ਟਰੰਪ ਨੇ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ 'ਚ ਹੋਏ ਵਾਧੇ ਨੂੰ 'ਡਰਾਉਣਾ' ਕਿਉਂ ਕਿਹਾ’- ਪ੍ਰੈੱਸ ਰਿਵੀਊ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕੋਵਿਡ ਮਰੀਜ਼ਾਂ ਵਿੱਚ ਹੋਇਆ ਵਾਧਾ "ਡਰਾਉਣਾ" ਹੈ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਮਨਕਾਟੋ, ਮਿਨੀਸੋਟਾ ਵਿੱਚ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਜਿਹੜੇ ਦੇਸ਼ਾਂ ਨੂੰ ਕੋਵਿਡ ਖ਼ਿਲਾਫ਼ ਲੜਾਈ ਵਿੱਚ ਜੇਤੂ ਸਮਝਿਆ ਜਾ ਰਿਹਾ ਸੀ ਉੱਥੇ ਵੀ ਹੁਣ ਕੇਸ ਵਧ ਰਹੇ ਹਨ।

"ਤੁਹਾਨੂੰ ਪਤਾ ਹੈ ਨਿਊਜ਼ੀਲੈਂਡ ਵਿੱਚ ਕੀ ਹੋ ਰਿਹਾ ਹੈ? ਉਨ੍ਹਾਂ ਨੇ ਹਰਾ ਦਿੱਤਾ, ਉਨ੍ਹਾਂ ਨੇ ਹਰਾ ਦਿੱਤਾ, ਮੈਨੂੰ ਦਿਖਾਉਣ ਲਈ ਇਹੀ ਅਖ਼ਬਾਰਾਂ ਦੀ ਸੁਰਖੀ ਹੁੰਦੀ ਸੀ।"

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਇਹ ਟਿੱਪਣੀ ਉਸ ਸਮੇਂ ਕਰ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਨਾਲ 22 ਮੌਤਾਂ ਹੋਈਆਂ ਹਨ ਤੇ ਅਮਰੀਕਾ ਵਿੱਚ 170,000 ਲੋਕ ਜਾਨ ਗੁਆ ਚੁੱਕੇ ਹਨ।

ਅਮਰੀਕਾ ਕੋਰੋਨਾਵਾਇਰਸ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਪਹਿਲੇ ਨੰਬਰ ’ਤੇ ਹੈ। ਉਸ ਤੋਂ ਬਾਅਦ ਬ੍ਰਾਜ਼ੀਲ ਅਤੇ ਭਾਰਤ ਹਨ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸੈਂਡਾ ਐਰਡਰਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਤੁਲਨਾ ਨੂੰ ਰੱਦ ਕੀਤਾ ਹੈ।

ਇਹ ਵੀ ਪੜ੍ਹੋ:

ਮਾਲੀ ਦੇ ਰਾਸ਼ਟਰਪਤੀ ਦਾ ਅਸਤੀਫ਼ਾ ਅਤੇ ਸੰਸਦ ਭੰਗ

ਅਫ਼ਰੀਕੀ ਦੇਸ਼ ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਰਪ ਕੇਇਟਾ ਨੇ ਬਾਗੀ ਫੌਜੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬਾਗ਼ੀਆਂ ਨੇ ਮੰਗਲਵਾਰ ਨੂੰ ਰਾਜਧਾਨੀ ਬਮਾਕੋ ਵਿੱਚ ਇੱਕ ਰਿਹਾਇਸ਼ ਨੂੰ ਘੇਰਾ ਪਾਇਆ ਅਤੇ ਤਖ਼ਤ ਪਲਟੇ ਦੀ ਕੋਸ਼ਿਸ਼ ਵਜੋਂ ਹਵਾਈ ਫਾਇਰ ਕੀਤੇ ਅਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਮਾਲੀ ਵਿੱਚ ਕਈ ਮਹੀਨਿਆਂ ਤੋਂ ਕੇਇਟਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਮੁਜ਼ਾਹਰੇ ਹੋ ਰਹੇ ਸਨ। ਰਾਜਧਾਨੀ ਉੱਪਰ ਆਪਣੇ ਕੰਟਰੋਲ ਦੇ ਸੰਕੇਤ ਵੱਜੋਂ ਫ਼ੌਜੀ ਸ਼ਹਿਰ ਵਿੱਚ ਖੁੱਲ਼੍ਹਆਮ ਘੁੰਮ ਰਹੇ ਸਨ।

