ਰਾਸ਼ਟਰਪਤੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਤੇ ਕੈਪਟਨ ਅਮਰਿੰਦਰ ਨੇ ਕੀਤੇ ਇਹ ਐਲਾਨ, ਅੱਜ ਦੀਆਂ ਅਹਿਮ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਵੱਲੋਂ ਮੁਲਾਕਾਤ ਲਈ ਇਨਕਾਰ ਕਰਨ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਦੇ ਧਰਨੇ ਦੀ ਅਗਵਾਈ ਕਰਨ ਦਾ ਐਲਾਨ ਕੀਤਾ ਅਤੇ ਉੱਧਰ ਭਾਜਪਾ ਆਗੂ ਤਰੁਣ ਚੁੰਘ ਨੇ ਕੈਪਟਨ ਨੂੰ ਸੂਬੇ ਵਿੱਚ ਅਰਾਜਕਤਾ ਫੈਲਾਉਣ ਦਾ ਜ਼ਿੰਮੇਵਾਰ ਦੱਸਿਆ।

1. ਰਾਸ਼ਟਰਪਤੀ ਨੇ ਮਿਲਣ ਤੋਂ ਕੀਤਾ ਇਨਕਾਰ ਤੇ ਕੈਪਟਨ ਅਮਰਿੰਦਰ ਨੇ ਕੀਤੇ ਇਹ ਐਲਾਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮਿਲਣ ਤੋਂ ਇਨਕਾਰ ਕਰਨ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਵਿਧਾਇਕਾਂ ਵੱਲੋਂ ਦਿੱਲੀ ਦੇ ਰਾਜਘਾਟ 'ਤੇ ਰੱਖੇ ਧਰਨੇ ਦੀ ਆਪ ਅਗਵਾਈ ਕਰਨਗੇ।

ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਬਹਾਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ, ਸੂਬੇ ਵਿੱਚ ਬਿਜਲੀ ਸੰਕਟ ਅਤੇ ਲੋੜੀਂਦੀਆਂ ਵਸਤਾਂ ਦੀ ਸਪਲਾਈ ਦੇ ਮੱਦੇਨਜ਼ਰ ਧਰਨੇ 'ਤੇ ਬੈਠਣਗੇ।

ਇਹ ਵੀ ਪੜ੍ਹੋ-

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਰਾਜਘਾਟ 'ਤੇ ਇੱਕ ਸੰਕੇਤਕ ਧਰਨਾ ਕਰਨ ਜਾ ਰਹੇ ਹਨ ਤਾਂ ਜੋ ਸੂਬੇ ਦੇ ਹਾਲਾਤ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਮਾਲਗੱਡੀਆਂ ਦੀ ਬਹਾਲੀ ਨਾ ਹੋਣ ਕਰਕੇ ਬਿਜਲੀ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਅਤੇ ਖੇਤੀਬਾੜੀ ਤੇ ਸਬਜ਼ੀਆਂ ਦੀ ਸਪਲਾਈ ਵੀ ਰੁਕੀ ਹੋਈ ਹੈ।

ਹਾਲਾਂਕਿ ਦਿੱਲੀ ਵਿੱਚ ਧਾਰਾ 144 ਲੱਗੀ ਹੋਈ ਹੈ, ਵਿਧਾਇਕ ਪੰਜਾਬ ਭਵਨ ਤੋਂ 4 ਬੈਚਾਂ ਵਿੱਚ ਗਾਂਧੀ ਦੀ ਸਮਾਧੀ ਵੱਲ ਜਾਣਗੇ ਅਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਦੌਰਾਨ ਉਹ ਸਵੇਰੇ 10.30 ਵਜੇ ਪਹਿਲੇ ਬੈਚ ਦੀ ਅਗਵਾਈ ਕਰਨਗੇ।

ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਅਪੀਲ

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੂਬੇ ਦੇ ਹਿੱਤ ਲਈ ਧਰਨੇ 'ਚ ਸ਼ਾਮਲ ਹੋਣ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਵੇਲੇ ਹਾਲਾਤ ਬਹੁਤ ਗੰਭੀਰ ਬਣੀ ਹੋਈ ਹੈ ਤੇ ਅੱਜ ਨਿੱਜੀ ਬਿਜਲੀ ਘਰ ਵੀ ਬੰਦ ਹੋ ਰਹੇ ਹਨ।

ਜੀਵੀਕੇ ਨੇ ਵੀ ਕੋਲਾ ਸਟਾਕ ਖ਼ਤਮ ਹੋਣ ਕਾਰਨ ਕੰਮ ਬੰਦ ਕਰਨ ਦਾ ਐਲਾਨ ਕੀਤਾ ਅਤੇ ਉੱਥੇ ਹੀ ਪੰਜਾਬ ਦੇ ਨਿੱਜੀ ਅਤੇ ਸਰਕਾਰੀ ਪਾਵਰ ਪਲਾਂਟ ਪਹਿਲਾਂ ਹੀ ਬੰਦ ਹੋ ਗਏ ਹਨ।

ਮੁੱਖ ਮੰਤਰੀ ਕੈਪਟਨ ਨੇ ਕਿਹਾ ਹੈ, "ਸੂਬੇ ਦੇ ਹਾਲਾਤ ਗੰਭੀਰ ਹਨ, ਕਿਉਂਕਿ ਸੂਬੇ ਵਿੱਚ ਕੋਲਾ, ਯੂਰੀਆ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਖ਼ਤਮ ਹੋ ਗਈ ਹੈ। ਕਿਸਾਨਾਂ ਵੱਲੋਂ ਧਰਨੇ ਦੌਰਾਨ ਢਿੱਲ ਦੇਣ ਦੇ ਬਾਅਦ ਵੀ ਰੇਲਵੇ ਵੱਲੋਂ ਮਾਲਗੱਡੀਆਂ ਨੂੰ ਨਾ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।"

ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਖਰੀਦਣ ਦੀ ਬੋਲੀ ਅਜੇ ਸਪੱਸ਼ਟ ਨਹੀਂ ਹੋਈ ਤੇ ਪੰਜਾਬ ਵੱਡੇ ਪੱਧਰ ਉੱਤੇ ਬਿਜਲੀ ਦੀ ਕਮੀ ਨਾਲ ਜੂਝ ਰਿਹਾ ਹੈ, ਖੇਤੀਬਾੜੀ ਅਤੇ ਸਬਜ਼ੀਆਂ ਸਬੰਧੀ ਸਪਲਾਈ ਬੰਦ ਹੋ ਗਈ ਹੈ। ਇਸ ਤੋਂ ਇਲਾਵਾ ਘਾਟੇ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਰੇਲਵੇ ਵੱਲੋਂ ਮਾਲ ਗੱਡੀਆਂ ਦੀ ਨਿਰੰਤਰ ਅਤੇ ਅਣਉੱਚਿਤ ਮੁਅੱਤਲੀ ਕਾਰਨ ਦੂਜੇ ਸੂਬਿਆਂ ਜਿਵੇਂ, ਜੰਮੂ-ਕਸ਼ਮੀਰ, ਲੱਦਾਖ਼ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਗੰਭੀਰ ਸਿੱਟੇ ਭੁਗਤਣੇ ਪੈ ਰਹੇ ਹਨ।

ਉਨ੍ਹਾਂ ਨੇ ਫੌਜ ਲਈ ਚਿਤਾਵਨੀ ਨੂੰ ਦੁਹਰਾਉਂਦਿਆਂ ਕਿਹਾ ਕਿ ਹਥਿਆਰਬੰਦ ਫੌਜਾਂ ਨੂੰ ਜੇਕਰ ਬਰਫ਼ ਡਿੱਗਣ ਤੋਂ ਪਹਿਲਾਂ ਜ਼ਰੂਰੀ ਸਪਲਾਈ ਨਹੀਂ ਪਹੁੰਚਾਈ ਤਾਂ ਇਹ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

