You’re viewing a text-only version of this website that uses less data. View the main version of the website including all images and videos.
ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੀ ਰਿਹਾਇਸ਼ ਹੁਣ ਵਿਕਣ ਲਈ ਤਿਆਰ - ਪ੍ਰੈੱਸ ਰਿਵੀਊ
ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਯ ਦਲੀਪ ਸਿੰਘ ਦਾ ਲੰਡਨ ਵਿਚ ਬਣਿਆ ਖ਼ੂਬਸੂਰਤ ਮਹਿਲ ਹੁਣ ਵਿਕਣ ਦੀ ਤਿਆਰੀ ਵਿੱਚ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬ਼ਕ, ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਦਲੀਪ ਸਿੰਘ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।
ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਦੇ ਵਿਆਹ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਇਹ ਆਲੀਸ਼ਾਨ ਮਹਿਲ ਉਨ੍ਹਾਂ ਨੂੰ ਅਲਾਟ ਕੀਤਾ ਸੀ।
ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ 'ਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 'ਚ ਲੰਡਨ 'ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ।
ਇਹ ਵੀ ਪੜ੍ਹੋ
ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ, ਉੱਚੀਆ ਕੰਧਾ ਹਨ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ।
ਪਾਕਿਸਤਾਨ ਦਾਊਦ ਦੇ ਕਰਾਚੀ ਹੋਣ ਵਾਲੀ ਗੱਲ ਤੋਂ ਮੁਕਰਿਆ
ਪਾਕਿਸਤਾਨ ਨੇ ਦਾਊਦ ਇਬਰਾਹੀਮ ਅਤੇ ਹੋਰ ਦੋ ਅੱਤਵਾਦੀਆਂ ਦੇ ਕਰਾਚੀ ਹੋਣ ਦੀ ਗੱਲ ਹੁਣ ਨਕਾਰ ਦਿੱਤੀ ਹੈ।
ਦ ਹਿੰਦੂ ਮੁਤਾਬ਼ਕ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ, "ਭਾਰਤੀ ਮੀਡੀਆ ਦੇ ਕੁਝ ਹਿੱਸੇ ਵਲੋਂ ਦਾਊਦ ਦੇ ਪਾਕਿਸਤਾਨ ਵਿਚ ਹੋਣ ਦੀ ਗੱਲ ਗਲ਼ਤ ਹੈ। ਸਾਡੇ ਵਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।
ਇੱਕ ਦਸਤਾਵੇਜ਼ ਬੀਤੇ ਦਿਨੀ ਸੁਰਖ਼ੀਆਂ ਵਿੱਚ ਆਇਆ ਸੀ। ਇਸ ਦਸਤਾਵੇਜ਼ ਅਨੁਸਾਰ ਪਾਕਿਸਤਾਨ ਨੇ ਦਾਊਦ ਇਬਰਾਹੀਮ ਸਣੇ ਭਾਰਤ ਵਿਚ ਹੋਏ 26/11 ਦੇ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸਮਝੇ ਜਾਂਦੇ ਸੰਗਠਨ ਲਸ਼ਕਰ-ਏ-ਤਾਇਬਾ ਦੇ ਆਪਰੇਸ਼ਨ ਮੁਖੀ ਜ਼ਕੀ-ਉਰ-ਰਹਿਮਾਨ ਅਤੇ ਕੁਝ ਹੋਰ ਤਾਲੀਬਾਨੀ ਆਗੂਆਂ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ।
ਪਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀ ਲਿਸਟ ਜਾਰੀ ਕੀਤੀ ਗਈ ਹੋਵੇ।
ਉਨ੍ਹਾਂ ਕਿਹਾ, "ਅਸੀਂ ਹਰ ਸਾਲ ਇਹ ਲਿਸਟ ਜਾਰੀ ਕਰਦੇ ਹਾਂ। 2019 'ਚ ਵੀ ਅਸੀਂ ਇਕ ਲਿਸਟ ਜਾਰੀ ਕੀਤੀ ਸੀ।"