ਅਮਰੀਕਾ ਵਿੱਚ ਅਫ਼ਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਪਨਾਹ ਦੇਣ ਦੀ ਮੰਗ

ਅਮਰੀਕਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਰੋ ਖੰਨਾ ਨੇ ਟਰੰਪ ਪ੍ਰਸ਼ਾਸਨ ਨੂੰ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਜਿਨ੍ਹਾਂ ਉਪਰ ਕਿ ਜ਼ੁਲਮ ਵਧਦੇ ਜਾ ਰਹੇ ਹਨ ਨੂੰ ਰਫ਼ਿਊਜੀ ਦਾ ਦਰਜਾ ਦੇਣ ਦੀ ਅਪੀਲ ਕੀਤੀ ਹੈ।

ਬਿਜ਼ਨਸ ਸਟੈਂਡਰਡ ਅਖ਼ਬਾਰ ਦੀ ਖ਼ਬਰ ਮੁਤਾਬਕ ਖੰਨਾ ਨੇ ਸੈਕਰੇਟਰੀ ਆਫ਼ ਸਟੇਟ ਮਾਈਕ ਪੌਂਪੀਓ ਨੂੰ ਅਤੇ ਐਕਟਿੰਗ ਸੈਕਰੇਟਰੀ ਆਫ਼ ਹੋਮਲੈਂਡ ਸਕਿਊਰਿਟੀ ਚੈਡ ਵੁਲਫ਼ ਐੱਫ਼ ਵੁਲਫ਼ ਨੂੰ ਯੁੱਧ ਦੇ ਤਬਾਹ ਕੀਤੇ ਦੇਸ਼ ਵਿੱਚ ਰਹਿ ਰਹੇ ਘੱਟ ਗਿਣਤੀਆਂ ਦੀ ਸੁੱਧ ਲੈਣ ਲਈ ਲਿਖਿਆ ਹੈ।

ਉਨ੍ਹਾਂ ਨੇ ਆਪਣੇ ਪੱਤਰ ਵਿੱਚ ਲਿਖਿਆ, "ਅਫ਼ਗਾਨਿਸਤਾ ਵਿੱਚ ਲਗਭਗ 200 ਹਿੰਦੂ ਅਤੇ ਸਿੱਖ ਪਰਿਵਾਰ ਰਹਿ ਗਏ ਹਨ।....ਅਮਰੀਕਾ ਦਾ ਇਸ ਵਿੱਤੀ ਸਾਲ ਵਿੱਚ 18,000 ਰਫ਼ਿਊਜੀਆਂ ਨੂੰ ਵਸਾਉਣ ਦਾ ਪ੍ਰਸਤਾਵ ਹੈ, ਜਿਨ੍ਹਾਂ ਵਿੱਚ ਧਾਰਮਿਕ ਜਾਂ ਹੋਰ ਅਧਾਰਾਂ 'ਤੇ ਜ਼ੁਲਮ ਝੱਲ ਰਹੇ 5000 ਜਣੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 7,500 ਲੋਕਾਂ ਨੂੰ ਕਿਸੇ ਵੀ ਅਮਰੀਕੀ ਅੰਬੈਸੀ ਵੱਲੋਂ ਕਿਸੇ ਵੀ ਥਾਂ 'ਤੇ ਅਮਰੀਕੀ ਰਫ਼ਿਊਜੀ ਅਡਮਿਸ਼ਨਜ਼ ਪ੍ਰੋਗਰਾਮ ਐਲਾਨਿਆ ਜਾ ਸਕਦਾ ਹੈ।"

