'ਪੰਜਾਬ ਨਾਲ ਬਦਲੇਖ਼ੋਰੀ 'ਤੇ ਉੱਤਰੇ ਪ੍ਰਧਾਨ ਮੰਤਰੀ ਮੋਦੀ' - ਪੰਜਾਬ ਦੀਆਂ ਸਿਆਸੀ ਪਾਰਟੀਆਂ ਇਕਸੁਰ -ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਮਾਲ ਗੱਡੀਆਂ ਸ਼ੁਰੂ ਕਰਨ ਲ਼ਈ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੋਂ ਦਖਲ ਦੀ ਮੰਗ ਕੀਤੀ ਹੈ।

ਪੰਜਾਬ ਵਿਚ ਕਿਸਾਨਾਂ ਵਲੋਂ ਮਾਲ ਗੱਡੀਆਂ ਲਈ ਰੇਲਵੇ ਟਰੈਕ ਖਾਲੀ ਕੀਤੇ ਜਾਣ ਦੇ ਬਾਵਜੂਦ ਪੰਜਾਬ ਵਿਚ ਮਾਲ ਗੱਡੀਆਂ ਦੀ ਮੂਵਮੈਂਟ ਸ਼ੁਰੂ ਨਹੀਂ ਹੋ ਸਕੀ ਹੈ। ਕੇਂਦਰੀ ਮੰਤਰਾਲੇ ਵਾਲੇ ਮਾਲ ਗੱਡੀਆਂ ਦੀ ਮੂਵਮੈਂਟ ਨੂੰ ਪਹਿਲਾ 24-25 ਅਕਤੂਬਰ ਲਈ ਰੋਕਿਆ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਚਾਰ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵਲੋਂ ਰੇਲ ਗੱਡੀਆਂ ਦੀ ਮੂਵਮੈਂਟ ਲ਼ਈ ਰੇਲ ਟਰੈਕ ਖਾਲੀ ਕਰਨਾ ਪੰਜਾਬ ਸਰਕਾਰ ਵਲੋਂ ਗੱਲਬਾਤ ਦੇ ਕੁਝ ਸਫ਼ਲ ਹੋਣ ਦਾ ਨਤੀਜਾ ਹੈ। ਪਰ ਕੇਂਦਰ ਇਸ ਕਦਮ ਨਾਲ ਅੰਦੋਲਨਕਾਰੀ ਹੋਰ ਭੜਕ ਸਕਦੇ ਹਨ।

ਇਹ ਵੀ ਪੜ੍ਹੋ:

ਪੰਜਾਬ ਨਾਲ ਬਦਲਾਖੋਰੀ ਕਰ ਰਹੇ ਮੋਦੀ - ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨੀ ਸੰਘਰਸ਼ ਅਤੇ ਇੱਕਜੁੱਟਤਾ ਤੋਂ ਬੁਖਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲੇਖ਼ੋਰੀ 'ਤੇ ਉਤਰ ਆਏ ਹਨ।

ਚੰਡੀਗੜ੍ਹ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਲ ਗੱਡੀਆਂ ਚਲਾਉਣ ਲਈ ਕੇਂਦਰ ਵੱਲੋਂ ਯਾਤਰੂ ਰੇਲ ਗੱਡੀਆਂ ਚੱਲਣ ਦੇਣ ਦੀ ਸ਼ਰਤ ਬਾਂਹ ਮਰੋੜ ਕੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਹੰਕਾਰੀ ਅਤੇ ਤਾਨਾਸ਼ਾਹੀ ਰਵੱਈਆ ਤਿਆਗ ਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਬਾਂਹ ਮਰੋੜਨ ਦੀ ਥਾਂ ਥੋਪੇ ਗਏ ਕਾਲੇ ਕਾਨੂੰਨ ਵਾਪਸ ਲੈ ਕੇ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ।

ਹੱਕੀ ਮੰਗਾਂ ਕਰਨ ਵਾਲਿਆਂ ਨੂੰ ਸਜ਼ਾ ਨਾ ਦਿੱਤੀ ਜਾਵੇ -ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਰੋਕ ਲਾਉਣ ਨਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਅਰਥਚਾਰੇ ਵਿਚ ਖੜੋਤ ਆਉਣ ਅਤੇ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ ਹੈ ਉਹਨਾਂ ਕਿਹਾ ਕਿ ਇਸ ਰਵੱਈਆ ਵਿਚੋਂ ਬੇਲੋੜੇ ਤੇ ਬਦਸ਼ਗਨੇ ਟਕਰਾਅ ਦੀ ਬਦਬੂ ਆ ਰਹੀ ਹੈ ਜੋ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ।