40 ਦਿਨਾਂ 'ਚ 69 ਲੱਖ ਲੋਕਾਂ ਨੇ ਸਰਕਾਰ ਵਲੋਂ ਲਾਂਚ ਕੀਤੇ ਜੌਬ ਪੋਰਟਲ 'ਚ ਕੀਤਾ ਰਜਿਸਟਰ
11 ਜੁਲਾਈ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਸਰਕਾਰ ਜੌਬ ਪੋਰਟਲ ਦੀ ਸ਼ੁਰੂਆਤ ਕਰਨ ਤੋਂ ਬਾਅਦ ਮਹਿਜ਼ 40 ਦਿਨਾਂ 'ਚ 69 ਲੱਖ ਤੋਂ ਵੀ ਵੱਧ ਲੋਕਾਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
ਦ ਐਕਸਪ੍ਰੈਸ ਅਖ਼ਬਾਰ ਮੁਤਾਬ਼ਕ, ਇਸ ਪੋਰਟਲ ਰਾਹੀਂ ਨੌਕਰੀ ਮਿਲਣ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ।
ਸਿਰਫ਼ ਪਿਛਲੇ ਹਫ਼ਤੇ (14 ਅਗਸਤ ਤੋਂ 21 ਅਗਸਤ) ਦੌਰਾਨ ਹੀ 7 ਲੱਖ ਤੋਂ ਵੱਧ ਲੋਕਾਂ ਨੇ ਨੌਕਰੀ ਲਈ ਅਪਲਾਈ ਕੀਤਾ ਹੈ। ਪਰ ਨੌਕਰੀ ਮਹਿਜ਼ 691 ਲੋਕਾਂ ਨੂੰ ਹੀ ਮਿਲ ਸਕੀ ਹੈ।
ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੋਂ ਪੋਰਟਲ 'ਤੇ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਨੌਕਰੀ ਲੱਭਣ ਵਾਲੇ 3.7 ਲੱਖ ਉਮੀਦਵਾਰਾਂ ਵਿਚੋਂ ਸਿਰਫ 2 ਪ੍ਰਤੀਸ਼ਤ ਨੂੰ ਹੀ ਅਸਲ ਵਿਚ ਨੌਕਰੀ ਮਿਲ ਸਕੀ ਹੈ। ਰਜਿਸਟਰ ਕਰਵਾਉਣ ਵਾਲੇ 69 ਲੱਖ ਵਿਚੋਂ 1.49 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਨੌਕਰੀਆਂ ਲਈ ਅਪਲਾਈ ਕੀਤਾ ਹੈ ਪਰ ਮਹਿਜ਼ 7700 ਲੋਕਾਂ ਨੂੰ ਹੀ ਨੌਕਰੀ ਮਿਲੀ ਸਕੀ ਹੈ।
ਇਸ ਪੋਰਟਲ ਵਿਚ ਇਲੇਕਟ੍ਰੀਸ਼ਨ, ਫੀਲਡ ਟੈਕਨੀਸ਼ਿਅਨ, ਦਰਜ਼ੀ, ਮਸ਼ੀਨ ਔਪਰੇਟਰਜ਼, ਕੁਰੀਅਰ ਡਿਲੀਵਰੀ, ਨਰਸ, ਆਦਿ ਲੋਕਾਂ ਵਲੋਂ ਅਪਲਾਈ ਕੀਤਾ ਗਿਆ ਹੈ।
ਅਬੋਹਰ ਦੇ ਪਿੰਡਾਂ 'ਚ ਹੋਏ ਨੁਕਸਾਨ ਦੀ ਗਿਰਦਾਵਰੀ ਕਰੇ ਕੈਪਟਨ ਸਰਕਾਰ - ਸੁਖਬੀਰ
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਅਬੋਹਰ ਦੇ ਦਰਜਨਾਂ ਪਿੰਡਾਂ 'ਚ ਖ਼ਰੀਫ਼ ਫਸਲਾਂ ਦੇ ਹੋਏ ਨੁਕਸਾਨ ਨੂੰ ਲੈਕੇ ਗਿਰਦਾਵਰੀ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਸਲਾਂ ਦੇ ਮੁਆਵਜ਼ੇ ਦੀਆਂ ਕੀਮਤਾਂ ਨੰ ਵੀ ਵਧਾਉਣ ਲਈ ਕਿਹਾ ਹੈ।
ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬ਼ਕ, ਸੁਖਬੀਰ ਬਾਦਲ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਕਾਰਨ ਖੜੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਂਗਰਸ ਸਰਕਾਰ ਦੀ ਅਸਫ਼ਲਤਾ ਕਾਰਨ ਕਾਫ਼ੀ ਦੁੱਖ ਝੱਲਣੇ ਪੈ ਰਹੇ ਹਨ।
ਸ਼ਨੀਵਾਰ ਨੂੰ ਕਿਸਾਨਾਂ ਨੇ ਅਬੋਹਰ ਦੇ ਡੱਲਵਾਲੀ ਰੋਡ 'ਤੇ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਮੁਜ਼ਾਹਰਾ ਵੀ ਕੀਤਾ।
ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਹੜ੍ਹਾਂ ਕਾਰਨ ਬਰਬਾਦ ਹੋਏ ਘਰਾਂ ਲਈ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ।