ਇਹ ਰਣਨੀਤੀ ਐਲਾਨੀ

ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਕਿਹਾ ਹੈ ਕਿ ਉਹ ਲੋਕ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ।

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਤੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਿਆ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਬਿੰਦੂਆਂ:

  • ਅਸੀਂ ਸਰਕਾਰ ਨੂੰ ਆਪਣੇ ਸਾਰੇ ਤੱਥ ਲਿੱਖ ਕੇ ਭੇਜਾਂਗੇ ਕਿ ਕਿਉਂ ਇਹ ਤਿੰਨੋਂ ਖ਼ੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।
  • ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਾਂ ਸਾਡਾ ਅੰਦੋਲਨ ਜਾਰੀ ਰਹੇਗਾ।
  • ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਭੋਪਾਲ ਗੈਸ ਤ੍ਰਾਸਦੀ ਦੇ ਵਰ੍ਹੇਗੰਢ ਮੌਕੇ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਜਗਤ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ-

  • 5 ਦਸੰਬਰ ਨੂੰ ਪੂਰੇ ਦੇਸ ਵਿੱਚ ਸਰਕਾਰ ਖਿਲਾਫ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ ਤੇ 7 ਤਰੀਕੇ ਨੂੰ ਖਿਡਾਰੀਆਂ ਤੇ ਦੇਸ ਦੇ ਜਵਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਰੋਸ ਵਿੱਚ ਐਵਾਰਡ ਵਾਪਸ ਕੀਤੇ ਜਾਣਗੇ।
  • ਸਾਨੂੰ ਪੂਰੇ ਦੇਸ਼ ਦੇ ਕਿਸਾਨਾਂ ਦਾ ਸਾਥ ਮਿਲ ਰਿਹਾ ਹੈ। ਅੰਦੋਲਨ ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਹੋਵੇਗਾ।
  • ਸਰਕਾਰ ਕਿਸਾਨ ਸੰਗਠਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੇਜਰੀਵਾਲ-ਕੈਪਟਨ ਆਹਮੋ-ਸਾਹਮਣੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਦਿੱਲੀ ਵਿੱਚ ਕਾਲੇ ਕਾਨੂੰਨ ਲਾਗੂ ਕੀਤੇ ਹਨ।

ਕੇਜਰੀਵਾਲ ਨੇ ਕਿਹਾ, "ਉਹ ਅਜਿਹੀ ਨਾਜ਼ੁਕ ਸਥਿਤੀ 'ਚ ਇਨ੍ਹੀਂ ਹੇਠਾਂ ਢਿੱਗ ਕੇ ਸਿਆਸਤ ਕਰ ਸਕਦੇ ਹਨ। ਇਹ ਕਾਨੂੰਨ ਲਾਗੂ ਕਰਨਾ ਸੂਬਾ ਸਰਕਾਰਾਂ ਦੇ ਹੱਥ 'ਚ ਨਹੀਂ ਹੁੰਦਾ। ਜੇਕਰ ਅਜਿਹਾ ਹੁੰਦਾ ਤਾਂ ਕਿਸਾਨ ਕੇਂਦਰ ਸਰਕਾਰਾਂ ਖ਼ਿਲਾਫ਼ ਸੰਘਰਸ਼ ਕਿਉਂ ਕਰਦੇ।"

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੇਜਰੀਵਾਲ ਔਛੀ ਰਾਜਨੀਤੀ ਕਰ ਰਹੇ ਹਨ।

ਕੈਪਟਨ ਨੇ ਕਿਹਾ, "ਕਿਉਂ ਤੁਸੀਂ ਕੇਂਦਰ ਸਰਕਾਰ ਦੇ ਖ਼ਿਲਾਫ਼ ਖੜੇ ਨਹੀਂ ਹੋਏ ਜਿਵੇਂ ਕਿ ਅਸੀਂ ਖੜੇ ਹੋਏ ਹਾਂ।"

ਕੈਪਟਨ ਅਮਰਿੰਦਰ ਨੇ ਕਿਹਾ, "ਕਿਉਂ ਉਨ੍ਹਾਂ ਨੇ ਵਿਧਾਨਸਭਾ 'ਚ ਮਤਾ ਨਹੀਂ ਲਿਆਂਦਾ ਜਾਂ ਕੇਂਦਰ ਸਰਕਾਰ ਨਾਲ ਇਸ ਬਾਬਤ ਗੱਲਬਾਤ ਨਹੀਂ ਕੀਤੀ। ਇਸ ਗੱਲ ਨੇ ਕੇਜਰੀਵਾਲ ਸਰਕਾਰ ਦੀ ਨੀਯਤ ਦੀ ਪੋਲ ਖੋਲ੍ਹੀ ਹੈ।"

ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਕੇਜਰੀਵਾਲ ਸਰਕਾਰ 'ਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ ਕਿਸਾਨ ਸੰਘਰਸ਼ ਦੇ ਦੌਰਾਨ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ ਹੈ।