ਉਹਨਾਂ ਕਿਹਾ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਪਾਬੰਦੀ ਵਿਚ ਵਾਧਾ ਕਰਨ ਦੇ ਫੈਸਲੇ ਨਾਲ ਸੂਬੇ ਵਿਚ ਸਾਰਾ ਉਦਯੋਗ ਤੇ ਵਪਾਰ ਤਬਾਹ ਹੋ ਜਾਵੇਗਾ ਤੇ ਖੇਤੀਬਾੜੀ ਨੂੰ ਵੀ ਨੁਕਸਾਨ ਪੁੱਜੇਗਾ। ਉਹਨਾਂ ਕਿਹਾ ਕਿ ਇਹ ਫੈਸਲਾ ਤੁਰੰਤ ਖਾਰਜ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਦੇਸ਼ ਭਗਤ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਲੋਕਤੰਤਰੀ ਹੱਕ ਮੰਗੇ ਜਾਣ ਦੀ ਸਜ਼ਾ ਨਾ ਦਿੱਤੀ ਜਾਵੇ।

ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੰਭੂ ਮੋਰਚਾ ਦੀ ਅਗਵਾਈ ਕਰ ਰਹੇ ਅਦਾਕਾਰ ਤੇ ਵਕੀਲ ਦੀਪ ਸਿੱਧੂ ਨੇ 'ਸ਼ੰਭੂ ਮੋਰਚਾ ਪੰਚਾਇਤ' ਮੈਂਬਰਾਂ ਨਾਲ ਕੇ ਮਿਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਪਣੀ ਅਗਲੀ ਰਣਨੀਤੀ ਲਈ ਪ੍ਰੈੱਸ ਕਾਨਫਰੰਸ ਕੀਤੀ।

ਇਸ ਪ੍ਰੈੱਸ ਕਾਨਫਰੰਸ ਦੌਰਾਨ ਦੀਪ ਸਿੱਧੂ ਦੀਆਂ ਖ਼ਾਸ ਗੱਲਾਂ -

  • ਦੀਪ ਸਿੱਧੂ ਨੇ ਕਿਹਾ ਕਿ ਇਹ ਇੱਕ ਸਿਆਸੀ ਲੜਾਈ ਹੈ ਅਤੇ ਸਿਆਸੀ ਧਿਰ ਤੋਂ ਬਗੈਰ ਨਹੀਂ ਲੜੀ ਜਾ ਸਕਦੀ। ਸਿਆਸੀ ਧਿਰ ਉਦੋਂ ਤੱਕ ਕਾਮਯਾਬ ਨਹੀਂ ਹੁੰਦੀ ਜਦੋਂ ਤੱਕ ਸਾਡੇ ਕੋਲ ਸਮਾਜਿਕ ਇਨਕਲਾਬ ਨਹੀਂ ਹੋਵੇਗਾ।
  • 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਅਜੇ ਮੁੱਖ ਧਾਰਾ ਦੀ ਸਿਆਸੀ ਧਿਰ ਨਹੀਂ ,ਇਸ ਲਈ ਚੋਣ ਕਿਵੇਂ ਲੜ ਸਕਦੇ ਹਨ, ਪਰ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਤਰੀ ਪਾਰਟੀ ਲਈ ਸਪੇਸ ਹੈ ,ਕਿਉਂ ਕਿ ਦਿੱਲੀ ਤੋਂ ਕੰਟਰੋਲ ਹੋ ਰਹੀਆਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਕੇਂਦਰ ਨਾਲ ਟੱਕਰ ਨਹੀਂ ਲੈ ਸਕਦੀਆਂ।
  • ਸ਼ੰਭੂ ਮੋਰਚਾ ਕਿਸ ਰਾਹ ਵੱਲ ਜਾ ਰਿਹਾ ਹੈ, ਇਸ ਬਾਰੇ ਦੀਪ ਸਿੱਧੂ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਦਿੱਲੀ ਸੱਦਿਆ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਬਿਆਨ ਦੇਣ ਲੱਗ ਗਏ ਕਿ ਇਹ ਵਿਚੋਲੇ ਹਨ। ਉਨ੍ਹਾਂ ਮੁਤਾਬਕ ਸਰਕਾਰਾਂ ਦੀ ਮਾਨਸਿਕਸਤਾ ਇਸ ਗੱਲ ਤੋਂ ਪਤਾ ਲੱਗ ਜਾਂਦੀ ਹੈ।

ਇਹ ਵੀ ਪੜ੍ਹੋ:

  • ਕਸ਼ਮੀਰ ਵਿੱਚ ਧਾਰਾ 370 ਦੇ ਹਟਾਉਣ ਦਾ ਹਵਾਲਾ ਦਿੰਦਿਆਂ ਦੀਪ ਸਿੱਧੂ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਦੇ ਲੋਕ ਤੇ ਕਿਸਾਨ ਧਰਨੇ ਉੱਤੇ ਬੈਠੇ ਹਨ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਨੁਮਾਇੰਦਿਆਂ ਨਾਲ ਗੱਲ ਕਰੇ।
  • ਦੀਪ ਸਿੱਧੂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਸੰਵਿਧਾਨ ਵਿੱਚ ਤਬਦੀਲੀਆਂ ਲਿਆ ਕੇ ਸ਼ਕਤੀਆਂ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਹੈ।
  • ਸਿੱਧੂ ਨੇ ਕਿਹਾ ਕਿ ਅਸੀਂ ਵੀ ਦੇਸ਼ ਦਾ ਹਿੱਸਾ ਹਾਂ ਅਤੇ ਪੰਜਾਬ-ਹਰਿਆਣਾ ਖ਼ੇਤੀ ਪ੍ਰਧਾਨ ਸੂਬੇ ਹਨ ਤੇ ਕਹਿ ਰਹੇ ਹਨ ਕਿ ਅਸੀਂ ਤੁਹਾਡੇ ਫ਼ੈਸਲੇ ਤੋਂ ਖ਼ੁਸ਼ ਨਹੀਂ ਹਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਵੀ ਇਹੀ ਗੱਲ ਕਹਿ ਰਹੇ ਹਨ, ਉਨ੍ਹਾਂ ਦੀ ਵੀ ਗੱਲ ਨਹੀਂ ਮੰਨੀ ਜਾ ਰਹੀ ਤੇ ਲੋਕਾਂ ਦੀ ਵੀ ਨਹੀਂ।
  • ਇਹ ਸਾਡੇ ਸਮਝ ਆ ਰਿਹਾ ਹੈ ਕਿ ਜੋ ਕੋਈ ਵੀ ਨੀਤੀ ਸਰਕਾਰ ਬਣਾ ਰਹੀ ਹੈ ਉਹ ਕਾਰਪੋਰੇਟ ਨੂੰ ਧਿਆਨ ਵਿੱਚ ਰੱਖ ਕੇ ਬਣਾ ਰਹੀ ਹੈ।
  • ਦੀਪ ਸਿੱਧੂ ਮੁਤਾਬਕ ਇਹ ਲੜਾਈ ਘੱਟੋ-ਘੱਟ ਸਮਰਥਨ ਮੁੱਲ ਦੀ ਨਹੀਂ ਸਾਡੀ ਹੋਂਦ ਦੀ ਹੈ। ਹੱਕ ਉਦੋਂ ਹੀ ਮਿਲਣਗੇ ਜਦੋਂ ਅਸੀਂ ਆਪਣੇ ਫ਼ੈਸਲੇ ਆਪ ਲਵਾਂਗੇ।

ਫਰਾਂਸ ਦੇ ਰਾਸ਼ਟਰਪਤੀ ਦੇ ਬਿਆਨ ਤੋਂ ਅਰਬ ਦੇਸ ਨਰਾਜ਼

ਫਰਾਂਸ ਦੇ ਰਾਸ਼ਟਰਪਤੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਬਿਆਨ ਕਾਰਨ ਕਈ ਮੁਸਲਮ ਦੇਸ ਨਰਾਜ਼ਗੀ ਜਤਾ ਰਹੇ ਹਨ।

ਜੇ ਕੋਵਿਡ ਦੀ ਗੱਲ ਕਰੀਏ ਤਾਂ ਸਪੇਨ ਵਿੱਚ ਹੁਣ ਮੁੜ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਵਾਲੇ ਫਰਾਂਸ ਦੇ ਇੱਕ ਅਧਿਆਪਕ ਦੇ ਕਤਲ ਤੋਂ ਬਾਅਦ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਬਿਆਨਾਂ ਨੇ ਕਈ ਮੁਸਲਿਮ ਦੇਸਾਂ ਨੂੰ ਨਰਾਜ਼ ਕੀਤਾ ਹੈ।

ਮੈਕਰੌਂ ਨੇ ਆਪਣੇ ਬਿਆਨ ਵਿੱਚ ਕੱਟੜਪੰਥੀ ਇਸਲਾਮ ਦੀ ਅਲੋਚਨਾ ਕੀਤੀ ਸੀ ਅਤੇ ਅਧਿਆਪਕ ਦੇ ਕਤਲ ਨੂੰ 'ਇਸਲਾਮੀ ਅੱਤਵਾਦੀ ਹਮਲਾ' ਕਰਾਰ ਦਿੱਤਾ ਸੀ।

ਕਈ ਅਰਬ ਦੇਸਾਂ ਨੇ ਫਰਾਂਸ ਦੇ ਸਮਾਨ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੁਵੈਤ, ਜੌਰਡਨ ਅਤੇ ਕਤਰ ਦੀਆਂ ਕੁਝ ਦੁਕਾਨਾਂ ਤੋਂ ਫਰਾਂਸ ਦੇ ਸਮਾਨ ਹਟਾ ਦਿੱਤੇ ਗਏ ਹਨ। ਉੱਥੇ ਹੀ ਲੀਬੀਆ, ਸੀਰੀਆ ਅਤੇ ਗਾਜ਼ਾ ਪੱਟੀ ਵਿਚ ਫਰਾਂਸ ਦੇ ਖਿਲਾਫ਼ ਪ੍ਰਦਰਸ਼ਨ ਹੋਏ ਹਨ।

ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 'ਬਾਈਕਾਟ ਦੀਆਂ ਬੇਬੁਨਿਆਦ ਗੱਲਾਂ' ਘੱਟ-ਗਿਣਤੀ ਭਾਈਚਾਰੇ ਦਾ ਸਿਰਫ਼ ਇੱਕ ਕੱਟੜ ਵਰਗ ਹੀ ਕਰ ਰਿਹਾ ਹੈ।

ਮੈਕਰੌਨਸ ਪੈਗੰਬਰ ਮੁਹੰਮਦ ਦੇ ਵਿਵਾਦਤ ਕਾਰਟੂਨ ਦਿਖਾਉਣ ਦਾ ਇਹ ਕਹਿ ਕੇ ਬਚਾਅ ਕਰ ਰਹੇ ਹਨ ਕਿ ਇਹ ਕਿਸੇ ਵਿਸ਼ੇਸ਼ ਭਾਈਚਾਰੇ ਦੀਆਂ ਭਾਵਨਾਵਾਂ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਦੇ ਵਿਵਾਦਿਤ ਬੋਲ

ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਮੁਖੀ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕਰ ਲਿਆ ਹੈ ਕਿ ਦੇਸ ਕਦੋਂ ਪਾਕਿਸਤਾਨ ਅਤੇ ਚੀਨ ਨਾਲ ਲੜੇਗਾ।

ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

ਸ਼ੁੱਕਰਵਾਰ ਨੂੰ ਉਨ੍ਹਾਂ ਦੀ ਇਹ ਟਿੱਪਣੀ ਭਾਰਤ ਅਤੇ ਚੀਨ ਵਿਚਾਲੇ ਲਾਈਨ ਆਫ਼ ਐਕਚੁਅਲ ਕੰਟਰੋਲ 'ਤੇ ਤਣਾਅ ਦੌਰਾਨ ਆਈ ਹੈ।

ਸਵਤੰਤਰ ਦੇਵ ਸਿੰਘ ਨੇ ਕਿਹਾ, "ਮੋਦੀ ਜੀ ਨੇ ਤੈਅ ਕੀਤਾ ਹੈ, ਸਬੰਧਤ ਤਰੀਕਾਂ ਤੈਅ ਹਨ, ਕਦੋਂ ਕੀ ਹੋਣਾ ਹੈ ਤੈਅ ਹੈ। 370 ਧਾਰਾ ਕਦੋਂ ਖ਼ਤਮ ਹੋਵੇਗੀ, ਰਾਮ ਮੰਦਿਰ ਦੀ ਉਸਾਰੀ ਕਦੋਂ ਹੋਵੇਗੀ, ਪਾਕਿਸਤਾਨ ਤੇ ਚੀਨ ਨਾਲ ਜੰਗ ਕਦੋਂ ਹੋਣੀ ਹੈ, ਸਭ ਤੈਅ ਹੈ।"

ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਸਵਤੰਤਰ ਸਿੰਘ ਦੇ ਇਸ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸਪੇਨ ਨੇ ਦੇਸ ਭਰ ਵਿੱਚ ਰਾਤ ਦਾ ਕਰਫਿਊ ਲਾਇਆ

ਸਪੇਨ ਨੇ ਕੋਵਿਡ -19 ਦੇ ਮਾਮਲਿਆਂ ਵਿੱਚ ਨਵੇਂ ਵਾਧੇ ਨੂੰ ਰੋਕਣ ਲਈ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਰਾਤ ਨੂੰ ਕਰਫਿਊ ਲਾਗੂ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਕਿਹਾ ਕਿ ਕਰਫ਼ਿਊ ਐਤਵਾਰ ਰਾਤ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਤਹਿਤ ਸਥਾਨਕ ਅਧਿਕਾਰੀ ਖੇਤਰਾਂ ਵਿਚਾਲੇ ਯਾਤਰਾ 'ਤੇ ਪਾਬੰਦੀ ਲਗਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਉਹ ਸੰਸਦ ਨੂੰ ਕਹਿਣਗੇ ਕਿ ਨਵੇਂ ਨਿਯਮਾਂ ਦੀ ਸ਼ੁਰੂਆਤ 15 ਦਿਨਾਂ ਤੋਂ ਲੈ ਕੇ ਛੇ ਮਹੀਨਿਆਂ ਤੱਕ ਵਧਾਉਣ ਲਈ ਕਰਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)