ਪੰਜਾਬ ਕਾਂਗਰਸ ਨੇ ਸ਼ਹਿਰੀ ਨਕਸਲੀਆਂ ਨਾਲ ਮਿਲਾਇਆ ਹੱਥ: ਤਰੁਣ ਚੁੰਘ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੰਘ ਨੇ ਕਿਸਾਨਾਂ ਵਿੱਚ ਫੈਲੇ ਅਸੰਤੋਸ਼ ਅਤੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਗੁੰਮਰਾਹ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਕਾਰਕੁਨ ਕਿਸਾਨਾਂ ਨੂੰ ਨਫ਼ਰਤ ਭਰੇ ਕਾਰੇ ਅਤੇ ਰੇਲ ਰੋਕਣ ਲਈ ਉਕਸਾ ਰਹੇ ਹਨ।

ਚੁੰਘ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਵੱਲੋਂ ਬੁੱਧਵਾਰ ਨੂੰ ਦਿੱਲੀ ਦੇ ਰਾਜਘਾਟ ਵਿਖੇ ਰੱਖੇ ਧਰਨੇ ਦੀ ਅਗਵਾਈ ਕਰਨ ਦੇ ਫ਼ੈਸਲੇ ਦੀ ਵੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਨੂੰ ਅਰਾਜਕਤਾ ਵੱਲ ਲੈ ਕੇ ਜਾ ਰਹੇ ਹਨ।

ਸੂਬੇ ਵਿੱਚ ਤਿੰਨ ਦਰਜਨ ਤੋਂ ਵੱਧ ਥਾਵਾਂ 'ਤੇ ਰੇਲਵੇ ਟਰੈਕ 'ਤੇ ਅੰਦੋਲਨ ਨੂੰ ਮਨਜ਼ੂਰੀ ਦੇਣ ਲਈ ਚੁੰਘ ਨੇ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਸੂਬੇ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਦੀ ਮੰਗ ਕੀਤੀ।

ਉਨ੍ਹਾਂ ਨੇ ਕਿਹਾ, "ਜੇਕਰ ਤੁਸੀਂ ਸੂਬੇ ਵਿੱਚ ਕਾਨੂੰਨ-ਵਿਵਸਥਾ ਕਾਇਮ ਨਹੀਂ ਰੱਖ ਸਕਦੇ ਤਾਂ ਇਸ ਲਈ ਤੁਸੀਂ ਕੇਂਦਰ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ।"

ਮੁੱਖ ਮੰਤਰੀ ਵੱਲੋਂ ਕਥਿਤ ਤੌਰ 'ਤੇ ਭਾਜਪਾ ਵੱਲੋਂ ਨਕਸਲੀਆਂ ਬਰਾਬਰ ਤੁਲਨਾ ਕਰਨ ਤੋਂ ਇਨਕਾਰ ਕਰਦਿਆਂ ਚੁੰਘ ਨੇ ਕਿਹਾ ਕਿ ਕਿਸਾਨ ਦੇਸ਼ ਦੀ ਜੀਵਨ ਰੇਖਾ ਹਨ ਅਤੇ ਭਾਜਪਾ ਉਨ੍ਹਾਂ ਦਾ ਸਨਮਾਨ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਅਤੇ ਹੋਰਨਾਂ ਲੋਕਾਂ ਖ਼ਿਲਾਫ਼ ਹਿੰਸਕ ਘਟਨਾਵਾਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਸ਼ਹਿਰੀ ਨਕਸਲੀ, ਜੋ ਕਾਂਗਰਸ ਨਾਮ ਹੱਥ ਮਿਲਾ ਰਹੇ ਹਨ, ਉਨ੍ਹਾਂ ਇਨ੍ਹਾਂ ਨੂੰ ਅੰਜਾਮ ਦੇ ਰਹੇ ਹਨ।

ਇਹ ਵੀ ਪੜ੍ਹੋ-

2. ਪਾਕਿਸਤਾਨ: ਮੰਦਿਰ 'ਤੇ ਹਮਲਾ, ਔਰਤਾਂ ਤੇ ਬੱਚਿਆਂ ਨੇ ਕੀਤਾ ਕੰਪਾਊਂਡ ਖਾਲੀ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਹਿੰਦੂ ਮੰਦਿਰ 'ਤੇ ਭੀੜ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਨੇ ਕੰਪਾਊਂਡ ਖਾਲੀ ਕਰ ਦਿੱਤਾ।

ਸ਼ਹਿਰ ਦੀ ਲੀ ਮਾਰਕਿਟ ਵਿੱਚ ਸਥਿਤ ਇਸ ਮੰਦਿਰ ਉੱਤੇ ਗੁੱਸਾਈ ਭੀੜ ਨੇ ਹਮਲਾ ਕੀਤਾ ਜਿਸ ਤੋਂ ਬਾਅਦ ਅਣਜਾਣ ਲੋਕਾਂ ਖ਼ਿਲਾਫ਼ ਈਸ਼ ਨਿੰਦਾ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਰਿਪੋਰਟਾਂ ਮੁਤਾਬਕ, ਇਸ ਵਿਵਾਦ ਦਾ ਕਾਰਨ ਕੰਪਾਊਂਡ ਵਿੱਚ ਇੱਕ ਜਾਨਵਰ ਸੀ, ਜਿਸ ਉੱਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਸੀ।

ਇੱਕ ਸਥਾਨਕਵਾਸੀ ਨੇ ਬੀਬੀਸੀ ਨੂੰ ਦੱਸਿਆ ਐਤਵਾਰ ਸ਼ਾਮੀ 7 ਵਜੇ ਦੇ ਕਰੀਬ ਲੋਕ ਇਕੱਠਾ ਹੋਣੇ ਸ਼ੁਰੂ ਹਏ ਅਤੇ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਵਧਣ ਲੱਗੀ।

ਅੱਧੀ ਰਾਤ ਦੇ ਕਰੀਬ ਇੱਥੇ 400 ਲੋਕਾਂ ਦੀ ਭੀੜ ਇਕੱਠੀ ਹੋ ਗਈ।

ਮੰਦਿਰ 'ਚ ਭੰਨ-ਤੋੜ

ਉਨ੍ਹਾਂ ਨੇ ਦੱਸਿਆ ਕਿ ਕਥਿਤ ਤੌਰ 'ਤੇ ਆਦਮੀ ਕੰਪਾਊਂਡ ਅੰਦਰ ਗਏ ਅਤੇ ਮਹੇਸ਼ਵਰੀ ਭਾਈਚਾਰੇ ਦੇ ਮੰਦਿਰ ਦੀ ਭੰਨ-ਤੋੜ ਕੀਤੀ, ਦਰਵਾਜ਼ੇ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਾਇਆ, ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।

ਇਸ ਸ਼ੀਤਲ ਦਾਸ ਕੰਪਾਊਂਡ ਦਾ ਪ੍ਰਬੰਧ ਐਵਾਕਿਊ ਟਰੱਸਟ ਪ੍ਰੋਪਰਟੀ ਬੋਰਡ ਵੱਲੋਂ ਕੀਤਾ ਜਾਂਦਾ ਹੈ। ਬੋਰਡ ਵੰਡ ਤੋਂ ਪਹਿਲਾਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਮਾਲਕਾਨਾਂ ਹੱਕ ਦੀਆਂ ਜਇਦਾਦਾਂ ਦੀ ਦੇਖਰੇਖ ਕਰਦਾ ਹੈ। ਫਿਲਹਾਲ ਇਸ ਕੰਪਾਊਂਡ ਵਿੱਚ ਦਰਜਨਾਂ ਹਿੰਦੂ ਪਰਿਵਾਰ ਰਹਿੰਦੇ ਹਨ।