‘ਇਹ ਲਾਹੌਰ ਜਾਂ ਕਰਾਚੀ ਨਹੀਂ ਹੈ, ਇਹ ਦੇਸ਼ ਦੀ ਰਾਜਧਾਨੀ ਹੈ’

ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਕਿਹਾ, "ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਾਂਗਾ ਕਿ ਸੁਮਤ ਨਾਲ ਕੰਮ ਲੈਣ, ਗੱਲਬਾਤ ਕਰਨ। ਇਹ ਚੰਗੀ ਗੱਲ ਨਹੀਂ ਕਿ ਦਿੱਲੀ ਦਾ ਪਾਣੀ ਬੰਦ ਕਰ ਦੇਣ, ਦਿੱਲੀ ਦੇ ਰਸਤੇ ਬੰਦ ਕਰ ਦੇਣ, ਦਿੱਲੀ ਨੂੰ ਘੇਰ ਕੇ ਬੈਠ ਜਾਣ। ਇਹ ਲਾਹੌਰ ਜਾਂ ਕਰਾਚੀ ਨਹੀਂ ਹੈ, ਇਹ ਦੇਸ਼ ਦੀ ਰਾਜਧਾਨੀ ਹੈ।"

‘ਅਨੁਸ਼ਾਸਨ ਕਾਇਮ ਰੱਖਣਾ ਜ਼ਰੂਰੀ’

ਇਸ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਅੱਜ ਦੁਪਹਿਰ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਮੰਗਲਵਾਰ ਨੂੰ ਹੋਈ ਮੀਟਿੰਗ ਬਾਰੇ ਸਵੈ-ਪੜਚੋਲ ਕੀਤੀ ਗਈ। ਇਸ ਦੇ ਨਾਲ ਹੀ ਵੀਰਵਾਰ ਨੂੰ ਹੋਣ ਵਾਲੀ ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਗਈ ਹੈ।

ਇਸ ਮੀਟਿੰਗ ਤੋਂ ਬਾਅਦ ਸੀਨੀਅਰ ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਜ਼ੋਰ ਹੀ ਸਰਕਾਰ 'ਤੇ ਬਣਾਉਂਗੇ।

ਉਨ੍ਹਾਂ ਕਿਹਾ, "ਉਹੀ ਨੁਮਾਇੰਦਗੇ ਮੀਟਿੰਗ ਵਿੱਚ ਜਾਣਗੇ ਜੋ ਮੰਗਲਵਾਰ ਨੂੰ ਗਏ ਸੀ। ਕੱਲ੍ਹ ਦੀ ਮੀਟਿੰਗ ਵਿੱਚ ਕੁਝ ਅਨੁਸ਼ਾਸਨ ਭੰਗ ਹੋਇਆ ਸੀ ਜਿਸ ਦਾ ਖਿਆਲ ਹੁਣ ਅਗਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ।"

ਟਰਾਂਸਪੋਰਟ ਕਾਂਗਰਸ ਦਾ ਕਿਸਾਨਾਂ ਨੂੰ ਸਮਰਥਨ

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐਮਟੀਸੀ) ਨੇ ਕਿਸਾਨਾਂ ਦੇ ਅੰਦੋਲਨ ਨੂੰ ਦਿੱਤਾ ਆਪਣਾ ਸਮਰਥਨ ਵਧਾਉਣ ਦਾ ਫ਼ੈਸਲਾ ਲਿਆ ਹੈ।

ਏਆਈਐਮਟੀਸੀ ਦੇ ਕੁਲਤਰਨ ਸਿੰਘ ਅਟਵਾਲ ਨੇ ਕਿਹਾ ਕਿ 8 ਦਸੰਬਰ ਨੂੰ ਉਹ ਉੱਤਰ ਭਾਰਤ ਵਿੱਚ ਟੱਰਕਾਂ ਦੀ ਆਵਾਜਾਈ ਬੰਦ ਰੱਖਣਗੇ।

ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਭਾਰਤ ਬੰਦ ਬਾਰੇ ਵੀ ਵਿਚਾਰ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਖੇਤੀ ਕਾਨੂੰਨ ਸਬੰਧੀ ਸ਼ੰਕਾਵਾਂ ਨੂੰ ਦੂਰ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਅਸੀਂ ਕਿਸਾਨਾਂ ਦਾ ਪੂਰੇ ਦਿਲੋਂ ਸਮਰਥਨ ਕਰਦੇ ਹਾਂ ਕਿ ਆਸ ਕਰਦੇ ਹਾਂ ਕਿ ਸਰਕਾਰ ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦਿਆਂ ਸ਼ਾਂਤਮਈ ਢੰਗ ਨਾਲ ਨਿਪਟਾਰਾ ਕਰੇਗੀ।

ਉਨ੍ਹਾਂ ਨੇ ਕਿਹਾ ਹੈ ਉਹ ਆਪਣੇ ਜਾਇਜ਼ ਹੱਕਾਂ ਲਈ ਲੜ੍ਹ ਰਹੇ ਹਨ ਅਤੇ ਟਰਾਂਸਪੋਰਟ ਸੈਕਟਰ ਵਾਂਗ ਖੇਤੀ ਸੈਕਟਰ ਵੀ ਦੇਸ਼ ਦੀ ਰੀੜ ਦੀ ਹੱਡੀ ਹੈ।