ਪੰਜਾਬ ਵਿੱਚ ਕੋਰੋਨਾ ਦਾ ਫੈਲਦਾ ਫ਼ਣ

ਪੰਜਾਬ ਵਿੱਚ ਕੋਰੋਨਾ ਦੀ ਵਿਗੜਦੀ ਜਾ ਰਹੀ ਸਥਿਤੀ ਬਾਰੇ ਸਾਰੇ ਹੀ ਅਖ਼ਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੂਬੇ ਦੀ ਵਿੱਤੀ ਰਾਜਧਾਨੀ ਲੁਧਿਆਣਾ ਹੁਣ ਕੋਰੋਨਾ ਦੀ ਰਾਜਧਾਨੀ ਵੀ ਬਣ ਗਿਆ ਹੈ।

ਲੁਧਿਆਣੇ ਤੋਂ ਬਾਅਦ ਅੰਕੜਿਆਂ ਮੁਤਾਬਕ ਗੁਆਂਢੀ ਜ਼ਿਲ੍ਹਾ ਜਲੰਧਰ ਦੂਜੇ ਨੰਬਰ ਤੇ ਅਤੇ ਉਸ ਤੋਂ ਬਾਅਦ ਪਟਿਆਲਾ, ਮੋਹਾਲੀ ਅਤੇ ਸੰਗਰੂਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ ਹਨ।

ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਸ਼ਾਮ ਨੂੰ ਜਾਰੀ ਰੋਜ਼ਾਨਾ ਕੋਰੋਨਾ ਬੁਲੇਟਿਨ ਮੁਤਾਬਕ ਇਸ ਦਿਨ ਸੂਬੇ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਇੱਕ ਦਿਨ ਵਿੱਚ ਸਭ ਤੋਂ ਵੱਡਾ ਉਛਾਲ ਆਇਆ। ਲੁਧਿਆਣਾ ਅਤੇ ਪਟਿਆਲਾ ਵਿੱਚ ਸੂਬੇ ਦੇ ਅੱਧੇ ਕੋਰੋਨਵਾਇਰਸ ਦੇ ਕੇਸ ਹਨ।

ਸੁਸ਼ਾਂਤ ਸਿੰਘ ਰਾਜਪੂਤ ਕੇਸ: ਤਾਜ਼ਾ ਘਟਨਾਕ੍ਰਮ

ਹਿੰਦੁਸਤਾਨ ਟਾਈਮਜ਼ ਦੀਆਂ ਵੱਖ-ਵੱਖ ਖ਼ਬਰਾਂ ਮੁਤਾਬਕ:

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਸ਼ਾਂਤ ਦੀ ਮੌਤ ਦੇ ਸੰਬੰਧ ਵਿੱਚ ਮਨੀ ਲੌਂਡਰਿੰਗ ਦੇ ਪੱਖ ਦੀ ਜਾਂਚ ਦੇ ਹਿੱਸੇ ਵਜੋਂ ਉਨ੍ਹਾਂ ਦੇ ਪਿਤਾ ਤੋਂ ਪੁੱਛ ਗਿੱਛ ਕੀਤੀ ਹੈ।

ਮੁੰਬਈ ਪੁਲਿਸ ਨੂੰ ਸੁਸ਼ਾਂਤ ਦੇ ਬੈਂਕ ਖਾਤਿਆਂ ਦੀ ਫੌਰੈਂਸਿਕ ਔਡਿਟ ਰਿਪੋਰਟ ਮਿਲ ਗਈ ਹੈ।

ਅਦਾਕਾਰਾ ਰਿਆ ਚੱਕਰਵਰਤੀ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਮਰਹੂਮ ਦੇ ਪਿਤਾ ਵੱਲੋਂ ਪਟਨਾ ਵਿੱਚ ਦਾਇਰ ਐੱਫ਼ਆਈਆਰ ਦੀ ਜਾਂਚ ਮੁੰਬਈ ਤਬਦੀਲ ਕੀਤੇ ਜਾਣ ਬਾਰੇ ਅਪੀਲ ਬਾਰੇ ਸੁਪਰੀਮ ਕੋਰਟ ਬੁੱਧਵਾਰ ਨੂੰ ਆਪਣਾ ਫ਼ੈਸਲਾ ਦੇ ਸਕਦਾ ਹੈ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)