ਸੋਸ਼ਲ ਮੀਡੀਆ ਉੱਤੇ ਕਈ ਫੋਟੋਆ ਅਤੇ ਵੀਡੀਓ ਸਾਂਝੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਕੰਪਾਊਂਡ ਦੇ ਆਲੇ-ਦੁਆਲੇ ਵੱਖ-ਵੱਖ ਉਮਰ ਦੇ ਪੁਰਸ਼ਾਂ ਦੀ ਭੀੜ ਨਜ਼ਰ ਆ ਰਹੀ ਹੈ।

ਇਸ ਵੀਡੀਓ ਵਿੱਚ ਇੱਕ ਔਰਤ ਸਾੜੀ ਪਹਿਨੇ ਗੁੱਸੇ ਨਾਲ ਭਰੇ ਲੋਕਾਂ ਕੋਲੋਂ ਰਹਿਮ ਕਰਨ ਲਈ ਕਹਿ ਰਹੀ ਹੈ ਅਤੇ ਭੰਨ-ਤੋੜ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਉਹ ਭਵਿੱਖ 'ਚ ਕਦੇ ਢੋਲਕ ਨਹੀਂ ਵਜਾਉਣਗੇ।

ਇੱਕ ਹੋਰ ਵੀਡੀਓ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਟੁੱਟੀ ਹੋਈ ਨਜ਼ਰ ਆ ਰਹੀ ਹੈ ਅਤੇ ਹੋਰ ਦੇਵੀ-ਦੇਵਤਾਵਾਂ ਦੇ ਜ਼ਮੀਨ 'ਤੇ ਪਏ ਚਿੱਤਰ ਵੀ ਵਾਇਰਲ ਹੋ ਰਹੇ ਹਨ।

ਇੱਕ ਹੋਰ ਵੀਡੀਓ ਵਿੱਚ ਇੱਕ ਆਦਮੀ ਸਿੰਧੀ ਵਿੱਚ ਕਹਿ ਰਿਹਾ ਹੈ, "ਦੇਖੋ, ਉਹ ਸਾਡੇ ਮੰਦਿਰ ਤੋੜ ਰਹੇ ਹਨ। ਇਹ ਹੈ ਇੱਥੇ ਹਿੰਦੂਆਂ ਦਾ ਹਾਲ।"

ਹਾਦਸੇ ਤੋਂ ਬਾਅਦ ਕੰਪਾਊਂਡ ਦੇ ਵਾਸੀਆਂ ਦਾ ਕਹਿਣਾ ਹੈ ਕਿ ਹਿੰਦੂ ਭਾਈਚਾਰੇ ਨੇ ਔਰਤਾਂ ਤੇ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਹੈ, ਜਦ ਕਿ ਕੁਝ ਆਦਮੀ ਅਜੇ ਵੀ ਉੱਥੇ ਹੀ ਰਹਿ ਰਹੇ ਹਨ।

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੈਸ਼ਨਲ ਅਸੈਂਬਲੀ ਮੈਂਬਰ ਲਾਲ ਮਲਹੀ ਦਾ ਕਹਿਣਾ ਹੈ ਕਿ ਸਿੰਧ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਵਿਤਕਰਾ ਵਧ ਰਿਹਾ ਹੈ।

ਬੀਬੀਸੀ ਨੇ ਸਿੰਧ ਸਰਕਾਰ ਦੇ ਬੁਲਾਰੇ ਮੁਰਤਜ਼ਾ ਵਾਹਬ ਨਾਲ ਰਾਬਤਾ ਕਾਇਮ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)