ਕੋਰੋਨਾਵਾਇਰਸ ਵੈਕਸੀਨ ਲਈ ਭਾਰਤ ਨੇ ਰੂਸ ਤੋਂ ਲਈ ਕੀ ਜਾਣਕਾਰੀ - ਪ੍ਰੈੱਸ ਰਿਵੀਊ

ਕੋਰੋਨਾਵਾਇਰਸ ਵੈਕਸੀਨ ਲਈ ਭਾਰਤ ਨੇ ਰੂਸ ਤੋਂ ਜਾਣਕਾਰੀ ਲਈ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਭਾਰਤ ਦੀਆਂ ਦਵਾਈ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਕੋਵਿਡ-19 ਲਈ ਰੂਸ ਦੀ ਵੈਕਸੀਨ ਬਾਬਤ ਤਕਨੀਕੀ ਜਾਣਕਾਰੀ ਲੈ ਲਈ ਹੈ।

ਮੌਸਕੋ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਸਰੋਤ ਮੁਤਾਬਕ ਇਹ ਜਾਣਕਾਰੀ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਤੋਂ ਭਾਰਤ ਵਿੱਚ ਵੈਕਸੀਨ ਦੇ ਨਿਰਮਾਣ ਲਈ ਲਿਤੀ ਗਈ ਹੈ।

ਇਹ ਵੀ ਪੜ੍ਹੋ:

ਦਿ ਹਿੰਦੂ ਦੀ ਇਸ ਖ਼ਬਰ ਅਨੁਸਾਰ ਰੂਸ ਦੇ ਮੀਡੀਆ ਅਦਾਰੇ Sputnik ਨਾਲ ਮੌਸਕੋ ਵਿੱਚ ਗੱਲ ਕਰਦਿਆਂ ਭਾਰਤੀ ਸਫ਼ਾਰਤਖ਼ਾਨੇ ਦੇ ਡੀ ਬੀ ਵੈਂਕਟੇਸ਼ ਵਰਮਾ ਨੇ ਕਿਹਾ, ''ਮੇਰੀ RDIF ਦੇ ਸੀਈਓ ਕਿਰੀਲ ਦਮੀਤ੍ਰੀਵ ਨਾਲ ਚੰਗੀ ਚਰਚਾ ਹੋਈ ਹੈ ਅਸੀਂ ਸਕਾਰਾਤਮਕ ਨਤੀਜਿਆਂ ਲਈ ਆਸਵੰਦ ਹਾਂ।''

ਉਧਰ ਭਾਰਤੀ ਸਫ਼ਾਰਤਖ਼ਾਨੇ ਦੇ ਸਰੋਤ ਨੇ ਆਖਿਆ ਹੈ, ''ਭਾਰਤੀ ਕੰਪਨੀਆਂ RDIF ਨਾਲ ਵੈਕਸੀਨ ਬਾਬਤ ਸੰਪਰਕ ਵਿੱਚ ਹਨ ਅਤੇ ਫੇਸ 1 ਤੇ 2 ਟ੍ਰਾਇਲ ਲਈ ਤਕਨੀਕੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਵੈਕਸੀਨ ਦੇ ਨਿਰਮਾਣ ਅਤੇ ਫ਼ਿਰ ਉਸ ਦੇ ਐਕਸਪੋਰਟ ਅਤੇ ਵੈਕਸੀਨ ਦੇ ਭਾਰਤ ਵਿੱਚ ਇਸਤੇਮਾਲ ਨੂੰ ਲੈ ਕੇ ਜਾਣਕਾਰੀ ਮੰਗੀ ਹੈ।''

SYL ਮੁੱਦੇ ਬਾਰੇ ਕੈਪਟਨ-ਖੱਟਰ ਕਰਨਗੇ ਵਰਚੂਅਲ ਗੱਲਬਾਤ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ (18 ਅਗਸਤ, ਮੰਗਲਵਾਰ) SYL ਮਸਲੇ ਉੱਤੇ ਵਿਚਾਰ-ਚਰਚਾ ਕਰਨਗੇ।

ਇਹ ਇੱਕ ਵਰਚੂਅਲ ਮੀਟਿੰਗ ਹੋਵੇਗੀ ਅਤੇ ਇਸ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਵੀ ਸ਼ਾਮਿਲ ਹੋਣਗੇ।

28 ਜੁਲਾਈ ਨੂੰ ਸੁਪਰੀਮ ਕੋਰਟ ਦੇ ਹੁਕਮ ਕਿ ਦੋਵੇਂ ਸੂਬਿਆਂ ਨਾਲ ਇਸ ਮਸਲੇ ਵਿੱਚ ਕੇਂਦਰ ਵਚੋਲਗੀ ਕਰੇ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਕਿਸੇ ਅਹਿਮ ਮਸਲੇ ਉੱਤੇ ਵਿਚਾਰ ਚਰਚਾ ਕਰਨਗੇ।

ਇਸ ਤੋਂ ਪਹਿਲਾਂ ਸਿਰਫ਼ ਅਧਿਕਾਰੀਆਂ ਵਿਚਾਲੇ ਹੀ SYL ਨਹਿਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੁੰਦੀ ਰਹੀ ਹੈ। ਸੁਪਰੀਮ ਕੋਰਟ ਨੇ ਇਸ ਮੀਟਿੰਗ ਨੂੰ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਕਰਨ ਨੂੰ ਕਿਹਾ ਹੈ।

SSP ਬਠਿੰਡਾ ਕੋਰੋਨਾ ਪੌਜ਼ਿਟਿਵ, ਮਨਪ੍ਰੀਤ ਬਾਦਲ ਹੋਏ ਕੁਅਰੰਟੀਨ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਿਵੇਂ ਹੀ ਬਠਿੰਡਾ ਦੇ SSP ਭੁਪਿੰਦਰਜੀਤ ਸਿੰਘ ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖ਼ੁਦ ਨੂੰ ਕੁਅਰੰਟੀਨ ਕਰ ਲਿਆ ਹੈ।