ਉਨ੍ਹਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਿਸਾਨ ਦੇਸ਼ ਦਾ ਅੰਨਦਾਤਾ ਦੱਸਿਆ ਅਤੇ ਕਿਹਾ ਕਿ 70 ਫੀਸਦ ਪੇਂਡੂ ਲੋਕ ਖੇਤੀ ਉੱਤੇ ਨਿਰਭਰ ਕਰਦੇ ਹਨ।

ਦਿੱਲੀ ਦੇ ਕਈ ਬਾਰਡਰ ਸੀਲ

ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਤੋਂ ਦਿੱਲੀ ਵਿੱਚ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਕਿਸਾਨ ਨੋਇਡਾ ਦੇ ਚਿੱਲਾ ਬਾਰਡਰ 'ਤੇ ਬੈਠ ਗਏ ਹਨ, ਜਿਸ ਕਾਰਨ ਦਿੱਲੀ ਪੁਲਿਸ ਨੇ ਚਿੱਲਾ ਬਾਰਡਰ ਨੂੰ ਸੀਲ ਕਰ ਦਿੱਤਾ ਹੈ।

ਦਿੱਲੀ ਟ੍ਰੈਫਿਕ ਪੁਲਿਸ ਮੁਤਾਬਕ ਦਿੱਲੀ ਦੇ ਨਾਲ ਲਗਦੇ ਟਿਕਰੀ ਬਾਰਡਰ, ਝੜੋਦਾ ਬਾਰਡਰ, ਝਟਿਕਰਾ ਬਾਰਡਰ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਲਈ ਬੰਦ ਹਨ। ਬੁੱਧੂਸਰਾਏ ਬਾਰਡਰ ਵੀ ਸਿਰਫ਼ ਦੋ ਪਹੀਆ ਵਾਹਨਾਂ ਲਈ ਖੁੱਲ੍ਹਾ ਹੈ।

ਕਿਸਾਨਾਂ ਨਾਲ ਗੱਲਬਾਤ ਰਹੀ ਬੇਸਿੱਟਾ, ਵੀਰਵਾਰ ਮੁੜ ਹੋਵੇਗੀ ਬੈਠਕ

ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਗਿਆਨ ਭਵਨ ਵਿੱਚ ਹੋਈ ਬੈਠਕ ਬੇਸਿੱਟਾ ਰਹੀ।

ਸਰਕਾਰ ਵੱਲੋਂ ਇਸ ਬੈਠਕ ਵਿੱਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਸ਼ਾਮਲ ਸਨ।

ਉੱਥੇ ਕਿਸਾਨਾਂ ਵੱਲੋਂ 35 ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।

ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਸੁਣਨ ਅਤੇ ਉਸ ਦਾ ਹੱਲ ਕੱਢਣ ਲਈ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ। ਇਹ ਮੀਟਿੰਗ ਬੇਸਿੱਟਾ ਹੀ ਖ਼ਤਮ ਹੋਈ।

ਹੁਣ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵੀਰਵਾਰ ਨੂੰ 12 ਵਜੇ ਫਿਰ ਮੀਟਿੰਗ ਕਰਨਗੀਆਂ।

ਬੈਠਕ ਤੋਂ ਬਾਅਦ ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਬੈਠਕ "ਚੰਗੀ" ਰਹੀ ਅਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਪ੍ਰਤੀਨਿਧੀਆਂ ਨਾਲ ਖੇਤੀ ਕਾਨੂੰਨ ਨਾਲ ਜੁੜੇ ਮੁੱਦੇ ਤਿੰਨ ਦਸੰਬਰ ਨੂੰ ਦੱਸਣ ਲਈ ਕਿਹਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਅੱਗੇ ਦੀ ਗੱਲਬਾਤ ਵੀਰਾਵਰ ਤਿੰਨ ਦਸੰਬਰ ਨੂੰ ਹੋਵੇਗੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਬੈਠਤ ਤੋਂ ਬਾਅਦ ਜਮਹੂਰੀ ਕਿਸਾਨ ਸਭਾ ਦੇ ਨੇਤਾ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਬੈਠਕ ਵਿੱਚ ਖੇਤੀ ਮੰਤਰੀ ਨੇ ਉਨ੍ਹਾਂ ਨੂੰ ਪੀਣ ਲਈ ਚਾਹ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਖੇਤੀ ਮੰਤਰੀ ਨੂੰ ਉਨ੍ਹਾਂ ਨਾਲ ਧਰਨੇ ਵਾਲੀ ਥਾਂ ਉੱਤੇ ਆ ਕੇ ਲੰਗਰ, ਚਾਹ ਜਲੇਬੀ ਅਤੇ ਪਕੌੜੇ ਖਾਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)