ਇਹੀ ਨਹੀਂ ਬਠਿੰਡਾ ਦੇ ਡੀਸੀ ਬੀ ਸ੍ਰੀਨੀਵਾਸਨ ਨੇ ਵੀ ਖ਼ੁਦ ਨੂੰ ਹੋਮ ਕੁਅੰਰਟੀਨ ਕਰ ਲਿਆ ਹੈ।

ਦਰਅਸਲ 15 ਅਗਸਤ ਨੂੰ ਬਠਿੰਡਾ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਇਹ ਸਾਰੇ ਇਕੱਠੇ ਸਨ। ਇਸ ਤੋਂ ਇਲਾਵਾ ਇਹ ਕਈ ਅਧਿਕਾਰੀਆਂ ਦੇ ਸੰਪਰਕ ਵਿੱਚ ਵੀ ਆਏ ਸਨ।

ਕੇਂਦਰ ਨੂੰ ਪੰਜਾਬ ਤੇ ਹਰਿਆਣਾ 'ਚ ਟਿੱਡੀਆਂ ਦਾ ਖ਼ਤਰਾ ਨਹੀਂ ਦਿਖਦਾ

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੌਨਸੂਨ ਸੀਜ਼ਨ ਨੂੰ ਦੇਖਦਿਆਂ ਉੱਤਰੀ ਭਾਰਤ ਦੇ ਪੰਜਾਬ-ਹਰਿਆਣਾ ਵਿੱਚ ਵਿਗਿਆਨੀਆਂ ਨੂੰ ਟਿੱਡੀਆਂ ਦੇ ਮੁੜ ਤੋਂ ਹਮਲੇ ਦਾ ਖ਼ਦਸ਼ਾ ਨਹੀਂ ਦਿਖਦਾ।

ਕੇਂਦਰੀ ਮੰਤਰਾਲੇ ਦੀ ਇਕਾਈ ਲੌਕਸਟ ਵਾਰਨਿੰਗ ਆਰਗੇਨਾਇਜ਼ੇਸ਼ਨ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਇਹ ਮੁਲਾਂਕਣ ਕੀਤਾ ਗਿਆ ਹੈ।

ਇਸ ਮੁਲਾਂਕਣ ਨਾਲ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਕਪਾਹ ਅਤੇ ਝੋਨੇ ਦੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ।

ਪੰਜਾਬ ਦੇ ਕਈ ਜ਼ਿਲ੍ਹੇ ਜਿਵੇਂ ਫ਼ਾਜ਼ਿਲਕਾ, ਮੁਕਤਸਰ, ਫ਼ਿਰੋਜ਼ਪੁਰ ਅਤੇ ਬਠਿੰਜਾ ਵਿੱਚ ਲੰਘੇ ਪੰਜ ਮਹੀਨਿਆਂ ਤੋਂ ਟਿੱਡੀਆਂ ਦਾ ਖ਼ਤਰਾ ਬਰਕਰਾਰ ਸੀ।

ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਖ਼ਿਲਾਫ਼ ਕੋਰਟ ਦੀ ਮਾਣਹਾਨੀ ਦਾ ਮਾਮਲਾ ਦਰਜ ਕਰਨ ਦੀ ਮੰਗ

ਜਾਗਰਣ ਦੀ ਖ਼ਬਰ ਮੁਤਾਬਕ ਬੌਲੀਵੁੱਡ ਅਦਾਕਾਰਾ ਖ਼ਿਲਾਫ਼ ਅਦਾਲਤ ਦੀ ਨਿਖੇਧੀ ਬਾਬਤ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਟੀਸ਼ਨ ਉੱਤੇ ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਤੋਂ ਸਹਿਮਤੀ ਮੰਗੀ ਗਈ ਹੈ।

ਕਾਨੂੰਨ ਮੁਤਾਬਕ ਸੁਪਰੀਮ ਕੋਰਟ ਵਿੱਚ ਮਾਣਹਾਨੀ ਦੀ ਯਾਚਿਕਾ ਦਾਖਲ ਕਰਨ ਲਈ ਅਟਾਰਨੀ ਜਨਰਲ ਤੋਂ ਸਹਿਮਤੀ ਲੈਣੀ ਹੁੰਦੀ ਹੈ।

ਪਟੀਸ਼ਨ ਪਾਉਣ ਵਾਲੇ ਉਸ਼ਾ ਸ਼ਐਟੀ ਨੇ ਇੱਕ ਫ਼ਰਵਰੀ ਨੂੰ ਮੁੰਬਈ ਕਲੈਕਟਿਵ ਨਾਮ ਦੇ ਇੱਕ ਪ੍ਰੋਗਰਾਮ ਵਿੱਚ ਸਵਰਾ ਵੱਲੋਂ ਦਿੱਤੇ ਬਿਆਨ ਨੂੰ ਆਧਾਰ ਬਣਾਇਆ ਹੈ।

ਉਸ ਬਿਆਨ ਵਿੱਚ ਸਵਰਾ ਨੇ ਨਿਆਂਪਾਲਿਕਾ ਉੱਤੇ ਟਿੱਪਣੀ ਕੀਤੀ ਸੀ ਜਿਸ ਨੂੰ ਪਟੀਸ਼ਨ ਵਿੱਚ ਅਦਾਲਤ ਦਾ ਅਕਸ ਖ਼ਰਾਬ ਕਰਨ ਵਾਲਾ ਦੱਸਿਆ ਗਿਆ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)